ਅੱਤਵਾਦ ’ਤੇ ਮੁਸਲਿਮ ਦੇਸ਼ਾਂ ਦਾ ਵਾਰ

Wednesday, Jan 02, 2019 - 07:20 AM (IST)

ਅੱਤਵਾਦ ’ਤੇ ਮੁਸਲਿਮ ਦੇਸ਼ਾਂ ਦਾ ਵਾਰ

ਹੁਣੇ-ਹੁਣੇ ਹੋਈਅਾਂ ਅੱਤਵਾਦੀ ਘਟਨਾਵਾਂ ਨਾਲ ਮਿਸਰ ਦਹਿਲਿਆ ਜ਼ਰੂਰ ਪਰ ਉਸ ਨੇ ਜੋ ਜੁਆਬੀ ਕਾਰਵਾਈ ਕੀਤੀ, ਉਸ ਨਾਲ ਪੂਰੀ ਦੁਨੀਆ ’ਚ ਮਿਸਰ ਦੀ ਤਾਰੀਫ ਹੋ ਰਹੀ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਪੂਰੀ ਦੁਨੀਆ ਅੱਤਵਾਦੀਅਾਂ ਵਿਰੁੱਧ ਮਿਸਰ ਵਾਂਗ ਹੀ ਜੁਆਬੀ ਕਾਰਵਾਈ ਕਰੇ, ਅੱਤਵਾਦੀਅਾਂ ਅਤੇ ਅੱਤਵਾਦੀਅਾਂ ਨੂੰ ਸ਼ਹਿ ਦੇਣ ਵਾਲਿਅਾਂ ਨੂੰ ‘ਸਜ਼ਾ’ ਦੇਵੇ ਤਾਂ ਹੀ ਇਸਲਾਮਿਕ ਅੱਤਵਾਦ ਦਾ ਸਾਹਮਣਾ ਕੀਤਾ ਜਾ ਸਕਦਾ ਹੈ, ਇਸਲਾਮਿਕ ਅੱਤਵਾਦ ਦੀਅਾਂ ਜੜ੍ਹਾਂ ਪੁੱਟੀਅਾਂ ਜਾ ਸਕਦੀਅਾਂ ਹਨ। 
ਜ਼ਿਕਰਯੋਗ ਹੈ ਕਿ ਮਿਸਰ ਅੰਦਰ ਜਿਵੇਂ ਹੀ ਅੱਤਵਾਦ ਦੀ ਵੱਡੀ ਘਟਨਾ ਵਾਪਰੀ, ਜਿਸ ’ਚ ਲੱਗਭਗ ਇਕ ਦਰਜਨ ਤੋਂ ਜ਼ਿਆਦਾ ਵੀਅਤਨਾਮੀ ਸੈਲਾਨੀ ਮਾਰੇ ਗਏ ਸਨ, ਮਿਸਰ ਸਰਕਾਰ ਨੇ ਪੂਰੇ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ ਅਤੇ ਲੱਭ-ਲੱਭ ਕੇ 40 ਤੋਂ ਜ਼ਿਆਦਾ ਅੱਤਵਾਦੀਅਾਂ, ਉਨ੍ਹਾਂ ਨੂੰ ਸ਼ਹਿ ਦੇਣ ਵਾਲਿਅਾਂ ਅਤੇ ਅੱਤਵਾਦੀਅਾਂ ਦੇ ਮਜ਼ਹਬੀ ਗੁਰੂਅਾਂ ਨੂੰ ਮਾਰ-ਮੁਕਾਇਆ। 
