ਦਮੇ ਦਾ ਰੋਗੀ ਪਰ ਫਤਿਹ ਕੀਤੀਆਂ 7 ਜਵਾਲਾਮੁਖੀ ਚੋਟੀਆਂ

03/20/2020 12:13:39 AM

ਨਵੀਂ ਦਿੱਲੀ- 7 ਮਹਾਦੀਪਾਂ ਵਿਚੋਂ ਹਰੇਕ ਦੇ ਉੱਚੇ ਜਵਾਲਾਮੁਖੀ 'ਤੇ ਚੜ੍ਹਨ ਦਾ ਅਦਭੁੱਤ ਕਾਰਨਾਮਾ ਕਰਨ ਵਾਲੇ ਪ੍ਰਸਿੱਧ ਅਮਰੀਕੀ ਲੇਖਕ ਮਾਰਕ ਟਵੇਨ ਨੇ ਕਿਹਾ ਸੀ, ''ਖਤਰਨਾਕ ਐਲਪ 'ਤੇ ਚੜ੍ਹਨ ਦੀ ਖੁਸ਼ੀ ਦੇ ਬਰਾਬਰ ਕੋਈ ਖੁਸ਼ੀ ਨਹੀਂ ਹੈ ਪਰ ਇਹ ਇਕ ਅਜਿਹੀ ਖੁਸ਼ੀ ਹੈ, ਜਿਹੜੀ ਉਨ੍ਹਾਂ ਲੋਕਾਂ ਲਈ ਸੀਮਤ ਹੈ, ਜਿਹੜੇ ਇਸ ਵਿਚ ਖੁਸ਼ੀ ਹਾਸਲ ਕਰ ਸਕਦੇ ਹਨ।'' ਭਾਰਤੀ ਪਰਬਤਾਰੋਹੀ ਸਤਿਆਰੂਪ ਸਿਧਾਂਤ ਦੁਨੀਆ ਵਿਚ ਸਭ ਤੋਂ ਖਤਰਨਾਕ ਚੋਟੀਆਂ 'ਤੇ ਜਿੱਤ ਪ੍ਰਾਪਤ ਕਰ ਕੇ ਰਾਸ਼ਟਰ ਲਈ ਇਨ੍ਹਾਂ ਭਵਿੱਖਬਾਣੀਆਂ ਨੂੰ ਸਹੀ ਸਿੱਧ ਕਰ ਰਿਹਾ ਹੈ। ਉਸ ਨੇ 7 ਮਹਾਦੀਪਾਂ ਵਿਚੋਂ ਹਰੇਕ ਦੇ ਉੱਚੇ ਜਵਾਲਾਮੁਖੀ 'ਤੇ ਚੜ੍ਹਨ ਦਾ ਸ਼ਾਨਦਾਰ ਕਾਰਨਾਮਾ ਕੀਤਾ ਹੈ। ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਹੈ।
ਇਸ ਅਸਾਧਾਰਨ ਉਪਲੱਬਧੀ ਲਈ ਸਿਧਾਂਤ ਦਾ ਨਾਂ ਵੱਕਾਰੀ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਨਾਮਜ਼ਦ ਕੀਤਾ ਗਿਆ ਹੈ। 'ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼' ਤੋਂ ਬਾਅਦ ਬੈਂਗਲੁਰੂ ਦੇ 37 ਸਾਲਾ ਪਰਬਤਾਰੋਹੀ ਦਾ ਨਾਂ ਹੁਣ 'ਲਿਮਕਾ ਬੁੱਕ ਆਫ ਰਿਕਾਰਡਜ਼' ਦੇ ਵੱਕਾਰੀ ਸੂਚਕ ਅੰਕ ਵਿਚ ਚਮਕ ਰਿਹਾ ਹੈ। ਜ਼ਿਕਰਯੋਗ ਹੈ ਕਿ ਉਸ ਨੇ ਪਿਛਲੇ ਸਾਲ ਜਨਵਰੀ 2019 ਵਿਚ ਇਹ ਉਪਲੱਬਧੀ ਹਾਸਲ ਕੀਤੀ ਸੀ ਪਰ ਹਾਲ ਵਿਚ ਉਸ ਨੂੰ ਇਸਦੀ ਅਧਿਕਾਰਤ ਮਨਜ਼ੂਰੀ ਤੇ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ ਹੈ। ਉਸ ਨੇ ਅੰਟਾਰਟਿਕਾ ਦੇ ਸਭ ਤੋਂ ਉੱਚੇ ਜਵਾਲਾਮੁਖੀ ਮਾਊਂਟ ਸਿਡਲੀ 'ਤੇ ਚੜ੍ਹਾਈ ਕੀਤੀ ਸੀ।
