16 ਚੌਕੇ, 15 ਛੱਕੇ, ਵੈਭਵ ਸੂਰਿਆਵੰਸ਼ੀ ਨੇ 84 ਗੇਂਦਾਂ 'ਚ 190 ਦੌੜਾਂ ਦੀ ਪਾਰੀ 'ਚ ਤੋੜੇ ਕਈ ਰਿਕਾਰਡ
Wednesday, Dec 24, 2025 - 12:02 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਦੇ ਉਭਰਦੇ ਸਿਤਾਰੇ ਵੈਭਵ ਸੂਰਿਆਵੰਸ਼ੀ ਨੇ ਵਿਜੇ ਹਜ਼ਾਰੇ ਟਰਾਫੀ 2025 ਦੇ ਆਪਣੇ ਪਹਿਲੇ ਹੀ ਮੁਕਾਬਲੇ ਵਿੱਚ 190 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ ਕ੍ਰਿਕਟ ਜਗਤ ਵਿੱਚ ਸਨਸਨੀ ਮਚਾ ਦਿੱਤੀ ਹੈ। 14 ਸਾਲਾ ਇਸ ਬੱਲੇਬਾਜ਼ ਨੇ ਆਪਣੀ ਇਸ ਪਾਰੀ ਦੌਰਾਨ ਦਿੱਗਜ ਖਿਡਾਰੀ ਏਬੀ ਡਿਵਿਲੀਅਰਜ਼ ਦਾ ਰਿਕਾਰਡ ਤੋੜਿਆ ਅਤੇ ਰੋਹਿਤ ਸ਼ਰਮਾ ਦੀ ਖਾਸ ਕਲੱਬ ਵਿੱਚ ਐਂਟਰੀ ਕਰ ਲਈ ਹੈ।
ਵੈਭਵ ਸੂਰਿਆਵੰਸ਼ੀ ਦੇ ਇਤਿਹਾਸਕ ਰਿਕਾਰਡ:
1. ਡਿਵਿਲੀਅਰਜ਼ ਦਾ ਰਿਕਾਰਡ ਚਕਨਾਚੂਰ : ਵੈਭਵ ਹੁਣ ਲਿਸਟ-ਏ (List A) ਕ੍ਰਿਕਟ ਵਿੱਚ ਸਭ ਤੋਂ ਤੇਜ਼ 150 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਮਹਿਜ਼ 59 ਗੇਂਦਾਂ ਵਿੱਚ ਇਹ ਅੰਕੜਾ ਛੂਹਿਆ, ਜਦਕਿ ਏਬੀ ਡਿਵਿਲੀਅਰਜ਼ ਨੇ 2015 ਵਿੱਚ ਵੈਸਟਇੰਡੀਜ਼ ਵਿਰੁੱਧ 64 ਗੇਂਦਾਂ ਵਿੱਚ 150 ਦੌੜਾਂ ਬਣਾਈਆਂ ਸਨ।
2. ਸਭ ਤੋਂ ਨੌਜਵਾਨ ਸੈਂਕੜਾਵੀਰ: ਵੈਭਵ ਲਿਸਟ-ਏ ਕ੍ਰਿਕਟ ਵਿੱਚ ਸੈਂਕੜਾ ਲਗਾਉਣ ਵਾਲਾ ਦੁਨੀਆ ਦਾ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ ਹੈ। ਉਸ ਨੇ 14 ਸਾਲ 272 ਦਿਨ ਦੀ ਉਮਰ ਵਿੱਚ ਇਹ ਕਾਰਨਾਮਾ ਕਰਕੇ ਪਾਕਿਸਤਾਨ ਦੇ ਜ਼ਹੂਰ ਇਲਾਹੀ (15 ਸਾਲ 209 ਦਿਨ) ਦਾ 1986 ਦਾ ਰਿਕਾਰਡ ਤੋੜ ਦਿੱਤਾ ਹੈ।
3. ਤੂਫ਼ਾਨੀ ਬੱਲੇਬਾਜ਼ੀ: ਉਸ ਨੇ ਮਹਿਜ਼ 84 ਗੇਂਦਾਂ ਵਿੱਚ 190 ਦੌੜਾਂ ਬਣਾਈਆਂ, ਜਿਸ ਵਿੱਚ 16 ਚੌਕੇ ਅਤੇ 15 ਛੱਕੇ ਸ਼ਾਮਲ ਸਨ। ਉਸ ਨੇ ਆਪਣਾ ਸੈਂਕੜਾ ਸਿਰਫ਼ 36 ਗੇਂਦਾਂ ਵਿੱਚ ਪੂਰਾ ਕੀਤਾ, ਜਿਸ ਨਾਲ ਉਹ ਲਿਸਟ-ਏ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਦੂਜਾ ਭਾਰਤੀ ਬਣ ਗਿਆ ਹੈ (ਪਹਿਲੇ ਨੰਬਰ 'ਤੇ ਅਨਮੋਲਪ੍ਰੀਤ ਸਿੰਘ 35 ਗੇਂਦਾਂ ਨਾਲ ਹੈ)।
4. ਰੋਹਿਤ ਸ਼ਰਮਾ ਦੇ ਲਿਸਟ 'ਚ ਕਲੱਬ 'ਚ ਐਂਟਰੀ : ਵੈਭਵ ਇੱਕ ਮੈਚ ਵਿੱਚ ਬਾਊਂਡਰੀਆਂ (ਚੌਕਿਆਂ-ਛੱਕਿਆਂ) ਰਾਹੀਂ ਸਭ ਤੋਂ ਵੱਧ ਦੌੜਾਂ (154 ਦੌੜਾਂ) ਬਣਾਉਣ ਵਾਲਾ ਚੌਥਾ ਬੱਲੇਬਾਜ਼ ਬਣ ਗਿਆ ਹੈ। ਇਸ ਸੂਚੀ ਵਿੱਚ ਰੋਹਿਤ ਸ਼ਰਮਾ 186 ਦੌੜਾਂ ਨਾਲ ਪਹਿਲੇ ਸਥਾਨ 'ਤੇ ਹੈ।