ਮਿਸਰ ਦੀ ਪੁਲਸ ਨੇ ਵੱਖਰੇ ਤੌਰ ’ਤੇ ਬਿਆਨ ਜਾਰੀ ਕੀਤਾ ਹੈ ਕਿ ਅੱਤਵਾਦੀਅਾਂ ਨੂੰ ਸ਼ਹਿ ਦੇਣ ਵਾਲੇ ਲੋਕਾਂ ਅਤੇ ਅੱਤਵਾਦੀਅਾਂ ਨੂੰ ਉਪਦੇਸ਼ ਦੇਣ ਵਾਲੇ ਮਜ਼ਹਬੀ ਗੁਰੂਅਾਂ ਦਾ ਅਪਰਾਧ ਵੀ ਅੱਤਵਾਦ ਦੀ ਸ਼੍ਰੇਣੀ ’ਚ ਰੱਖਿਆ ਜਾਵੇਗਾ ਅਤੇ ਇਸ ਅਪਰਾਧ ਦੀ ਸਜ਼ਾ ਮੌਤ ਹੋਵੇਗੀ। 
ਅੱਤਵਾਦੀ ਹਿੰਸਾ ਕਾਰਨ ਪ੍ਰਭਾਵਿਤ ਹੋਇਆ ਮਿਸਰ ਦਾ ਸੈਰ-ਸਪਾਟਾ ਬਾਜ਼ਾਰ
ਇਥੇ ਇਹ ਜਾਣਨਾ ਜ਼ਰੂਰੀ ਹੈ ਕਿ ਮਿਸਰ ਦਾ ਸੈਰ-ਸਪਾਟਾ ਬਾਜ਼ਾਰ ਪੂਰੀ ਦੁਨੀਆ ’ਚ ਪ੍ਰਸਿੱਧ ਹੈ। ਪੂਰੀ ਦੁਨੀਆ ਦੇ ਸੈਲਾਨੀ ਇਥੇ ਘੁੰਮਣ ਆਉਂਦੇ ਹਨ। ਸੈਰ-ਸਪਾਟਾ ਬਾਜ਼ਾਰ ਮਿਸਰ ਦੀ ਅਰਥ ਵਿਵਸਥਾ ਨੂੰ ਇਕ ਵੱਡਾ ਆਧਾਰ ਦਿੰਦਾ ਹੈ ਪਰ ਮਿਸਰ ’ਚ ਮੁਸਲਿਮ ਬ੍ਰਦਰਹੁੱਡ ਦੇ ਵਧਦੇ ਪ੍ਰਭਾਵ ਅਤੇ ਵੱਖ-ਵੱਖ ਅੱਤਵਾਦੀ ਸੰਗਠਨਾਂ ਦੀ ਹਿੰਸਾ ਕਾਰਨ ਮਿਸਰ ਦਾ ਸੈਰ-ਸਪਾਟਾ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੁਨੀਆ ਭਰ ਤੋਂ ਮਿਸਰ ’ਚ ਆਉਣ ਵਾਲੇ ਸੈਲਾਨੀ ਹੁਣ ਦੂਜੇ ਦੇਸ਼ਾਂ ਵੱਲ ਰੁਖ਼ ਕਰ ਰਹੇ ਹਨ, ਅੱਤਵਾਦ ’ਤੇ ਮੁਸਲਿਮ ਦੇਸ਼ਾਂ ਦਾ ਵਾਰ
ਜਿਸ ਕਾਰਨ ਮਿਸਰ ਦੀ ਸੈਰ-ਸਪਾਟਾ ਅਰਥ ਵਿਵਸਥਾ ’ਤੇ ਸੰਕਟ ਦੇ ਬੱਦਲ ਮੰਡਰਾਅ ਰਹੇ ਹਨ। ਕਦੇ ਮਿਸਰ ਆਧੁਨਿਕ ਸੋਚ ਵਾਲਾ ਦੇਸ਼ ਸੀ ਪਰ ਮੁਸਲਿਮ ਬ੍ਰਦਰਹੁੱਡ ਦੇ ਆਉਣ ਨਾਲ ਮਿਸਰ ’ਚ ਮਜ਼ਹਬੀ ਕੱਟੜਵਾਦ ਨੂੰ ਹਿੰਸਕ ਖੰਭ ਲੱਗ ਗਏ। 
