ਅਸੀਂ ਕਿਉਂ ਪਰਦੇਸੀ ਹੋਏ...

10/12/2019 1:26:58 AM

ਸਾਡੇ ਦਿਲ ਤੋਂ ਪੁੱਛ ਸੱਜਣਾ
ਅਸੀਂ ਕਿਉਂ ਪਰਦੇਸੀ ਹੋਏ
ਘਰ ਛੱਡਣੇ ਸੌਖੇ ਨਹੀਂ,
ਜਿਨ੍ਹਾਂ ਨੂੰ ਛੱਡਣ ਵੇਲੇ ਰੋਏ...


ਕਾਰ ਦੌੜੀ ਜਾ ਰਹੀ ਹੈ। ਰੇਡੀਓ ਉੱਤੋਂ ਗੀਤ ਪ੍ਰਸਾਰਿਤ ਹੋ ਰਿਹਾ ਹੈ। ਗੱਲਾਂ ਕਰਦਾ-ਕਰਦਾ ਪਰਦੇਸੀ ਮਿੱਤਰ ਚੁੱਪ ਹੋ ਗਿਆ ਹੈ। ਉਸਦੀਆਂ ਅੱਖਾਂ 'ਚੋਂ ਹੰਝੂ ਟਪਕ ਪਏ ਨੇ। ਦੇਖ ਕੇ ਮੈਂ ਵੀ ਉਦਾਸ ਹੋ ਜਾਂਦਾ ਹਾਂ। ਇਹ ਕੈਨੇਡਾ ਦੀ ਧਰਤੀ ਹੈ। ਇਥੇ ਆਉਣ ਲਈ ਹਰ ਕੋਈ ਕਾਹਲਾ ਹੈ। ਮੈਂ ਤਾਂ ਘੁੰਮਣ-ਫਿਰਨ ਆਇਆ ਹਾਂ ਤੇ ਵਤਨ ਵਾਪਿਸ ਚਲੇ ਜਾਣਾ ਹੈ, ਧੰਨ ਜਿਗਰਾ ਹੈ ਉਨ੍ਹਾਂ ਪਰਦੇਸੀਆਂ ਦਾ, ਜਿਹੜੇ ਕਿੰਨੇ ਹੀ ਸਾਲਾਂ ਤੋਂ ਆਪਣੇ ਵਤਨ ਪੈਰ ਨਹੀਂ ਰੱਖ ਸਕੇ ਹਨ। ਮਾਵਾਂ ਦੇ ਮੂੰਹ ਵੇਖਣ ਅਤੇ ਪਿਤਾ ਦੀ ਜੱਫੀ ਨੂੰ ਤਰਸਦੇ ਬੈਠੇ ਹਨ। ਜਦ ਮੈਂ 'ਡਾਇਰੀਨਾਮਾ' ਲਿਖ ਹਟਿਆ ਤਾਂ ਮਿੱਤਰ ਨੇ ਨੈਪਕਿਨ ਨਾਲ ਅੱਥਰੂ ਪੂੰਝੇ ਤੇ ਭਰੇ ਗਲੇ 'ਚੋਂ ਬੋਲਿਆ, ''ਹਰਮਨ ਦੇ ਗੀਤ ਨੇ ਰੁਆ ਦਿੱਤਾ ਹੈ, ਮੇਰੇ ਵਰਗੇ ਕਿੰਨੇ ਹੋਰ ਰੋਂਦੇ ਹੋਣਗੇ....'' ਇਹ ਆਖ ਉਹ ਫਿਰ ਡੂੰਘੀ ਚੁੱਪ ਵਿਚ ਉਤਰ ਗਿਆ।