ਸਤਿਆਰੂਪ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਹੋਣ ਦਾ ਵਿਸ਼ਵ ਰਿਕਾਰਡ ਰੱਖਦਾ ਹੈ, ਜਿਸ ਵਿਚ ਹਰੇਕ ਮਹਾਦੀਪ ਦੇ ਉੱਚੇ ਪਰਬਤ ਦੀਆਂ 7 ਚੋਟੀਆਂ ਸ਼ਾਮਲ ਹਨ, ਜਿਨ੍ਹਾਂ ਵਿਚ ਮਾਊਂਟ ਐਵਰੈਸਟ ਵੀ ਸ਼ਾਮਲ ਹੈ। ਉਸ ਨੇ ਹੋਰ ਵੱਕਾਰੀ ਰਿਕਾਰਡਜ਼ ਵੀ ਹਾਸਲ ਕੀਤੇ ਹਨ, ਜਿਵੇਂ ਏਸ਼ੀਆ ਬੁੱਕ ਆਫ ਰਿਕਾਰਡਜ਼, ਇੰਡੀਆ ਬੁੱਕ ਆਫ ਰਿਕਾਰਡਜ਼, ਚੈਂਪੀਅਨਸ ਬੁੱਕ ਆਫ ਰਿਕਾਰਡਜ਼, ਬ੍ਰਿਟਿਸ਼ ਬੁੱਕ ਆਫ ਰਿਕਾਰਡਜ਼ ਆਦਿ। ਸਤਿਆਰੂਪ ਨੇ ਜਿਨ੍ਹਾਂ ਸੱਤ ਜਵਾਲਾਮੁਖੀ ਚੋਟੀਆਂ ਨੂੰ ਫਤਿਹ ਕੀਤਾ ਹੈ, ਉਨ੍ਹਾਂ ਵਿਚ ਓਜੋਸ ਡੇਲ ਸਲਾਡੋ (6893 ਮੀਟਰ) ਚਿਲੀ-ਦੱਖਣੀ ਅਮਰੀਕਾ, ਮਾਊਂਟ ਕਿਲਿਮੰਜਾਰੋ (5895) ਤਨਜਾਨੀਆ-ਅਫਰੀਕਾ, ਮਾਊਂਟ ਐਲਬ੍ਰਸ (5642) ਰੂਸ-ਯੂਰਪ, ਮਾਊਂਟ ਪਿਕੋ ਡੀ ਓਰੀਜ਼ਾਬਾ (5636) ਮੈਕਸੀਕੋ-ਉੱਤਰੀ ਅਮਰੀਕਾ, ਮਾਊਂਟ ਦਮਾਵੰਦ (5610) ਈਰਾਨ-ਏਸ਼ੀਆ, ਮਾਊਂਟ ਗਿਲੁਵੇ (4368) ਪਾਪੂਆ ਨਿਊ ਗਿਨੀ-ਆਸਟਰੇਲੀਆ ਤੇ ਮਾਊਂਟ ਸਿਡਲੀ (4285) ਅੰਟਾਰਟਿਕਾ ਸ਼ਾਮਲ ਹਨ।
ਸਤਿਆਰੂਪ ਨੇ ਜਿਨ੍ਹਾਂ ਪ੍ਰਮੁੱਖ ਚੋਟੀਆਂ ਦੀ ਚੜ੍ਹਾਈ ਕੀਤੀ ਹੈ, ਉਨ੍ਹਾਂ ਵਿਚ ਮਾਊਂਟ ਐਵਰੈਸਟ (8848 ਮੀਟਰ) ਨੇਪਾਲ, ਮਾਊਂਟ ਐਕਾਨਗੂਆ (6961) ਅਰਜਨਟੀਨਾ,  ਮਾਊਂਟ ਮੈਕਿਨਲੀ /ਮਾਊਂਟ ਡੇਨਾਲੀ (6194) ਅਮਰੀਕਾ, ਮਾਊਂਟ ਕਿਲੋਜਾਰੋ (5895) ਤਨਜਾਨੀਆ, ਮਾਊਂਟ ਐਲਬ੍ਰਸ (5642) ਰੂਸ, ਮਾਊਂਟ ਬਲਾਂਕ (4808.7) ਫਰਾਂਸ, ਮਾਊਂਟ ਵਿਨਸਨ ਮਾਸਿਫ (4892) ਅੰਟਾਰਟਿਕਾ, ਪੁਣਕ ਜਯਾ/ ਕਾਰਸਟੇਂਸ ਪਿਰਾਮਿਡ (4884) ਇੰਡੋਨੇਸ਼ੀਆ ਤੇ ਮਾਊਂਟ ਕੋਸੋਂਸਸਕੋ (2228) ਆਸਟਰੇਲੀਆ ਸ਼ਾਮਲ ਹਨ। ਉਥੇ ਹੀ ਉਹ ਪਾਪੂਆ ਨਿਊ ਗਿਨੀ ਮਾਊਂਟ ਗਿਲੁਵੇ ਦੀ ਸਭ ਤੋਂ ਉੱਚੀ ਜਵਾਲਾਮੁਖੀ ਚੋਟੀ 'ਤੇ ਚੜ੍ਹਨ ਵਾਲਾ ਪਹਿਲਾ ਭਾਰਤੀ ਹੈ। ਉਸ ਨੂੰ ਦੁਨੀਆ ਦੀਆਂ 7 ਮੁਸ਼ਕਲ ਚੋਟੀਆਂ ਤੇ 7 ਜਵਾਲਾਮੁਖੀ ਚੋਟੀਆਂ 'ਤੇ ਚੜ੍ਹਨ ਵਾਲੇ ਪਹਿਲੇ ਭਾਰਤੀ ਹੋਣ ਦਾ ਮਾਣ ਪ੍ਰਾਪਤ ਹੈ। ਉਹ ਅੰਟਾਰਟਿਕਾ ਦੀ ਚੈਂਪੀਅਨਸ ਬੁੱਕ ਆਫ ਰਿਕਾਰਡਜ਼ ਵਿਚ ਬਾਂਸੁਰੀ ਦੇ ਨਾਲ ਰਾਸ਼ਟਰੀ ਗੀਤ ਵਜਾਉਣ ਵਾਲਾ ਦੁਨੀਆ ਦਾ ਪਹਿਲਾ ਭਾਰਤੀ ਵੀ ਹੈ।
ਸਾਰੇ ਅੜਿੱਕਿਆਂ ਨੂੰ ਪਾਰ ਕਰਦੇ ਹੋਏ ਸਿਧਾਂਤ ਦੀ ਜ਼ਿੰਦਗੀ ਦੀ ਯਾਤਰਾ ਕਈ ਲੋਕਾਂ ਲਈ ਇਕ ਪ੍ਰੇਰਣਾਦਾਇਕ ਰਹੀ ਹੈ ਕਿਉਂਕਿ ਉਹ ਬਚਪਨ ਤੋਂ ਕਾਲਜ ਤਕ ਦਮਾ ਰੋਗ ਤੋਂ ਪੀੜਤ ਰਿਹਾ ਹੈ। ਇਸਦੇ ਬਾਵਜੂਦ ਉਹ ਇਕ ਯੋਧੇ ਦੇ ਰੂਪ ਵਿਚ ਉੱਭਰਿਆ। ਇਕ ਲੜਕਾ ਜਿਹੜਾ ਆਪਣੇ ਇਨਹੇਲਰ ਦੀ ਸਹਾਇਤਾ ਤੋਂ ਬਿਨਾਂ 100 ਮੀਟਰ ਨਹੀਂ ਦੌੜ ਸਕਦਾ ਸੀ, ਹੁਣ ਉਹ ਦੁਨੀਆ ਦੀਆਂ ਮੁਸ਼ਕਲ ਚੋਟੀਆਂ ਨੂੰ ਫਤਿਹ ਕਰ ਰਿਹਾ ਹੈ। ਸਿਧਾਂਤ ਨੇ ਆਪਣੀ ਜ਼ਿੰਦਗੀ ਦੀਆਂ ਚੁਣੌਤੀਆਂ  ਦਾ ਡਟ ਕੇ ਸਾਹਮਣਾ ਕੀਤਾ ਤੇ ਹਰ ਹਾਲਾਤ 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਹਾਲਾਂਕਿ ਅੱਜ ਤੱਕ ਇਸ ਪ੍ਰਸਿੱਧ ਪਰਬਤਾਰੋਹੀ ਨੂੰ ਕੇਂਦਰ ਸਰਕਾਰ ਵਲੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ ਤੇ ਉਹ ਵਿਅਕਤੀਗਤ ਤੌਰ 'ਤੇ 45 ਲੱਖ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ। ਇਨ੍ਹਾਂ ਸਾਰੇ ਅੜਿੱਕਿਆਂ ਨੂੰ ਪਾਰ ਕਰਦੇ ਹੋਏ ਸਿਧਾਂਤ ਕੌਮਾਂਤਰੀ ਮੰਚਾਂ 'ਤੇ ਤਿਰੰਗੇ ਨੂੰ ਉੱਚਾ ਕਰ ਕੇ ਦੇਸ਼ ਨੂੰ ਸਨਮਾਨਿਤ ਕਰ ਰਿਹਾ ਹੈ।


Gurdeep Singh

Content Editor

Related News