ਸਿਰਫ ਮਿਸਰ ਹੀ ਕਿਉਂ, ਹੋਰ ਇਸਲਾਮਿਕ ਦੇਸ਼ ਵੀ ਹੁਣ ਚੌਕੰਨੇ ਹੋ ਰਹੇ ਹਨ, ਅੱਤਵਾਦ ਦੇ ਖਤਰੇ ਨੂੰ ਦੇਖ-ਸਮਝ ਰਹੇ ਹਨ, ਅੱਤਵਾਦ ਨੂੰ ਆਤਮਘਾਤੀ ਮੰਨ ਰਹੇ ਹਨ। ਦੁਨੀਆ ’ਚ ਕਈ ਅਜਿਹੇ ਮੁਸਲਿਮ ਦੇਸ਼ ਹਨ, ਜੋ ਇਸਲਾਮਿਕ ਅੱਤਵਾਦ ਪ੍ਰਤੀ ਬਹਾਦਰੀ ਦਿਖਾ ਰਹੇ ਹਨ। ਜੁਆਬੀ ਹਿੰਸਾ ਨੂੰ  ਉਨ੍ਹਾਂ ਨੇ ਇਸਲਾਮਿਕ ਅੱਤਵਾਦ ਨੂੰ ਖਤਮ ਕਰਨ ਦਾ ਨਵਾਂ ਹਥਿਆਰ ਬਣਾਇਆ ਹੈ। ਅਸੀਂ ਆਪਣੇ ਗੁਅਾਂਢੀ ਦੇਸ਼ ਬੰਗਲਾਦੇਸ਼ ਦੀ ਹੀ ਮਿਸਾਲ ਦੇਖ-ਸਮਝ ਸਕਦੇ  ਹਾਂ। ਕਦੇ ਇਹ ਵੀ ਕੱਟੜਵਾਦ ਅਤੇ ਅੱਤਵਾਦ ਦੀ ਆਕੜ ’ਚ ਸੀ ਪਰ ਬੰਗਲਾਦੇਸ਼ ਸਰਕਾਰ ਨੇ ਮਜ਼ਹਬੀ ਹਿੰਸਾ ਅੱਗੇ ਹਥਿਆਰ ਨਹੀਂ ਸੁੱਟੇ। 
ਬੰਗਲਾਦੇਸ਼ ਨੇ ਕਈ ਅੱਤਵਾਦੀ ਸੰਗਠਨਾਂ ਦੇ ਸਰਗਣਿਅਾਂ ਨੂੰ ਸ਼ਰੇਆਮ ਫਾਂਸੀ ’ਤੇ  ਲਟਕਾਇਆ ਹੈ। ਬੰਗਲਾਦੇਸ਼ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਸ ਨਾਲ ਉਸ ਦਾ ਸਮਰਥਕ ਵਰਗ ਨਾਰਾਜ਼ ਹੋ ਜਾਵੇਗਾ ਜਾਂ ਫਿਰ ਕੱਟੜਪੰਥੀ ਭਾਈਚਾਰਾ ਸੱਤਾ ਨੂੰ ਚੱਟ ਜਾਵੇਗਾ।
 ਪਾਕਿਸਤਾਨ ਦੀ ਮਿਸਾਲ ਦੇਖ ਲਓ, ਉਥੇ ਵੀ ਦਰਜਨਾਂ ਅੱਤਵਾਦੀਅਾਂ ਨੂੰ ਫਾਂਸੀ ’ਤੇ ਲਟਕਾਇਆ ਜਾ ਚੁੱਕਾ ਹੈ, ਹਾਲਾਂਕਿ ਪਾਕਿਸਤਾਨ ਅਜੇ ਵੀ ਦੁਨੀਆ ਭਰ ’ਚ ਅੱਤਵਾਦੀਅਾਂ ਦੀ ‘ਆਊਟਸੋਰਸਿੰਗ’ ਕਰਦਾ ਹੈ, ਫਿਰ ਵੀ ਉਸ ਨੂੰ ਆਪਣੇ ਘਰ ਦੇ ਅੱਤਵਾਦੀ ਸ਼ਾਂਤੀ ਦੇ ਦੁਸ਼ਮਣ ਅਤੇ ਆਤਮਘਾਤੀ ਲੱਗ ਰਹੇ ਹਨ। 
ਸਾਊਦੀ ਅਰਬ ਦੀ ਮਿਸਾਲ
