ਲੰਡਨ 'ਚ ਸਜਿਆ ਦੁਨੀਆ ਭਰ ਦੇ ਐਥਲੀਟਾਂ ਦਾ ਮੰਚ

08/05/2017 4:28:22 AM

ਲੰਡਨ- ਦੁਨੀਆ ਦੇ 200 ਦੇਸ਼ਾਂ ਤੋਂ ਆਏ 1900 ਐਥਲੀਟਾਂ ਨਾਲ ਇਥੇ ਲੰਡਨ 'ਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ 16ਵੇਂ ਸੈਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਹੋ ਗਈ। ਆਪਣੇ 25 ਮੈਂਬਰੀ ਦਲ ਦੇ ਨਾਲ ਭਾਰਤ ਵੀ ਇਸ ਵਾਰ ਦੁਨੀਆ ਦੇ ਧਾਕੜ ਐਥਲੀਟਾਂ ਵਿਚਾਲੇ ਆਪਣੀ ਛਾਪ ਛੱਡਣ ਦੇ ਟੀਚੇ ਨਾਲ ਉਤਰਿਆ ਹੈ, ਜਿਥੇ ਦੂਤੀ ਚੰਦ, ਨੀਰਜ ਚੋਪੜਾ, ਮੁਹੰਮਦ ਅਨਸ, ਸਿਧਾਂਤ ਤਿੰਗਾਲੀਆ, ਅਨੂ ਰਾਣੀ, ਜੀ. ਲਕਸ਼ਮਣ, ਖੁਸ਼ਬੀਰ ਕੌਰ, ਇਰਫਾਨ ਕੇਟੀ ਵਰਗੇ ਭਾਰਤੀ ਐਥਲੀਟ ਇਤਿਹਾਸ ਰਚਣ ਦੀ ਉਮੀਦ ਕਰ ਰਹੇ ਹਨ।
ਆਯੋਜਕਾਂ ਨੂੰ ਇਸ ਵਾਰ ਐਥਲੈਟਿਕਸ ਪ੍ਰਤੀ ਲੋਕਾਂ ਦੀ ਵਧਦੀ ਰੁਚੀ ਤੋਂ ਇਥੇ ਟੂਰਨਾਮੈਂਟ 'ਚ ਵੱਡੀ ਗਿਣਤੀ 'ਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। 4 ਤੋਂ 13 ਅਗਸਤ ਤਕ ਚੱਲਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਇਸ ਵਾਰ ਸ਼ੁਰੂਆਤ ਤੋਂ ਹੀ ਦੁਨੀਆ ਭਰ ਦੇ ਟ੍ਰੈਕ ਐਂਡ ਫੀਲਡ ਦੇ ਦੀਵਾਨਿਆਂ ਦੀਆਂ ਨਜ਼ਰਾਂ ਜਮਾਇਕਾ ਦੇ ਓਸੈਨ ਬੋਲਟ 'ਤੇ ਲੱਗੀਆਂ ਹੋਈਆਂ ਹਨ, ਜਿਥੇ ਉਹ ਕਰੀਅਰ ਦੀ ਆਖਰੀ ਰੇਸ ਲਈ ਉਤਰੇਗਾ। ਇਸ ਤੋਂ ਇਲਾਵਾ ਬ੍ਰਿਟੇਨ ਦਾ ਲੰਬੀ ਦੂਰੀ ਦਾ ਦੌੜਾਕ ਮੋ ਫਰਾਹ ਵੀ ਆਪਣੇ ਘਰੇਲੂ ਸਮਰਥਕਾਂ ਵਿਚਾਲੇ ਟ੍ਰੈਕ ਨੂੰ ਅਲਵਿਦਾ ਕਹਿ ਦੇਵੇਗਾ।
ਬ੍ਰਿਟੇਨ ਵਿਚ ਵੀ ਪਿਛਲੇ ਕੁਝ ਸਾਲਾਂ ਵਿਚ ਤੇ ਖਾਸ ਤੌਰ 'ਤੇ ਸਾਲ 2012 'ਚ ਲੰਡਨ ਵਿਚ ਫਰਾਹ ਤੇ ਬੋਲਟ ਦੇ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਐਥਲੈਟਿਕਸ ਦੀ ਪ੍ਰਸਿੱਧੀ ਕਾਫੀ ਵਧੀ ਹੈ ਤੇ ਚੈਂਪੀਅਨਸ਼ਿਪ ਦੇ ਆਯੋਜਕ ਇਸ ਵਾਰ ਇਸ ਦਾ ਲਾਭ ਚੁੱਕਣ ਦੀ ਕੋਸ਼ਿਸ਼ 'ਚ ਹਨ। ਹਾਲਾਂਕਿ ਆਯੋਜਨ ਕਮੇਟੀ ਨੇ ਦੱਸਿਆ ਕਿ ਕੌਮਾਂਤਰੀ ਐਥਲੈਟਿਕਸ ਮਹਾਸੰਘ (ਆਈ. ਏ. ਏ. ਐੱਫ.) ਤੇ ਕੌਮਾਂਤਰੀ ਓਲੰਪਿਕ ਨਿਯਮਾਂ ਕਾਰਨ ਵਿਸ਼ਵ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਨੂੰ ਇਸ ਵਾਰ ਬਹੁਤ ਸ਼ਾਨਦਾਰ ਨਹੀਂ ਕੀਤਾ ਜਾਵੇਗਾ।

