ਭਾਰਤ-ਪਾਕਿਸਤਾਨ ਮਿੱਤਰ ਕਿਉਂ ਨਹੀਂ ਬਣ ਸਕਦੇ
Monday, Jul 30, 2018 - 06:53 AM (IST)

ਬਾਹਰੀ ਲੋਕ ਆਮ ਤੌਰ 'ਤੇ ਇਸ ਗੱਲ ਨੂੰ ਲੈ ਕੇ ਉਲਝਣ 'ਚ ਰਹਿੰਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਮਿੱਤਰ ਕਿਉਂ ਨਹੀਂ ਬਣ ਸਕਦੇ? ਉਨ੍ਹਾਂ ਦੇ ਦ੍ਰਿਸ਼ਟੀਕੋਣ 'ਚ ਦੋਵੇਂ ਦੇਸ਼ ਨਾ ਸਿਰਫ ਸਪੱਸ਼ਟ ਤੌਰ 'ਤੇ ਇਕੋ ਜਿਹੇ ਹਨ, ਸਗੋਂ ਬਰਾਬਰ ਹੀ ਹਨ। ਕਿਹਾ ਜਾ ਸਕਦਾ ਹੈ ਕਿ ਇਹ ਸਪੇਨ ਅਤੇ ਪੁਰਤਗਾਲ ਜਾਂ ਜਰਮਨੀ ਤੇ ਫਰਾਂਸ ਵਾਂਗ ਵੱਖ ਨਹੀਂ ਹਨ, ਜਿਥੇ ਵਖਰੇਵੇਂ, ਵਿਸ਼ੇਸ਼ ਸੰਸਕ੍ਰਿਤੀ ਅਤੇ ਭਾਸ਼ਾ ਦਾ ਇਕ ਲੰਮਾ ਇਤਿਹਾਸ ਹੈ। ਭਾਰਤ ਤੇ ਪਾਕਿਸਤਾਨ ਵਿਚ 1947 ਤੋਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਵੰਡ ਨਹੀਂ ਸੀ ਕਿਉਂਕਿ ਸਾਡੇ ਦੋਹਾਂ ਵਿਚਾਲੇ ਕੋਈ ਕੁਦਰਤੀ ਰੁਕਾਵਟ ਨਹੀਂ ਹੈ। ਹਾਲਾਂਕਿ ਅਸੀਂ ਇਹ ਤਰਕ ਦੇ ਸਕਦੇ ਹਾਂ ਕਿ ਉਨ੍ਹਾਂ ਦੀ ਸੰਸਕ੍ਰਿਤੀ ਸਾਡੇ ਤੋਂ ਬਹੁਤ ਵੱਖ ਹੈ, ਇਹ ਪ੍ਰਤੱਖ ਤੌਰ 'ਤੇ ਦਿਖਾਈ ਨਹੀਂ ਦਿੰਦੀ, ਘੱਟੋ-ਘੱਟ ਬਾਹਰੀ ਲੋਕਾਂ ਨੂੰ।
ਸਾਡੇ ਪਕਵਾਨਾਂ ਦੇ ਸੁਆਦ ਬਰਾਬਰ ਹਨ। ਮਸਾਲਿਆਂ ਨਾਲ ਭਰਪੂਰ ਅਤੇ ਜਿਨ੍ਹਾਂ ਦਾ ਆਧਾਰ ਚੌਲ ਅਤੇ ਰੋਟੀ ਹੈ। ਲੋਕ ਦਿਸਦੇ ਵੀ ਇਕੋ ਜਿਹੇ ਹਨ—ਇਹ ਕਹਿਣਾ ਆਸਾਨ ਨਹੀਂ ਹੋਵੇਗਾ ਕਿ ਇਕ ਲਾਹੌਰੀ ਔਰਤ ਦਿੱਲੀ ਵਾਲੀ ਤੋਂ ਵੱਖਰੀ ਨਜ਼ਰ ਆਉਂਦੀ ਹੈ ਜਾਂ ਕਰਾਚੀ ਦਾ ਕੋਈ ਵਿਅਕਤੀ ਉੱਤਰ ਪ੍ਰਦੇਸ਼ ਜਾਂ ਬਿਹਾਰ ਵਾਲੇ ਤੋਂ ਵੱਖਰਾ ਦਿਖਾਈ ਦਿੰਦਾ ਹੈ। ਦੱਖਣ ਅਤੇ ਪੂਰਬੀ ਭਾਰਤ ਭਿੰਨ ਹਨ ਪਰ ਇਹ ਅੰਤਰ ਸਿਰਫ ਭਾਰਤ ਦੇ ਅੰਦਰ ਹੀ ਹੈ।
