Asia Cup ''ਚ 4 ਵਾਰ 0 ''ਤੇ ਆਊਟ! ਫਿਰ ਵੀ ਬਣ ਗਿਆ T-20 ਦਾ ਨੰਬਰ-1 ਆਲਰਾਊਂਡਰ
Wednesday, Oct 01, 2025 - 08:58 PM (IST)

ਸਪੋਰਟਸ ਡੈਸਕ- ਏਸ਼ੀਆ ਕੱਪ 2025 ਟੂਰਨਾਮੈਂਟ 'ਚ 4 ਵਾਰ 0 'ਤੇ ਆਊਟ ਹੋਣ ਵਾਲਾ ਪਾਕਿਸਤਾਨੀ ਖਿਡਾਰੀ ਸੈਮ ਅਯੂਬ ਹੁਣ ICC ਟੀ-20 ਪੁਰਸ਼ ਆਲਰਾਊਂਡਰ ਦੀ ਰੈਂਕਿੰਗ 'ਚ ਨੰਬਰ 1 ਸਥਾਨ 'ਤੇ ਪਹੁੰਚ ਗਿਆ ਹੈ। ਇਹ ਰੈਂਕਿੰਗ ਦੇਖ ਕੇ ਹਰ ਕੋਈ ਹੈਰਾਨ ਹੈ। ਬੁੱਧਵਾਰ ਨੂੰ ਆਈ ਤਾਜ਼ਾ ਰੈਂਕਿੰਗ 'ਚ ਸੈਮ ਅਯੂਬ ਨੇ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਪਛਾੜ ਕੇ ਇਹ ਸਥਾਨ ਹਾਸਲ ਕੀਤਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਏਸ਼ੀਆ ਕੱਪ 'ਚ ਇੰਨੇ ਘਟੀਆ ਪ੍ਰਦਰਸ਼ਨ ਦੇ ਬਾਵਜੂਦ ਸੈਮ ਅਯੂਬ ਨੇ 4 ਸਥਾਨ ਦੀ ਛਾਲ ਕੀਤਾ ਮਾਰੀ ਅਤੇ ਸਭ ਤੋਂ ਛੋਟੇ ਫਾਰਮੈਟ 'ਚ ਨਵਾਂ ਨੰਬਰ 1 ਆਲਰਾਊਂਡਰ ਕਿਵੇਂ ਬਣ ਗਿਆ। 23 ਸਾਲਾ ਸੈਮ ਕੋਲ ਹੁਣ 241 ਰੇਟਿੰਗ ਪੁਆਇੰਟ ਹਨ, ਜੋ ਹਾਰਦਿਕ ਤੋਂ 8 ਪੁਆਇੰਟ ਵੱਧ ਹਨ।
ਇਹ ਹੈਰਾਨ ਕਰਨ ਵਾਲੀ ਪ੍ਰਾਪਤੀ ਹੈ ਕਿਉਂਕਿ ਹਾਲ ਹੀ 'ਚ ਸੰਪਨ ਹੋਏ ਏਸ਼ੀਆ ਕੱਪ 'ਚ ਅਯੂਬ ਨੂੰ ਗੇਂਦਬਾਜ਼ੀ 'ਚ ਬੱਲੇਬਾਜ਼ੀ ਤੋਂ ਜ਼ਿਆਦਾ ਸਫਲਤਾ ਮਿਲੀ। ਉਸਨੇ 7 ਮੈਚਾਂ 'ਚ 8 ਵਿਕਟਾਂ ਲਈਆਂ ਅਤੇ 6.40 ਦੀ ਇਕਨੋਮੀ ਰੇਟ ਨਾਲ ਗੇਂਦਬਾਜ਼ੀ ਕੀਤੀ। ਹਾਲਾਂਕਿ, ਉਸਦੀ ਮੁੱਖ ਜ਼ਿੰਮੇਵਾਰੀ ਯਾਨੀ ਬੱਲੇਬਾਜ਼ੀ ਨੇ ਨਿਰਾਸ਼ ਕੀਤਾ। ਸੈਮ ਸਿਰਫ 37 ਦੌੜਾਂ ਬਣਆ ਸਕਿਆ, ਔਸਤ ਵੀ ਘੱਟ ਰਹੀ।
4 ਵਾਰ 0 'ਤੇ ਆਊਟ