ਸਭ ਤੋਂ ਵੱਡੀ ਮਿਸਾਲ ਸਾਊਦੀ ਅਰਬ ਦੀ ਹੈ। ਇਹ ਕਦੇ ਖ਼ੁਦ ਨੂੰ ਮੁਸਲਿਮ ਦੇਸ਼ਾਂ ਦਾ ਨੇਤਾ ਕਹਿੰਦਾ ਸੀ, ਇਸਲਾਮ ਦੇ ਕੱਟੜਪੰਥ ਦਾ ਪੈਰਵੀਕਾਰ ਸੀ। ਦੁਨੀਆ ਜਾਣਦੀ ਹੈ ਕਿ ਮੁਸਲਿਮ ਕੱਟੜਪੰਥ ਦੀ ਹਵਾ ਵਗਾਉਣ ’ਚ ਸਾਊਦੀ ਅਰਬ ਦੀ ਕਿੰਨੀ ਤਬਾਹਕੁੰਨ ਭੂਮਿਕਾ ਸੀ। ਅਲਕਾਇਦਾ ਦਾ ਸਰਗਣਾ ਓਸਾਮਾ ਬਿਨ ਲਾਦੇਨ ਸਾਊਦੀ ਅਰਬ ਦਾ ਹੀ ਨਾਗਰਿਕ ਸੀ, ਜਿਸ ਨੇ ਅਮਰੀਕਾ ’ਤੇ ਹਮਲਾ ਕਰ ਕੇ 5000 ਤੋਂ ਜ਼ਿਆਦਾ ਲੋਕਾਂ ਨੂੰ ਮਾਰ ਦਿੱਤਾ ਸੀ। ਬਾਅਦ ਵਿਚ ਅਮਰੀਕਾ ਨੇ ਪਾਕਿਸਤਾਨ ਅੰਦਰ ਹੀ ਲਾਦੇਨ ਨੂੰ ਮਾਰਿਆ ਸੀ। 
ਇਕ ਸਮਾਂ ਉਹ ਵੀ ਸੀ, ਜਦੋਂ ਮੁਸਲਿਮ ਨਜ਼ਰੀਏ ’ਤੇ ਸਾਊਦੀ ਅਰਬ ਅੱਖਾਂ ਮੀਚ ਕੇ ਪਾਕਿਸਤਾਨ ਦੀ ਹਮਾਇਤ ਕਰਦਾ ਸੀ ਪਰ ਜਦੋਂ ਅੱਤਵਾਦ ਖ਼ੁਦ ਸਾਊਦੀ ਅਰਬ ਲਈ ਹੀ ਆਤਮਘਾਤੀ ਸਿੱਧ ਹੋਣ ਲੱਗਾ, ਸ਼ਾਂਤੀ ਦਾ ਦੁਸ਼ਮਣ ਬਣ ਗਿਆ, ਸਾਊਦੀ ਅਰਬ ਦੀ ਤਰੱਕੀ ਖਤਰੇ ’ਚ ਪੈ ਗਈ, ਤਾਂ ਸਾਊਦੀ ਅਰਬ ਦੇ ਸ਼ਾਸਕਾਂ ਦੀ ਨੀਂਦ ਖੁੱਲ੍ਹੀ ਅਤੇ ਉਨ੍ਹਾਂ ਨੇ ਕਈ ਅੱਤਵਾਦੀਅਾਂ ਨੂੰ ਫਾਂਸੀ ਚਾੜ੍ਹਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਊਦੀ ਅਰਬ ਨੇ  ਪਾਕਿਸਤਾਨ ਦੀ ਅੱਤਵਾਦੀ ਆਊਟਸੋਰਸਿੰਗ ਨੀਤੀ ’ਤੇ ਨੋਟਿਸ ਲਿਆ ਤੇ ਉਸ ਨਾਲ ਆਪਣੇ ਸਬੰਧ ਸੀਮਤ ਕਰ ਲਏ। 
ਇਕ ਸਮੇਂ ਭਾਰਤ ਨਾਲ ਦੁਸ਼ਮਣੀ ਦੀ ਭਾਵਨਾ ਰੱਖਣ ਵਾਲਾ ਸਾਊਦੀ ਅਰਬ ਭਾਰਤ ਦਾ ਦੋਸਤ ਬਣ ਗਿਆ। ਉਸ ਨੇ ਭਾਰਤ ਨੂੰ ਇਕ-ਦੋ ਨਹੀਂ, ਸਗੋਂ ਕਈ ਅੱਤਵਾਦੀ ਫੜ ਕੇ ਸੌਂਪੇ ਹਨ। ਸਾਊਦੀ ਅਰਬ ਕਾਰਨ ਹੀ ਭਾਰਤ ਆਪਣੇ ਦੇਸ਼ ’ਚ ਹੋਣ ਵਾਲੀਅਾਂ ਜ਼ਿਆਦਾਤਰ ਅੱਤਵਾਦੀ ਘਟਨਾਵਾਂ ਨੂੰ ਰੋਕਣ ’ਚ ਅਤੇ ਅੱਤਵਾਦੀਅਾਂ ਨੂੰ ਜੇਲਾਂ ’ਚ ਬੰਦ ਕਰਨ ’ਚ ਸਫਲ ਰਿਹਾ ਹੈ। 
