ਮੋਦੀ ਦੇ ਪੱਖ ’ਚ ਅੰਡਰ ਕਰੰਟ ਮ੍ਰਿਗਤ੍ਰਿਸ਼ਨਾ ਜਾਂ ਸੱਚਾਈ

Monday, May 06, 2019 - 06:41 AM (IST)

ਵਿਜੇ ਵਿਦਰੋਹੀ

ਪਿਛਲੇ 10 ਦਿਨਾਂ ’ਚ ਚੋਣਾਂ ਬਦਲ ਜਿਹੀਆਂ ਗਈਆਂ ਹਨ। ਜਿਥੇ-ਜਿਥੇ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੋ ਰਿਹਾ ਹੈ, ਉਥੇ-ਉਥੇ ਇਹ ਬਦਲਾਅ ਜ਼ਿਆਦਾ ਨਜ਼ਰ ਆ ਰਿਹਾ ਹੈ। ਰਾਸ਼ਟਰਵਾਦ ’ਤੇ ਭਾਜਪਾ ਪੂਰੀ ਤਰ੍ਹਾਂ ਨਾਲ ਫੋਕਸ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਦੀਆਂ ਰੈਲੀਆਂ ’ਚ ਵੀ ਹੁਣ ਨਾ ਤਾਂ ਉੱਜਵਲਾ ਦੀ ਗੱਲ ਹੁੰਦੀ ਹੈ ਅਤੇ ਨਾ ਹੀ ਮੁਦਰਾ ਯੋਜਨਾ ਦੀ। ਨੋਟਬੰਦੀ ਦਾ ਤਾਂ ਜ਼ਿਕਰ ਤਕ ਨਹੀਂ ਹੁੰਦਾ। ਇਥੋਂ ਤਕ ਕਿ ਸਵੱਛਤਾ ਮੁਹਿੰਮ ਨੂੰ ਵੀ ਇਕ-ਅੱਧੇ ਵਾਕ ’ਚ ਹੀ ਨਿਪਟਾ ਦਿੱਤਾ ਜਾਂਦਾ ਹੈ। ਪ੍ਰਚਾਰ ’ਚ ਜ਼ੋਰ ਪਾਕਿਸਤਾਨ, ਪ੍ਰਮਾਣੂ ਬੰਬ, ਅੱਤਵਾਦ, ਮਸੂਦ ਅਜ਼ਹਰ ’ਤੇ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਵਲੋਂ ਫਿਰ ਸਰਜੀਕਲ ਸਟ੍ਰਾਈਕ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਜਾਣ ਲੱਗਾ ਹੈ। ਇਥੋਂ ਤਕ ਕਿ ਕਾਂਗਰਸ ਨੂੰ ਵੀ ਮੋਦੀ ਨੇ ਉਨ੍ਹਾਂ ਦੀ ਪਿੱਚ ’ਤੇ ਆਉਣ ਲਈ ਮਜਬੂਰ ਕਰ ਦਿੱਤਾ ਹੈ। ਨਿਆਂ ਦੀ ਗੱਲ ਘੱਟ ਕਰਨ ਲੱਗੀ ਹੈ। ਕਾਂਗਰਸ ਆਪਣੇ ਸਮੇਂ ਦੀ ਸਰਜੀਕਲ ਸਟ੍ਰਾਈਕ ਨੂੰ ਗਿਣਾਉਣ ਲੱਗੀ ਹੈ। ਕਾਂਗਰਸ ਨੂੰ ਜਿਥੇ ਕਿਸਾਨ ਦੇ ਦਰਦ ਅਤੇ ਨੌਜਵਾਨਾਂ ਦੀ ਨੌਕਰੀ ’ਤੇ ਜ਼ੋਰ ਦੇਣਾ ਚਾਹੀਦਾ ਸੀ, ਉਹ ਕਦੇ ਰਾਫੇਲ ਦੇ ਪਿੱਛੇ ਦੌੜਦੀ ਹੈ ਤਾਂ ਕਦੇ ਆਪਣੇ ਸਮੇਂ ਦੀ ਸਰਜੀਕਲ ਸਟ੍ਰਾਈਕ ਗਿਣਾਉਣ ਲੱਗਦੀ ਹੈ। ਕੁਲ ਮਿਲਾ ਕੇ ਪੂਰੀ ਚੋਣ ਰਾਸ਼ਟਰਵਾਦ ਬਨਾਮ ਜਾਤੀਵਾਦ ਹੋ ਗਈ ਹੈ। ਖੇਤਰੀ ਪਾਰਟੀਆਂ ਦੇ ਸੂਬਿਆਂ ’ਚ ਜ਼ਰੂਰ ਰਾਸ਼ਟਰਵਾਦ ਖੇਤਰੀ ਪਾਰਟੀਆਂ ਦੇ ਕੱਦਾਵਰ ਨੇਤਾਵਾਂ ਦੇ ਵਿਅਕਤੀਗਤ ਕ੍ਰਿਸ਼ਮਿਆਂ ਅੱਗੇ ਦੱਬਿਆ-ਦੱਬਿਆ ਨਜ਼ਰ ਆਉਂਦਾ ਹੈ ਪਰ ਰਾਜਸਥਾਨ ਵਰਗੇ ਸੂਬਿਆਂ ’ਚ ਰਾਸ਼ਟਰਵਾਦ ਉਭਾਰ ’ਤੇ ਹੈ, ਜਿਥੇ ਕਾਂਗਰਸ ਨਾਲ ਹੀ ਭਾਜਪਾ ਨੇ ਭਿੜਨਾ ਹੈ।

