3 ਸਾਲਾ ਭਾਰਤੀ ਸ਼ਤਰੰਜ ਖਿਡਾਰੀ ਅਨੀਸ਼ ਨੇ ਬਣਾਇਆ ਵਰਲਡ ਰਿਕਾਰਡ, ਦੁਨੀਆ ਹੈਰਾਨ
Saturday, Nov 02, 2024 - 03:55 PM (IST)
ਕੋਲਕਾਤਾ–ਜਿੱਥੇ ਉਸਦੀ ਉਮਰ ਦੇ ਜ਼ਿਆਦਾਤਰ ਬੱਚੇ ‘ਪੈਪਾ ਪਿੱਗ’ ਜਾਂ ‘ਛੋਟਾ ਭੀਮ’ ਵਰਗੇ ਕਾਰਟੂਨਾਂ ਨੂੰ ਦੇਖਣ ਜਾਂ ਸਿਰਫ ਖਿਡਾਉਣਿਆਂ ਨਾਲ ਖੇਡਣ ਵਿਚ ਰੁੱਝੇ ਰਹਿੰਦੇ ਹਨ, ਉੱਥੇ ਹੀ, ਅਨੀਸ਼ ਸਰਕਾਰ ਸ਼ਤਰੰਜ ਦੀ ਬਿਸਾਤ ’ਤੇ ਆਪਣਾ ਦਿਮਾਗ ਦੌੜਾਉਂਦਾ ਹੈ, ਜਿਸ ਨਾਲ ਸ਼ੁੱਕਰਵਾਰ ਨੂੰ ਉਸ ਨੇ ਇਕ ਨਵਾਂ ਰਿਕਾਰਡ ਵੀ ਸਥਾਪਤ ਕਰ ਦਿੱਤਾ।
ਉੱਤਰੀ ਕੋਲਕਾਤਾ ਵਿਚ ਰਹਿਣ ਵਾਲਾ ਅਨੀਸ਼ ਸਿਰਫ 3 ਸਾਲ, 8 ਮਹੀਨੇ ਤੇ 19 ਦਿਨ ਦੀ ਉਮਰ ਵਿਚ ਫਿਡੇ ਰੇਟਿੰਗ ਹਾਸਲ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਅਨੀਸ਼ ਦਾ ਜਨਮ 26 ਜਨਵਰੀ 2021 ਨੂੰ ਹੋਇਆ ਸੀ। ਉਸ ਨੇ ਅਕਤੂਬਰ ਵਿਚ ਪੱਛਮੀ ਬੰਗਾਲ ਅੰਡਰ-9 ਓਪਨ ਪ੍ਰਤੀਯੋਗਿਤਾ ਰਾਹੀਂ ਮੁਕਾਬਲੇਬਾਜ਼ੀ ਸ਼ਤਰੰਜ ਵਿਚ ਡੈਬਿਊ ਕੀਤਾ ਸੀ। ਇਸ ਨੌਜਵਾਨ ਖਿਡਾਰੀ ਨੇ ਆਪਣੀ ਪਹਿਲੀ ਪ੍ਰਤੀਯੋਗਿਤਾ ਵਿਚ ਹੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹੋਏ ਸੰਭਾਵਿਤ 8 ਵਿਚੋਂ 5.5 ਅੰਕ ਹਾਸਲ ਕੀਤੇ।
ਇਸ ਵਿਚਾਲੇ ਉਸ ਨੇ ਦੋ ਰੇਟੇਡ ਖਿਡਾਰੀਆਂ ਅਰਵ ਚੈਟਰਜੀ ਤੇ ਅਹਿਲਾਨ ਬੈਸ਼ਯ ਨੂੰ ਹਰਾਇਆ। ਉਹ ਕੁੱਲ ਮਿਲ ਕੇ 24ਵੇਂ ਸਥਾਨ ’ਤੇ ਰਿਹਾ। ਇਸ ਵਿਚਾਲੇ ਉਸ ਨੂੰ ਭਾਰਤ ਦੇ ਨੰਬਰ ਇਕ ਖਿਡਾਰੀ ਤੇ ਵਿਸ਼ਵ ਰੈਂਕਿੰਗ ਵਿਚ ਚੌਥੇ ਸਥਾਨ ’ਤੇ ਕਾਬਜ਼ ਗ੍ਰੈਂਡਮਾਸਟਰ ਅਰਜੁਨ ਐਰਗਾਸੀ ਵਿਰੁੱਧ ਖੇਡਣ ਦਾ ਮੌਕਾ ਵੀ ਮਿਲਿਆ। ਅਨੀਸ਼ ਨੂੰ ਇਸ ਤੋਂ ਬਾਅਦ ਪੱਛਮੀ ਬੰਗਾਲ ਰਾਜ ਅੰਡਰ-13 ਓਪਨ ਵਿਚ ਖੇਡਣ ਦਾ ਮੌਕਾ ਮਿਲਿਆ, ਜਿਸ ਨਾਲ ਉਸ ਦੀ 5 ਰੇਟੇਡ ਖਿਡਾਰੀਆਂ ਦਾ ਸਾਹਮਣਾ ਕਰਨ ਦੀ ਇੱਛਾ ਪੂਰੀ ਹੋਈ। ਇਸ ਤਰ੍ਹਾਂ ਨਾਲ ਉਸ ਨੂੰ ਫਿਡੇ ਰੇਟਿੰਗ ਵਿਚ 1555 ਦੀ ਸ਼ੁਰੂਆਤੀ ਰੇਟਿੰਗ ਮਿਲੀ।
ਉਸ ਨੇ ਇਸ ਤਰ੍ਹਾਂ ਭਾਰਤ ਦੇ ਹੀ ਤੇਜਸ ਤਿਵਾੜੀ ਦਾ ਰਿਕਾਰਡ ਤੋੜ ਦਿੱਤਾ, ਜਿਸ ਨੇ 5 ਸਾਲ ਤੋਂ ਘੱਟ ਉਮਰ ਵਿਚ ਇਹ ਉਪਲੱਬਧੀ ਹਾਸਲ ਕੀਤੀ ਸੀ। ਅਨੀਸ਼ ਭਾਰਤ ਦੇ ਦੂਜੇ ਗ੍ਰੈਂਡ ਮਾਸਟਰ ਦਿਵਯੇਂਦੂ ਬਰੂਆ ਦੀ ਅਕੈਡਮੀ ਵਿਚ ਸ਼ਤਰੰਜ ਦੇ ਗੁਰ ਸਿੱਖਦਾ ਹੈ। ਬਰੂਆ ਵੀ ਉਸਦੀ ਪ੍ਰਤਿਭਾ ਤੋਂ ਕਾਫੀ ਪ੍ਰਭਾਵਿਤ ਹੈ।