ਇਸ ਵਿਚਾਲੇ ਆਈ. ਏ. ਏ. ਐੱਫ. ਨੇ ਫੈਸਲਾ ਕੀਤਾ ਹੈ ਕਿ ਉਹ ਰੂਸ ਦੀ ਚੈਂਪੀਅਨਸ਼ਿਪ 'ਚੋਂ ਮੁਅੱਤਲੀ ਨੂੰ ਜਾਰੀ ਰੱਖੇਗਾ, ਜਦਕਿ ਰੂਸੀ ਐਥਲੈਟਿਕਸ ਮਹਾਸੰਘ ਦੇ ਮੁਖੀ ਦਿਮਿਤ੍ਰੀ ਸ਼ਾਯਲਾਖਤਿਨ ਜਨਤਕ ਤੌਰ 'ਤੇ ਡੋਪਿੰਗ ਨੂੰ ਲੈ ਕੇ ਮੁਆਫੀ ਮੰਗ ਚੁੱਕੇ ਹਨ। ਆਈ. ਏ. ਏ. ਐੱਫ. ਦੀ ਆਮ ਸਭਾ ਵਿਚ ਰੂਸ 'ਤੇ ਨਵੰਬਰ 2015 'ਚ ਲਾਈ ਗਈ ਪਾਬੰਦੀ ਨੂੰ 166-21 ਦੇ ਅਧੀਨ ਪਾਸ ਕੀਤਾ ਗਿਆ ਸੀ, ਹਾਲਾਂਕਿ ਰੂਸ ਦੇ ਕਰੀਬ 19 ਐਥਲੀਟਾਂ ਨੂੰ ਬਿਨਾਂ ਰੂਸੀ ਝੰਡੇ ਦੇ ਆਜ਼ਾਦ ਤੌਰ 'ਤੇ ਇਸ ਵਿਚ ਉਤਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉਥੇ ਹੀ ਅਰਬ ਦੇ ਪੰਜ ਦੇਸ਼ਾਂ ਨਾਲ ਰਿਸ਼ਤੇ ਖਤਮ ਹੋਣ ਤੋਂ ਬਾਅਦ ਕਤਰ ਦੀ ਟੀਮ ਇਸ ਵਾਰ ਇਥੇ ਹੋਰ ਬਿਹਤਰੀਨ ਪ੍ਰਦਰਸ਼ਨ ਦੇ ਇਰਾਦੇ ਨਾਲ ਉਤਰ ਰਹੀ ਹੈ, ਜਿਸ ਨੇ ਪਿਛਲੇ ਸੈਸ਼ਨ ਵਿਚ ਦੋ ਸੋਨ ਸਮੇਤ ਪੰਜ ਤਮਗੇ ਜਿੱਤੇ ਸਨ।


Related News