ਟੋਰਾਂਟੋ ਵਿਚ ਇਕ ਸੜਕ ਹਾਦਸੇ 'ਚ ਮੌਤ ਦੇ ਮੂੰਹ ਜਾ ਪਏ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਹੋਣੀ ਨੇ ਮਨ ਬਹੁਤ ਉਦਾਸ ਕੀਤੈ। ਮਾਪੇ ਇਥੇ ਬੈਠੇ ਰੋ ਰਹੇ ਨੇ ਤੇ ਬੰਦ ਡੱਬਿਆਂ ਵਿਚ ਆ ਰਹੀਆਂ ਬੱਚਿਆਂ ਦੀਆਂ ਦੇਹਾਂ ਉਡੀਕ ਰਹੇ ਨੇ। ਵਤਨ ਤੋਂ ਕੋਈ ਹੱਸਦਾ ਗਿਆ ਹੋਣੈ ਤੇ ਕੋਈ ਰੋਂਦਾ। ਮਾਪਿਆਂ ਤੋਂ ਦੂਰ। ਮਨ ਚਕਨਾਚੂਰ। ਕਿੰਨੀ ਭਿਆਨਕਤਾ ਭਰੀ ਹੁੰਦੀ ਹੈ ਮੋਏ ਪੁੱਤਾਂ ਦੀ ਉਡੀਕ ਕਰਨੀ! ਆਪਣੇ ਹੱਥੀਂ ਤੋਰੇ ਸੀ ਕਿ ਕਮਾਉਣਗੇ, ਖਾਣਗੇ ਤੇ ਸਾਨੂੰ ਵੀ ਸੌਖਿਆਂ ਕਰਨਗੇ ਪਰ ਆਸਾਂ ਉੱਤੇ ਪਾਣੀ ਫਿਰਨ ਨਾਲ ਜ਼ਿੰਦਗੀ ਲੀਹੋਂ ਲੱਥ ਗਈ ਹੈ।

ਇਹ ਸੱਚ ਹੈ ਕਿ ਸਾਰਾ ਪੰਜਾਬ ਪਰਦੇਸੀ ਹੋ ਰਿਹਾ ਹੈ, ਜੇ ਏਦਾਂ ਆਖ ਲਈਏ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦਾ ਪੱਤਾ-ਪੱਤਾ ਪਰਦੇਸੀ ਹੋ ਜਾਵੇਗਾ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੈ। ਜੇ 6 ਲੋਕ ਖਲ੍ਹੋਤੇ ਨੇ ਤਾਂ ਗੱਲ ਕਰੋ ਕਿ ਬੱਚੇ ਕੀ ਕਰਦੇ ਨੇ ਤਾਂ ਇਕ ਕਹੇਗਾ, ਮੇਰਾ ਮੁੰਡਾ ਵਿਦੇਸ਼ ਵਿਚ ਹੈ। ਦੂਜਾ ਦੱਸੇਗਾ ਕਿ ਮੇਰੀ ਕੁੜੀ ਨੇ ਹੁਣੇ ਹੀ ਆਈਲੈਟਸ 'ਚੋਂ ਬਹੁਤ ਚੰਗੇ ਬੈਂਡ ਲਏ ਨੇ ਤੇ ਪੀ. ਆਰ. (ਪੱਕੇ ਤੌਰ ਉੱਤੇ) ਜਾ ਰਹੀ ਹੈ। ਤੀਜਾ ਆਖੇਗਾ ਕਿ ਮੇਰਾ ਬੱਚਾ ਬੁਰੀ ਤਰ੍ਹਾਂ ਜ਼ਿੱਦ ਫੜੀ ਬੈਠਾ ਹੈ ਕਿ 20 ਲੱਖ ਦਾ ਬੰਦੋਬਸਤ ਕਰੋ, ਚਾਹੇ ਘਰ ਵੇਚੋ ਜਾਂ ਕਰਜ਼ਾ ਚੁੱਕੋ..... ਮੈਂ ਤਾਂ ਵਿਦੇਸ਼ ਜਾਣਾ ਹੀ ਜਾਣਾ ਹੈ। ਚੌਥਾ ਦੱਸੇਗਾ ਕਿ ਮੇਰਾ ਮੁੰਡਾ ਕਹਿ ਰਿਹਾ ਹੈ ਕਿ ਇਥੇ ਇਸ ਮੁਲਕ ਵਿਚ ਕੀ ਲੈਣਾ ਹੈ ਰਹਿ ਕੇ, ਪਲੱਸ-ਟੂ ਦੀ ਪੜ੍ਹਾਈ ਜਲਦੀ ਮੁੱਕੇ ਤੇ ਆਈਲੈਟਸ ਕਰਾਂ ਅਤੇ ਬਾਹਰ ਜਾਣ ਵਾਲਾ ਬਣਾਂ....। ਸੋ, ਇਹ ਤਾਂ ਇਕ ਝਲਕ ਹੀ ਹੈ। ਅਸਲ ਤਸਵੀਰ ਬਹੁਤ ਵੱਡੀ ਹੈ ਤੇ ਸਾਫ਼-ਸਾਫ਼ ਦਿਸਦੀ ਹੈ।

