ਅਫਗਾਨਿਸਤਾਨ ਦੇ ਪੈਰਾਲੰਪਿਕ ਖਿਡਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ : ਆਈ. ਪੀ. ਸੀ.

Thursday, Aug 26, 2021 - 04:09 PM (IST)

ਟੋਕੀਓ (ਭਾਸ਼ਾ)-ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ (ਆਈ.ਪੀ.ਸੀ.) ਨੇ ਕਿਹਾ ਹੈ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੋ ਪੈਰਾਲੰਪਿਕ ਖਿਡਾਰੀਆਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢ ਲਿਅ ਗਿਆ ਹੈ ਪਰ ਉਨ੍ਹਾਂ ਦੇ ਟਿਕਾਣੇ ਬਾਰੇ ਜਾਣਕਾਰੀ ਨਹੀਂ ਦਿੱਤੀ। ਇਨ੍ਹਾਂ ਖਿਡਾਰੀਆਂ ਨੂੰ ਟੋਕੀਓ ਪੈਰਾਲੰਪਿਕ ਖੇਡਾਂ ’ਚੋਂ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ ਸੀ। ਤਾਈਕਵਾਂਡੋ ਖਿਡਾਰੀ ਜ਼ਾਕੀਆ ਖੁਦਾਦਾਦੀ ਅਤੇ ਹੁਸੈਨ ਰਸੋਲੀ ਟੋਕੀਓ ਪੈਰਾਲੰਪਿਕ ਖੇਡਾਂ ’ਚ ਅਫਗਾਨਿਸਤਾਨ ਦੀ ਪ੍ਰਤੀਨਿਧਤਾ ਕਰਨ ਵਾਲੇ ਸਨ ਪਰ ਤਾਲਿਬਾਨ ਦੇ ਕਬਜ਼ੇ ’ਚ ਆਉਣ ਤੋਂ ਬਾਅਦ ਉਹ ਆਪਣੇ ਦੇਸ਼ ’ਚ ਹੀ ਫਸ ਗਏ ਸਨ।

ਆਈ. ਪੀ. ਸੀ. ਦੇ ਬੁਲਾਰੇ ਕ੍ਰੇਗੇ ਸਪੈਨਸ ਤੋਂ ਜਦੋਂ ਇਨ੍ਹਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਖੇਡਾਂ ’ਚ ਹਿੱਸਾ ਲੈਣ ਦੀਆਂ ਸੰਭਾਵਨਾਵਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਸਥਿਤੀ ਨਹੀਂ ਬਦਲੀ ਹੈ। ਅਸੀਂ ਏਕਤਾ ਦਿਖਾਉਣ ਲਈ ਉਦਘਾਟਨੀ ਸਮਾਰੋਹ ’ਚ (ਅਫਗਾਨਿਸਤਾਨ ਦਾ) ਝੰਡਾ ਲਹਿਰਾਇਆ। ਦੋਵੇਂ ਖਿਡਾਰੀ ਹੁਣ ਅਫਗਾਨਿਸਤਾਨ ਤੋਂ ਬਾਹਰ ਹਨ। ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਅਸੀਂ ਜਾਣਦੇ ਹਾਂ ਕਿ ਉਹ ਕਿੱਥੇ ਹਨ।” ਅਫਗਾਨ ਖਿਡਾਰੀਆਂ ਨੂੰ ਖੇਡਾਂ ਤੋਂ ਹਟਣਾ ਪਿਆ ਕਿਉਂਕਿ ਤਾਲਿਬਾਨ ਦੇ ਦੇਸ਼ ਉੱਤੇ ਕਬਜ਼ਾ ਕਰਨ ਤੋਂ ਬਾਅਦ ਰਾਜਧਾਨੀ ਕਾਬੁਲ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਸਪੈਨਸ ਨੇ ਕਿਹਾ, “ਇਸ ਵੇਲੇ ਸਾਡੀ ਤਰਜੀਹ ਉਨ੍ਹਾਂ ਦੀ ਖੇਡ ’ਚ ਸ਼ਮੂਲੀਅਤ ’ਤੇ ਨਹੀਂ, ਬਲਕਿ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ’ਤੇ ਹੈ ਅਤੇ ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਸਬੰਧਤ ਵਿਅਕਤੀਆਂ ਨਾਲ ਕੰਮ ਕਰ ਰਹੇ ਹਾਂ।’’ ਸਭ ਤੋਂ ਮਹੱਤਵਪੂਰਨ ਉਨ੍ਹਾਂ ਦੀ ਸੁਰੱਖਿਆ ਹੈ ਅਤੇ ਉਹ ਸੁਰੱਖਿਅਤ ਹਨ।’’


Manoj

Content Editor

Related News