ਅਭਿਸ਼ੇਕ ਦਾ ਦੋਹਰਾ ਸੈਂਕੜਾ, ਪੰਜਾਬ-ਹਿਮਾਚਲ ਮੈਚ ਡਰਾਅ

Tuesday, Oct 10, 2017 - 03:53 AM (IST)

ਧਰਮਸ਼ਾਲਾ— ਵਿਕਟਕੀਪਰ ਬੱਲੇਬਾਜ਼ ਅਭਿਸ਼ੇਕ ਗੁਪਤਾ ਨੇ ਆਪਣੇ ਪਹਿਲੇ ਹੀ ਪਹਿਲੀ ਸ਼੍ਰੇਣੀ ਮੈਚ 'ਚ ਦੋਹਰਾ ਸੈਂਕੜਾ ਲਾਇਆ ਪਰ ਇਸ ਦੇ ਬਾਵਜੂਦ ਪੰਜਾਬ ਪਹਿਲੀ ਪਾਰੀ 'ਚ ਬੜ੍ਹਤ ਹਾਸਲ ਨਹੀਂ ਕਰ ਸਕਿਆ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਨੂੰ ਸੋਮਵਾਰ ਨੂੰ ਇਥੇ ਡਰਾਅ ਰਹੇ ਰਣਜੀ ਟਰਾਫੀ ਮੈਚ 'ਚ ਤਿੰਨ ਅੰਕ ਮਿਲੇ। 
ਹਿਮਾਚਲ ਨੇ ਪ੍ਰਸ਼ਾਂਤ ਚੋਪੜਾ ਦੀਆਂ 338 ਦੌੜਾਂ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ 8 ਵਿਕਟਾਂ 'ਤੇ 729 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ, ਇਸ ਦੇ ਜਵਾਬ ਵਿਚ ਪੰਜਾਬ ਨੇ ਬੱਲੇਬਾਜ਼ੀ ਲਈ ਅਨੁਕੂਲ ਪਿੱਚ 'ਤੇ 601 ਦੌੜਾਂ ਬਣਾਈਆਂ। ਉਸ ਦੀ ਪਾਰੀ ਦਾ ਆਕਰਸ਼ਣ ਗੁਪਤਾ ਦੀ 202 ਦੌੜਾਂ ਦੀ ਪਾਰੀ ਰਹੀ, ਜਿਸ ਲਈ ਉਸ ਨੇ 203 ਗੇਂਦਾਂ ਖੇਡੀਆਂ ਤੇ 24 ਚੌਕੇ ਤੇ 5 ਛੱਕੇ ਲਾਏ। ਗੁਪਤਾ ਨੇ ਡੈਬਿਊ ਕਰ ਰਹੇ ਇਕ ਹੋਰ ਖਿਡਾਰੀ ਅਭਿਸ਼ੇਕ ਸ਼ਰਮਾ (94) ਨਾਲ ਸੱਤਵੀਂ ਵਿਕਟ ਲਈ 239 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਰਮਾ ਸਿਰਫ 6 ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਿਆ । 
ਹਿਮਾਚਲ ਵਲੋਂ ਆਫ ਸਪਿਨਰ ਗੁਰਵਿੰਦਰ ਸਿੰਘ ਨੇ 162 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਹਿਮਾਚਲ ਨੇ ਮੈਚ ਡਰਾਅ ਹੋਣ ਤਕ ਆਪਣੀ ਦੂਜੀ ਪਾਰੀ 'ਚ 6 ਵਿਕਟਾਂ 'ਤੇ 145 ਦੌੜਾਂ ਬਣਾਈਆਂ। ਪਹਿਲੀ ਪਾਰੀ 'ਚ ਤੀਹਰਾ ਸੈਂਕੜਾ ਲਾਉਣ ਵਾਲਾ ਚੋਪੜਾ ਸਿਰਫ 22 ਦੌੜਾਂ ਹੀ ਬਣਾ ਸਕਿਆ। ਪੰਜਾਬ ਵਲੋਂ ਸੰਦੀਪ ਸ਼ਰਮਾ, ਬਰਿੰਦਰ ਸਰਾਂ ਤੇ ਮਨਪ੍ਰੀਤ ਗੋਨੀ ਨੇ 2-2 ਵਿਕਟਾਂ ਹਾਸਲ ਕੀਤੀਆਂ। 
ਹਿਮਾਚਲ ਨੂੰ ਗਰੁੱਪ-ਡੀ ਦੇ ਇਸ ਮੈਚ ਵਿਚ ਪਹਿਲੀ ਪਾਰੀ 'ਚ ਬੜ੍ਹਤ ਦੇ ਆਧਾਰ 'ਤੇ 3 ਅੰਕ, ਜਦਕਿ ਪੰਜਾਬ ਨੂੰ ਇਕ ਅੰਕ ਮਿਲਿਆ।


Related News