ਰਣਜੀ ਨਾਕਆਊਟ ਲਈ ਆਖਰੀ ਪੰਚ ਲਾਉਣ ਉਤਰਨਗੀਆਂ 15 ਟੀਮਾਂ
Monday, Jan 07, 2019 - 01:31 AM (IST)
ਨਵੀਂ ਦਿੱਲੀ- ਰਾਸ਼ਟਰੀ ਕ੍ਰਿਕਟ ਪ੍ਰਤੀਯੋਗਿਤਾ ਰਣਜੀ ਟਰਾਫੀ ਵਿਚ ਸੋਮਵਾਰ ਤੋਂ ਹੋਣ ਵਾਲੇ ਆਖਰੀ ਲੀਗ ਮੈਚਾਂ ਵਿਚ ਏਲੀਟ ਗਰੁੱਪ-ਏ, ਬੀ ਤੇ ਸੀ ਅਤੇ ਪਲੇਟ ਗਰੁੱਪ ਤੋਂ 15 ਟੀਮਾਂ ਨਾਕਆਊਟ ਲਈ ਆਖਰੀ ਪੰਚ ਲਾਉਣ ਉਤਰਨਗੀਆਂ। ਰਣਜੀ ਟਰਾਫੀ ਦੇ ਆਖਰੀ ਦੌਰ ਦੇ ਲੀਗ ਮੁਕਾਬਲੇ ਸੋਮਵਾਰ ਤੋਂ ਸ਼ੁਰੂ ਹੋਣੇ ਹਨ। ਰਣਜੀ ਟਰਾਫੀ ਫਾਰਮੈੱਟ ਅਨੁਸਾਰ ਏਲੀਟ-ਏ ਤੇ ਬੀ ਗਰੁੱਪ ਮਿਲਾ ਕੇ ਇਸ ਵਿਚੋਂ ਚੋਟੀ ਦੀਆਂ 5 ਟੀਮਾਂ, ਏਲੀਟ-ਸੀ ਗਰੁੱਪ ਤੋਂ ਚੋਟੀ ਦੀਆਂ 2 ਟੀਮਾਂ ਤੇ ਪਲੇਟ ਗਰੁੱਪ ਤੋਂ ਚੋਟੀ ਦੀ ਟੀਮ ਨੂੰ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਮਿਲਣਾ ਹੈ।
ਏ ਤੇ ਬੀ ਗਰੁੱਪ ਤੋਂ ਕੁਲ 10 ਟੀਮਾਂ, ਸੀ ਗਰੁੱਪ ਤੋਂ 3 ਟੀਮਾਂ ਤੇ ਪਲੇਟ ਗਰੁੱਪ ਤੋਂ ਤਿੰਨ ਟੀਮਾਂ ਨਾਕਆਊਟ ਦੀ ਦੌੜ ਵਿਚ ਬਣੀਆਂ ਹੋਈਆਂ ਹਨ।
ਏ ਤੇ ਬੀ ਗਰੁੱਪ ਤੋਂ ਵਿਦਰਭ (28 ਅੰਕ), ਕਰਨਾਟਕ (27), ਗੁਜਰਾਤ (26), ਸੌਰਾਸ਼ਟਰ (26), ਮੱਧ ਪ੍ਰਦੇਸ਼ (24), ਹਿਮਾਚਲ ਪ੍ਰਦੇਸ਼ (22), ਬੰਗਾਲ (22), ਕੇਰਲ (20), ਪੰਜਾਬ (20) ਤੇ ਬੜੌਦਾ (20) ਕੋਲ ਨਾਕਆਊਟ ਵਿਚ ਪਹੁੰਚਣ ਦਾ ਮੌਕਾ ਬਣਿਆ ਹੋਇਆ ਹੈ।
ਸੀ-ਗਰੁੱਪ ਤੋਂ ਰਾਜਸਥਾਨ (44), ਉੱਤਰ ਪ੍ਰਦੇਸ਼ (38) ਤੇ ਝਾਰਖੰਡ (33) ਤੇ ਪਲੇਟ ਗਰੁੱਪ ਤੋਂ ਉੱਤਰਾਖੰਡ (37), ਬਿਹਾਰ (34) ਤੇ ਪੁਡੂਚੇਰੀ (32) ਕੋਲ ਨਾਕਆਊਟ ਦਾ ਮੌਕਾ ਹੈ। ਇਨ੍ਹਾਂ ਕੁਲ 16 ਟੀਮਾਂ 'ਚੋਂ ਸਿਰਫ ਗੁਜਰਾਤ ਦੀ ਟੀਮ ਅਜਿਹੀ ਹੈ, ਜਿਸ ਨੇ ਆਪਣੇ ਲੀਗ ਮੈਚ ਪੂਰੇ ਕਰ ਲਏ ਹਨ, ਜਦਕਿ ਬਾਕੀ 15 ਟੀਮਾਂ ਨੇ ਆਪਣੇ ਆਖਰੀ ਲੀਗ ਮੁਕਾਬਲੇ ਖੇਡਣੇ ਹਨ।
