ਪੁਲਸ ਤੋਂ ਬਚਣ ਲਈ ਹਿਜੜਿਆਂ ਤੋਂ ਕੰਮ ਲੈਣ ਲੱਗੇ ''ਨਸ਼ਿਆਂ ਦੇ ਸੌਦਾਗਰ''

02/16/2019 6:53:01 AM

ਐਂਟੀ ਨਾਰਕੋਟਿਕਸ ਸੈੱਲ (ਏ. ਐੱਨ. ਸੀ.) ਦੀ ਕਾਂਦੀਵਲੀ ਇਕਾਈ ਵਲੋਂ ਪਿੱਛੇ ਜਿਹੇ ਨਸ਼ੇ ਦੇ ਸੌਦਾਗਰਾਂ 'ਤੇ ਬੋਲੇ ਗਏ ਧਾਵੇ, ਜਿਸ 'ਚ ਉਸ ਨੇ 70 ਲੱਖ ਰੁਪਏ ਦੀ 70 ਕਿਲੋ ਭੰਗ ਫੜੀ, ਵਿਚ ਨਸ਼ੇ ਦੇ ਵਪਾਰੀਆਂ ਵਲੋਂ ਇਸਤੇਮਾਲ 'ਚ ਲਿਆਂਦੀ ਜਾਣ ਵਾਲੀ ਇਕ ਨਵੀਂ ਚਾਲ ਦਾ ਵੀ ਪਰਦਾਫਾਸ਼ ਕੀਤਾ। ਏ. ਐੱਨ. ਸੀ. ਨੂੰ ਇਹ ਉਦੋਂ ਦੇਖਣ ਨੂੰ ਮਿਲਿਆ, ਜਦੋਂ ਪਿਛਲੇ ਹਫਤੇ ਉਸ ਨੇ ਦਹਿਸਰ 'ਚ ਡਰੱਗਜ਼ ਦੇ ਕਾਰੋਬਾਰ ਦਾ ਭਾਂਡਾ ਭੰਨਿਆ। 
ਪੁਲਸ ਅਨੁਸਾਰ 6 ਫਰਵਰੀ ਨੂੰ ਜਦੋਂ ਏ. ਐੱਨ. ਸੀ. ਦੀ ਕਾਂਦੀਵਲੀ ਇਕਾਈ ਦੇ ਇੰਸਪੈਕਟਰ ਪ੍ਰਵੀਨ ਕਦਮ ਦੀ ਅਗਵਾਈ ਹੇਠ 2 ਟੀਮਾਂ ਨੇ ਦਹਿਸਰ 'ਚ ਰੇਲ ਲਾਈਨਾਂ ਨਾਲ ਲੱਗਦੇ ਅੰਬੁਜਵਾੜੀ ਦੀ ਇਕ ਝੌਂਪੜਪੱਟੀ 'ਚ ਛਾਪਾ ਮਾਰਿਆ ਤਾਂ ਉਥੋਂ ਹੈਰਾਨੀਜਨਕ ਗਿਣਤੀ 'ਚ ਹਿਜੜੇ (ਖੁਸਰੇ) ਮਿਲੇ, ਜੋ ਪੁਲਸ ਦਾ ਛਾਪਿਆਂ ਵਲੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। 
ਏ. ਐੱਨ. ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਅਹਿਸਾਸ ਹੁੰਦਿਆਂ ਹੀ ਕਿ ਅਸੀਂ ਪੁਲਸ ਵਾਲੇ ਹਾਂ, ਵੱਡੀ ਗਿਣਤੀ 'ਚ ਹਿਜੜਿਆਂ ਨੇ ਉਨ੍ਹਾਂ ਦੀ ਜਾਂਚ 'ਚ ਅੜਿੱਕਾ ਡਾਹੁਣ ਅਤੇ ਉਨ੍ਹਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ। ਗਲੀਆਂ ਕਿਉਂਕਿ ਤੰਗ ਸਨ, ਇਸ ਲਈ ਪੁਲਸ ਦੀਆਂ ਟੀਮਾਂ ਇਕ ਕਤਾਰ 'ਚ ਚੱਲ ਰਹੀਆਂ ਸਨ ਕਿ ਇੰਨੇ ਨੂੰ ਇਕ ਹਿਜੜੇ ਨੇ ਵਿਚ ਦਖਲ ਦਿੰਦਿਆਂ ਉਨ੍ਹਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। 