ਦਰਅਸਲ, ਸੈਮ ਏਸ਼ੀਆ ਕੱਪ ਵਿੱਚ ਚਾਰ ਵਾਰ 0 'ਤੇ ਆਊਟ ਹੋਇਆ ਸੀ, ਜਿਸ ਵਿੱਚ ਭਾਰਤ ਵਿਰੁੱਧ ਵੀ ਇੱਕ ਵਾਰ ਸ਼ਾਮਲ ਸੀ। ਉਸਨੇ ਫਾਈਨਲ ਵਿੱਚ 14 ਦੌੜਾਂ ਬਣਾਈਆਂ ਸਨ ਪਰ ਪਾਕਿਸਤਾਨ ਦੀ ਪਾਰੀ ਉਸ ਤੋਂ ਬਾਅਦ ਢਹਿ ਗਈ ਅਤੇ ਟੀਮ 33 ਦੌੜਾਂ ਦੇ ਅੰਦਰ ਆਖਰੀ 9 ਵਿਕਟਾਂ ਗੁਆ ਕੇ ਭਾਰਤ ਹੱਥੋਂ ਹਾਰ ਗਈ।
ਉਸਦਾ ਹਾਲੀਆ ਬੱਲੇਬਾਜ਼ੀ ਰਿਕਾਰਡ ਵੀ ਚਿੰਤਾ ਵਧਾਉਣ ਵਾਲਾ ਹੈ। ਪਿਛਲੇ 10 ਟੀ-20 ਮੈਚਾਂ ਵਿੱਚ ਸੈਮ ਨੇ ਸਿਰਫ ਇੱਕ ਵਾਰ 20 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਜਦੋਂ ਕਿ ਇੱਕ ਆਫ-ਸਪਿਨਰ ਵਜੋਂ ਉਸਦੀ ਗੇਂਦਬਾਜ਼ੀ ਪਰਿਪੱਕ ਹੋ ਗਈ ਹੈ ਅਤੇ ਉਸਨੇ ਚੰਗੀਆਂ ਭਿੰਨਤਾਵਾਂ ਦਾ ਪ੍ਰਦਰਸ਼ਨ ਕੀਤਾ ਹੈ, ਸੱਟ ਤੋਂ ਵਾਪਸ ਆਉਣ ਤੋਂ ਬਾਅਦ ਉਸਦੀ ਬੱਲੇਬਾਜ਼ੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।
ICC T-20 ਆਲ-ਰਾਊਂਡਰ ਰੈਂਕਿੰਗ
1. ਸੈਮ ਅਯੂਬ (ਪਾਕਿਸਤਾਨ) – 241 ਰੇਟਿੰਗ ਅੰਕ
2. ਹਾਰਦਿਕ ਪੰਡਯਾ (ਭਾਰਤ) – 233 ਰੇਟਿੰਗ ਅੰਕ
3. ਮੁਹੰਮਦ ਨਬੀ (ਅਫਗਾਨਿਸਤਾਨ) – 231 ਰੇਟਿੰਗ ਅੰਕ
4. ਦੀਪੇਂਦਰ ਸਿੰਘ ਐਰੀ (ਨੇਪਾਲ) – 214 ਰੇਟਿੰਗ ਅੰਕ
5. ਸਿਕੰਦਰ ਰਜ਼ਾ (ਜ਼ਿੰਬਾਬਵੇ) – 209 ਰੇਟਿੰਗ ਅੰਕ
6. ਵਾਨਿੰਦੂ ਹਸਰੰਗਾ (ਸ਼੍ਰੀਲੰਕਾ) – 187 ਰੇਟਿੰਗ ਅੰਕ
7. ਰੋਸਟਨ ਚੇਜ਼ (ਵੈਸਟਇੰਡੀਜ਼) – 184 ਰੇਟਿੰਗ ਅੰਕ
8. ਲਿਆਮ ਲਿਵਿੰਗਸਟੋਨ (ਇੰਗਲੈਂਡ) – 181 ਰੇਟਿੰਗ ਅੰਕ
9. ਮਾਰਕਸ ਸਟੋਇਨਿਸ (ਆਸਟ੍ਰੇਲੀਆ) – 179 ਰੇਟਿੰਗ ਅੰਕ
10. ਅਕਸ਼ਰ ਪਟੇਲ (ਭਾਰਤ) – 175 ਰੇਟਿੰਗ ਅੰਕ