ਨਾਅਰੇ ਦੇ ਜਵਾਬ ’ਚ ਨਾਅਰਾ

ਇਸ ਵਾਰ ਦੀਆਂ ਚੋਣਾਂ ’ਚ ਅਪੋਜ਼ੀਸ਼ਨ ਦਾ ਸਭ ਤੋਂ ਵੱਡਾ ਨਾਅਰਾ ਰਿਹਾ ਹੈ ‘ਚੌਕੀਦਾਰ ਚੋਰ ਹੈ’। ਕਾਂਗਰਸ ਦੇ ਰਾਹੁਲ ਗਾਂਧੀ ਨੇ ਇਸ ਨੂੰ ਉਠਾਇਆ ਅਤੇ ਇਹ ਨਾਅਰਾ ਮਮਤਾ ਬੈਨਰਜੀ ਦੀਆਂ ਰੈਲੀਆਂ ਤਕ ਵਿਚ ਲੱਗ ਰਿਹਾ ਹੈ। ਭਾਜਪਾ ਨੇ ਪਹਿਲਾਂ ਇਸ ਨਾਅਰੇ ਦੀ ਅਣਦੇਖੀ ਕੀਤੀ ਪਰ ਜਦੋਂ ਉਸ ਨੂੰ ਲੱਗਾ ਕਿ ਨਾਅਰਾ ਜਨਤਾ ਵਿਚਾਲੇ ਚੱਲ ਗਿਆ ਹੈ ਤਾਂ ਮੋਦੀ-ਅਮਿਤ ਸ਼ਾਹ ਦੀ ਜੋੜੀ ਨੇ ‘ਮੈਂ ਵੀ ਚੌਕੀਦਾਰ, ਤੂੰ ਵੀ ਚੌਕੀਦਾਰ, ਸਾਰਾ ਦੇਸ਼ ਚੌਕੀਦਾਰ’ ਦੇ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ। ਇਹ ਉਸੇ ਤਰ੍ਹਾਂ ਸੀ, ਜਿਸ ਤਰ੍ਹਾਂ ਪਾਕਿਸਤਾਨ ਦੇ ਬਾਲਾਕੋਟ ’ਚ ਦਾਖਲ ਹੋ ਕੇ ਮਾਰਨਾ। ਕਾਂਗਰਸ ਦੀ ਪਿੱਚ ’ਤੇ ਮੋਦੀ ਖ਼ੁਦ ਨੂੰ ਚੌਕੀਦਾਰ ਦੱਸਦੇ ਹੋਏ ਲਾਮ-ਲਸ਼ਕਰ ਨਾਲ ਉਤਰ ਪਏ। ਭਾਜਪਾ ਨੇ ਇਸ ਦੇ ਨਾਲ ਹੀ ‘ਰੁਕੇਂ ਨਹੀਂ ਝੁਕੇਂ ਨਹੀਂ’ ਦਾ ਨਾਅਰਾ ਵੀ ਕੰਮ ’ਚ ਲਿਆਉਣਾ ਚਾਹਿਆ ਪਰ ਇਹ ਜ਼ੁਬਾਨ ’ਤੇ ਨਹੀਂ ਚੜ੍ਹਿਆ, ਅਲਬੱਤਾ ਆਏਗਾ ਤਾਂ ਮੋਦੀ ਹੀ, ਦਾ ਹੀ ਨਾਅਰਾ ਖ਼ੁਦ ਮੋਦੀ ਨੇ ਆਪਣੀਆਂ ਰੈਲੀਆਂ ’ਚ ਬੁਲੰਦ ਕਰਨਾ ਸ਼ੁਰੂ ਕੀਤਾ, ਜੋ ਕੰਮ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ ਸਾਲ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਬੇਸ਼ੱਕ ਕਾਂਗਰਸ ਨੇ ਕਿਸਾਨਾਂ, ਨੌਜਵਾਨਾਂ ਦੇ ਮੁੱਦੇ ਨੂੰ ਜਿਤਾਊ ਮੁੱਦੇ ਦੇ ਰੂਪ ’ਚ ਲਿਆ ਹੋਵੇ ਪਰ ਭਾਜਪਾ ਨੇ ਇਸ ਨੂੰ ਗੰਭੀਰਤਾਪੂਰਵਕ ਲਿਆ। ਹੁਣ ਰੋਜ਼ਗਾਰ ਤਾਂ ਰਾਤੋ-ਰਾਤ ਖੜ੍ਹੇ ਨਹੀਂ ਕੀਤੇ ਜਾ ਸਕਦੇ ਸਨ, ਲਿਹਾਜ਼ਾ ਕਿਸਾਨਾਂ ਨੂੰ 6000 ਰੁਪਏ ਸਾਲ ਦੇ ਦੇਣ ਦੀ ਸ਼ੁਰੂਆਤ 2000-2000 ਦੀ ਕਿਸ਼ਤ ਦੇ ਰੂਪ ’ਚ ਕੀਤੀ। ਭਾਜਪਾ ਜਾਣਦੀ ਸੀ ਕਿ ਇਸ ਨਾਲ ਵੀ ਕੰਮ ਚੱਲਣ ਵਾਲਾ ਨਹੀਂ ਹੈ।

