ਆਈ.ਪੀ.ਐੱਲ. 2020 ਦੇ ਉਹ 5 ਪਲ ਜੋ ਜਿੱਤ ਲੈਣਗੇ ਤੁਹਾਡਾ ਦਿਲ
Wednesday, Nov 11, 2020 - 10:41 PM (IST)
ਨਵੀਂ ਦਿੱਲੀ : ਮੁੰਬਈ ਇੰਡੀਅਨਸ ਦੀ ਟੀਮ ਨੇ ਰਿਕਾਰਡ ਪੰਜਵੀਂ ਵਾਰ ਆਈ.ਪੀ.ਐੱਲ. ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਇਸ ਆਈ.ਪੀ.ਐੱਲ. ਸੀਜਨ ਦੌਰਾਨ ਕ੍ਰਿਕਟ ਦੇ ਮੈਦਾਨ ਤੋਂ ਕਈ ਅਜਿਹੇ ਪਲ ਸਾਹਮਣੇ ਆਏ ਜਿਨ੍ਹਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ 'ਚ ਰਹੇ। ਤਾਂ ਆਓ ਜੀ ਤੁਹਾਨੂੰ ਦੱਸਦੇ ਹਾਂ ਆਈ.ਪੀ.ਐੱਲ. ਦੇ ਉਹ 5 ਸ਼ਾਨਦਾਰ ਪਲ ਜਿਨ੍ਹਾਂ ਨੇ ਲੋਕਾਂ ਦਾ ਦਿਲ ਜਿੱਤਿਆ-
ਨਿਕੋਲਸ ਪੂਰਨ ਦੀ ਫੀਲਡਿੰਗ
ਦਰਅਸਲ ਰਾਜਸਥਾਨ ਦੀ ਬੱਲੇਬਾਜ਼ੀ ਦੌਰਾਨ ਜਦੋਂ ਸੰਜੂ ਸੈਮਸਨ ਨੂੰ 8ਵੇਂ ਓਵਰ ਦੀ ਤੀਜੀ ਗੇਂਦ ਪਾਈ ਗਈ ਤਾਂ ਉਨ੍ਹਾਂ ਨੇ ਛੱਕਾ ਲਗਾਉਣ ਲਈ ਸ਼ਾਟ ਮਾਰਿਆ। ਗੇਂਦ ਹਵਾ 'ਚ ਬਾਉਂਡਰੀ ਪਾਰ ਜਾ ਰਹੀ ਸੀ ਕਿ ਕ੍ਰੀਜ਼ ਦੇ ਪਾਰ ਖੜ੍ਹੇ ਪੂਰਨ ਨੇ ਡਾਈਵ ਲਗਾਉਂਦੇ ਹੋਏ ਗੇਂਦ ਫੜੀ ਅਤੇ ਕ੍ਰੀਜ ਦੇ ਅੰਦਰ ਡਿੱਗਣ ਤੋਂ ਪਹਿਲਾਂ ਹੀ ਗੇਂਦ ਨੂੰ ਕ੍ਰੀਜ਼ ਤੋਂ ਅੱਗੇ ਮੈਦਾਨ 'ਚ ਸੁੱਟ ਦਿੱਤਾ ਅਤੇ ਛੱਕਾ ਲੱਗਣ ਤੋਂ ਰੋਕ ਦਿੱਤਾ। ਪੂਰਨ ਦੀ ਫੀਲਡਿੰਗ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਅਤੇ ਇੱਕ ਪਲ ਲਈ ਤਾਂ ਅੰਪਾਇਰ ਵੀ ਸਮਝ ਨਹੀਂ ਪਾਇਆ ਕਿ ਇਹ ਛੱਕਾ ਹੈ ਜਾਂ ਨਹੀਂ। ਕ੍ਰਿਕਟਰਾਂ ਤੋਂ ਲੈ ਕੇ ਫੈਂਸ ਨੇ ਪੂਰਨ ਦੀ ਇਸ ਕੋਸ਼ਿਸ਼ ਦੀ ਬਹੁਤ ਤਾਰੀਫ਼ ਕੀਤੀ।
ਰਾਹੁਲ ਤੇਵਤੀਆ ਦੇ ਪੰਜ ਛੱਕੇ
ਆਈ.ਪੀ.ਐੱਲ. 'ਚ ਰਾਜਸਥਾਨ ਰਾਇਲਸ ਦੇ ਆਲਰਾਉਂਡਰ ਰਾਹੁਲ ਤੇਵਤੀਆ ਖਿਡਾਰੀ ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ ਫਸੇ ਹੋਏ ਮੈਚ ਨੂੰ ਸ਼ਾਨਦਾਰ ਪਾਰੀ ਖੇਡਦੇ ਹੋਏ ਜਿੱਤ ਦਿਵਾ ਦਿੱਤੀ। ਪੰਜਾਬ ਖ਼ਿਲਾਫ਼ ਤੇਵਤੀਆ ਨੇ 31 ਗੇਂਦ 'ਚ 53 ਦੌੜਾਂ ਦੀ ਪਾਰੀ ਖੇਡੀ। ਇਸ ਮੈਚ ਰਾਹੁਲ ਨੇ ਸ਼ੈਲਡਨ ਕੋਟਰੇਲ ਦੇ ਇੱਕ ਓਵਰ 'ਚ ਪੰਜ ਛੱਕੇ ਲਗਾ ਕੇ ਮੈਚ ਦਾ ਪਾਸਾ ਪਲਟ ਕੇ ਰੱਖ ਦਿੱਤਾ।
ਕ੍ਰਿਸ ਗੇਲ ਦਾ ਬੱਲਾ ਸੁੱਟਣਾ