ਕੁਝ ਕਦਮ ਅੱਗੇ ਚੱਲ ਕੇ ਇਕ ਹੋਰ ਹਿਜੜੇ ਨੇ ਉਨ੍ਹਾਂ ਨੂੰ ਝੂਠੀ ਸੂਚਨਾ ਦੇ ਕੇ ਉਨ੍ਹਾਂ ਦਾ ਧਿਆਨ ਭਟਕਾਉਣ ਤੇ ਸਮਾਂ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ 'ਚ ਖੁਲਾਸਾ ਹੋਇਆ ਕਿ ਜਦੋਂ ਪੁਲਸ ਦਾ ਧਿਆਨ ਭਟਕਾਇਆ ਜਾ ਰਿਹਾ ਸੀ, ਉਦੋਂ ਹਿਜੜਿਆਂ ਦਾ ਇਕ ਹੋਰ ਸਮੂਹ ਦੋਸ਼ੀਆਂ ਨੂੰ ਪੁਲਸ ਦੇ ਜਾਲ 'ਚੋਂ ਭੱਜਣ ਲਈ ਚੌਕਸ ਕਰ ਰਿਹਾ ਸੀ। ਹਾਲਾਂਕਿ ਪੁਲਸ ਸਮੇਂ ਸਿਰ ਪਹੁੰਚ ਗਈ ਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ। 
ਬੀਤੀ 6 ਫਰਵਰੀ ਨੂੰ ਅੰਬੁਜਵਾੜੀ 'ਚ ਉਸ ਛਾਪੇ ਦੌਰਾਨ ਪੁਲਸ ਨੇ ਇਲਾਕੇ ਦੇ ਮੁੱਖ ਨਸ਼ਾ ਤਸਕਰ ਲਕਸ਼ਮੀ ਵੇਲਨਦਾਸ ਉਰਫ ਬੌਸ ਨੂੰ ਉਸ ਦੇ ਸਹਿਯੋਗੀਆਂ ਸੰਪੂਰਨ ਮਿਸਤਰੀ ਅਤੇ ਭਰਤ ਸ਼ਾਹ ਨਾਲ ਦਬੋਚ ਲਿਆ। ਦੋਸ਼ੀ ਤਿਕੜੀ ਨੂੰ ਜੇਲ ਭੇਜ ਦਿੱਤਾ ਗਿਆ ਹੈ। 
ਏ. ਐੱਨ. ਸੀ. ਦੇ ਮੁਖੀ ਸ਼ਿਵਦੀਪ ਨੇ ਦੱਸਿਆ ਕਿ ਡਰੱਗ ਮਾਫੀਆ ਪੁਲਸ ਨੂੰ ਗੁੰਮਰਾਹ ਕਰਨ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਆਪਣੀਆਂ ਰਣਨੀਤੀਆਂ ਤੇ ਚਾਲਾਂ ਬਦਲਦਾ ਰਹਿੰਦਾ ਹੈ। ਇਕ ਸੂਚਨਾ ਮੁਤਾਬਿਕ ਨਸ਼ੇ ਦੇ ਸੌਦਾਗਰ ਆਪਣੇ ਸੌਦਿਆਂ 'ਚੋਂ ਕੁਝ ਹਿੱਸਾ ਇਨ੍ਹਾਂ ਹਿਜੜਿਆਂ ਨੂੰ ਦਿੰਦੇ ਹਨ, ਜੋ ਬਦਲੇ 'ਚ ਉਨ੍ਹਾਂ ਦਾ ਪੁਲਸ  ਛਾਪਿਆਂ ਦੌਰਾਨ ਬਚਾਅ ਕਰਦੇ ਹਨ।  
ਕੋਈ ਵੀ ਕਿਉਂਕਿ  ਹਿਜੜਿਆਂ ਨਾਲ ਉਲਝਣਾ ਨਹੀਂ ਚਾਹੁੰਦਾ, ਇਸ ਲਈ ਨਸ਼ੇ ਦੇ ਸੌਦਾਗਰ ਇਸ ਸਥਿਤੀ ਦਾ ਲਾਹਾ ਲੈ ਕੇ ਬਚ ਨਿਕਲਦੇ ਹਨ। 
ਪੁਲਸ  ਨੇ ਦੱਸਿਆ ਕਿ ਹਿਜੜੇ ਨਸ਼ੇ ਦੇ ਸੌਦਾਗਰਾਂ ਲਈ ਸੁਰੱਖਿਆ ਦੀ ਬਾਹਰਲੀ ਪਰਤ ਵਜੋਂ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਝੌਂਪੜਪੱਟੀ ਇਲਾਕਿਆਂ ਦੇ ਵੱਖ-ਵੱਖ ਅੰਦਰ ਜਾਣ ਵਾਲੇ ਅਤੇ ਬਾਹਰ ਨਿਕਲਣ ਵਾਲੇ ਰਸਤਿਆਂ 'ਤੇ ਤਾਇਨਾਤ ਕੀਤਾ ਜਾਂਦਾ ਹੈ। ਜਦੋਂ ਕਦੇ ਵੀ ਪੁਲਸ ਵਾਲੇ ਇਨ੍ਹਾਂ ਇਲਾਕਿਆਂ 'ਚ ਨਸ਼ਿਆਂ ਦੇ ਕਾਰੋਬਾਰ ਦਾ ਘੇਰਾ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਹਿਜੜੇ ਪੁਲਸ ਨੂੰ ਗੁੰਮਰਾਹ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਅਲਰਟ ਕਰਨ ਦੀ ਕੋਸ਼ਿਸ਼ ਕਰਦੇ ਹਨ।  
ਅਜਿਹੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਹਨ। ਪੁਲਸ ਅਨੁਸਾਰ ਨਸ਼ੇ ਦੇ ਸੌਦਾਗਰਾਂ ਨੇ ਹਿਜੜਿਆਂ ਨੂੰ ਇਕ ਤਰ੍ਹਾਂ ਨਾਲ 'ਨੌਕਰੀ' ਉੱਤੇ ਹੀ ਰੱਖ ਲਿਆ ਹੈ, ਜੋ ਪੁਲਸ ਦੀ ਕਾਰਵਾਈ ਦੌਰਾਨ ਜਾਣਬੁੱਝ ਕੇ ਦਖਲ ਦਿੰਦੇ ਹਨ ਅਤੇ ਕਈ ਵਾਰ ਤਾਂ ਉਨ੍ਹਾਂ ਦੀ ਪੁਲਸ ਵਾਲਿਆਂ ਨਾਲ ਗਰਮਾ-ਗਰਮੀ ਵੀ ਹੋ ਜਾਂਦੀ ਹੈ। ਨਸ਼ਿਆਂ ਦੇ ਸੌਦਾਗਰ ਅਜਿਹੇ ਹਿਜੜਿਆਂ ਨੂੰ ਹੀ ਕੰਮ 'ਤੇ ਲਾਉਂਦੇ ਹਨ, ਜੋ ਪੁਲਸ ਨਾਲ ਉਲਝਣ ਲਈ ਕਾਫੀ ਦਲੇਰ ਹੁੰਦੇ ਹਨ। 
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜੇ ਅਧਿਕਾਰੀ ਇਤਰਾਜ਼ ਪ੍ਰਗਟਾਉਂਦੇ ਹਨ ਤਾਂ ਖੁਸਰੇ ਗਾਲੀ-ਗਲੋਚ 'ਤੇ ਉਤਰ ਆਉਂਦੇ ਹਨ, ਜਿਸ ਨਾਲ ਇਕ ਅਜਿਹਾ ਦ੍ਰਿਸ਼ ਬਣ ਜਾਂਦਾ ਹੈ, ਜਿਵੇਂ ਕਿ ਉਨ੍ਹਾਂ ਨਾਲ ਛੇੜਖਾਨੀ ਹੋਈ ਹੋਵੇ ਜਾਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੋਵੇ। ਅਜਿਹੇ ਪੁਲਸ ਅਧਿਕਾਰੀ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਬਚਦੇ ਹਨ। 
ਪੁਲਸ ਨੇ ਦੱਸਿਆ ਕਿ ਹਿਜੜਿਆਂ ਦੀ ਸਹਾਇਤਾ ਨਾਲ ਪੁਲਸ ਮੁਲਾਜ਼ਮਾਂ ਨੂੰ ਅਜਿਹੀਆਂ ਥਾਵਾਂ 'ਤੇ ਆਸਾਨੀ ਨਾਲ ਗੁੰਮਰਾਹ ਕੀਤਾ ਜਾਂ ਭਟਕਾਇਆ ਜਾ ਸਕਦਾ ਹੈ, ਜਿਥੇ ਰਸਤੇ ਭੁੱਲ-ਭੁਲੱਈਆ ਵਰਗੇ ਹੋਣ। 
ਪੁਲਸ ਦੀਆਂ ਰਿਪੋਰਟਾਂ ਅਨੁਸਾਰ ਨਸ਼ਿਆਂ ਦੇ ਸੌਦਾਗਰ ਆਮ ਤੌਰ 'ਤੇ ਝੌਂਪੜਪੱਟੀ ਦੇ ਲੋਕਾਂ ਦੀਆਂ ਕਮਜ਼ੋਰੀਆਂ ਦਾ ਸ਼ੋਸ਼ਣ ਕਰ ਕੇ ਉਨ੍ਹਾਂ ਨੂੰ ਭੰਗ, ਕਫ ਸਿਰਪ, ਗੂੰਦ ਤੇ ਕਈ ਹੋਰ ਤਰ੍ਹਾਂ ਦੇ ਸਸਤੇ ਨਸ਼ਿਆਂ ਦੇ ਆਦੀ ਬਣਾ ਦਿੰਦੇ ਹਨ। ਅਜਿਹੇ ਤਰੀਕਿਆਂ ਦਾ ਇਸਤੇਮਾਲ  ਉਹ ਆਪਣੇ ਛੋਟੇ ਪਰ ਲਾਹੇਵੰਦ ਧੰਦੇ ਨੂੰ ਸੁਰੱਖਿਅਤ ਰੱਖਣ ਅਤੇ ਪੁਲਸ ਦੀ ਪਕੜ ਤੋਂ ਬਚਣ ਲਈ ਕਰਦੇ ਹਨ।             


Bharat Thapa

Content Editor

Related News