ਇਨ੍ਹਾਂ ਦਿਨਾਂ ਵਿਚ ਇਸ ਗੱਲ ਦੀ ਬਹੁਤ ਚਰਚਾ ਹੈ ਕਿ ਪੰਜਾਬ ਦੇ ਕਾਲਜਾਂ ਵਿਚ ਵਿਦਿਆਰਥੀਆਂ ਦੀ ਭੀੜ ਘੱਟ ਹੈ ਤੇ ਆਈਲੈਟਸ ਸੈਂਟਰਾਂ ਵਿਚ ਭੀੜ ਹੀ ਭੀੜ ਦਿਸਦੀ ਹੈ। ਆਈਲੈਟਸ ਸੈਂਟਰ ਕਾਲਜਾਂ ਦਾ ਰੂਪ ਧਾਰਨ ਕਰ ਗਏ ਹਨ। ਕੈਨੇਡਾ ਵਿਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਖਬਰਾਂ ਵਿਚ ਜਾਣਿਆ ਹੈ ਕਿ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਸੁੱਖਣਾਂ ਸੁੱਖੀਆਂ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੀ ਰਹਿ ਜਾਵੇ, ਤਾਂ ਕਿ ਭਾਰਤ 'ਚੋਂ ਕੈਨੇਡਾ ਵਿਦਿਆਰਥੀਆਂ ਦੇ ਜਾਣ ਵਾਲੀ ਸਕੀਮ ਚੱਲਦੀ ਰਹੇ, ਉਸ ਤੋਂ ਪੰਜਾਬੀਆਂ ਨੇ ਵੱਡੀਆਂ ਆਸਾਂ ਲਾ ਰੱਖੀਆਂ ਨੇ। ਵਿਦੇਸ਼ ਜਾ ਰਹੇ ਆਪਣੇ ਇਕ ਰਿਸ਼ਤੇਦਾਰ ਦੇ ਮੁੰਡੇ ਦਾ ਮੈਂ ਦਿਲ ਫਰੋਲਣਾ ਚਾਹਿਆ, ''ਕਾਕਾ ਜੀ, ਜੇ ਆਪ ਵਰਗੇ ਬੱਚੇ ਏਦਾਂ ਹੀ ਜਾਂਦੇ ਰਹੇ ਵਿਦੇਸ਼ਾਂ ਨੂੰ ਤਾਂ ਪੰਜਾਬ ਦਾ ਵਾਲੀ-ਵਾਰਿਸ ਕੌਣ ਹੋਵੇਗਾ?'' ਉਸ ਇਕੋ-ਟਕ ਜੁਆਬ ਦਿੱਤਾ, ''ਮੇਰਾ ਖਿਆਲ ਐ ਕਿ ਭਈਏ....।'' ਉਸ ਦਾ ਜੁਆਬ ਕਿੰਨਾ ਕੁ ਸੱਚਾ ਹੈ, ਸਮਾਂ ਦੱਸੇਗਾ ਪਰ ਮੱਥੇ ਵਿਚ ਵੱਜੇ ਪੱਥਰ ਵਰਗਾ ਜੁਆਬ ਸੁਣ ਮੈਂ ਚੁੱਪ ਹੋ ਗਿਆ ਤੇ ਜਾ ਰਹੇ ਬੱਚੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

                                                                      —ਨਿੰਦਰ ਘੁਗਿਆਣਵੀ (ਮੇਰਾ ਡਾਇਰੀਨਾਮਾ)


KamalJeet Singh

Content Editor

Related News