ਹੈਦਰਾਬਾਦ ਦੀ ਸ਼ਾਨਦਾਰ ਫਾਰਮ ’ਤੋਂ ਗੁਜਰਾਤ ਨੂੰ ਖਤਰਾ !
Saturday, Mar 30, 2024 - 07:06 PM (IST)

ਅਹਿਮਦਾਬਾਦ, (ਭਾਸ਼ਾ)–ਗੁਜਰਾਤ ਟਾਈਟਨਸ ਨੂੰ ਜੇਕਰ ਐਤਵਾਰ ਨੂੰ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਦੀ ਸ਼ਾਨਦਾਰ ਲੈਅ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ ਤਾਂ ਉਸ ਨੂੰ ਆਪਣੀ ਗੇਂਦਬਾਜ਼ੀ ਵਿਚ ਸੁਧਾਰ ਕਰਨਾ ਪਵੇਗਾ। ਸਨਰਾਈਜ਼ਰਜ਼ ਹੈਦਰਾਬਾਦ ਪਿਛਲੇ ਮੈਚ ਵਿਚ ਮੁੰਬਈ ਇੰਡੀਅਨਜ਼ ਵਿਰੁੱਧ 277 ਦੌੜਾਂ ਬਣਾ ਕੇ ਆਈ. ਪੀ. ਐੱਲ. ਦਾ ਆਲਟਾਈਮ ਰਿਕਾਰਡ ਸਕੋਰ ਖੜ੍ਹਾ ਕੀਤਾ ਤੇ ਸੈਸ਼ਨ ਦੀ ਪਹਿਲੀ ਜਿੱਤ ਹਾਸਲ ਕੀਤੀ। ਗੁਜਰਾਤ ਟਾਈਟਨਸ ਨੇ ਘਰੇਲੂ ਮੈਦਾਨ ’ਤੇ ਮੁੰਬਈ ਇੰਡੀਅਨਜ਼ ’ਤੇ ਜਿੱਤ ਨਾਲ ਸ਼ੁਰੂਆਤ ਕੀਤੀ ਪਰ ਪਿਛਲੇ ਮੈਚ ਵਿਚ ਚੇਨਈ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜ਼ਖ਼ਮੀ ਮੁਹੰਮਦ ਸ਼ੰਮੀ ਦੀ ਜਗ੍ਹਾ ਖੇਡ ਰਹੇ ਉਮੇਸ਼ ਯਾਦਵ ਕਿਤੇ ਵੀ ਉਸਦੇ ਬਰਾਬਰ ਨਹੀਂ ਹੈ ਜਿਹੜਾ ਗੁਜਰਾਤ ਟਾਈਟਨਸ ਲਈ ਵੱਡੀ ਪ੍ਰੇਸ਼ਾਨੀ ਸਾਬਤ ਹੋ ਰਿਹਾ ਹੈ। 63 ਦੌੜਾਂ ਨਾਲ ਮਿਲੀ ਹਾਰ ਨਾਲ ਉਸਦੀ ਨੈੱਟ ਰਨ ਰੇਟ ਪ੍ਰਭਾਵਿਤ ਹੋਈ ਹੈ ਜਿਹੜੀ -1.425 ’ਚ ਪਹੁੰਚ ਗਈ ਹੈ ਤੇ ਇਹ ਲੀਗ ਦੀ 10 ਟੀਮਾਂ ’ਚ ਸਭ ਤੋਂ ਖਰਾਬ ਹੈ। ਟੂਰਨਾਮੈਂਟ ਦੇ ਆਖਰੀ ਪਾਸੇ ਵਿਚ ਇਹ ਉਸਦੇ ਲਈ ਕੁਝ ਸਮੱਸਿਆ ਖੜ੍ਹੀਆਂ ਕਰ ਸਕਦੀ ਹੈ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਾਰਦਿਕ ਪੰਡਯਾ ਦੇ ਜਾਣ ਨਾਲ ਟੀਮ ਦਾ ਸੰਤੁਲਨ ਵਿਗੜਿਆ ਹੈ ਜਿਹੜਾ ਆਪਣੀ ਆਲਰਾਊਂਡ ਕਾਬਲੀਅਤ ਨਾਲ ਸੰਤੁਲਨ ਬਣਾਈ ਰੱਖਦਾ ਸੀ। ਪਿਛਲੇ ਦੋ ਸੈਸ਼ਨਾਂ ’ਚ ਗੁਜਰਾਤ ਟਾਈਟਨਸ ਜੇਤੂ ਤੇ ਉਪ ਜੇਤੂ ਰਹੀ ਸੀ ਪਰ ਸ਼ੁਭਮਨ ਗਿੱਲ ਦੀ ਕਪਤਾਨੀ ’ਚ ਟੀਮ ਨੂੰ ਭਾਰਤੀ ਆਲਰਾਊਂਡਰ ਪੰਡਯਾ ਦੀ ਕਮੀ ਮਹਿਸੂਸ ਹੋ ਰਹੀ ਹੈ। ਚੇਨਈ ਸੁਪਰ ਕਿੰਗਜ਼ ਵੱਲੋਂ ਕੀਤੇ ਗਏ 207 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਾਈ ਸੁਦਰਸ਼ਨ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ 30 ਦੌੜਾਂ ਤਕ ਨਹੀਂ ਪਹੁੰਚ ਸਕਿਆ ਸੀ। ਸੁਦਰਸ਼ਨ ਤੇ ਵਿਜੇ ਸ਼ੰਕਰ ਹੌਲੀ ਬੱਲੇਬਾਜ਼ੀ ਕਰ ਰਹੇ ਹਨ ਜਦਕਿ ਗਿੱਲ ਦੀ ਟੀ-20 ਬੱਲੇਬਾਜ਼ੀ ਦੀ ਫਿਰ ਤੋਂ ਆਲੋਚਨਾ ਹੋ ਰਹੀ ਹੈ, ਜਿਸ ਨੇ 31 ਤੇ 8 ਦੌੜਾਂ ਦੀਆਂ ਪਾਰੀਆਂ ਖੇਡੀਆਂ। ਉੱਥੇ ਹੀ, ਉਸਦਾ ਫਿਨਿਸ਼ਰ ਡੇਵਿਡ ਮਿਲਰ (12 ਤੇ 21 ਦੌੜਾਂ) ਵੀ ਜੂਝ ਰਿਹਾ ਹੈ ਤੇ ਵਿਚਾਲੇ ਦੇ ਓਵਰਾਂ ਦੌਰਾਨ ਉਸਦੀ ਬੱਲੇਬਾਜ਼ੀ ਕਾਫੀ ਹੌਲੀ ਰਹੀ ।
ਹੁਣ ਟੀਮ ਉਮੀਦ ਕਰੇਗੀ ਕਿ ਮਿਲਰ ਆਪਣੀ ਫਾਰਮ ’ਚ ਵਾਪਸੀ ਕਰੇ ਕਿਉਂਕਿ ਉਸ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀ ਬੱਲੇਬਾਜ਼ੀ ਦੀ ਬਰਾਬਰੀ ਕਰਨ ਲਈ ਬੱਲੇ ਨਾਲ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਟੂਰਨਾਮੈਂਟ ਦੀ ਛੁਪੀ ਰੁਸਤਮ ਹੈਦਰਾਬਾਦ ਨੇ ਪਿਛਲੇ ਮੈਚ ਵਿਚ ਘਰੇਲੂ ਮੈਦਾਨ ’ਤੇ ਮੁੰਬਈ ਇੰਡੀਅਨਜ਼ ਵਿਰੁੱਧ 3 ਵਿਕਟਾਂ ’ਤੇ 277 ਦੌੜਾਂ ਬਣਾ ਕੇ 2013 ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਬਣਾਏ ਗਏ ਆਈ. ਪੀ. ਐੱਲ. ਦੇ 5 ਵਿਕਟਾਂ ’ਤੇ 263 ਦੌੜਾਂ ਦੇ ਪਿਛਲੇ ਰਿਕਾਰਡ ਨੂੰ ਤੋੜਿਆ ਸੀ। ਆਸਟ੍ਰੇਲੀਆ ਦੇ ਵਿਸ਼ਵ ਕੱਪ ਜੇਤੂ ਟ੍ਰੈਵਿਸ ਹੈੱਡ (62) ਨੇ ਸ਼ਾਨਦਾਰ ਡੈਬਿਊ ਕੀਤਾ ਤੇ ਸਨਰਾਈਜ਼ਰਜ਼ ਹੈਦਰਾਬਾਦ ਲਈ 18 ਗੇਂਦਾਂ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਾ ਕੇ ਧਮਾਕੇਦਾਰ ਸ਼ੁਰੂਆਤ ਕਰਵਾਈ ਪਰ ਫਿਰ ‘ਅਨਕੈਪਡ’ ਭਾਰਤੀ ਖਿਡਾਰੀ ਅਭਿਸ਼ੇਕ ਸ਼ਰਮਾ ਨੇ ਇਸ ਰਿਕਾਰਡ ਨੂੰ ਬਿਹਤਰ ਕਰਕੇ ਸਿਰਫ16 ਗੇਂਦਾਂ ’ਚ ਅਰਧ ਸੈਂਕੜਾ ਲਾਇਆ।
ਦੱਖਣੀ ਅਫਰੀਕਾ ਦੇ ਐਡਨ ਮਾਰਕ੍ਰਮ ਤੇ ਹੈਨਰਿਕ ਕਲਾਸੇਨ ਹੇਠਲੇ ਕ੍ਰਮ ਵਿਚ ਸ਼ਾਨਦਾਰ ਫਾਰਮ ਵਿਚ ਹਨ। ਮੈਚ ਦੁਪਹਿਰ ਨੂੰ ਹੋਵੇਗਾ ਤਾਂ ਸੁੱਕੀ ਪਿੱਚ ਸਪਿਨਰਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ, ਜਿਸ ਵਿਚ ਰਾਸ਼ਿਦ ਤੇ ਸਾਈ ਕਿਸ਼ੋਰ ਦੋਵੇਂ ਟੀਮਾਂ ਲਈ ਅਹਿਮ ਰਹਿਣਗੇ। ਅਜਿਹਾ ਨਹੀਂ ਹੈ ਕਿ ਸਨਰਾਈਜ਼ਰਜ਼ ਹੈਦਰਾਬਾਦ ਸਿਰਫ ਬੱਲੇਬਾਜ਼ੀ ਵਿਚ ਹੀ ਚੰਗੀ ਹੈ ਸਗੋਂ ਉਸਦੀ ਗੇਂਦਬਾਜ਼ੀ ਵੀ ਸੰਤੁਲਿਤ ਦਿਸ ਰਹੀ ਹੈ ਤੇ ਆਸਟ੍ਰੇਲੀਅਨ ਵਿਸ਼ਵ ਕੱਪ ਜੇਤੂ ਕਪਤਾਨ ਪੈਟ ਕਮਿੰਸ ਨੇ ਆਪਣੇ ਗੇਂਦਬਾਜ਼ਾਂ ਦਾ ਚੰਗਾ ਇਸਤੇਮਾਲ ਕਰਕੇ ਆਪਣੀ ਕਾਬਲੀਅਤ ਦਾ ਨਮੂਨਾ ਪੇਸ਼ ਕੀਤਾ।
ਘੱਟ ਸਪਿਨਰਾਂ ਦੇ ਬਾਵਜੂਦ ਕਮਿੰਸ ਨੇ ਸ਼ਾਹਬਾਜ਼ ਅਹਿਮਦ ਦਾ ਬਾਖੂਬੀ ਇਸਤੇਮਾਲ ਕੀਤਾ। ਉੱਥੇ ਹੀ, ਤੇਜ਼ ਗੇਂਦਬਾਜ਼ੀ ਵਿਚ ਕਮਿੰਸ ਨੇ ਭਾਰਤ ਦੇ ਤਜਰਬੇਕਾਰ ਭੁਵਨੇਸ਼ਵਰ ਕੁਮਾਰ ਦੇ ਨਾਲ ਚੰਗੀ ਸਮਝ ਬਣਾ ਲਈ ਹੈ। ਕਾਗਜ਼ ’ਤੇ ਦੋਵੇਂ ਟੀਮਾਂ ਦੇ ਦੋ ਮੈਚਾਂ ਵਿਚੋਂ ਦੋ ਅੰਕ ਹਨ ਪਰ ਸਨਰਾਈਜ਼ਰਜ਼ ਹੈਦਰਾਬਾਦ ਮਜ਼ਬੂਤ ਦਾਅਵੇਦਾਰ ਦਿਸ ਰਹੀ ਹੈ ਜਦਕਿ ਗੁਜਰਾਤ ਟਾਈਟਨਸ ਦੇ ਬੱਲੇਬਾਜ਼ਾਂ ਨੂੰ ਆਪਣੀ ਖੇਡ ਵਿਚ ਸੁਧਾਰ ਕਰਨਾ ਪਵੇਗਾ।