ਕੀ ਸਿਆਸਤ ਵਿਚ ''ਅਪਸ਼ਬਦਾਂ'' ਦੀ ਵਰਤੋਂ ਬੰਦ ਹੋਵੇਗੀ

12/12/2017 7:00:17 AM

ਅੱਜ ਸਿਆਸੀ ਵਿਰੋਧੀਆਂ ਅਤੇ ਕੱਟੜ ਦੁਸ਼ਮਣਾਂ ਵਿਚਲੀ ਲਾਈਨ ਧੁੰਦਲੀ ਹੋ ਗਈ ਹੈ ਤੇ ਇਸ ਗੱਲ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਚੱਲਿਆ ਚੋਣ ਪ੍ਰਚਾਰ ਬਾਖੂਬੀ ਬਿਆਨ ਕਰਦਾ ਹੈ, ਜਿਸ 'ਚ ਗਾਲੀ-ਗਲੋਚ ਦੀ ਖੂਬ ਵਰਤੋਂ ਹੋਈ ਹੈ। ਸਲੀਕੇ ਤੇ ਵੱਕਾਰ ਦੀਆਂ ਬੁਨਿਆਦੀ ਹੱਦਾਂ ਟੱਪੀਆਂ ਗਈਆਂ ਤੇ ਸਿਹਤਮੰਦ ਮੁਕਾਬਲੇਬਾਜ਼ੀ ਦਰਮਿਆਨ ਸਨਮਾਨ ਤੇ ਭਾਈਚਾਰਾ ਖਤਮ ਹੋਇਆ।
ਮਹਾਤਮਾ ਗਾਂਧੀ ਦੀ ਜਨਮ ਭੂਮੀ 'ਤੇ ਹਰ ਇਕ ਚੀਜ਼ ਖੇਡ ਬਣ ਕੇ ਰਹਿ ਗਈ ਹੈ— ਦੇਸ਼ਭਗਤ ਤੋਂ ਲੈ ਕੇ ਦੇਸ਼ਧ੍ਰੋਹੀ ਤਕ। ਕਾਂਗਰਸ ਆਪਣੇ ਜਨ-ਆਧਾਰ ਨੂੰ ਲੈ ਕੇ ਭਰਮ ਵਿਚ ਹੈ। ਉਸ ਨੂੰ ਚੋਣ ਮੁੱਦੇ ਦਾ ਪਤਾ ਨਹੀਂ ਹੈ ਅਤੇ ਉਹ ਹਰ ਕੀਮਤ 'ਤੇ ਆਪਣੀ ਵਿਰੋਧੀ ਭਾਰਤੀ ਜਨਤਾ ਪਾਰਟੀ ਦੀ ਸੱਤਾ ਵਿਚ ਵਾਪਸੀ ਨੂੰ ਰੋਕਣਾ ਚਾਹੁੰਦੀ ਹੈ, ਇਸ ਲਈ ਉਹ ਆਪਣੇ ਪੁਰਾਣੇ ਫਾਰਮੂਲੇ ਜਾਤਵਾਦ ਅਤੇ ਗਾਲੀ-ਗਲੋਚ 'ਤੇ ਉਤਰ ਆਈ।
ਦੂਜੇ ਪਾਸੇ ਭਗਵਾ ਸੰਘ ਲਈ ਆਪਣੇ 'ਗੁੱਜੂ ਪੋਸਟਰ ਬੁਆਏ' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ 'ਕਰੋ ਜਾਂ ਮਰੋ' ਦੀ ਲੜਾਈ ਹੈ। ਕਾਂਗਰਸ ਦੇ ਸਾਬਕਾ ਐੱਮ. ਪੀ. ਅਤੇ ਸੀਨੀਅਰ ਨੇਤਾ ਮਣੀਸ਼ੰਕਰ ਅਈਅਰ ਨੇ ਮੋਦੀ ਨੂੰ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਇਹ ਆਦਮੀ ਬਹੁਤ 'ਨੀਚ' ਕਿਸਮ ਦਾ ਹੈ, ਇਸ 'ਚ ਕੋਈ ਸੱਭਿਅਤਾ ਨਹੀਂ ਹੈ। 
