ਇੰਗਲੈਂਡ ਵਿਰੁੱਧ 2012 ਲੜੀ ਮੇਰੇ ਲਈ ਮਹੱਤਵਪੂਰਨ ਮੋੜ ਸੀ : ਅਸ਼ਵਿਨ

03/05/2024 7:01:38 PM

ਧਰਮਸ਼ਾਲਾ– ਭਾਰਤ ਦੇ ਸੀਨੀਅਰ ਆਫ ਸਪਿਨਰ ਆਰ. ਅਸ਼ਵਿਨ ਨੇ ਮੰਗਲਵਾਰ ਨੂੰ ਕਿਹਾ ਕਿ ਇੰਗਲੈਂਡ ਵਿਰੁੱਧ 2012 ਦੀ ਲੜੀ ਉਸਦੇ ਕਰੀਅਰ ਦਾ ਫੈਸਲਾਕੁੰਨ ਮੋੜ ਸੀ ਕਿਉਂਕਿ ਉਸ ਤੋਂ ਮਿਲੀ ਸਿੱਖਿਆ ਤੋਂ ਹੀ ਉਹ ਅਜਿਹਾ ਗੇਂਦਬਾਜ਼ ਬਣ ਸਕਿਆ ਜਿਹੜਾ ਅੱਜ ਉਹ ਹੈ। ਇੰਗਲੈਂਡ ਨੇ ਉਹ ਲੜੀ 2-1 ਨਾਲ ਜਿੱਤੀ ਸੀ ਜਿਹੜੀ ਭਾਰਤ ਵਿਚ 1984-85 ਤੋਂ ਬਾਅਦ ਉਸਦੀ ਪਹਿਲੀ ਲੜੀ ਜਿੱਤ ਸੀ। ਅਸ਼ਵਿਨ ਉਸ ਲੜੀ ਵਿਚ ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ ਸੀ ਤੇ ਐਲਿਸਟੀਅਰ ਕੁਕ ਤੇ ਕੇਵਿਨ ਪੀਟਰਸਨ ਨੇ ਉਸ ਨੂੰ ਆਰਾਮ ਨਾਲ ਖੇਡਿਆ ਸੀ। 12 ਸਾਲਾਂ ਬਾਅਦ ਅਸ਼ਵਿਨ ਨੇ ਉਸ ਲੜੀ ਨੂੰ ਆਪਣੇ ਕਰੀਅਰ ਦਾ ਫੈਸਲਾਕੁੰਨ ਮੋੜ ਦੱਸਿਆ ਹੈ।
ਅਸ਼ਵਿਨ ਨੇ ਕਿਹਾ, ‘‘ਇੰਗਲੈਂਡ ਵਿਰੁੱਧ 2012 ਦੀ ਲੜੀ ਮੇਰੇ ਲਈ ਕਾਫੀ ਅਹਿਮ ਸੀ। ਇਸ ਨੇ ਮੈਨੂੰ ਦੱਸਿਆ ਕਿ ਮੈਨੂੰ ਕਿੱਥੇ ਸੁਧਾਰ ਕਰਨਾ ਹੈ। ਕੁਕ ਨੇ ਇੱਥੇ ਆ ਕੇ ਆਸਾਨੀ ਨਾਲ ਦੌੜਾਂ ਬਣਾਈਆਂ। ਉਸ ’ਤੇ ਕਾਫੀ ਗੱਲ ਹੋਈ ਪਰ ਮੇਰੇ ਲਈ ਉਹ ਲੜੀ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਵਿਰੁੱਧ ਲੜੀ ਨੇ ਬਹੁਤ ਕੁਝ ਬਦਲਿਆ । ਮੇਰੇ ਟੀਮ ’ਚੋਂ ਬਾਹਰ ਰਹਿਣ ’ਤੇ ਕਾਫੀ ਗੱਲ ਹੋਈ। ਮੈਂ ਪਹਿਲਾਂ ਚੰਗਾ ਖੇਡਿਆ ਸੀ ਤਾਂ ਮੈਨੂੰ ਸਮਝ ਵਿਚ ਨਹੀਂ ਆਇਆ ਕਿ ਅਜਿਹਾ ਕਿਉਂ ਹੋਇਆ।’’