ਬਿਨਾਂ ਸ਼ੱਕ ਸੰਗੀਤ ਵੀ ਲੱਗਭਗ ਇਕੋ ਜਿਹਾ ਹੈ। ਬਾਹਰੀ ਲੋਕਾਂ ਲਈ ਵਰਤੇ ਜਾਣ ਵਾਲੇ ਕੁਝ ਵਿਸ਼ੇਸ਼ ਮਸਾਲਿਆਂ ਅਤੇ ਮਾਸ ਦੀ ਭਿੰਨਤਾ (ਅਸਲ ਵਿਚ ਪਾਕਿਸਤਾਨੀਆਂ ਵਲੋਂ ਖਾਧਾ ਜਾਣ ਵਾਲਾ ਜ਼ਿਆਦਾਤਰ ਭੋਜਨ ਸਾਡੇ ਵਾਂਗ ਮਾਸ ਨਹੀਂ, ਸਗੋਂ ਦਾਲ-ਸਬਜ਼ੀਆਂ ਅਤੇ ਅਨਾਜ ਹੁੰਦਾ ਹੈ) ਓਨੀ ਮਹੱਤਵਪੂਰਨ ਨਹੀਂ ਹੈ। ਇਸ ਸਭ ਦੇ ਕਾਰਨ ਉਹ ਉਲਝਣ ਵਿਚ ਪੈ ਜਾਂਦੇ ਹਨ ਕਿ ਦੋਹਾਂ ਦੇਸ਼ਾਂ ਵਿਚਾਲੇ ਇਸ ਤਰ੍ਹਾਂ ਦੀ ਦੁਸ਼ਮਣੀ ਕਿਉਂ ਹੈ?
ਮੇਰੀ ਉਮਰ ਲੱਗਭਗ 50 ਸਾਲ ਹੈ ਅਤੇ ਮੈਨੂੰ ਕੋਈ ਆਸ ਨਹੀਂ ਹੈ ਕਿ ਮੈਂ ਦੋਹਾਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧ ਦੇਖ ਸਕਾਂਗਾ। ਮੈਂ ਨਿਰਾਸ਼ਾਵਾਦੀ ਨਹੀਂ ਬਣ ਰਿਹਾ ਹਾਂ, ਸਗੋਂ ਮਹਿਜ਼ ਵਿਵਹਾਰਵਾਦੀ ਹਾਂ। ਮੇਰੇ ਸਾਰੇ ਬਾਲਗ ਕਾਲ ਦੌਰਾਨ ਅਜਿਹਾ ਨਹੀਂ ਹੋਇਆ। ਜਦੋਂ ਮੈਂ 20 ਸਾਲ ਦਾ ਹੋਣ ਵਾਲਾ ਸੀ, ਕਸ਼ਮੀਰ ਵਿਵਾਦ ਹਿੰਸਕ ਬਣ ਗਿਆ ਅਤੇ ਇਹ ਉਹੋ ਜਿਹਾ ਹੀ ਬਣਿਆ ਰਿਹਾ, ਜਦਕਿ ਉਦੋਂ ਤੋਂ 30 ਸਾਲ ਹੋਰ ਵੱਡਾ ਹੋ ਚੁੱਕਾ ਹਾਂ ਪਰ ਉਸ ਤੋਂ ਪਹਿਲਾਂ ਵੀ ਅਜਿਹਾ ਨਹੀਂ ਹੈ ਕਿ ਪਾਕਿਸਤਾਨ ਦੇ ਨਾਲ ਸਬੰਧ ਚੰਗੇ ਅਤੇ ਇਥੋਂ ਤਕ ਕਿ ਆਮ ਸਨ। ਜੋ ਦੋਸ਼ ਹੁਣ ਅਸੀਂ ਉਨ੍ਹਾਂ 'ਤੇ ਲਾਉਂਦੇ ਹਾਂ (ਅੱਤਵਾਦ ਨੂੰ ਉਤਸ਼ਾਹ ਦੇਣਾ), 1980 ਦੇ ਦਹਾਕੇ ਵਿਚ ਵੀ ਇਹੀ ਦੋਸ਼ ਲਾਇਆ ਜਾਂਦਾ ਸੀ। ਹਾਲਾਂਕਿ ਉਸ ਸਮੇਂ ਇਹ ਪੰਜਾਬ ਵਿਚ ਹਿੰਸਾ ਨੂੰ ਲੈ ਕੇ ਸੀ।