ਅਈਅਰ ਨੇ ਇਹ ਟਿੱਪਣੀ ਦਿੱਲੀ 'ਚ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦਾ ਉਦਘਾਟਨ ਕਰਦਿਆਂ ਗਾਂਧੀ ਪਰਿਵਾਰ 'ਤੇ ਕੀਤੇ ਗਏ ਹਮਲੇ ਦੇ ਜੁਆਬ 'ਚ ਕੀਤੀ, ਹਾਲਾਂਕਿ ਜਦੋਂ ਉਨ੍ਹਾਂ ਦੀ ਜਨਤਕ ਤੌਰ 'ਤੇ ਨਿੰਦਾ ਕੀਤੀ ਗਈ ਅਤੇ ਰਾਹੁਲ ਨੇ ਉਨ੍ਹਾਂ ਨੂੰ ਪਾਰਟੀ 'ਚੋਂ ਮੁਅੱਤਲ ਕੀਤਾ ਤਾਂ ਉਨ੍ਹਾਂ ਨੇ ਆਪਣੇ ਇਸ ਬਿਆਨ 'ਤੇ ਅਫਸੋਸ ਪ੍ਰਗਟਾਇਆ। ਰਾਹੁਲ ਨੇ ਉਨ੍ਹਾਂ ਨੂੰ ਖੂਬ ਝਾੜ ਪਾਈ ਪਰ ਉਦੋਂ ਤਕ ਪਾਰਟੀ ਦਾ ਗੁਜਰਾਤ ਵਿਚ ਜੋ ਨੁਕਸਾਨ ਹੋਣਾ ਸੀ, ਉਹ ਹੋ ਚੁੱਕਾ ਸੀ। ਹਾਲਾਂਕਿ ਖ਼ੁਦ ਰਾਹੁਲ ਨੇ 2011 'ਚ ਯੂ. ਪੀ. ਏ. ਸਰਕਾਰ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਰਡੀਨੈਂਸ ਨੂੰ ਬੇਕਾਰ ਕਹਿ ਕੇ ਅਤੇ ਉਸ ਨੂੰ ਪਾੜ ਕੇ ਉਨ੍ਹਾਂ ਦਾ ਅਪਮਾਨ ਕੀਤਾ ਸੀ। 
ਅਈਅਰ ਦੇ ਸ਼ਬਦਾਂ ਦਾ ਜੁਆਬ ਮੋਦੀ ਨੇ ਇਹ ਕਹਿ ਕੇ ਦਿੱਤਾ, ''ਉਨ੍ਹਾਂ ਨੇ ਮੈਨੂੰ ਗਾਲ੍ਹ ਕੱਢੀ ਜਾਂ ਤੁਹਾਨੂੰ? ਉਨ੍ਹਾਂ ਨੇ ਮੈਨੂੰ ਗਾਲ੍ਹ ਕੱਢੀ ਜਾਂ ਗੁਜਰਾਤ ਨੂੰ? ਉਨ੍ਹਾਂ ਨੇ ਭਾਰਤ ਦੇ ਸੱਭਿਅਕ ਸਮਾਜ ਨੂੰ ਗਾਲ੍ਹ ਕੱਢੀ ਜਾਂ ਮੈਨੂੰ? ਉਹ ਮੈਨੂੰ 'ਨੀਚ' ਕਹਿ ਸਕਦੇ ਹਨ ਪਰ ਮੈਂ ਉੱਚੇ ਕੰਮ ਕਰਦਾ ਰਹਾਂਗਾ।''
ਇਹੋ ਨਹੀਂ, ਮੋਦੀ ਨੇ ਕਿਹਾ, ''ਕਾਂਗਰਸ ਦੇ ਇਕ ਨੇਤਾ ਨੇ ਆਪਣੀ ਪਾਕਿ ਯਾਤਰਾ 'ਤੇ ਭਾਰਤ-ਪਾਕਿ ਵਿਚਾਲੇ ਸ਼ਾਂਤੀ ਯਕੀਨੀ ਬਣਾਉਣ ਲਈ ਮੈਨੂੰ ਰਾਹ 'ਚੋਂ ਹਟਾਉਣ ਦੀ ਸੁਪਾਰੀ ਵੀ ਦਿੱਤੀ। ਇਹ ਕਾਂਗਰਸ ਦੀਆਂ ਮੁਗ਼ਲ ਕਦਰਾਂ-ਕੀਮਤਾਂ ਦੀ ਮਿਸਾਲ ਹੈ, ਜੋ ਜਾਤਾਂ ਵਿਚ ਫਰਕ ਕਰਨਾ ਦੱਸਦੀ ਹੈ ਅਤੇ ਉੱਚੀਆਂ-ਨੀਵੀਆਂ ਜਾਤਾਂ ਦੀ ਗੱਲ ਕਰਦੀ ਹੈ।'' 
ਇਸ 'ਚ ਕਿਹੜੀ ਨਵੀਂ ਗੱਲ ਹੈ? ਕੀ ਅਸੀਂ ਸਿਆਸੀ ਵਿਰੋਧੀਆਂ ਤੇ ਸਿਆਸੀ ਪਾਰਟੀਆਂ ਦਰਮਿਆਨ ਤੂੰ-ਤੂੰ, ਮੈਂ-ਮੈਂ, ਗਾਲੀ-ਗਲੋਚ ਦੇ ਆਦੀ ਨਹੀਂ ਹੋ ਗਏ ਹਾਂ? ਕੀ ਅਸੀਂ ਸਿਆਸੀ ਵਿਰੋਧੀਆਂ ਦੀਆਂ ਕਾਲੀਆਂ ਕਰਤੂਤਾਂ ਉਤੋਂ ਆਏ ਦਿਨ ਪਰਦਾ ਹਟਦਾ ਨਹੀਂ ਦੇਖਦੇ? ਅੱਜ ਅਸੀਂ ਅਈਅਰ ਨੂੰ ਦੋਸ਼ੀ ਕਹਿ ਸਕਦੇ ਹਾਂ ਪਰ ਕੀ ਅਸੀਂ ਇਹ ਭੁੱਲ ਗਏ ਹਾਂ ਕਿ ਕਾਂਗਰਸ ਨੇ 2002 ਵਿਚ ਗੋਧਰਾ ਦੰਗਿਆਂ ਤੋਂ ਬਾਅਦ ਮੋਦੀ ਨੂੰ ਇਕ ਤੋਂ ਵਧ ਕੇ ਇਕ ਗਾਲ੍ਹ ਨਹੀਂ ਕੱਢੀ? ਸੋਨੀਆ ਗਾਂਧੀ ਨੇ ਉਨ੍ਹਾਂ ਨੂੰ 2007 ਦੀਆਂ ਚੋਣਾਂ ਵਿਚ 'ਮੌਤ ਦਾ ਸੌਦਾਗਰ' ਕਿਹਾ ਸੀ। 
ਪਰ ਸਵਾਲ ਉੱਠਦਾ ਹੈ ਕਿ ਕੀ ਇਸ ਸਭ ਦੇ ਬਾਵਜੂਦ ਇਨ੍ਹਾਂ ਅਪਸ਼ਬਦਾਂ ਦੀ ਵਰਤੋਂ ਬੰਦ ਹੋਵੇਗੀ? ਇਸ ਦੀ ਸੰਭਾਵਨਾ ਘੱਟ ਹੀ ਨਜ਼ਰ ਆਉਂਦੀ ਹੈ ਕਿਉਂਕਿ ਸਾਰੇ ਇਕ ਹੀ ਰੰਗ ਵਿਚ ਰੰਗੇ ਹੋਏ ਨਜ਼ਰ ਆਉਂਦੇ ਹਨ, ਚਾਹੇ ਭਾਜਪਾ ਦੇ ਨੇਤਾ ਹੋਣ, ਕਾਂਗਰਸ ਦੇ ਜਾਂ ਕਿਸੇ ਹੋਰ ਪਾਰਟੀ ਦੇ। ਅੱਜ ਮਣੀਸ਼ੰਕਰ ਅਈਅਰ ਦੇ ਬਿਆਨ ਤੋਂ ਭਾਜਪਾ ਪ੍ਰੇਸ਼ਾਨ ਹੋ ਸਕਦੀ ਹੈ ਪਰ ਉਹ ਵੀ ਇਸ ਖੇਡ 'ਚ ਬਰਾਬਰ ਦੀ ਦੋਸ਼ੀ ਹੈ।
ਇਕ ਵਾਰ ਮੋਦੀ ਨੇ ਸੋਨੀਆ ਗਾਂਧੀ ਲਈ ਕਿਹਾ ਸੀ ਕਿ ''ਮੇਰੇ 'ਤੇ ਇਟਲੀ ਦਾ ਚਿੱਕੜ ਨਹੀਂ ਚਿਪਕ ਸਕੇਗਾ। ਸੋਨੀਆ ਹਿੰਦੂਆਂ ਨਾਲ ਨਫਰਤ ਕਰਦੀ ਹੈ, ਹਿੰਦੂਆਂ ਦੇ ਵਿਰੁੱਧ ਬੋਲਦੀ ਹੈ ਅਤੇ ਜਦੋਂ ਹਿੰਦੂ ਭਾਈਚਾਰੇ 'ਤੇ ਅੱਤਿਆਚਾਰ ਹੁੰਦੇ ਹਨ, ਉਦੋਂ ਉਹ ਚੁੱਪ ਰਹਿੰਦੀ ਹੈ।'' ਇਸੇ ਤਰ੍ਹਾਂ ਇਕ ਹੋਰ ਨੇਤਾ ਨੇ ਮੋਦੀ ਨੂੰ ਅੱਤਵਾਦੀ, ਪਾਗਲ ਅਤੇ ਲੋਕਤੰਤਰ ਲਈ ਅਪਰਾਧਿਕ ਚੁਣੌਤੀ ਕਿਹਾ ਸੀ। ਨਾਲ ਹੀ ਉਸ ਨੇ ਕਿਹਾ ਸੀ ਕਿ ਗੁਜਰਾਤ ਹਿੰਦੂ ਅੱਤਵਾਦੀਆਂ ਦਾ ਕੇਂਦਰ ਬਣ ਗਿਆ ਹੈ। 
2009 ਦੇ ਚੋਣ ਪ੍ਰਚਾਰ ਦੌਰਾਨ ਸੀਨੀਅਰ ਭਾਜਪਾ ਨੇਤਾ ਅਡਵਾਨੀ ਨੇ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਨਿਕੰਮਾ ਕਿਹਾ ਸੀ। ਵਿਹਿਪ ਦੇ ਕੱਟੜ ਨੇਤਾ ਤੋਗੜੀਆ ਨੇ ਸੋਨੀਆ ਨੂੰ 'ਇਟਾਲੀਅਨ ਕੁੱਤੀ' ਕਿਹਾ ਤਾਂ ਡੀ. ਐੱਮ. ਕੇ. ਦੇ ਕਰੁਣਾਨਿਧੀ ਨੇ ਰਾਮਸੇਤੂ ਮੁੱਦੇ 'ਤੇ ਭਗਵਾਨ ਰਾਮ ਨੂੰ 'ਸ਼ਰਾਬੀ' ਕਿਹਾ ਸੀ। ਵਰੁਣ ਗਾਂਧੀ ਨੇ ਮੁਸਲਮਾਨਾਂ ਵਿਰੁੱਧ ਨਫਰਤ ਭਰਿਆ ਭਾਸ਼ਣ ਦਿੱਤਾ ਸੀ। ਭਾਜਪਾ ਦੇ ਸਵ. ਨੇਤਾ ਪ੍ਰਮੋਦ ਮਹਾਜਨ ਨੇ ਸੋਨੀਆ ਗਾਂਧੀ ਦੀ ਤੁਲਨਾ ਕਲਿੰਟਨ ਦੀ ਮੋਨਿਕਾ ਲੇਵਿੰਸਕੀ ਨਾਲ ਕੀਤੀ ਸੀ।
