ਏਸ਼ੀਆ ਕੱਪ ''ਚ ਸਹੀ ਯੋਜਨਾ ਬਣਾ ਕੇ ਪਾਕਿਸਤਾਨ ਨੂੰ ਹਰਾ ਸਕਦਾ ਹੈ ਅਫਗਾਨਿਸਤਾਨ : ਅਸਗਰ

Wednesday, Aug 31, 2022 - 03:32 PM (IST)

ਏਸ਼ੀਆ ਕੱਪ ''ਚ ਸਹੀ ਯੋਜਨਾ ਬਣਾ ਕੇ ਪਾਕਿਸਤਾਨ ਨੂੰ ਹਰਾ ਸਕਦਾ ਹੈ ਅਫਗਾਨਿਸਤਾਨ : ਅਸਗਰ

ਸਪੋਰਟਸ ਡੈਸਕ— ਬੰਗਲਾਦੇਸ਼ ਖਿਲਾਫ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਕਰਕੇ ਅਫਗਾਨਿਸਤਾਨ ਨੇ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਏਸ਼ੀਆ ਕੱਪ ਦੇ ਸੁਪਰ ਫੋਰ ਲਈ ਕੁਆਲੀਫਾਈ ਕਰ ਲਿਆ ਹੈ। ਨਜੀਬੁੱਲ੍ਹਾ ਜ਼ਾਦਰਾਨ ਦੀਆਂ 17 ਗੇਂਦਾਂ 'ਤੇ 43 ਦੌੜਾਂ ਦੀ ਤੂਫਾਨੀ ਪਾਰੀ ਨੇ ਅਫਗਾਨਿਸਤਾਨ ਨੂੰ ਜਿੱਤ ਦਿਵਾਈ। ਰਾਸ਼ਿਦ ਖਾਨ ਅਤੇ ਮੁਜੀਬ ਉਰ ਰਹਿਮਾਨ ਦੇ ਤੂਫਾਨੀ ਪ੍ਰਦਰਸ਼ਨ ਨੇ ਬੰਗਲਾਦੇਸ਼ੀ ਬੱਲੇਬਾਜ਼ਾਂ ਦਾ ਰੱਜ ਕੇ ਕੁਟਾਪਾ ਚਾੜ੍ਹਿਆ। ਇਸ ਦੇ ਨਾਲ ਹੀ ਟਵਿੱਟਰ 'ਤੇ ਲੋਕਾਂ ਨੇ ਕਿਹਾ ਕਿ ਇਹ ਟੀਮ ਟੂਰਨਾਮੈਂਟ ਵਿੱਚ ਭਾਰਤ ਜਾਂ ਪਾਕਿਸਤਾਨ 'ਚੋਂ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ।

ਅਫਗਾਨਿਸਤਾਨ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਅਸਗਰ ਅਫਗਾਨ ਨੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਉਸ ਨੇ ਕਿਹਾ ਕਿ ਪਾਕਿਸਤਾਨ ਦੇ ਖਿਲਾਫ ਉਨ੍ਹਾਂ ਦੇ ਜ਼ਿਆਦਾਤਰ ਮੈਚ ਨਜ਼ਦੀਕੀ ਰਹੇ ਹਨ ਅਤੇ ਹੁਣ ਜੇਕਰ ਟੀਮ ਸਹੀ ਯੋਜਨਾ ਬਣਾਉਂਦੀ ਹੈ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ ਤਾਂ ਉਹ ਆਖਰਕਾਰ ਏਸ਼ੀਆ ਕੱਪ 'ਚ ਪਾਕਿਸਤਾਨ ਨੂੰ ਹਰਾ ਸਕਦੀ ਹੈ। ਇਸ 35 ਸਾਲਾ ਖਿਡਾਰੀ ਨੇ ਕਿਹਾ, "ਜੇਕਰ ਸਾਡੇ ਖਿਡਾਰੀ ਯੋਜਨਾ 'ਤੇ ਬਣੇ ਰਹਿੰਦੇ ਹਨ ਅਤੇ ਸ਼ਾਂਤ ਰਹਿ ਸਕਦੇ ਹਨ ਤਾਂ ਸਾਡਾ ਪਾਕਿਸਤਾਨ ਦੇ ਖਿਲਾਫ ਅਸਲ 'ਚ ਚੰਗਾ ਮੈਚ ਹੋਵੇਗਾ ਅਤੇ ਉਮੀਦ ਹੈ ਕਿ ਅਸੀਂ ਉਨ੍ਹਾਂ ਨੂੰ ਹਰਾ ਸਕਦੇ ਹਾਂ।"

