ਭਾਰਤੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਦਿਵਾਉਣ ਵਾਲਾ ਬਲਾਈਂਡ ਖਿਡਾਰੀ ਮਜ਼ਦੂਰੀ ਕਰਨ ਲਈ ਮਜ਼ਬੂਰ
Monday, Aug 09, 2021 - 05:02 PM (IST)
ਨਵੀਂ ਦਿੱਲੀ : ਟੋਕੀਓ ਓਲੰਪਿਕ ਵਿਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਲਈ ਸਰਕਾਰਾਂ ਅਤੇ ਸੰਸਥਾਵਾਂ ਨੇ ਜਿੱਥੇ ਆਪਣਾ ਖ਼ਜ਼ਾਨਾ ਖੋਲ੍ਹ ਦਿੱਤਾ ਹੈ। ਉਥੇ ਹੀ ਕਈ ਅਜਿਹੇ ਵੀ ਖਿਡਾਰੀ ਹਨ, ਜਿਹੜੇ ਗੁੰਮਨਾਮੀ ਵਿਚ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਅਜਿਹਾ ਹੀ ਇਕ ਕ੍ਰਿਕਟ ਖਿਡਾਰੀ, ਜਿਸ ਦਾ ਨਾਮ ਨਰੇਸ਼ ਤੁਮਦਾ ਹੈ, ਉਹ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਮਜ਼ਦੂਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਤੋਂ ਘਰ ਪਰਤੀ ਭਾਰਤੀ ਖਿਡਾਰਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਿਲੀ ਭੈਣ ਦੀ ਮੌਤ ਦੀ ਖ਼ਬਰ
ਦਰਅਸਲ ਇਹ ਕਹਾਣੀ 2018 ਵਿਚ ਬਲਾਈਂਡ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਵਿਚ ਟੀਮ ਇੰਡੀਆ ਦੇ ਹਿੱਸਾ ਰਹੇ ਨਰੇਸ਼ ਤੁਮਦਾ ਦੀ ਹੈ। ਗੁਰਜਾਤ ਦੇ ਨਵਸਾਰੀ ਦੇ ਬਲਾਈਂਡ ਕ੍ਰਿਕਟਰ ਨਰੇਸ਼ ਤੁਮਦਾ ਵਿਸ਼ਵ ਕੱਪ ਜੇਤੂ ਟੀਮ ਦੀ ਪਲੇਇੰਗ ਇਲੈਵਨ ਦਾ ਹਿੱਸਾ ਸਨ, ਜਿਨ੍ਹਾਂ ਨੇ ਸ਼ਾਹਜਾਹ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਪਾਕਿਸਤਾਨ ਦੇ 308 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਬਲਾਈਂਡ ਕ੍ਰਿਕਟ ਟੀਮ ਨੂੰ ਚੈਂਪੀਅਨ ਬਣਾਇਆ ਸੀ।
ਇਹ ਵੀ ਪੜ੍ਹੋ: UAE ’ਚ ਭਾਰਤੀ ਕਾਰੋਬਾਰੀ ਦਾ ਗੋਲਕੀਪਰ ਸ਼੍ਰੀਜੇਸ਼ ਨੂੰ ਵੱਡਾ ਤੋਹਫ਼ਾ, ਦੇਣਗੇ 1 ਕਰੋੜ ਦਾ ਨਕਦ ਇਨਾਮ
ਨਿਊਜ਼ ਏਜੰਸੀ ਏ.ਐਨ.ਆਈ. ਨਾਲ ਗੱਲਬਾਤ ਕਰਦਿਆਂ ਨਰੇਸ਼ ਤੁਮਦਾ ਨੇ ਕਿਹਾ ਕਿ ਸਰਕਾਰ ਤੋਂ ਮਦਦ ਦੀ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਅਜੇ ਤੱਕ ਕੁੱਝ ਨਹੀਂ ਹੋਇਆ। ਉਸ ਨੇ ਕਿਹਾ, ‘ਮੈਂ ਰੋਜ਼ਾਨਾ ਸਿਰਫ਼ 250 ਰੁਪਏ ਕਮਾਉਂਦਾ ਹਾਂ, ਮੈਂ ਗੁਜਰਾਤ ਦੇ ਮੁੱਖ ਮੰਤਰੀ ਨੂੰ 3 ਵਾਰ ਮਦਦ ਦੀ ਅਪੀਲ ਕੀਤੀ ਪਰ ਅੱਜ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਕੋਈ ਨੌਕਰੀ ਦੇਵੇ ਤਾਂ ਜੋ ਮੈਂ ਆਪਣਾ ਪਰਿਵਾਰ ਪਾਲ ਸਕਾਂ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।