ਭਾਜਪਾ ਦੇ ਇਕ ਨੇਤਾ ਵਲੋਂ ਬਸਪਾ ਦੀ ਪ੍ਰਧਾਨ ਮਾਇਆਵਤੀ ਨੂੰ 'ਵੇਸਵਾ' ਕਿਹਾ ਗਿਆ ਸੀ। ਉਸ ਨੇ ਇਥੋਂ ਤਕ ਕਹਿ ਦਿੱਤਾ ਸੀ ਕਿ ਜਦੋਂ ਇਕ ਵੇਸਵਾ ਕਿਸੇ ਆਦਮੀ ਨਾਲ ਸਮਝੌਤਾ ਕਰਦੀ ਹੈ ਤਾਂ ਉਹ ਉਸ ਨਾਲ ਬੱਝੀ ਰਹਿੰਦੀ ਹੈ ਪਰ ਯੂ. ਪੀ. ਦੀ ਸਾਬਕਾ ਮੁੱਖ ਮੰਤਰੀ ਇੱਟਾਂ ਵੇਚਣ ਦੇ ਮਾਮਲੇ ਵਿਚ ਕਿਸੇ ਨਾਲ ਨਹੀਂ ਬੱਝਦੀ। ਜੇ ਉਨ੍ਹਾਂ ਨੇ ਕੋਈ ਟਿਕਟ 1 ਕਰੋੜ ਵਿਚ ਵੇਚ ਦਿੱਤੀ ਅਤੇ ਉਸ ਟਿਕਟ ਦੇ 2 ਕਰੋੜ ਰੁਪਏ ਮਿਲ ਜਾਣ ਤਾਂ ਉਹ ਉਸੇ ਟਿਕਟ ਨੂੰ 2 ਕਰੋੜ ਰੁਪਏ ਦੇਣ ਵਾਲੇ ਨੂੰ ਦੇ ਦੇਵੇਗੀ। 
ਭਾਜਪਾ, ਕਾਂਗਰਸ ਤੇ ਹੋਰਨਾਂ ਪਾਰਟੀਆਂ ਦਰਮਿਆਨ ਇਹ ਖੇਡ ਸਾਡੀ ਸਿਆਸੀ ਸਥਿਤੀ 'ਤੇ ਚਾਨਣਾ ਪਾਉਂਦੀ ਹੈ ਤੇ ਦੱਸਦੀ ਹੈ ਕਿ ਸਾਡੀ ਸਿਆਸਤ 'ਚ ਕਿੰਨੀ ਗਿਰਾਵਟ ਆ ਗਈ ਹੈ। ਇਸ ਵਿਚ ਗਲਤ-ਸਹੀ ਦਰਮਿਆਨ ਕੋਈ ਫਰਕ ਨਹੀਂ ਹੈ, ਸਿਆਸੀ ਸਲੀਕੇ ਤੇ ਜਨਤਕ ਮਰਿਆਦਾ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਗਈਆਂ ਹਨ। 
ਇਹੋ ਨਹੀਂ, ਸਾਡੇ ਰਾਜਨੇਤਾ ਆਪਣੀ ਸਨਕ ਤੇ ਲੋੜ ਮੁਤਾਬਿਕ ਨੈਤਿਕਤਾ 'ਚ ਗਿਰਾਵਟ ਲਿਆਉਣ ਅਤੇ ਆਪਣੇ ਲੋਭ ਨੂੰ ਵਧਾਉਣ 'ਚ ਮੁਹਾਰਤ ਹਾਸਿਲ ਕਰ ਚੁੱਕੇ ਹਨ, ਜਿਸ ਵਿਚ ਗਾਲੀ-ਗਲੋਚ ਕਰਨਾ ਇਕ ਨਵਾਂ 'ਸਿਆਸੀ ਸੰਵਾਦ' ਬਣ ਗਿਆ ਹੈ। ਹਰੇਕ ਪਾਰਟੀ ਤੇ ਹਰੇਕ ਨੇਤਾ ਵਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਸਾਰੇ ਆਪੋ-ਆਪਣੇ ਮੁਤਾਬਿਕ ਸਿਆਸੀ ਸੁਹਿਰਦਤਾ ਦੀ ਪਰਿਭਾਸ਼ਾ ਦਿੰਦੇ ਹਨ। 