ਤਾਂ ਅਾਖਿਰ ’ਚ ਰਾਸ਼ਟਰਵਾਦ ਨੂੰ ਹੀ ਭੁਨਾਉਣ ਜਾ ਰਹੀ ਹੈ ਭਾਜਪਾ। ਪ੍ਰਧਾਨ ਮੰਤਰੀ ਦੇ ਪ੍ਰਚਾਰ ’ਚ ਪਾਕਿਸਤਾਨ, ਪ੍ਰਮਾਣੂ ਬੰਬ ਦਾ ਜ਼ਿਕਰ ਜ਼ਿਆਦਾ ਹੋ ਰਿਹਾ ਹੈ, ਪਾਣੀ ਦਾ ਘੱਟ। ਇਹ ਗੱਲ ਬਾੜਮੇਰ, ਜੋਧਪੁਰ ਵਰਗੇ ਇਲਾਕਿਆਂ ’ਚ ਜ਼ਿਆਦਾ ਸ਼ਿੱਦਤ ਨਾਲ ਮਹਿਸੂਸ ਕੀਤੀ ਗਈ, ਜਿਥੇ ਪਾਣੀ ਵੱਡਾ ਮੁੱਦਾ ਹੈ। ਰਾਸ਼ਟਰਵਾਦ ਕੰਮ ਵੀ ਕਰ ਰਿਹਾ ਹੈ। ਹੁਣ ਰਾਸ਼ਟਰਵਾਦ ਜਾਤੀਵਾਦ ਨੂੰ ਕਿੰਨਾ ਅਤੇ ਕਿਸ ਹੱਦ ਤਕ ਤੋੜ ਸਕੇਗਾ, ਇਹ ਕਹਿਣਾ ਮੁਸ਼ਕਿਲ ਹੈ ਪਰ ਬਹੁਤ ਸਾਰੀਆਂ ਸੀਟਾਂ ’ਤੇ ਜਾਤੀਵਾਦ ਦੇ ਗਣਿਤ ’ਚ ਪੱਛੜਦੀ ਭਾਜਪਾ ਰਾਸ਼ਟਰਵਾਦ ਦੀ ਧਮਕ ਅਤੇ ਮੋਦੀ ਨਾਂ ਦੀ ਕੈਮਿਸਟਰੀ ਨਾਲ ਗੇਮ ’ਚ ਆਉਂਦੀ ਦਿਸ ਰਹੀ ਹੈ ਪਰ ਇਥੇ ਇਕ ਪੇਚ ਹੈ। ਆਮ ਤੌਰ ’ਤੇ ਜੋ ਲੋਕ ਮੋਦੀ ਨੂੰ ਵੋਟ ਦੇਣ ਦੀ ਗੱਲ ਕਰ ਰਹੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਅਜਿਹੇ ਹਨ, ਜੋ ਪਿਛਲੀ ਵਾਰ ਵੀ ਮੋਦੀ ਨੂੰ ਵੋਟ ਦੇ ਚੁੱਕੇ ਹਨ। ਬਹੁਤ ਘੱਟ ਅਜਿਹੇ ਲੋਕ ਮਿਲਦੇ ਹਨ, ਜੋ ਪਿਛਲੀ ਵਾਰ ਮੋਦੀ ਨੂੰ ਵੋਟ ਦੇਣ ਅਤੇ ਇਸ ਵਾਰ ਨਾ ਦੇਣ ਦੀ ਗੱਲ ਕਰਦੇ ਹਨ। ਅਜਿਹੇ ਲੋਕ ਤਾਂ ਹੋਰ ਵੀ ਘੱਟ ਮਿਲਦੇ ਹਨ, ਜਿਨ੍ਹਾਂ ਨੇ ਪਿਛਲੀ ਵਾਰ ਮੋਦੀ ਨੂੰ ਵੋਟ ਨਹੀਂ ਦਿੱਤੀ ਸੀ ਅਤੇ ਇਸ ਵਾਰ ਦੇਣ ਦਾ ਇਰਾਦਾ ਰੱਖਦੇ ਹਨ ਪਰ ਇਕ ਗੱਲ ਹੈਰਾਨ ਕਰਦੀ ਹੈ, ਜਿਥੇ-ਜਿਥੇ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੈ, ਉਥੇ-ਉਥੇ ਜੇਕਰ ਲੋਕ ਉਨ੍ਹਾਂ ਦੀ ਲੋਕ ਸਭਾ ਸੀਟ ’ਤੇ ਕਾਂਗਰਸ ਦੀ ਜਿੱਤ ਦੀ ਗੱਲ ਕਰਦੇ ਹਨ ਤਾਂ ਨਾਲ ਇਹ ਵੀ ਜੋੜ ਦਿੰਦੇ ਹਨ ਕਿ ਇਥੇ ਬੇਸ਼ੱਕ ਕਾਂਗਰਸ ਹੋਵੇ ਪਰ ਦਿੱਲੀ ’ਚ ਤਾਂ ਮੋਦੀ ਹੀ ਜਿੱਤੇਗਾ। ਭਾਵੇਂ ਕਾਂਗਰਸ ਨੂੰ ਵੋਟ ਦੇਣ ਵਾਲਿਆਂ ਨੂੰ ਵੀ, ਭਾਵ ਕਾਂਗਰਸ ਨੂੰ ਵੋਟ ਦੇਣ ਵਾਲਿਆਂ ਨੂੰ ਵੀ ਕਾਂਗਰਸ ਦੇਸ਼ ’ਚ ਜਿੱਤਦੀ ਨਜ਼ਰ ਨਹੀਂ ਆ ਰਹੀ। ਜਿਸ ਤਰ੍ਹਾਂ ਭਾਜਪਾ ਦੇ ਸਮਰਥਕ ਮੋਦੀ-ਮੋਦੀ ਕਰਦੇ ਹਨ, ਉਸ ਤਰ੍ਹਾਂ ਕਾਂਗਰਸ ਸਮਰਥਕ ਰਾਹੁਲ-ਰਾਹੁਲ ਨਹੀਂ ਕਰਦੇ। ਇਕ ਹੋਰ ਗੱਲ ਦੇਖਣ ਨੂੰ ਮਿਲੀ ਕਿ ਔਰਤਾਂ ’ਚ ਮੋਦੀ ਨੂੰ ਲੈ ਕੇ ਜ਼ਿਆਦਾ ਜੋਸ਼ ਨਜ਼ਰ ਆਉਂਦਾ ਹੈ। ਪਿੰਡਾਂ ’ਚ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਿਵਾਸ ਯੋਜਨਾ ’ਚ ਘਰ ਮਿਲਿਆ, ਉਹ ਔਰਤਾਂ ਜਵਾਬ ਦੇਣ ਤੋਂ ਪਹਿਲਾਂ ਘਰ ਨੂੰ ਨਿਹਾਰਦੀਆਂ ਹਨ ਅਤੇ ਫਿਰ ਮੋਦੀ-ਮੋਦੀ ਕਹਿ ਕੇ ਹਲਕਾ ਜਿਹਾ ਮੁਸਕਰਾਉਂਦੀਆਂ ਹਨ।

