ਅੱਜ ਸਮੇਂ ਅੱਗੇ ਝੁਕ ਗਏ ਹਨ ''ਟ੍ਰੈਜਿਡੀ ਕਿੰਗ''
Tuesday, Jan 03, 2017 - 07:10 AM (IST)

ਅੱਜ ਦੀ ਪੀੜ੍ਹੀ ਸ਼ਾਇਦ ਇਹ ਨਹੀਂ ਜਾਣਦੀ ਕਿ ''ਐਕਟਿੰਗ ਸਮਰਾਟ'', ''ਟ੍ਰੈਜਿਡੀ ਕਿੰਗ'' ਦਿਲੀਪ ਕੁਮਾਰ ਸਿਲਵਰ ਸਕ੍ਰੀਨ ਦੇ ਬੇਤਾਜ ਬਾਦਸ਼ਾਹ ਰਹੇ ਹਨ। ਦਿਲੀਪ ਕੁਮਾਰ ਖ਼ੁਦ ਚਾਹੇ ਜਿੰਨੀ ਮਰਜ਼ੀ ਦੁਹਾਈ ਦਿੰਦੇ ਫਿਰਨ ਕਿ ''ਮੇਰਾ ਨਾਂ ਯੂਸੁਫ ਖਾਨ ਹੈ ਅਤੇ ਮੈਂ ਪੇਸ਼ਾਵਰ ਦਾ ਇਕ ਮੁਸਲਿਮ ਪਠਾਨ ਹਾਂ'', ਬੇਸ਼ੱਕ ਉਹ ਨਿੱਜੀ ਜੀਵਨ ਵਿਚ ਯੂਸੁਫ ਖਾਨ ਹੋਣ ਪਰ ਮੇਰੀ ਉਮਰ ਦੇ ਫਿਲਮ ਪ੍ਰੇਮੀ ਉਨ੍ਹਾਂ ਨੂੰ ਸਿਰਫ ਦਿਲੀਪ ਕੁਮਾਰ—ਹਿੰਦੀ ਸਿਨੇਮਾ ਦੇ ਬੇਤਾਜ ਬਾਦਸ਼ਾਹ ਦੇ ਨਾਂ ਨਾਲ ਹੀ ਜਾਣਦੇ ਹਨ।
ਦਿਲੀਪ ਕੁਮਾਰ ਨੇ ਆਪਣੇ 60 ਵਰ੍ਹਿਆਂ ਦੇ ਫਿਲਮੀ ਕੈਰੀਅਰ ਵਿਚ ਮੁਸ਼ਕਿਲ ਨਾਲ 60-65 ਫਿਲਮਾਂ ਹੀ ਕੀਤੀਆਂ ਪਰ ਐਕਟਿੰਗ ਬਹੁਤ ਸ਼ਾਨਦਾਰ ਕੀਤੀ—ਖ਼ਲਨਾਇਕ ਤੋਂ ਕੁੱਟ ਖਾਂਦਿਆਂ, ਦਰਸ਼ਕਾਂ ਨੂੰ ਰੁਆਉਂਦਿਆਂ ਤੇ ਖ਼ੁਦ ਹੰਝੂਆਂ ਨਾਲ ਗੱਲ ਕਰਦਿਆਂ। ਉਨ੍ਹਾਂ ਦੀ ਐਕਟਿੰਗ ਦਾ ਹਰੇਕ ਬਿੰਦੂ ਦਰਸ਼ਕਾਂ ਨੂੰ ਭਾਵੁਕ ਕਰ ਦਿੰਦਾ ਸੀ। ਉਨ੍ਹਾਂ ਦੀ ਫਿਲਮ ਦੇਖ ਕੇ ਲੱਗਦਾ ਸੀ ਜਿਵੇਂ ਦਰਸ਼ਕ ਕਿਸੇ ਆਪਣੇ ਦੇ ਜਨਾਜ਼ੇ ਵਿਚ ਸ਼ਾਮਿਲ ਹੋ ਕੇ ਪਰਤਿਆ ਹੋਵੇ।
ਆਪਣੀ ਭਾਵੁਕ ਐਕਟਿੰਗ ਸਦਕਾ ਹੀ ਦਿਲੀਪ ਕੁਮਾਰ ਨੂੰ ''ਸਰਵਉੱਚ ਐਕਟਰ'' ਲਈ 17 ਵਾਰ ਨਾਮਜ਼ਦ ਕੀਤਾ ਗਿਆ ਤੇ ਉਨ੍ਹਾਂ ਨੂੰ 8-9 ਵਾਰ ਫਿਲਮਫੇਅਰ ਐਵਾਰਡ ਵੀ ਮਿਲਿਆ। ਸਭ ਤੋਂ ਵੱਧ ਐਵਾਰਡ ਹਾਸਿਲ ਕਰਕੇ ਉਨ੍ਹਾਂ ਦਾ ਨਾਂ ''ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼'' ਵਿਚ ਵੀ ਦਰਜ ਹੈ। ਦਿਲੀਪ ਕੁਮਾਰ ਨੇ ਸਿਨੇਮਾ ਨੂੰ ਯਥਾਰਥ ਐਕਟਿੰਗ ਦਾ ਰੂਪ ਦਿੱਤਾ। ਉਹ ਸਿਨੇਮਾ ਨੂੰ ਸੋਹਰਾਬ ਮੋਦੀ ਦੀ ''ਪਾਰਸੀ-ਥੀਏਟਰ'' ਸ਼ੈਲੀ ''ਚੋਂ ਬਾਹਰ ਲਿਆਉਣ ਵਾਲੇ ਪਹਿਲੇ ਕਲਾਕਾਰ ਸਨ।
ਉਨ੍ਹਾਂ ਦੀ ਉਦਾਸੀ ਭਰੀ ਐਕਟਿੰਗ ਅਤੇ ਉਦਾਸੀ ਭਰੇ ਰੋਲ ਕਰਨ ਕਰਕੇ ਡਾਕਟਰਾਂ ਨੇ ਉਨ੍ਹਾਂ ਨੂੰ ''ਮਨੋਰੋਗੀ'' ਐਲਾਨ ਦਿੱਤਾ ਸੀ ਅਤੇ ਉਦਾਸੀ ਭਰੇ ਰੋਲ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਉਦੋਂ ਸਮਾਂ ਦਿਲੀਪ ਕੁਮਾਰ ਦੇ ਅੱਗੇ-ਪਿੱਛੇ ਘੁੰਮਦਾ ਸੀ ਪਰ 94 ਸਾਲ ਦੀ ਉਮਰ ਵਿਚ ਦਿਲੀਪ ਕੁਮਾਰ ਅੱਜ ਸਮੇਂ ਅੱਗੇ ਝੁਕ ਗਏ ਹਨ। ਲੱਗਦਾ ਹੀ ਨਹੀਂ ਕਿ ਫਿਲਮ ''ਆਨ'' ਦਾ ਹੀਰੋ ਖੂਬਸੂਰਤ ਰਾਜਕੁਮਾਰ ਨਾਦਿਰਾ ਦਾ ਹੰਕਾਰ ਤੋੜਨ ਵਾਲਾ ਅਤੇ ਮਹੱਲਾਂ ਨਾਲ ਟਕਰਾਉਣ ਵਾਲਾ ਇਹ ਉਹੀ ਦਿਲੀਪ ਕੁਮਾਰ ਹੈ।
ਕਦੇ ਦਿਲੀਪ ਕੁਮਾਰ ਨੂੰ ਪਾਕਿਸਤਾਨ ਸਰਕਾਰ ਵਲੋਂ ਸਰਵਉੱਚ ਸਿਵਲੀਅਨ ਐਵਾਰਡ ''ਨਿਸ਼ਾਨੇ ਇਮਤਿਆਜ਼'' ਦਿੱਤਾ ਗਿਆ ਸੀ ਤੇ ਭਾਰਤ ਸਰਕਾਰ ਵਲੋਂ ''ਪਦਮਭੂਸ਼ਣ'', ''ਪਦਮ ਵਿਭੂਸ਼ਣ'' ਅਤੇ 1994 ਵਿਚ ''ਦਾਦਾ ਸਾਹਿਬ ਫਾਲਕੇ'' ਐਵਾਰਡ ਮਿਲਿਆ। ਦਿਲੀਪ ਕੁਮਾਰ ਰਾਜ ਸਭਾ ਲਈ ਵੀ ਨਾਮਜ਼ਦ ਹੋਏ ਅਤੇ ਬੰਬਈ (ਮੁੰਬਈ) ਦੇ ''ਸ਼ੈਰਿਫ'' ਵੀ ਬਣੇ। ਉਨ੍ਹਾਂ ਦੀ ਐਕਟਿੰਗ ਕਰਦੇ-ਕਰਦੇ ਰਾਜਿੰਦਰ ਕੁਮਾਰ ''ਜੁਬਲੀ ਸਟਾਰ'' ਅਤੇ ਮਨੋਜ ਕੁਮਾਰ ''ਭਾਰਤ ਕੁਮਾਰ'' ਬਣ ਗਏ। ਦੱਸਿਆ ਜਾਂਦਾ ਹੈ ਕਿ ਧਰਮਿੰਦਰ ਨੇ ਤਾਂ ਦਿਲੀਪ ਕੁਮਾਰ ਦੀ ਫਿਲਮ ''ਮੁਸਾਫਿਰ'' 35 ਵਾਰ ਦੇਖੀ ਸੀ।