ਅਸ਼ਵਿਨ ਨੇ ਚਾਰ ਟੈਸਟਾਂ ’ਚ ਤਦ 14 ਵਿਕਟਾਂ ਲਈਆਂ ਸਨ। ਉਸ ਨੇ ਕਿਹਾ, ‘‘ਮੇਰੇ ਬਾਰੇ ਕਈ ਲੇਖ ਲਿਖੇ ਗਏ ਤੇ ਇਸ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਕਿੱਥੇ ਗਲਤੀ ਹੋਈ। ਇਹ ਸਭ ਕੁਝ ਮੈਨੂੰ ਹਮੇਸ਼ਾ ਯਾਦ ਰਿਹਾ।’’ ਕਰੀਅਰ ਦੇ 100ਵੇਂ ਟੈਸਟ ਦੇ ਬਾਰੇ ’ਚ ਉਸ ਨੇ ਕਿਹਾ,‘‘ਇਹ ਵੱਡਾ ਮੌਕਾ ਹੈ। ਗਿਣਤੀ ਨਾਲੋਂ ਜ਼ਿਆਦਾ ਸਫਰ ਖਾਸ ਰਿਹਾ ਹੈ। ਮੇਰੀ ਤਿਆਰੀ ’ਚ ਇਸ ਨਾਲ ਕੋਈ ਬਦਲਾਅ ਨਹੀਂ ਆਇਆ ਹੈ। ਅਸੀਂ ਟੈਸਟ ਮੈਚ ਜਿੱਤਣਾ ਹੈ।’’
ਕਰੀਅਰ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਬਾਰੇ ਵਿਚ ਪੁੱਛਣ ’ਤੇ ਉਸ ਨੇ ਕਿਹਾ,‘‘ਬਰਮਿੰਘਮ ਵਿਚ 2018-19 ’ਚ ਮੇਰੇ ਟੈਸਟ ਕਰੀਅਰ ਦਾ ਸਰਵਸ੍ਰੇਸ਼ਠ ਸਪੈੱਲ ਰਿਹਾ। ਮੈਂ ਦੋਵੇਂ ਪਾਰੀਆਂ ’ਚ ਗੇਂਦਬਾਜ਼ੀ ਕੀਤੀ। ਤੀਜੇ ਦਿਨ ਸਵੇਰੇ ਗੇਂਦਬਾਜ਼ੀ ਕਰਕੇ 3 ਵਿਕਟਾਂ ਲਈਆਂ। ਮੈਂ ਮੈਚ ’ਚ ਕੁਲ 7 ਵਿਕਟਾਂ ਲਈਆਂ ਤੇ ਟੀਮ ਨੂੰ ਜਿੱਤ ਦੇ ਨੇੜੇ ਲੈ ਗਿਆ ਸੀ ਪਰ ਅਸੀਂ ਉਹ ਮੈਚ ਜਿੱਤ ਨਹੀਂ ਸਕੇ।’’ ਭਾਰਤ ਉਹ ਮੈਚ 31 ਦੌੜਾਂ ਨਾਲ ਹਾਰ ਗਿਆ ਸੀ। ਅਸ਼ਵਿਨ ਨੇ ਕਿਹਾ,‘‘ਉਸ ਤੋਂ ਬਾਅਦ ਬੈਂਗਲੁਰੂ ਵਿਚ ਟੈਸਟ ਮੈਚ ਸੀ, ਜਿਸ ਵਿਚ ਮੈਂ ਦੂਜੇ ਦਿਨ ਸਵੇਰੇ ਗੇਂਦਬਾਜ਼ੀ ਕੀਤੀ। ਸੈਂਚੂਰੀਅਨ ਵਿਚ 2018-19 ਵਿਚ ਪਹਿਲੇ ਦਿਨ 4 ਵਿਕਟਾਂ ਲਈਆਂ। ਇਹ ਸਪੈੱਲ ਖਾਸ ਰਿਹਾ।’’


Aarti dhillon

Content Editor

Related News