ਅਵਿਨਾਸ਼ ਅਪੀਲ ਤੋਂ ਬਾਅਦ 3000 ਮੀਟਰ ਸਟੀਪਲਚੇਜ਼ ਦੇ ਫਾਈਨਲ ''ਚ

Thursday, Oct 03, 2019 - 02:57 AM (IST)

ਅਵਿਨਾਸ਼ ਅਪੀਲ ਤੋਂ ਬਾਅਦ 3000 ਮੀਟਰ ਸਟੀਪਲਚੇਜ਼ ਦੇ ਫਾਈਨਲ ''ਚ

ਦੋਹਾ- ਭਾਰਤ ਦੇ ਅਵਿਨਾਸ਼ ਸਾਬਲੇ ਨੇ ਨਾਟਕੀ ਹਾਲਾਤ ਵਿਚ ਇੱਥੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਪੁਰਸ਼ 3000 ਮੀਟਰ ਸਟੀਪਲਚੇਜ਼ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਜਦਕਿ ਅਨੂ ਰਾਣੀ ਕੁਆਲੀਫਾਇੰਗ ਦੌਰ ਦੀ ਸ਼ਾਨਦਾਰ ਫਾਰਮ ਨੂੰ ਫਾਈਨਲ ਵਿਚ ਦੁਹਰਾਉਣ ਵਿਚ ਅਸਫਲ ਰਹੀ ਤੇ ਮਹਿਲਾ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵਿਚ 8ਵੇਂ ਸਥਾਨ 'ਤੇ ਰਹੀ।
ਮਹਾਰਾਸ਼ਟਰ ਦੇ ਮਾਂਡਵਾ ਦਾ 25 ਸਾਲਾ ਸਾਬਲੇ ਵਿਸ਼ਵ ਚੈਂਪੀਅਨਸ਼ਿਪ ਦੀ ਟ੍ਰੈਕ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਾਲਾ ਪਹਿਲਾ ਪੁਰਸ਼ ਖਿਡਾਰੀ ਹੈ। ਅਵਿਨਾਸ਼ ਪਹਿਲੇ ਦੌਰ ਦੀ ਹੀਟ ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾਉਣ ਦੇ ਬਾਵਜੂਦ ਸ਼ੁਰੂਆਤ ਵਿਚ ਪੁਰਸ਼ 3000  ਮੀਟਰ ਸਟੀਪਲਚੇਜ਼ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਿਹਾ ਸੀ ਪਰ ਇਸ ਤੋਂ ਬਾਅਦ ਭਾਰਤੀ ਐਥਲੈਟਿਕਸ ਮਹਾਸੰਘ ਨੇ ਵਿਰੋਧ ਕੀਤਾ ਕਿ ਦੌੜ ਦੌਰਾਨ ਹੋਰ ਦੌੜਾਕਾਂ ਨੇ ਉਸ ਦਾ ਰਸਤਾ ਰੋਕਿਆ, ਜਿਸ ਤੋਂ ਬਾਅਦ ਉਸ ਨੂੰ ਫਾਈਨਲ ਵਿਚ ਜਗ੍ਹਾ ਦਿੱਤੀ ਗਈ।
ਅਵਿਨਾਸ਼ ਨੇ ਹੀਟ ਵਿਚ 8 ਮਿੰਟ 25.2 ਸੈਕੰਡ ਦੇ ਸਮੇਂ ਨਾਲ 8 ਮਿੰਟ 28.94 ਸੈਕੰਡ ਦੇ ਆਪਣੇ ਹੀ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕੀਤਾ। ਉਹ ਤੀਜੀ ਹੀਟ ਵਿਚ 7ਵੇਂ ਤੇ ਦੌੜ ਵਿਚ ਹਿੱਸਾ ਲੈ ਰਹੇ ਕੁਲ 44 ਦੌੜਾਕਾਂ ਵਿਚਾਲੇ 20ਵੇਂ ਸਥਾਨ 'ਤੇ ਰਿਹਾ। ਪ੍ਰਤੀਯੋਗਿਤਾ ਦੌਰਾਨ ਹਾਲਾਂਕਿ ਦੋ ਵਾਰ ਅਜਿਹੀਆਂ ਘਟਨਾਵਾਂ ਹੋਈਆਂ ਜਦੋਂ ਉਸ ਦੇ ਰਸਤੇ ਵਿਚ ਅੜਿੱਕਾ ਪਿਆ।
ਏ. ਐੱਫ. ਆਈ. ਨੇ ਬਾਅਦ ਵਿਚ ਅਪੀਲ ਦਾਇਰ ਕਰਦਿਆਂ ਦਾਅਵਾ ਕੀਤਾ ਕਿ ਅਵਿਨਾਸ਼ ਦਾ ਰਸਤਾ ਹੋਰਨਾਂ ਦੌੜਾਕਾਂ ਨੇ ਰੋਕਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਉਸ ਨੂੰ ਫਾਈਨਲ ਵਿਚ ਜਗ੍ਹਾ ਦਿੱਤੀ ਜਾਵੇ। ਇਕ ਘੰਟੇ ਬਾਅਦ ਪ੍ਰਤੀਯੋਗਿਤਾ ਦੇ ਰੈਫਰੀ ਵੀਡੀਓ ਫੁਟੇਜ ਦੇਖਣ ਤੋਂ ਬਾਅਦ ਸਹਿਮਤ ਹੋਏ ਕਿ ਦੋ ਮੌਕਿਆਂ 'ਤੇ ਅਵਿਨਾਸ਼ ਦਾ ਰਸਤਾ ਰੋਕਿਆ ਗਿਆ। ਨਿਯਮ 163.2 ਦੇ ਤਹਿਤ ਭਾਰਤ ਦੇ ਵਿਰੋਧ ਨੂੰ ਮੰਨਿਆ ਗਿਆ ਤੇ ਅਵਿਨਾਸ਼ ਨੂੰ ਫਾਈਨਲ ਵਿਚ ਜਗ੍ਹਾ ਮਿਲੀ। ਦੂਜੇ ਪਾਸੇ ਸੋਮਵਾਰ ਨੂੰ ਕੁਆਲੀਫਾਇੰਗ ਵਿਚ 62.43 ਮੀਟਰ ਦੀ ਕੋਸ਼ਿਸ਼ ਨਾਲ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਣ ਵਾਲੀ ਅਨੂ ਫਾਈਨਲ ਵਿਚ 61.12 ਮੀਟਰ ਦਾ ਹੀ ਸਰਵਸ੍ਰੇਸ਼ਠ ਯਤਨ ਕਰ ਸਕੀ।


author

Gurdeep Singh

Content Editor

Related News