20 ਸਾਲ ਦੇ ਸੈਮ ਕੁਰੇਨ ਨੇ IPL 'ਚ Hat-trick ਲੈ ਕੇ ਰਚਿਆ ਇਤਿਹਾਸ, ਤੋੜਿਆ ਰੋਹਿਤ ਦਾ ਵੱਡਾ ਰਿਕਾਰਡ
Tuesday, Apr 02, 2019 - 11:52 AM (IST)

ਸਪੋਰਟਸ ਡੈਸਕ : ਸੈਮ ਕੁਰੇਨ ਦੀ ਹੈਟ੍ਰਿਕ ਤੇ ਮੁਹੰਮਦ ਸ਼ਮੀ ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਕਿੰਗਸ ਇਲੈਵਨ ਪੰਜਾਬ ਨੇ ਦਿੱਲੀ ਕੈਪੀਟਲਸ ਦੇ ਆਖਰੀ ਸੱਤ ਵਿਕਟ ਅੱਠ ਦੌੜਾਂ ਦੇ ਅੰਦਰ ਕੱਢ ਕੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ 14 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਅਜਿਹੇ 'ਚ ਪੰਜਾਬ ਦੇ ਇਸ ਨੌਜਵਾਨ ਤੇਜ਼ ਗੇਂਦਬਾਜ਼ ਸੈਮ ਕੁਰੇਨ ਨੇ ਆਈ. ਪੀ. ਐੱਲ 'ਚ ਸਭ ਤੋਂ ਘੱਟ ਉਮਰ 'ਚ ਹੈਟ੍ਰਿਕ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ।
ਸਭ ਤੋਂ ਘੱਟ ਉਮਰ 'ਚ ਹੈਟ੍ਰਿਕ ਲੈ ਕੇ IPL 'ਚ ਰਚਿਆ ਇਤਿਹਾਸ
ਸੈਮ ਕੁਰੇਨ ਆਈ. ਪੀ. ਐੱਲ ਦੇ ਇਤਿਹਾਸ 'ਚ ਸਭ ਤੋਂ ਘੱਟ ਉਮਰ 'ਚ ਹੈਟ੍ਰਿਕ ਲੈਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਇਹ ਉਪਲੱਬਧੀ 20 ਸਾਲ ਤੇ 302 ਦਿਨ 'ਚ ਹਾਸਲ ਕੀਤੀ। ਇਸ ਤੋਂ ਪਹਿਲਾਂ ਇਹ ਰਿਕਾਰਡ ਰੋਹਿਤ ਦੇ ਨਾਮ ਦਰਜ ਸੀ ਜਿਨ੍ਹਾਂ ਨੇ 22 ਸਾਲ, 6 ਦਿਨ 'ਚ ਹੈਟ੍ਰਿਕ ਲਗਾ ਕੇ ਇਹ ਕਾਰਨਾਮਾ ਕੀਤਾ ਸੀ। ਸੈਮ ਕੁਰੇਨ ਨੇ ਆਈ. ਪੀ. ਐੱਲ-12 ਦੇ 2 ਮੈਚਾਂ 'ਚ ਇਕ ਹੈਟ੍ਰਿਕ ਦੇ ਨਾਲ 6 ਵਿਕਟ ਚਟਕਾ ਕੇ ਕ੍ਰਿਕਟ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲਿਆ ਹੈ। ਇਸ ਤੋਂ ਪਹਿਲਾਂ ਦੇ ਉਨ੍ਹਾਂ ਦੇ ਕਰਿਅਰ ਦੀ ਗੱਲ ਕਰੀਏ, ਤਾਂ ਸੈਮ ਕੁਰੇਨ ਨੇ 49 ਟੀ-20 ਖੇਡੇ ਹਨ, ਜਿਸ 'ਚ ਉਨ੍ਹਾਂ ਨੇ 48 ਵਿਕਟਾਂ ਚਟਕਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਦੋ ਵਾਰ 4-4 ਵਿਕਟ ਵੀ ਲਈਆਂ।
ਸੈਮ ਕੁਰੇਨ ਦਾ ਇਸ ਸਾਲ IPL 'ਚ ਹੁਣ ਤੱਕ ਦੀ ਪਰਫਾਰਮੈਨਸ
ਪਹਿਲੇ ਤਿੰਨ ਓਵਰ- 0 'ਤੇ 48
ਅਗਲੇ ਤਿੰਨ ਓਵਰ-4 'ਤੇ 15
IPL 'ਚ ਪੰਜਾਬ ਲਈ ਹੈਟ੍ਰਿਕ ਲੈਣ ਵਾਲੇ ਖਿਡਾਰੀ
ਯੁਵਰਾਜ ਸਿੰਘ- ਰਾਇਲ ਚੈਲੇਂਜਰਸ ਬੈਂਗਲੁਰੂ ਦੇ ਖਿਲਾਫ (ਡਰਬਨ, 2009)
ਯੁਵਰਾਜ ਸਿੰਘ - ਡੈਕਨ ਚਾਰਜਰਸ ਦੇ ਖਿਲਾਫ (ਜੋਹਾਨਿਸਬਰਗ, 2009)
ਅਕਸ਼ਰ ਪਟੇਲ- ਗੁਜਰਾਤ ਲਾਇੰਸ ਦੇ ਖਿਲਾਫ (ਰਾਜਕੋਟ, 2016)
ਸੈਮ ਕੁਰੇਨ- ਦਿੱਲੀ ਕੈਪੀਟਲਸ ਦੇ ਖਿਲਾਫ (ਮੋਹਾਲੀ, 2019)