ਰਾਜਸਥਾਨ ਰਾਇਲਸ ਖ਼ਿਲਾਫ਼ ਖੇਡੇ ਗਏ ਆਈ.ਪੀ.ਐੱਲ. ਮੈਚ ਦੌਰਾਨ ਯੂਨੀਵਰਸ ਬੌਸ ਕ੍ਰਿਸ ਗੇਲ ਨੇ ਸੈਂਕੜਾ ਨਾ ਬਣਾ ਸਕਣ 'ਚ ਗ਼ੁੱਸੇ 'ਚ ਆਪਣਾ ਬੱਲਾ ਜ਼ਮੀਨ 'ਤੇ ਸੁੱਟ ਦਿੱਤਾ। ਗੇਲ ਦੀ ਇਸ ਹਰਕੱਤ ਕਾਰਨ ਉਨ੍ਹਾਂ 'ਤੇ ਮੈਚ ਫੀਸ ਦਾ 10 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਮੈਚ ਬਾਅਦ ਗੇਲ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਨੂੰ ਵਾਅਦਾ ਕੀਤਾ ਸੀ ਕਿ ਉਹ ਸੈਂਕੜਾ ਬਣਾਉਣਗੇ ਪਰ ਉਹ ਇਸ ਨੂੰ ਪੂਰਾ ਨਹੀਂ ਕਰ ਸਕੇ ਅਤੇ 99 ਦੌੜਾਂ 'ਤੇ ਆਉਟ ਹੋ ਗਏ।
ਅਸ਼ਵਿਨ ਵੱਲੋਂ ਮਾਂਕਡਿੰਗ ਨਹੀਂ ਕਰਨਾ
ਦਿੱਲੀ ਕੈਪੀਟਲਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਖੇਡੇ ਗਏ ਮੁਕਾਬਲੇ ਦੌਰਾਨ ਅਸ਼ਵਿਨ ਇੱਕ ਵਾਰ ਫਿਰ ਸਭ ਦੀਆਂ ਨਜ਼ਰਾਂ 'ਚ ਆ ਗਏ। ਦਰਅਸਲ ਦਿੱਲੀ ਦੀ ਗੇਂਦਬਾਜ਼ੀ ਦੌਰਾਨ ਜਦੋਂ ਅਸ਼ਵਿਨ ਗੇਂਦਬਾਜ਼ੀ ਕਰਨ ਲਈ ਆਏ ਤਾਂ ਉਨ੍ਹਾਂ ਕੋਲ ਆਰ.ਸੀ.ਬੀ. ਦੇ ਸਲਾਮੀ ਬੱਲੇਬਾਜ਼ ਏਰੋਨ ਫਿੰਚ ਨੂੰ ਮਾਂਕਡਿੰਗ ਕਰਨ ਦਾ ਮੌਕਾ ਸੀ ਪਰ ਇਸ ਵਾਰ ਅਸ਼ਵਿਨ ਨੇ ਮਾਂਕਡਿੰਗ ਨਹੀਂ ਕੀਤਾ ਅਤੇ ਫਿੰਚ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਪਰ ਇਸ ਨੂੰ ਲੈ ਕੇ ਅਸ਼ਵਿਨ ਨੇ ਟਵੀਟ ਕਰ ਸਾਰੇ ਬੱਲੇਬਾਜ਼ਾਂ ਨੂੰ ਚਿਤਾਵਨੀ ਦਿੱਤੀ ਹੈ।
ਯਸ਼ਸਵੀ ਜੈਸਵਾਲ ਦਾ ਧੋਨੀ ਨੂੰ ਨਮਸਤੇ ਕਰਨਾ
ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਆਪਣਾ ਡੈਬਿਊ ਮੈਚ ਖੇਡਣ ਵਾਲੇ ਰਾਜਸਥਾਨ ਦੇ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਮੈਚ ਤੋਂ ਪਹਿਲਾਂ ਧੋਨੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਜੈਸਵਾਲ ਨੇ ਧੋਨੀ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ। ਉਨ੍ਹਾਂ ਦੀ ਧੋਨੀ ਅੱਗੇ ਹੱਥ ਜੋੜਦੇ ਹੋਏ ਦੀ ਤਸਵੀਰ ਵਾਇਰਲ ਹੋ ਗਈ ਅਤੇ ਲੋਕਾਂ ਨੇ ਜੈਸਵਾਲ ਅਤੇ ਧੋਨੀ ਦੀ ਬਹੁਤ ਤਾਰੀਫ ਕੀਤੀ। ਲੋਕਾਂ ਨੇ ਇਸ ਨੂੰ ਗੁਰੂ ਚੇਲਾ ਦਾ ਪਿਆਰ ਕਿਹਾ।