ਇਹ ਵੀ ਪੜ੍ਹੋ : ਏਸ਼ੀਆ ਕੱਪ 2022 ਦੇ ਸੁਪਰ-4 ਲਈ ਅਫਗਾਨਿਸਤਾਨ ਨੇ ਕੀਤਾ ਸਭ ਤੋਂ ਪਹਿਲਾਂ ਕੁਆਲੀਫਾਈ

ਬੰਗਲਾਦੇਸ਼ ਖਿਲਾਫ 3-3 ਵਿਕਟਾਂ ਲੈ ਕੇ ਰਾਸ਼ਿਦ ਅਤੇ ਮੁਜੀਬ ਖਿੱਚ ਦਾ ਕੇਂਦਰ ਰਹੇ। ਪਾਵਰਪਲੇਅ ਤੋਂ ਹੀ ਮੁਜੀਬ ਨੇ ਬੰਗਲਾਦੇਸ਼ੀ ਬੱਲੇਬਾਜ਼ਾਂ ਨੂੰ ਟਿਕਣ ਦਾ ਮੌਕਾ ਨਹੀਂ ਦਿੱਤਾ ਅਤੇ ਤਿੰਨ ਅਹਿਮ ਵਿਕਟਾਂ ਲੈ ਕੇ ਮੈਚ 'ਤੇ ਕੰਟਰੋਲ ਕਰ ਲਿਆ। ਬਾਅਦ 'ਚ ਰਾਸ਼ਿਦ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦਾ ਲੱਕ ਭੰਨ ਦਿੱਤਾ। ਦੋਵਾਂ ਦੀ ਗੇਂਦਬਾਜ਼ੀ ਨੂੰ ਦੇਖਦੇ ਹੋਏ ਕਈ ਟੀਮਾਂ ਨੂੰ ਹਾਈ ਅਲਰਟ 'ਤੇ ਰਹਿਣ ਦੀ ਲੋੜ ਹੈ। ਯੂ. ਏ. ਈ. ਦੇ ਹਾਲਾਤ ਉਨ੍ਹਾਂ ਦੀ ਗੇਂਦਬਾਜ਼ੀ ਲਈ ਅਨੁਕੂਲ ਹਨ ਅਤੇ ਇਸ ਤਰ੍ਹਾਂ ਉਹ ਮੇਗਾ ਖਿਤਾਬ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਨੂੰ ਚੁਣੌਤੀ ਦੇ ਸਕਦੇ ਹਨ।

ਅਸਗਰ​ਦਾ ਮੰਨਣਾ ਹੈ ਕਿ ਭਾਰਤ ਨੂੰ ਬੜ੍ਹਤ ਮਿਲ ਸਕਦੀ ਹੈ ਕਿਉਂਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਸ਼ਿਦ ਅਤੇ ਮੁਜੀਬ ਨਾਲ ਕਾਫੀ ਖੇਡ ਚੁੱਕੇ ਹਨ। ਉਸ ਨੇ ਕਿਹਾ, ਜੋ ਖਿਡਾਰੀ ਉਨਾਂ ਵਿਰੁੱਧ ਵਿਰੁੱਧ ਕਾਫੀ ਖੇਡੇ ਹਨ, ਉਹੀ ਉਨ੍ਹਾਂ ਵਿਰੁੱਧ ਚੰਗਾ ਖੇਡ ਸਕਦੇ ਹਨ। ਭਾਰਤੀ ਖਿਡਾਰੀ ਸਾਡੇ ਗੇਂਦਬਾਜ਼ਾਂ ਨੂੰ ਚੰਗੀ ਤਰ੍ਹਾਂ ਖੇਡ ਸਕਦੇ ਹਨ ਕਿਉਂਕਿ ਉਹ ਆਈ.ਪੀ.ਐੱਲ. 'ਚ ਕਾਫੀ ਖੇਡ ਚੁੱਕੇ ਹਨ। ਇਸ ਤਰ੍ਹਾਂ ਉਹ ਉਨ੍ਹਾਂ ਬਾਰੇ ਇੱਕ ਵਿਚਾਰ ਰੱਖਦੇ ਹਨ। ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਖਿਡਾਰੀ ਨਹੀਂ ਜਾਣਦੇ ਕਿ ਸਾਡੇ ਗੇਂਦਬਾਜ਼ਾਂ ਨਾਲ ਕਿਵੇਂ ਨਜਿੱਠਣਾ ਹੈ ਕਿਉਂਕਿ ਉਹ ਸਾਡੇ ਖਿਲਾਫ ਜ਼ਿਆਦਾ ਨਹੀਂ ਖੇਡੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


author

Tarsem Singh

Content Editor

Related News