ਇਕੋ ਜਿਹੇ ਤਰਕ

ਜੋ ਲੋਕ ਮੋਦੀ ਨੂੰ ਵੋਟ ਦੇਣ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਇਕੋ ਜਿਹੇ ਤਰਕ ਹਨ। ਇਕ–ਮੋਦੀ ਨੇ ਪਾਕਿਸਤਾਨ ਨੂੰ ਸਬਕ ਸਿਖਾਇਆ। ਦੋ–ਪੰਜ ਸਾਲ ਕੰਮ ਕਰਨ ਲਈ ਘੱਟ ਹੁੰਦੇ ਹਨ, ਫਿਰ ਮੌਕਾ ਮਿਲਣਾ ਚਾਹੀਦਾ ਹੈ। ਤਿੰਨ–ਕਾਂਗਰਸ ਤੋਂ ਤਾਂ ਚੰਗਾ ਕੰਮ ਕਰ ਹੀ ਰਹੇ ਹਨ। ਚਾਰ–ਦੁਨੀਆ ’ਚ ਦੇਸ਼ ਦਾ ਮਾਣ ਵਧਾਇਆ ਹੈ। ਪੰਜ–ਮੋਦੀ ਸਰਕਾਰ ਚਲੀ ਗਈ ਤਾਂ ਪਾਕਿਸਤਾਨ ਹਾਵੀ ਹੋ ਜਾਵੇਗਾ। ਛੇ–ਵਿਕਾਸ ਕੀਤਾ ਹੈ। ਇਹ ਅਜਿਹੇ ਲੋਕ ਹਨ, ਜੋ ਮੋਦੀ ਵਿਰੁੱਧ ਇਕ ਸ਼ਬਦ ਵੀ ਨਹੀਂ ਸੁਣਦੇ ਅਤੇ ਤਰਕ-ਕੁਤਰਕ ਤਕ ਉਤਰ ਆਉਂਦੇ ਹਨ। ਜੇਕਰ ਠੇਠ ਦਿਹਾਤ ਦੀ ਗੱਲ ਕਰੀਏ ਤਾਂ ਲੋਕ ਗੈਸ ਦੇਣ, ਮਕਾਨ ਦੇਣ ਦੀ ਗੱਲ ਕਰਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਆਯੁਸ਼ਮਾਨ ਯੋਜਨਾ ਦਾ ਕੋਈ ਜ਼ਿਕਰ ਨਹੀਂ ਕਰਦਾ। ਗੈਸ ਕੁਨੈਕਸ਼ਨ ’ਚ ਵੀ ਸਿਲੰਡਰ ਮਹਿੰਗਾ ਹੋਣ ਕਾਰਨ ਰੀਫਿਲ ਦੀ ਸਮੱਸਿਆ ਆਮ ਹੈ। ਮੁਦਰਾ ਯੋਜਨਾ ਦੀ ਗੱਲ ਕਰੀਏ ਤਾਂ ਲੋਕ ਕਹਿੰਦੇ ਹਨ ਕਿ ਬੈਂਕ ਬਾਬੂ ਕਰਜ਼ਾ ਦੇਣ ’ਚ ਬਹੁਤ ਨਾਂਹ-ਨੁੱਕਰ ਕਰਦੇ ਹਨ। ਉਂਝ ਬਹੁਤਿਆਂ ਨੇ ਮੁਦਰਾ ਯੋਜਨਾ ਦਾ ਨਾਂ ਹੀ ਨਹੀਂ ਸੁਣਿਆ। ਸਵੱਛਤਾ ਮੁਹਿੰਮ ਦੇ ਤਹਿਤ ਪਿੰਡ-ਪਿੰਡ ’ਚ ਟਾਇਲਟਸ ਬਣੀਆਂ ਤਾਂ ਦਿਸਦੀਆਂ ਹਨ ਪਰ ਲੋਕ 12000 ਰੁਪਏ ਦੇ ਇਵਜ਼ ’ਚ 3-4 ਹਜ਼ਾਰ ਰੁਪਏ ਰਿਸ਼ਵਤ ’ਚ ਦੇਣ ਦੀ ਗੱਲ ਕਰਦੇ ਹਨ। ਘਟੀਆ ਸਮੱਗਰੀ ਦੀ ਵਰਤੋਂ ਹੋਣ ਦੀ ਗੱਲ ਕਰਦੇ ਹਨ।

