ਪਾਕਿਸਤਾਨ ਨੇ ਜਿੱਤਿਆ ਐਮਰਜ਼ਿੰਗ ਏਸ਼ੀਆ ਕੱਪ, ਭਾਰਤ ਏ ਨੂੰ ਫਾਈਨਲ ’ਚ 128 ਦੌੜਾਂ ਨਾਲ ਹਰਾਇਆ
Sunday, Jul 23, 2023 - 10:06 PM (IST)
ਸਪੋਰਟਸ ਡੈਸਕ : ਪਾਕਿਸਤਾਨ ਏ ਨੇ ਐਮਰਜ਼ਿੰਗ ਏਸ਼ੀਆ ਕੱਪ 2023 ਦੇ ਫਾਈਨਲ ’ਚ ਭਾਰਤ ਏ ਨੂੰ 128 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਪਹਿਲਾਂ ਖੇਡਦਿਆਂ 8 ਵਿਕਟਾਂ ਗੁਆ ਕੇ 352 ਦੌੜਾਂ ਬਣਾਈਆਂ ਸਨ। ਪਾਕਿਸਤਾਨ ਲਈ ਤੈਯਬ ਤਾਹਿਰ ਨੇ ਸੈਂਕੜਾ ਲਗਾਇਆ। ਉਸ ਨੇ ਪਹਿਲਾਂ 67 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਫਿਰ 71 ਗੇਂਦਾਂ ਵਿਚ 108 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਦੀ ਪਾਰੀ ਵਿਚ 12 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਉਸ ਦੀ ਪਾਰੀ ਨੂੰ 45ਵੇਂ ਓਵਰ ਵਿਚ ਹੈਂਗਰਗੇਕਰ ਨੇ ਸਮਾਪਤ ਕਰ ਦਿੱਤਾ ਪਰ ਉਦੋਂ ਤੱਕ ਉਹ ਆਪਣਾ ਕੰਮ ਕਰ ਚੁੱਕਾ ਸੀ। ਜਵਾਬ ’ਚ ਭਾਰਤੀ ਟੀਮ 224 ਦੌੜਾਂ ਹੀ ਬਣਾ ਸਕੀ ਅਤੇ 128 ਦੌੜਾਂ ਨਾਲ ਮੈਚ ਹਾਰ ਗਈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ
ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਦੀ ਸਲਾਮੀ ਜੋੜੀ ਸੈਮ ਅਯੂਬ (59) ਅਤੇ ਸਾਹਿਬਜ਼ਾਦਾ ਫਰਹਾਨ (65) ਨੇ ਪਹਿਲੀ ਵਿਕਟ ਲਈ 17.2 ਓਵਰਾਂ ਵਿਚ 121 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕਰਕੇ ਸ਼ਾਨਦਾਰ ਸ਼ੁਰੂਆਤ ਕੀਤੀ। ਤੀਜੇ ਨੰਬਰ 'ਤੇ ਆਏ ਉਮਰ ਯੂਸਫ ਨੇ ਵੀ 35 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਤੋਂ ਇਲਾਵਾ ਮੁਬਾਸਿਰ ਖਾਨ ਨੇ ਵੀ 35 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਰਿਆਨ ਪਰਾਗ ਅਤੇ ਹੰਗਰੇਕਰ ਨੇ 2-2 ਵਿਕਟਾਂ ਲਈਆਂ, ਜਦਕਿ ਹਰਸ਼ਿਤ ਰਾਣਾ, ਮਾਨਵ ਸੁਥਾਰ ਅਤੇ ਨਿਸ਼ਾਂਤ ਸੰਧੂ ਨੇ 1-1 ਵਿਕਟ ਹਾਸਲ ਕੀਤੀ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਬਾਅਦ ਹੁਣ ਬੰਗਲਾਦੇਸ਼ 'ਚ ਹਿੰਦੂ ਮੰਦਰ 'ਚ ਭੰਨਤੋੜ, ਮੂਰਤੀਆਂ ਤੋੜੀਆਂ
ਜਵਾਬ ਵਿਚ ਭਾਰਤ-ਏ ਨੇ ਸਾਈ ਸੁਦਰਸ਼ਨ ਅਤੇ ਅਭਿਸ਼ੇਕ ਸ਼ਰਮਾ ਦੀ ਬਦੌਲਤ ਚੰਗੀ ਸ਼ੁਰੂਆਤ ਕੀਤੀ। ਸਾਈ ਸੁਦਰਸ਼ਨ 9ਵੇਂ ਓਵਰ ਵਿਚ 29 ਦੌੜਾਂ ਬਣਾ ਕੇ ਆਊਟ ਹੋ ਗਿਆ। ਹਾਲਾਂਕਿ ਉਨ੍ਹਾਂ ਦੀ ਵਿਕਟ ਵਿਵਾਦਾਂ ਨਾਲ ਭਰੀ ਹੋਈ ਸੀ ਕਿਉਂਕਿ ਟੀ.ਵੀ. ਸਕਰੀਨ 'ਤੇ ਨੋ ਬਾਲ ਦਿਖਾਈ ਨਹੀਂ ਦੇ ਰਹੀ ਸੀ। ਹਾਲਾਂਕਿ, ਨਿਕਿਨ ਜੋਸ ਦੇ 11 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਭਾਰਤੀ ਕਪਤਾਨ ਯਸ਼ ਢੁਲ ਨੇ ਅਭਿਸ਼ੇਕ ਦੇ ਨਾਲ ਪਾਰੀ ਦੀ ਅਗਵਾਈ ਕੀਤੀ। ਅਭਿਸ਼ੇਕ ਨੇ 51 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 61 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਦੁਨੀਆ ਦੀਆਂ 10 ਸਭ ਤੋਂ ਖੂਬਸੂਰਤ ਔਰਤਾਂ 'ਚ 2 ਭਾਰਤੀ ਵੀ ਸ਼ਾਮਲ, ਦੇਖੋ ਤਸਵੀਰਾਂ
ਅਭਿਸ਼ੇਕ ਦਾ ਵਿਕਟ ਡਿੱਗਦੇ ਹੀ ਭਾਰਤੀ ਪਾਰੀ ਢਹਿ-ਢੇਰੀ ਹੋ ਗਈ। ਯਸ਼ ਢੁਲ 39, ਨਿਸ਼ਾਂਤ ਸਿੱਧੂ 10, ਧਰੁਵ 9, ਰਿਆਨ ਪਰਾਗ 14, ਹਰਸ਼ਿਤ ਰਾਣਾ 13 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਅੰਤ ਵਿਚ ਹੈਂਗਰਗੇਕਰ ਨੇ ਕੁਝ ਸ਼ਾਟ ਲਗਾਏ ਪਰ ਵੱਡੇ ਟੀਚੇ ਕਾਰਨ ਟੀਮ ਇੰਡੀਆ ਟੀਚੇ ਤੱਕ ਨਹੀਂ ਪਹੁੰਚ ਸਕੀ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ : ਬੀ ਸਾਈ ਸੁਦਰਸ਼ਨ, ਅਭਿਸ਼ੇਕ ਸ਼ਰਮਾ, ਨਿਕਿਨ ਜੋਸ, ਯਸ਼ ਢੁਲ (ਕਪਤਾਨ), ਰਿਆਨ ਪਰਾਗ, ਨਿਸ਼ਾਂਤ ਸਿੰਧੂ, ਧਰੁਵ ਜੁਰੇਲ (ਵਿਕਟਕੀਪਰ), ਮਾਨਵ ਸੁਥਾਰ, ਯੁਵਰਾਜ ਸਿੰਘ ਡੋਡੀਆ, ਹਰਸ਼ਿਤ ਰਾਣਾ, ਰਾਜਵਰਧਨ ਹੰਗਰਗੇਕਰ।
ਪਾਕਿਸਤਾਨ : ਸਈਮ ਅਯੂਬ, ਸਾਹਿਬਜ਼ਾਦਾ ਫਰਹਾਨ, ਓਮੈਰ ਯੂਸੁਫ, ਤੈਯਬ ਤਾਹਿਰ, ਕਾਸਿਮ ਅਕਰਮ, ਮੁਹੰਮਦ ਹੈਰਿਸ (ਕਪਤਾਨ, ਵਿਕਟਕੀਪਰ), ਮੁਬਾਸਿਰ ਖਾਨ, ਮੇਹਰਾਨ ਮੁਮਤਾਜ਼, ਮੁਹੰਮਦ ਵਸੀਮ, ਅਰਸ਼ਦ ਇਕਬਾਲ, ਸੁਫੀਆਨ ਮੁਕੀਮ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8