ਵੋਟਾਂ ਖਿੱਚਣ ਲਈ ਉਹ ਨਵੇਂ-ਨਵੇਂ ਮੰਤਰ ਦਿੰਦੇ ਹਨ, ਜਿਸ ਵਿਚ ਉਹ ਵੱਕਾਰ ਅਤੇ ਸਲੀਕੇ ਦੀ ਕੋਈ ਪਰਵਾਹ ਨਹੀਂ ਕਰਦੇ। ਉਨ੍ਹਾਂ ਲਈ ਸਾਧਕ ਅਹਿਮ ਹੈ, ਸਾਧਨ ਨਹੀਂ ਅਤੇ ਉਨ੍ਹਾਂ ਦਾ ਇਕੋ-ਇਕ ਉਦੇਸ਼ ਹਰ ਹਾਲ 'ਚ ਜਿੱਤ ਹਾਸਿਲ ਕਰਨਾ ਹੈ, ਜਿਸ ਕਾਰਨ ਅੱਜ ਅਨੈਤਿਕਤਾ ਹੀ ਜੀਵਨਸ਼ੈਲੀ ਬਣ ਗਈ ਹੈ। ਸਿੱਟੇ ਵਜੋਂ ਇਕ ਹੋਰ ਗਾਲ੍ਹ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗਾਲੀ-ਗਲੋਚ ਅੱਜ ਸਿਆਸਤ ਦਾ ਅੰਗ ਬਣ ਗਈ ਹੈ। ਸੰਸਦੀ ਚਰਚਿਆਂ ਦੀ ਜਨਨੀ ਵੈਸਟਮਿੰਸਟਰ ਵੀ ਇਸ ਤੋਂ ਅਛੂਤੀ ਨਹੀਂ ਰਹੀ। ਲੇਬਰ ਪਾਰਟੀ ਦੇ ਨੇਤਾ ਬੇਵਨ ਅਕਸਰ ਚਰਚਿਲ ਵਿਰੁੱਧ ਅਪਸ਼ਬਦਾਂ ਦੀ ਵਰਤੋਂ ਕਰਦੇ ਸਨ ਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ਨੂੰ 'ਗੰਦੀ ਨਾਲੀ ਦਾ ਕੀੜਾ' ਕਹਿੰਦੇ ਸਨ। 
ਬਿਨਾਂ ਸ਼ੱਕ ਅੱਜ ਸਿਆਸਤ ਅਤੇ ਸਿਆਸੀ ਪਾਰਟੀਆਂ 'ਚ ਆ ਰਹੀ ਗਿਰਾਵਟ ਕਾਰਨ ਲੋਕਾਂ ਦਾ ਇਨ੍ਹਾਂ ਤੋਂ ਮੋਹ ਭੰਗ ਹੋ ਰਿਹਾ ਹੈ। ਲੋਕ ਉਨ੍ਹਾਂ ਤੋਂ ਪੁੱਛਦੇ ਹਨ—ਕੀ ਅਸੀਂ ਗਾਲੀ-ਗਲੋਚ ਦੀ ਜ਼ਿਆਦਾ ਕੀਮਤ ਲਾ ਰਹੇ ਹਾਂ? ਕੀ ਅਪਸ਼ਬਦਾਂ ਦੀ ਵਰਤੋਂ ਲੋਕਤੰਤਰ ਦਾ ਆਧਾਰ ਬਣੇਗੀ? ਅਜਿਹੇ ਗਾਲੀ-ਗਲੋਚ ਨੂੰ ਅਸੀਂ ਕਦੋਂ ਤਕ ਸਹਿੰਦੇ ਰਹਾਂਗੇ? 