ਕਿਸਾਨ ਸਾਫ-ਸਾਫ ਨਾਰਾਜ਼ ਦਿਸਦਾ ਹੈ। ਆਪਣੀ ਸੂਬਾਈ ਸਰਕਾਰ ਤੋਂ ਵੀ ਅਤੇ ਮੋਦੀ ਸਰਕਾਰ ਤੋਂ ਵੀ। ਫਸਲ ਦੀ ਕੀਮਤ ਸਹੀ ਨਹੀਂ ਮਿਲਦੀ, ਲਾਗਤ ਤਕ ਨਹੀਂ ਨਿਕਲਦੀ, ਫਸਲ ਬੀਮਾ ਯੋਜਨਾ ’ਚ ਧੋਖਾ ਹੈ, ਕਰਜ਼ਾ ਮੁਆਫੀ ਛਲਾਵਾ ਹੈ, ਸਾਲ ਦੇ 6000 ਰੁਪਏ ਨਾਕਾਫੀ ਹਨ। ਜੇਕਰ ਤੁਸੀਂ ਕਿਸਾਨਾਂ ਨੂੰ ਮੋਦੀ ਜੀ ਦੇ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਦੀ ਯਾਦ ਦਿਵਾਉਂਦੇ ਹੋ ਤਾਂ ਕਿਸਾਨ ਹੱਸ ਪੈਂਦੇ ਹਨ। ਆਮ ਤੌਰ ’ਤੇ ਜਵਾਬ ਹੁੰਦਾ ਹੈ ਕਿ ਮੋਦੀ ਦਿੱਲੀ ’ਚ ਰਹਿੰਦੇ ਹਨ। ਉਨ੍ਹਾਂ ਨੂੰ ਕੀ ਪਤਾ ਕਿ ਕਿਵੇਂ ਖੇਤੀ ਕੀਤੀ ਜਾਂਦੀ ਹੈ। ਆਵਾਰਾ ਗਊਆਂ, ਬੈਲਾਂ, ਸਾਨ੍ਹਾਂ ਤੋਂ ਵੀ ਕਿਸਾਨ ਪ੍ਰੇਸ਼ਾਨ ਹਨ ਅਤੇ ਲਾਚਾਰ ਨਜ਼ਰ ਆਉਂਦੇ ਹਨ ਪਰ ਸਾਰੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਕਿਸਾਨਾਂ ਦਾ ਇਕ ਹਿੱਸਾ ਫਿਰ ਤੋਂ ਮੋਦੀ ਦੀ ਗੱਲ ਕਰਦਾ ਹੈ। ਇਹ ਉਹ ਕਿਸਾਨ ਹਨ, ਜੋ ਮੋਦੀ ਦੇ ਰਾਸ਼ਟਰਵਾਦ ਤੋਂ ਪ੍ਰਭਾਵਿਤ ਹਨ। ਇਸੇ ਤਰ੍ਹਾਂ ਬੇਰੋਜ਼ਗਾਰ ਨੌਜਵਾਨ ਗੁੱਸੇ ’ਚ ਦਿਸਦਾ ਹੈ। ਮੋਦੀ ਨੂੰ ਵੋਟ ਨਾ ਦੇਣ ਦੀ ਗੱਲ ਕਰਦਾ ਹੈ। ਅਜਿਹੇ ਨੌਜਵਾਨਾਂ ’ਚ ਰਾਸ਼ਟਰਵਾਦ ਘੱਟ ਹੀ ਨਜ਼ਰ ਆਉਂਦਾ ਹੈ। ਇਹ ਭਾਜਪਾ ਲਈ ਖਤਰੇ ਦੀ ਘੰਟੀ ਹੋ ਸਕਦਾ ਹੈ।

