ਨਿਊਜ਼ੀਲੈਂਡ ਹੱਥੋਂ 0-3 ਦੀ ਹਾਰ ਬਹੁਤ ਹੀ ਨਿਰਾਸ਼ਾਜਨਕ ਤਜਰਬਾ : ਅਸ਼ਵਿਨ
Monday, Nov 11, 2024 - 10:55 AM (IST)
ਮੁੰਬਈ– ਭਾਰਤ ਦੇ ਸੀਨੀਅਰ ਆਫ ਸਪਿਨਰ ਆਰ. ਅਸ਼ਵਿਨ ਨੇ ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਵਿਚ 0-3 ਦੀ ਹਾਰ ਨੂੰ ਨਿਰਾਸ਼ਾਜਨਕ ਕਰਾਰ ਦਿੰਦੇ ਹੋਏ ਘਰੇਲੂ ਮੈਦਾਨ ’ਤੇ ਮਿਲੀ ਹਾਰ ਲਈ ਖੁਦ ਨੂੰ ਦੋਸ਼ੀ ਠਹਿਰਾਇਆ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੂੰ ਘਰੇਲੂ ਮੈਦਾਨ ’ਤੇ 3 ਜਾਂ ਉਸ ਤੋਂ ਵੱਧ ਟੈਸਟ ਮੈਚਾਂ ਦੀ ਲੜੀ ਵਿਚ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਜਦਕਿ ਪਿਛਲੇ 12 ਸਾਲਾਂ ਤੋਂ ਉਹ ਆਪਣੀ ਧਰਤੀ ’ਤੇ ਹਾਰਿਆ ਨਹੀਂ ਸੀ।
ਉਸ ਨੇ ਕਿਹਾ,‘‘ਸਾਨੂੰ ਨਿਊਜ਼ੀਲੈਂਡ ਹੱਥੋਂ 0-3 ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਮੈਂ ਕਿਤੇ ਪੜ੍ਹਿਆ ਸੀ ਕਿ ਭਾਰਤ ਵਿਚ ਅਜਿਹਾ ਕਦੇ ਨਹੀਂ ਹੋਇਆ ਹੈ। ਇਹ ਬਹੁਤ ਹੀ ਨਿਰਾਸ਼ਾਜਨਕ ਤਜਰਬਾ ਹੈ ਤੇ ਇਹ ਹੀ ਇਸਦੇ ਲਈ ਸਹੀ ਸ਼ਬਦ ਹੈ। ਪਿਛਲੇ ਦੋ ਜਾਂ ਤਿੰਨ ਦਿਨਾਂ ਤੋਂ ਸੋਚ ਰਿਹਾ ਹਾਂ ਕਿ ਮੈਂ ਇਸ ’ਤੇ ਕਿਸ ਤਰ੍ਹਾਂ ਪ੍ਰਤੀਕਿਰਿਆ ਦੇਵਾਂਗਾ।’’
ਅਸ਼ਵਿਨ ਨੇ ਲੜੀ ਵਿਚ ਭਾਰਤ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਮੰਨਿਆ ਕਿ ਉਸਦੇ ਖੁਦ ਦੇ ਖਰਾਬ ਪ੍ਰਦਰਸ਼ਨ ਨਾਲ ਟੀਮ ਨੂੰ ਨੁਕਸਾਨ ਹੋਇਆ। ਉਸ ਨੇ ਕਿਹਾ, ‘‘ਮੈਨੂੰ ਖੁਦ ਤੋਂ ਬਹੁਤ ਉਮੀਦ ਰਹਿੰਦੀ ਹੈ। ਮੈਂ ਅਜਿਹਾ ਖਿਡਾਰੀ ਹਾਂ ਜਿਹੜਾ ਜੋ ਕਹਿੰਦਾ ਹੈ ਕਿ ਜੋ ਕੁਝ ਵੀ ਗਲਤ ਹੋਇਆ, ਉਸਦੇ ਲਈ ਮੈਂ ਜ਼ਿੰਮੇਵਾਰ ਹਾਂ। ਮੈਂ ਇਸ ਲੜੀ ਵਿਚ ਮਿਲੀ ਹਾਰ ਦਾ ਵੱਡਾ ਕਾਰਨ ਰਿਹਾ ਹਾਂ।’’
ਅਸ਼ਵਿਨ ਨੇ ਕਿਹਾ, ‘‘ਮੈਂ ਹੇਠਲੇ ਕ੍ਰਮ ਵਿਚ ਦੌੜਾਂ ਦਾ ਯੋਗਦਾਨ ਨਹੀਂ ਦੇ ਸਕਿਆ। ਮੈਂ ਕਈ ਵਾਰ ਚੰਗੀ ਸ਼ੁਰੂਆਤ ਕੀਤੀ ਪਰ ਮੈਂ ਕੁਝ ਮੌਕਿਆਂ ’ਤੇ ਇਸ ਨੂੰ ਗੁਆ ਦਿੱਤਾ। ਮੈਂ ਆਪਣਾ ਸਰਵਸ੍ਰੇਸ਼ਠ ਦਿੱਤਾ ਪਰ ਇਹ ਕਾਫੀ ਨਹੀਂ ਸੀ।’’
ਇਸ ਤਜਰਬੇਕਾਰ ਖਿਡਾਰੀ ਨੇ ਉਮੀਦ ਜਤਾਈ ਕਿ ਟੀਮ ਲੜੀ ਵਿਚ ਸ਼ਰਮਨਾਕ ਹਾਰ ਤੋਂ ਸਿੱਖਿਆ ਲਵੇਗੀ। ਇਸ 38 ਸਾਲਾ ਗੇਂਦਬਾਜ਼ ਨੇ ਕਿਹਾ ‘‘ਕੋਈ ਵੀ ਅਜੇਤੂ ਨਹੀਂ ਹੈ, ਇਸ ਲਈ ਹਾਰ ਜਾਣਾ ਬੁਰੀ ਗੱਲ ਨਹੀਂ ਹੈ। ਸਾਡੀ ਪਹਿਲੀ ਗਲਤੀ ਇਹ ਹੀ ਸੋਚਣਾ ਹੈ ਕਿ ਅਸੀਂ ਅਜੇਤੂ ਹਾਂ ਤੇ ਮੈਂ ਅਜਿਹਾ ਨਹੀਂ ਸੋਚਦਾ। ਅਸ਼ਵਿਨ ਨੇ 6 ਪਾਰੀਆਂ ਵਿਚ 41.22 ਦੀ ਔਸਤ ਨਾਲ ਸਿਰਫ 9 ਵਿਕਟਾਂ ਲਈਆਂ ਜਦਕਿ ਲੜੀ ਵਿਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 63 ਦੌੜਾਂ ਦੇ ਕੇ 3 ਵਿਕਟਾਂ ਲੈਣਾ ਰਿਹਾ।