ਦਿਲੀਪ ਕੁਮਾਰ ਨੇ ਆਪਣਾ ਫਿਲਮੀ ਸਫਰ 1942 ਵਿਚ ਉਸ ਦੌਰ ਦੀ ਪ੍ਰਸਿੱਧ ਅਭਿਨੇਤਰੀ ਦੇਵਿਕਾ ਨਾਲ ਸ਼ੁਰੂ ਕੀਤਾ। ਦੇਵਿਕਾ ਰਾਣੀ ਨੇ ਹੀ ਯੂਸੁਫ ਖਾਨ ਨੂੰ ਫਿਲਮੀ ਨਾਂ ਦਿਲੀਪ ਕੁਮਾਰ ਦਿੱਤਾ ਸੀ ਅਤੇ ਦਾਦਾ ਮੁਨੀ ਅਸ਼ੋਕ ਕੁਮਾਰ ਨੇ ਦਿਲੀਪ ਕੁਮਾਰ ਨੂੰ ਸੁਭਾਵਿਕ ਐਕਟਿੰਗ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੀ ਪਹਿਲੀ ਫਿਲਮ ''ਜਵਾਰਭਾਟਾ'' 1944 ਵਿਚ ਰਿਲੀਜ਼ ਹੋਈ ਤੇ ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
1947 ਵਿਚ ਦਿਲੀਪ ਕੁਮਾਰ ਨੇ ਆਪਣੇ ਵੇਲੇ ਦੀ ਪ੍ਰਸਿੱਧ ਗਾਇਕਾ ਤੇ ਅਭਿਨੇਤਰੀ ਨੂਰਜਹਾਂ ਨਾਲ ਫਿਲਮ ''ਜੁਗਨੂੰ'' ਵਿਚ ਕੰਮ ਕੀਤਾ, ਜਿਸ ਨੇ ਸਫਲਤਾ ਦੇ ਝੰਡੇ ਗੱਡ ਦਿੱਤੇ। 1948 ਵਿਚ ''ਸ਼ਹੀਦ'', 1949 ਵਿਚ ਮਹਿਬੂਬ ਖਾਨ ਦੀ ਫਿਲਮ ''ਅੰਦਾਜ਼'' ਵਿਚ ਨਰਗਿਸ ਅਤੇ ਰਾਜ ਕਪੂਰ ਨਾਲ ਦਿਲੀਪ ਕੁਮਾਰ ਨੇ ''ਐਂਟੀ ਹੀਰੋ'' ਦੀ ਸਫਲ ਭੂਮਿਕਾ ਨਿਭਾਈ। ਇਸੇ ਸਾਲ ਦਰਸ਼ਕਾਂ ਨੂੰ ਉਨ੍ਹਾਂ ਦੀ ਇਕ ਹੋਰ ਸਫਲ ਫਿਲਮ ''ਸ਼ਬਨਮ'' ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਦਿਲੀਪ ਕੁਮਾਰ ਰੋਮਾਂਟਿਕ ਹੀਰੋ ਦੇ ਰੂਪ ਵਿਚ ਸਿਨੇ ਪ੍ਰੇਮੀਆਂ ਦੇ ''ਆਈਕਾਨ'' ਬਣਦੇ ਗਏ। ਦਿਲੀਪ ਕੁਮਾਰ ਨੇ ਦਰਸ਼ਕਾਂ ਨੂੰ ਇਕ ਤੋਂ ਬਾਅਦ ਇਕ ਸਫਲ ਫਿਲਮਾਂ ਦਿੱਤੀਆਂ, ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ—''ਜੋਗਨ'', ''ਤਰਾਨਾ'', ''ਹਲਚਲ'', ''ਦੀਦਾਰ, ''ਦਾਗ਼'', ''ਉੜਨ ਖਟੋਲਾ'', ''ਦੇਵਦਾਸ'', ''ਯਹੂਦੀ'' ਤੇ ''ਮਧੂਮਤੀ''।
1954 ਵਿਚ ਦਿਲੀਪ ਕੁਮਾਰ ਨੇ ਇਕ ਵਾਰ ਫਿਲਮ ਮਹਿਬੂਬ ਖਾਨ ਦੀ ਫਿਲਮ ''ਅਮਰ'' ਵਿਚ ''ਐਂਟੀ ਹੀਰੋ'' ਦੀ ਭੂਮਿਕਾ ਨਿਭਾਈ। ਫਿਲਮ ''ਫੁੱਟਪਾਥ'', ''ਨਯਾ ਦੌਰ'', ''ਮੁਸਾਫਿਰ'', ''ਪੈਗਾਮ'' ਵਿਚ ਕੰਮ ਕਰਕੇ ਦਿਲੀਪ ਕੁਮਾਰ ''ਟ੍ਰੈਜਿਡੀ ਕਿੰਗ'' ਅਖਵਾਉਣ ਲੱਗੇ। ਉਨ੍ਹਾਂ ਨੂੰ ਫਿਲਮੀ ਹੀਰੋਇਨਾਂ ਦਾ ਸਾਥ ਤੇ ਪਿਆਰ ਵੀ ਖੂਬ ਮਿਲਿਆ। ਮਧੂਬਾਲਾ, ਵੈਜੰਤੀ ਮਾਲਾ, ਨਰਗਿਸ, ਨਿੰਮੀ, ਮੀਨਾ ਕੁਮਾਰੀ ਤੇ ਕਾਮਿਨੀ ਕੌਸ਼ਲ ਖ਼ੁਦ ਤਾਂ ਕਾਬਿਲ ਅਭਿਨੇਤਰੀਆਂ ਸਨ ਪਰ ਦਿਲੀਪ ਕੁਮਾਰ ਦੇ ਪਿਆਰ ਦੀਆਂ ਵੀ ਦੀਵਾਨੀਆਂ ਸਨ।
ਮਧੂਬਾਲਾ ਨਾਲ ਦਿਲੀਪ ਕੁਮਾਰ ਦੀ ਕਹਾਣੀ ਅਦਾਲਤ ਵਿਚ ਖਤਮ ਹੋਈ। ਫਿਲਮ ''ਦੇਵਦਾਸ'' ਦਿਲੀਪ ਕੁਮਾਰ ਦੀ ਐਕਟਿੰਗ ਦੀ ਹੱਦ ਸੀ ਅਤੇ ਇਸ ਹੱਦ ਦਾ ਆਖਰੀ ਸਿੱਟਾ ਸੀ ਉਨ੍ਹਾਂ ਦੀ ਫਿਲਮ ''ਮੁਗਲੇ-ਆਜ਼ਮ''। ਉਂਝ ਦਿਲੀਪ ਕੁਮਾਰ ਨੇ ''ਆਜ਼ਾਦ'', ''ਕੋਹੇਨੂਰ'' ਅਤੇ ''ਇਨਸਾਨੀਅਤ'' (ਦੇਵ ਆਨੰਦ ਨਾਲ) ਵਿਚ ਹਲਕੇ-ਫੁਲਕੇ ਰੋਲ ਵੀ ਕੀਤੇ। ਫਿਰ ਦਰਸ਼ਕਾਂ ਨੂੰ ਦਿਲੀਪ ਕੁਮਾਰ ਦਾ ਕਾਮੇਡੀਅਨ ਰੂਪ ''ਰਾਮ ਔਰ ਸ਼ਿਆਮ'', ''ਗੋਪੀ'', ''ਬੈਰਾਗ'', ''ਦਾਸਤਾਨ'' ਆਦਿ ਵਿਚ ਦੇਖਣ ਨੂੰ ਮਿਲਿਆ। ਫਿਲਮ ''ਗੰਗਾ ਜਮੁਨਾ'' ਤੇ ''ਸੰਘਰਸ਼'' ਵਿਚ ਦਿਲੀਪ ਕੁਮਾਰ ਨੇ ਉਹ ਡਾਂਸ ਕੀਤੇ ਹਨ ਕਿ ਪ੍ਰਸਿੱਧ ਡਾਂਸਰ ਬਿਰਜੂ ਮਹਾਰਾਜ ਤਕ ਦੇਖ ਕੇ ਹੈਰਾਨ ਰਹਿ ਗਏ ਸਨ।
ਇਸ ਤੋਂ ਇਲਾਵਾ ਫਿਲਮ ''ਸ਼ਕਤੀ'', ''ਕ੍ਰਾਂਤੀ'', ''ਕਰਮਾ'', ''ਸੌਦਾਗਰ'' ਵਿਚ ਵੀ ਦਿਲੀਪ ਕੁਮਾਰ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਹਾਲੀਵੁੱਡ ਦੀ ਇਕ ਫਿਲਮ ਸੀ ''ਲਾਰੇਂਸ ਆਫ ਅਰਬੀਆ'', ਜਿਸ ਦੀ ਪੇਸ਼ਕਸ਼ ਦਿਲੀਪ ਕੁਮਾਰ ਨੇ ਠੁਕਰਾ ਦਿੱਤੀ ਸੀ। ਇਸ ਤੋਂ ਇਲਾਵਾ ਰਾਜ ਕਪੂਰ ਦੀ ਫਿਲਮ ''ਸੰਗਮ'', ਗੁਰੂਦੱਤ ਦੀ ''ਪਿਆਸਾ'' ਨੂੰ ਵੀ ਠੁਕਰਾਇਆ ਸੀ ਪਰ ਇਨ੍ਹਾਂ ਦੋਹਾਂ ਫਿਲਮਾਂ ਨੂੰ ਠੁਕਰਾਉਣ ਦਾ ਉਨ੍ਹਾਂ ਨੂੰ ਸਾਰੀ ਉਮਰ ਅਫ਼ਸੋਸ ਰਿਹਾ। ਦਿਲੀਪ ਕੁਮਾਰ ਦੀਆਂ ਫਿਲਮਾਂ ''ਸ਼ਿਕਵਾ'', ''ਜਾਨਵਰ'' ਤੇ ''ਆਗ ਕਾ ਦਰਿਆ'' ਰਿਲੀਜ਼ ਹੀ ਨਹੀਂ ਹੋ ਸਕੀਆਂ। ਦਿਲੀਪ ਕੁਮਾਰ ਦੀ ਇੱਛਾ ਰਾਜੇਸ਼ ਖੰਨਾ ਨਾਲ ਕੰਮ ਕਰਨ ਦੀ ਸੀ, ਜੋ ਪੂਰੀ ਨਹੀਂ ਹੋ ਸਕੀ।
ਉਨ੍ਹਾਂ ਨੇ ਆਪਣੇ ਨਾਲੋਂ ਉਮਰ ਵਿਚ 22 ਸਾਲ ਛੋਟੀ ਅਤੇ ਫਿਲਮ ''ਜੰਗਲੀ'' ਵਿਚ ਸ਼ੰਮੀ ਕਪੂਰ ਦੀ ਬੋਲਤੀ ਬੰਦ ਕਰ ਦੇਣ ਵਾਲੀ ਸਾਇਰਾ ਬਾਨੋ ਨਾਲ ਵਿਆਹ ਕਰਵਾਇਆ, ਜਿਸ ਨੇ ਕਸ਼ਮੀਰ ਦੀਆਂ ਵਾਦੀਆਂ ਵਿਚ ਆਪਣੀ ਖੂਬਸੂਰਤੀ ਦੀ ਮਹਿਕ ਘੋਲ ਦਿੱਤੀ ਸੀ। 1960 ਵਿਚ ਇਕ ਔਰਤ ਅਸਮਾ ਵੀ ਉਨ੍ਹਾਂ ਦੀ ਜ਼ਿੰਦਗੀ ਵਿਚ ਆਈ ਪਰ ਤਲਾਕ ਹੋ ਗਿਆ। ਆਓ, ਅਸੀਂ ਦੁਆ ਕਰੀਏ ਕਿ ਦਿਲੀਪ ਕੁਮਾਰ ਤੰਦਰੁਸਤ ਰਹਿਣ ਤੇ ਲੰਮੀ ਉਮਰ ਭੋਗਣ।