ਆਖਰੀ ਸਿੱਟੇ ’ਤੇ ਪਹੁੰਚਣਾ ਮੁਸ਼ਕਿਲ

5 ਸੂਬਿਆਂ ’ਚ ਜਿੰਨਾ ਦੇਖਿਆ, ਜਿੰਨੇ ਲੋਕਾਂ ਨਾਲ ਗੱਲ ਹੋਈ, ਉਸ ਦੇ ਆਧਾਰ ’ਤੇ ਕਿਸੇ ਅੰਤਿਮ ਸਿੱਟੇ ’ਤੇ ਪਹੁੰਚਣਾ ਬਹੁਤ ਮੁਸ਼ਕਿਲ ਹੈ। ਜਿੱਥੇ ਜਾਤੀਗਤ ਗਿਣਤੀਆਂ-ਮਿਣਤੀਆਂ ਹਾਵੀ ਹਨ, ਉਥੇ ਰਾਸ਼ਟਰਵਾਦ ਕੰਮ ਨਹੀਂ ਕਰ ਰਿਹਾ। ਜਿੱਥੇ ਮੁਸਲਿਮ 30 ਫੀਸਦੀ ਜਾਂ ਉਸ ਤੋਂ ਜ਼ਿਆਦਾ ਹਨ ਅਤੇ ਵੰਡ ਨਹੀਂ ਹੋ ਰਹੀ, ਉਥੇ ਵੀ ਰਾਸ਼ਟਰਵਾਦ ਕੰਮ ਕਰਦਾ ਦਿਸ ਨਹੀਂ ਰਿਹਾ। ਹੁਣ ਕਿੰਨੀਆਂ ਸੀਟਾਂ ਰਾਸ਼ਟਰਵਾਦ ਦੇ ਖਾਤੇ ’ਚ ਜਾਣਗੀਆਂ, ਕਿੰਨੀਆਂ ਜਾਤੀਵਾਦ ਦੇ ਖਾਤੇ ’ਚ ਅਤੇ ਫਸੀਆਂ ਹੋਈਆਂ ਸੀਟਾਂ ’ਚੋਂ ਜ਼ਿਆਦਾ ਜਿੱਤਣ ਵਾਲੀ ਕਿਹੜੀ ਪਾਰਟੀ ਹੋਵੇਗੀ, ਇਸ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਇਕ ਬੇਹੱਦ ਹਲਕਾ ਜਿਹਾ ਅੰਡਰ ਕਰੰਟ ਮੋਦੀ ਦੇ ਪੱਖ ’ਚ ਦਿਸਦਾ ਤਾਂ ਹੈ ਪਰ 43-45 ਡਿਗਰੀ ਤਾਪਮਾਨ ’ਚ ਇਹ ਮ੍ਰਿਗਤ੍ਰਿਸ਼ਨਾ ਹੈ ਜਾਂ ਸੱਚਾਈ–ਕਹਿਣਾ ਮੁਸ਼ਕਿਲ ਹੈ।


Bharat Thapa

Content Editor

Related News