ਇਹ ਸੱਚ ਹੈ ਕਿ ਚੋਣਾਂ 'ਚ ਸਭ ਕੁਝ ਚੱਲਦਾ ਹੈ ਪਰ ਜਦੋਂ ਗੱਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਆਉਂਦੀ ਹੈ ਤਾਂ ਸਾਨੂੰ ਇਕ ਲਕਸ਼ਮਣ ਰੇਖਾ ਖਿੱਚਣੀ ਚਾਹੀਦੀ ਹੈ, ਭਾਵ ਕੋਈ ਪਾਰਟੀ ਜਾਂ ਨੇਤਾ ਕਿਸੇ ਰਾਸ਼ਟਰ ਦੀ ਕਾਰਜ ਪਾਲਿਕਾ ਦੇ ਮੁਖੀ ਨੂੰ ਗਾਲ੍ਹ ਨਹੀਂ ਕੱਢ ਸਕਦਾ ਕਿਉਂਕਿ ਉਹ ਰਾਸ਼ਟਰ ਦੀ ਤਾਕਤ ਦਾ ਪ੍ਰਤੀਕ ਹੈ ਅਤੇ ਉਸ ਦੇ ਅਹੁਦੇ ਦਾ ਵੱਕਾਰ ਸਾਡੇ ਲੋਕਤੰਤਰ ਲਈ ਸਰਵਉੱਚ ਹੈ। 
ਭਾਜਪਾ, ਕਾਂਗਰਸ ਅਤੇ ਹੋਰਨਾਂ ਪਾਰਟੀਆਂ ਨੂੰ ਇਹ ਗੱਲ ਧਿਆਨ 'ਚ ਰੱਖਣੀ ਪਵੇਗੀ ਕਿ ਚੋਣ ਪ੍ਰਚਾਰ ਨੂੰ ਮੁੱਦਿਆਂ ਦੇ ਆਧਾਰ 'ਤੇ ਵੱਕਾਰਮਈ ਬਹਿਸ ਬਣਾਇਆ ਜਾਵੇ, ਨਾ ਕਿ ਸ਼ਖ਼ਸੀਅਤ 'ਤੇ ਕੇਂਦ੍ਰਿਤ ਕੀਤਾ ਜਾਵੇ। ਉਨ੍ਹਾਂ ਨੂੰ ਇਹ ਗੱਲ ਵੀ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਜੇ ਤੁਸੀਂ ਕਿਸੇ ਵੱਲ ਇਕ ਉਂਗਲ ਉਠਾਓਗੇ ਤਾਂ ਤੁਹਾਡੇ ਵੱਲ ਚਾਰ ਉਂਗਲਾਂ ਉੱਠਣਗੀਆਂ। ਕੀ ਕੋਈ ਰਾਸ਼ਟਰ ਕਰਮ ਅਤੇ ਨੈਤਿਕਤਾ ਤੋਂ ਬਿਨਾਂ ਰਹਿ ਸਕਦਾ ਹੈ? ਜੇ ਹਾਂ, ਤਾਂ ਕਦੋਂ ਤਕ? 


Related News