UAE ਦੇ ਹਾਲਤ ''ਚ ਢਲਣਾ ਸਭ ਤੋਂ ਵੱਡੀ ਚੁਣੌਤੀ : ਬੋਲਟ

09/14/2020 8:30:49 PM

ਦੁਬਈ- ਲਸਿਥ ਮਲਿੰਗਾ ਦੀ ਗੈਰ-ਹਾਜ਼ਰੀ ਵਿਚ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨ ਲਈ ਤਿਆਰ ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਵਿਚ ਸਾਰੀਆਂ ਟੀਮਾਂ ਲਈ ਸਭ ਤੋਂ ਵੱਡੀ ਚੁਣੌਤੀ ਇੱਥੋਂ ਦੇ ਗਰਮ ਤੇ ਹੁੰਮਸ ਭਰੇ ਹਾਲਾਤ ਵਿਚ ਤਾਲਮੇਲ ਬਿਠਾਉਣ ਦੀ ਹੋਵੇਗੀ। ਪਿਛਲੇ ਸਾਲ ਦਿੱਲੀ ਕੈਪੀਟਲਸ ਦੀ ਪ੍ਰਤੀਨਿਧਤਾ ਕਰਨ ਵਾਲਾ ਬੋਲਟ ਚਾਰ ਵਾਰ ਦੀ ਇਸ ਚੈਂਪੀਅਨ ਟੀਮ ਨਾਲ ਪਹਿਲੀ ਵਾਰ ਜੁੜਿਆ ਹੈ। ਮਲਿੰਗਾ ਦੇ ਨਿੱਜੀ ਕਾਰਣਾਂ ਤੋਂ ਟੂਰਨਾਮੈਂਟ 'ਚੋਂ ਹਟਣ ਤੋਂ ਬਾਅਦ ਉਸ ਨੂੰ ਟੀਮ ਵਿਚ ਜ਼ਿਆਦਾ ਵੱਡੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਨਵੀਂ ਟੀਮ ਨਾਲ ਜੁੜਨ ਦੇ ਬਾਰੇ ਵਿਚ ਬੋਲਟ ਨੇ ਕਿਹਾ ਕਿ ਕਿਸੇ ਵੀ ਗੇਂਦਬਾਜ਼ ਲਈ ਮੁੰਬਈ ਇੰਡੀਅਨਜ਼ ਦੀ ਤਰ੍ਹਾਂ ਬੱਲੇਬਾਜ਼ੀ ਕ੍ਰਮ ਖਿਲਾਫ ਨਾ ਖੇਡਣਾ ਰਾਹਤ ਦੀ ਗੱਲ ਹੋਵੇਗੀ।
ਬੋਲਟ ਨੇ ਕਿਹਾ,''ਸਾਡੀ ਸਭ ਤੋਂ ਵੱਡੀ ਚੁਣੌਤੀ ਰੇਗਿਸਤਾਨ ਵਿਚਾਲੇ 45 ਡਿਗਰੀ ਸੈਲਸੀਅਸ ਦੇ ਤਾਪਮਾਨ ਵਿਚ ਖੁਦ ਨੂੰ ਤਿਆਰ ਕਰਨ ਦੀ ਹੋਵੇਗੀ। ਮੈਂ ਇਕ ਬਹੁਤ ਛੋਟੇ ਦੇਸ਼ ਨਿਊਜ਼ੀਲੈਂਡ ਤੋਂ ਆਉਂਦਾ ਹਾਂ, ਜਿੱਥੇ ਅਜੇ ਵੀ ਸਰਦੀਆਂ ਦਾ ਮੌਸਮ ਹੈ। ਉਥੇ ਇਸ ਸਮੇਂ ਤਾਪਮਾਨ ਲਗਭਗ 7 ਜਾਂ 8 ਡਿਗਰੀ ਹੈ।'' ਉਸ ਨੇ ਕਿਹਾ,''ਜ਼ਾਹਿਰ ਹੈ, ਮੈਂ ਕੁਝ ਹੋਰਨਾਂ ਫ੍ਰੈਂਚਾਈਜ਼ੀਆਂ ਦੀ ਵੀ ਪ੍ਰਤੀਨਿਧਤਾ ਕੀਤੀ ਹੈ ਪਰ ਮੈਂ ਇਸ ਮੁੰਬਈ ਪਰਿਵਾਰ ਦਾ ਹਿੱਸਾ ਬਣਕੇ ਬਹੁਤ ਉਤਸ਼ਾਹਿਤ ਹਾਂ।''


Gurdeep Singh

Content Editor

Related News