ਮੈਨੂੰ ਨਿੱਜੀ ਤੌਰ 'ਤੇ ਇਹ ਯਾਦ ਨਹੀਂ ਕਿ ਸਬੰਧਾਂ ਦੇ ਮਾਮਲੇ ਵਿਚ 1970 ਦਾ ਦਹਾਕਾ ਕਿਹੋ ਜਿਹਾ ਸੀ ਪਰ ਮੈਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਾ ਕਿ 1965 ਦੀ ਜੰਗ ਤੋਂ ਬਾਅਦ ਜੋ ਇਕ ਚੀਜ਼ ਵਾਪਰੀ, ਉਹ ਇਹ ਸੀ ਕਿ ਪੰਜਾਬ ਸਰਹੱਦ ਦੇ ਆਰ-ਪਾਰ ਆਸਾਨੀ ਨਾਲ ਹੋਣ ਵਾਲੀ ਯਾਤਰਾ ਅਤੇ ਵਪਾਰ ਖਤਮ ਹੋ ਗਿਆ ਸੀ ਅਤੇ ਅਜਿਹਾ ਹੀ ਫਿਲਮਾਂ ਦਿਖਾਉਣ ਦੇ ਮਾਮਲੇ ਵਿਚ ਵੀ ਹੋਇਆ। ਭਾਵੇਂ 15 ਸਾਲ ਪਹਿਲਾਂ ਜਨਰਲ ਮੁਸ਼ੱਰਫ ਦੇ ਕਾਰਜਕਾਲ ਦੌਰਾਨ ਸਥਿਤੀ ਪਲਟ ਗਈ ਪਰ ਉਨ੍ਹਾਂ ਦੀ ਸਮਾਪਤੀ ਤਕ ਹੀ ਜਾਰੀ ਰਹੀ। ਅਸੀਂ ਅਜੇ ਵੀ ਉਨ੍ਹਾਂ ਦੀਆਂ ਫਿਲਮਾਂ ਜਾਂ ਉਨ੍ਹਾਂ ਦੇ ਚੈਨਲ ਨਹੀਂ ਦਿਖਾਉਂਦੇ।
1971-72 ਦੀ ਜੰਗ ਤੋਂ ਬਾਅਦ ਸਰਹੱਦ ਨੂੰ ਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਅਤੇ ਵਸਤਾਂ ਦੀ ਆਜ਼ਾਦ ਅਦਲਾ-ਬਦਲੀ ਵੀ ਖਤਮ ਹੋ ਗਈ ਅਤੇ ਮੈਂ ਸਮਝਦਾ ਹਾਂ ਕਿ ਉਸੇ ਪਲ ਨੂੰ ਇੰਨੇ ਸਾਲਾਂ ਬਾਅਦ ਵੀ (ਮੇਰਾ ਜਨਮ 1969 ਵਿਚ ਹੋਇਆ ਸੀ) ਅੱਜ ਤਕ ਅੱਗੇ ਲਿਜਾਇਆ ਜਾ ਰਿਹਾ ਹੈ।
ਸਿਰਫ ਕੁਝ ਹਜ਼ਾਰ ਭਾਰਤੀ ਜਿਊਂਦੇ ਹੋਣਗੇ, ਜਿਨ੍ਹਾਂ ਨੇ ਪਾਕਿਸਤਾਨ ਦੇਖਿਆ ਹੈ ਅਤੇ ਪਾਕਿਸਤਾਨੀਆਂ ਦੇ ਮਾਮਲੇ ਵਿਚ ਵੀ ਇਹੀ ਗੱਲ ਹੈ। ਅਜਿਹਾ ਵੀਜ਼ਾ ਪ੍ਰਾਪਤ ਕਰਨ ਦੀ ਅਤਿਅੰਤ ਮੁਸ਼ਕਿਲ ਪ੍ਰਕਿਰਿਆ ਕਾਰਨ ਹੈ। ਇਥੋਂ ਤਕ ਕਿ ਜੋ ਲੋਕ ਵੀਜ਼ਾ ਪ੍ਰਾਪਤ ਕਰ ਲੈਂਦੇ ਹਨ, ਉਨ੍ਹਾਂ ਨੂੰ ਇਕ 'ਪੁਲਸ ਰਿਪੋਰਟਿੰਗ' ਵੀਜ਼ਾ ਦਿੱਤਾ ਜਾਂਦਾ ਹੈ, ਜਿਸ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਨੂੰ ਆਉਣ ਤੋਂ ਬਾਅਦ ਅਤੇ ਵਾਪਿਸ ਪਰਤਣ ਤੋਂ ਪਹਿਲਾਂ ਕਈ ਘੰਟੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਰਜਿਸਟ੍ਰੇਸ਼ਨ ਰੱਦ ਕਰਵਾਉਣ ਵਿਚ ਗੁਜ਼ਾਰਨੇ ਪੈਂਦੇ ਹਨ। ਯਾਤਰਾ ਕਰਨ ਦੀ ਸਮਰੱਥਾ ਦੀ ਘਾਟ ਦਾ ਇਕ ਕਾਰਨ ਇਹ ਹੈ ਕਿ ਅਸੀਂ ਉਨ੍ਹਾਂ ਦੇ ਬਾਰੇ ਜੋ ਕੁਝ ਵੀ ਜਾਣਦੇ ਹਾਂ, ਉਹ ਸਾਨੂੰ ਹੋਰਨਾਂ ਤੋਂ ਪ੍ਰਾਪਤ ਸੂਚਨਾ ਅਤੇ ਭਾਵਨਾਤਮਕ ਪ੍ਰਚਾਰ ਰਾਹੀਂ ਪਤਾ ਲੱਗਦਾ ਹੈ। ਇਸ ਨੇ ਮਨੋਵਿਗਿਆਨਕ ਵੰਡ ਨੂੰ ਜਿਊਂਦਾ ਰੱਖਿਆ ਹੈ। ਅਸੀਂ ਜੰਗ ਵਿਚ ਨਹੀਂ ਹਾਂ ਪਰ ਅਸੀਂ ਕਦੇ ਵੀ ਸ਼ਾਂਤੀ ਵਿਚ ਵੀ ਨਹੀਂ ਰਹੇ।
ਮੈਨੂੰ ਪੂਰਾ ਵਿਸ਼ਵਾਸ ਨਹੀਂ ਕਿ ਆਪਣੀਆਂ ਸਰਹੱਦਾਂ ਨੂੰ ਸਖਤ ਰੱਖ ਕੇ ਅਸੀਂ ਕੀ ਹਾਸਿਲ ਕੀਤਾ ਅਤੇ ਇਥੇ ਮੇਰਾ ਮਤਲਬ ਦੋਹਾਂ ਦੇਸ਼ਾਂ ਤੋਂ ਹੈ। ਪਾਕਿਸਤਾਨ ਨੇ ਆਪਣੇ ਜਾਤੀ ਅਤੇ ਸੰਸਕ੍ਰਿਤਕ ਸਬੰਧੀ ਤੋਂ ਆਪਣਾ ਸੰਪਰਕ ਗੁਆ ਦਿੱਤਾ ਅਤੇ ਉਸੇ ਤਰ੍ਹਾਂ ਅਸੀਂ ਵੀ ਪਰ ਉਸ ਨੇ ਭਾਰਤੀ ਸੈਲਾਨੀਆਂ ਵਰਗੀਆਂ ਚੀਜ਼ਾਂ ਨੂੰ ਵੀ ਗੁਆ ਦਿੱਤਾ। ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਾਣਦਾ ਹਾਂ, ਜੋ ਸਿੰਧੂ ਨਦੀ ਜਾਂ ਤਕਸ਼ਸ਼ਿਲਾ ਜਾਂ ਗੰਧਾਰ ਜਾਣ ਲਈ ਕਾਫੀ ਧਨ ਖਰਚ ਕਰ ਸਕਦੇ ਹਨ ਅਤੇ ਇਨ੍ਹਾਂ ਵਿਚ ਪੰਜਾਬੀਆਂ ਅਤੇ ਸਿੰਧੀਆਂ ਵਰਗੇ ਉਹ ਲੋਕ ਸ਼ਾਮਿਲ ਨਹੀਂ ਹਨ, ਜਿਨ੍ਹਾਂ ਦੀਆਂ ਉਥੇ ਜੜ੍ਹਾਂ ਹਨ। ਭਾਰਤੀਆਂ ਨੂੰ ਪਾਕਿਸਤਾਨ ਵਿਚ ਕਿਸੇ ਵੀ ਚੀਜ਼ ਨੂੰ ਲੈ ਕੇ ਸਮੱਸਿਆ ਨਹੀਂ ਆਵੇਗੀ ਅਤੇ ਉਹ ਸਥਾਨਕ ਲੋਕਾਂ ਵਾਂਗ ਹੀ ਵਿਵਹਾਰ ਕਰਨਗੇ, ਸੰਕੋਚਸ਼ੀਲ ਢੰਗ ਨਾਲ ਅਤੇ ਬਿਨਾਂ ਕਿਸੇ ਉੱਚੀਆਂ ਖਾਹਿਸ਼ਾਂ ਦੇ, ਜਿਵੇਂ ਕਿ ਹੋਰ ਵਿਦੇਸ਼ੀ ਕਰਦੇ ਹਨ। ਦੂਜੇ ਪਾਸੇ ਭਾਰਤ ਨੇ ਆਪਣੇ ਉਤਪਾਦਾਂ ਲਈ ਇਕ ਵੱਡਾ ਬਾਜ਼ਾਰ ਗੁਆ ਦਿੱਤਾ, ਜਿਨ੍ਹਾਂ 'ਚੋਂ ਆਟੋਮੋਬਾਇਲ ਵਰਗੀਆਂ ਜ਼ਿਆਦਾਤਰ ਵਸਤਾਂ ਪਾਕਿਸਤਾਨ ਵਿਚ ਉਪਲੱਬਧ ਵਸਤਾਂ ਨਾਲੋਂ ਆਮ ਤੌਰ 'ਤੇ ਵਧੀਆ ਤੇ ਸਸਤੀਆਂ ਹੁੰਦੀਆਂ ਹਨ। ਇਕ ਹੋਰ ਉੱਤਰ ਪ੍ਰਦੇਸ਼ ਵਰਗੇ 20 ਕਰੋੜ ਲੋਕਾਂ ਵਾਲੇ ਦੇਸ਼ ਪਾਕਿਸਤਾਨ ਨੂੰ ਰੱਦ ਕਰਨਾ ਆਸਾਨ ਹੋ ਸਕਦਾ ਹੈ ਪਰ ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਇਕ ਆਪਣਾ ਉੱਚ ਖੁਸ਼ਹਾਲ ਵਰਗ ਅਤੇ ਇਕ ਤਕੜੀ ਅਰਥ ਵਿਵਸਥਾ ਹੈ, ਜਿਸ ਦਾ ਅਸੀਂ ਫਾਇਦਾ ਉਠਾ ਸਕਦੇ ਹਾਂ।
ਮੈਂ ਸਮਝਦਾ ਹਾਂ ਕਿ ਅੱਤਵਾਦ ਦਾ ਡਰ ਇਕ ਅਜਿਹਾ ਕਾਰਨ ਹੈ ਕਿ ਦੋਵੇਂ ਦੇਸ਼ ਇਕ-ਦੂਜੇ ਦੇ ਨਾਗਰਿਕਾਂ ਨੂੰ ਦੂਰ ਰੱਖਦੇ ਹਨ। 1990 ਦੇ ਦਹਾਕੇ ਦੇ ਮੱਧ ਤੋਂ ਅਸੀਂ ਇਸ ਗੱਲ 'ਤੇ ਜ਼ੋਰ ਦੇ ਰਹੇ ਹਾਂ ਕਿ ਵੀਜ਼ਾ ਤੰਤਰ ਜਿਥੋਂ ਤਕ ਸੰਭਵ ਹੋ ਸਕੇ, ਸਖ਼ਤ ਰਹਿਣਾ ਚਾਹੀਦਾ ਹੈ, ਤਾਂ ਕਿ ਅਸੀਂ ਸੁਰੱਖਿਅਤ ਰਹਿ ਸਕੀਏ ਪਰ ਭਾਰਤ ਵਿਚ ਅੱਤਵਾਦ ਖਤਮ ਨਹੀਂ ਹੋਇਆ ਅਤੇ ਇਸ ਦੇ ਤਰੀਕਿਆਂ ਨੂੰ ਹੋਰਨਾਂ ਵਲੋਂ ਨਿਰਧਾਰਿਤ ਕੀਤਾ ਜਾਂਦਾ ਹੈ। ਦੂਜੇ ਪਾਸੇ ਮੈਂ ਹਮੇਸ਼ਾ ਪਾਕਿਸਤਾਨੀਆਂ ਨੂੰ ਜ਼ੋਰ ਦੇ ਕੇ ਕਹਿੰਦਾ ਰਿਹਾ ਹਾਂ ਕਿ ਉਹ ਭਾਰਤੀਆਂ ਨੂੰ ਇੰਨੀਆਂ ਜ਼ਿਆਦਾ ਰਸਮਾਂ ਤੋਂ ਬਿਨਾਂ ਦਾਖਲ ਹੋਣ ਦੇਣ। ਹਾਲਾਂਕਿ ਬੀਤੇ ਸਾਲਾਂ ਦੌਰਾਨ ਜਾਸੂਸੀ ਦੇ ਦੋਸ਼ ਵਿਚ ਇਕ ਭਾਰਤੀ ਦੀ ਗ੍ਰਿਫਤਾਰੀ ਅਤੇ ਉਸ ਨੂੰ ਦੋਸ਼ੀ ਕਰਾਰ ਦੇਣ ਦਾ ਮਤਲਬ ਇਹ ਹੈ ਕਿ ਉਹ ਵੀ ਉਸੇ ਤਰਕ ਅਨੁਸਾਰ ਚੱਲਦੇ ਹਨ, ਜਿਸ 'ਤੇ ਅਸੀਂ। ਅੱਜ ਮੇਰੇ ਵਰਗਿਆਂ ਲਈ ਵੀ, ਜੋ ਅੱਧੀ ਦਰਜਨ ਵਾਰ ਪਾਕਿਸਤਾਨ ਦੀ ਯਾਤਰਾ ਕਰ ਚੁੱਕਾ ਹੋਵੇ, ਪਾਕਿਸਤਾਨ ਦਾ ਵੀਜ਼ਾ ਲੈਣਾ ਆਸਾਨ ਨਹੀਂ।
ਇਕ ਨਵੇਂ ਚਿਹਰੇ, ਕ੍ਰਿਕਟਰ ਪਲੇਅ ਬੁਆਏ ਇਮਰਾਨ ਖਾਨ ਦੀ ਚੋਣ ਨਾਲ ਇਸ ਸ਼ੱਕ ਨੂੰ ਬਲ ਮਿਲਿਆ ਹੈ ਕਿ ਕੀ ਪਾਕਿਸਤਾਨ ਅਤੇ ਭਾਰਤ ਵਿਚਾਲੇ ਸਬੰਧਾਂ 'ਚ ਸੁਧਾਰ ਹੋਵੇਗਾ। ਨਹੀਂ, ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਤੋਂ ਪਹਿਲਾਂ ਦੋਵੇਂ ਪਾਸਿਓਂ ਕਈ ਨਵੇਂ ਚਿਹਰੇ ਅਤੇ ਹਰ ਤਰ੍ਹਾਂ ਦੇ ਵਿਅਕਤੀ—ਉਦਾਰ, ਰੂੜੀਵਾਦੀ, ਕੱਟੜਪੰਥੀ ਅਤੇ ਤਾਨਾਸ਼ਾਹ ਆ ਅਤੇ ਜਾ ਚੁੱਕੇ ਹਨ। ਅਜਿਹਾ ਨਹੀਂ ਹੈ ਕਿ ਕੋਈ ਕਦਮ ਚੁੱਕਣ ਲਈ ਕਿਸੇ ਸਹੀ ਵਿਅਕਤੀ ਦੀ ਘਾਟ ਹੈ ਜਾਂ ਦੋਵੇਂ ਪਾਸਿਓਂ ਲੋਕਾਂ ਨੂੰ ਨਹੀਂ ਪਤਾ ਹੈ ਕਿ ਸਥਾਈ ਤੌਰ 'ਤੇ ਦੁਸ਼ਮਣੀ ਭਰੀ ਸਥਿਤੀ ਵਿਚ ਰਹਿਣ ਦੇ ਲਾਭ ਨਹੀਂ ਹਨ।
ਮੈਂ ਸਮਝਦਾ ਹਾਂ ਕਿ ਅਸੀਂ ਸਿਰਫ ਉਦੋਂ ਖੁਸ਼ ਦਿਖਾਈ ਦਿੰਦੇ ਹਾਂ, ਜਦੋਂ ਅਸੀਂ ਇਕ-ਦੂਜੇ ਨਾਲ ਨਫਰਤ ਕਰਦੇ ਹਾਂ।