ਚੀਨ ਅਤੇ ਇਸਲਾਮਿਕ ਅੱਤਵਾਦ ਦੇ ਸਵਾਲ ’ਤੇ ਦੁਨੀਆ ’ਚ  ਇਕ ਵੱਡੀ ਖ਼ਬਰ ਆਈ ਹੈ। ਚੀਨ ਲੱਗਭਗ 10 ਲੱਖ ਮੁਸਲਮਾਨਾਂ ਨੂੰ ਅਸਥਾਈ ਜੇਲਾਂ ’ਚ ਕੈਦ ਕਰ ਕੇ ਸ਼ਾਂਤੀ ਅਤੇ ਸਦਭਾਵਨਾ ਦਾ ਪਾਠ ਪੜ੍ਹਾ ਰਿਹਾ ਹੈ। ਰੂਸ ਨੇ ਉਨ੍ਹਾਂ ਮਸਜਿਦਾਂ ’ਤੇ ਬੁਲਡੋਜ਼ਰ ਚਲਾਏ, ਬੰਬ ਚਲਾਏ, ਜਿਨ੍ਹਾਂ ਮਸਜਿਦਾਂ ’ਚ ਅੱਤਵਾਦੀਅਾਂ ਨੇ ਪਨਾਹ ਲਈ ਹੋਈ ਸੀ ਜਾਂ ਅੱਤਵਾਦੀਅਾਂ ਨੂੰ ਸ਼ਹਿ ਦੇਣ ਵਾਲੇ ਰਹਿੰਦੇ ਸਨ। 
ਅੱਤਵਾਦ ਦਾ ਸਮਰਥਨ ਕਰਨ ਵਾਲੇ ਵੀ ‘ਅੱਤਵਾਦੀ’ 
ਦੁਨੀਆ ’ਚ ਹਰ ਜਗ੍ਹਾ ਅੱਤਵਾਦ ਨੂੰ ਲੈ ਕੇ ਇਕ ਰਾਏ  ਬਣ ਰਹੀ ਹੈ ਕਿ ਕਿਸੇ ਵੀ ਹਾਲਤ ’ਚ ਅੱਤਵਾਦ ਦਾ ਸਮਰਥਨ ਕਰਨਾ ਘਾਤਕ ਹੈ, ਸ਼ਾਂਤੀ  ਅਤੇ ਅਰਥ ਵਿਵਸਥਾ ਲਈ ਖਤਰਾ ਹੈ। ਇਹ ਵੀ ਰਾਏ ਬਣੀ ਹੈ ਕਿ ਜੋ ਵੀ ਅੱਤਵਾਦ ਦਾ ਸਮਰਥਨ ਕਰੇ, ਅੱਤਵਾਦ ਨੂੰ ਸ਼ਹਿ ਦੇਵੇ ਅਤੇ ਅੱਤਵਾਦੀਅਾਂ ਦਾ ਮਜ਼ਹਬੀ ਗੁਰੂ ਬਣੇ, ਉਨ੍ਹਾਂ ਸਾਰਿਅਾਂ ਨੂੰ ‘ਅੱਤਵਾਦੀ’ ਮੰਨਿਆ ਜਾਵੇ। 
ਮਿਸਰ ’ਚ ਵੀ, ਬੰਗਲਾਦੇਸ਼ ’ਚ ਅਤੇ ਸਾਊਦੀ ਅਰਬ ’ਚ ਵੀ ਇਹੋ ਆਮ ਰਾਏ ਬਣੀ ਹੈ। ਹੌਲੀ-ਹੌਲੀ ਹੋਰ ਮੁਸਲਿਮ ਦੇਸ਼ ਵੀ ਇਸ ਰਾਏ ਨੂੰ ਮੰਨ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਅੱਤਵਾਦੀਅਾਂ ਨੂੰ ਖਾਦ-ਪਾਣੀ ਦੇਣ ਵਾਲੇ ਮਜ਼ਹਬੀ ਗੁਰੂਅਾਂ ਅਤੇ ਸ਼ਹਿ ਦੇਣ ਵਾਲਿਅਾਂ ’ਤੇ ਵਾਰ ਨਹੀਂ ਹੋਵੇਗਾ, ਅਜਿਹੇ ਲੋਕਾਂ ਨੂੰ ਜੇਲਾਂ ’ਚ ਨਹੀਂ ਡੱਕਿਆ ਜਾਵੇਗਾ, ਉਦੋਂ ਤਕ ਇਨ੍ਹਾਂ ਦੀ ਕੱਟੜ ਮਾਨਸਿਕਤਾ ਨਹੀਂ ਟੁੱਟੇਗੀ। 
ਇਹ ਇਕਦਮ ਦਰੁੱਸਤ ਰਾਏ ਹੈ। ਦੁਨੀਆ ਸਮਝਦੀ ਹੈ ਕਿ ਜਦੋਂ ਤਕ ਅਜਿਹੇ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ, ਉਦੋਂ ਤਕ ਇਸਲਾਮਿਕ ਅੱਤਵਾਦ ਦਾ ਸਫਾਇਆ ਨਹੀਂ ਕੀਤਾ ਜਾ ਸਕਦਾ। ਸਹੀ ਵੀ ਇਹੋ ਹੈ ਕਿ ਅੱਤਵਾਦੀਅਾਂ ਨੂੰ ਸ਼ਹਿ ਅਤੇ ਉਪਦੇਸ਼ ਦੇਣ ਵਾਲੇ ਉਨ੍ਹਾਂ ਲਈ ਖਾਦ-ਪਾਣੀ ਦਾ ਕੰਮ ਕਰਦੇ ਹਨ, ਉਨ੍ਹਾਂ ਨੂੂੰ ਜੁਆਬੀ ਹਿੰਸਾ ਦਾ ਸ਼ਿਕਾਰ ਹੋਣ ਤੋਂ ਬਚਾਉਂਦੇ ਹਨ, ਜੇਲ ਦੀ ਸਖਤ ਸਜ਼ਾ ਭੁਗਤਣ ਤੋਂ ਬਚਾਉਂਦੇ ਹਨ।
 ਅੱਤਵਾਦੀ ਵੱਡੀਅਾਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਆਬਾਦੀ ਵਾਲੇ ਖੇਤਰਾਂ ’ਚ ਜਾ ਲੁਕਦੇ ਹਨ, ਜਿਨ੍ਹਾਂ ਨੂੰ ਲੱਭਣਾ ਪੁਲਸ ਲਈ ਮੁਸ਼ਕਿਲ ਹੋ ਜਾਂਦਾ ਹੈ। ਅੱਤਵਾਦੀ ਕਿਸੇ ਹੋਰ ਗ੍ਰਹਿ ਦੇ ਵਾਸੀ ਤਾਂ ਹੁੰਦੇ ਨਹੀਂ, ਉਹ ਵੀ ਆਮ ਲੋਕਾਂ ’ਚੋਂ ਹੁੰਦੇ ਹਨ ਤੇ  ਆਪਣੀਅਾਂ ਕਰਤੂਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਆਮ ਲੋਕਾਂ ’ਚ ਹੀ ਘੁਲ-ਮਿਲ ਜਾਂਦੇ ਹਨ ਤੇ ਆਮ ਬੇਕਸੂਰ ਲੋਕਾਂ ਨੂੰ ਹੀ ਉਹ ਆਪਣੀ ਹਿੰਸਾ ਦਾ ਸ਼ਿਕਾਰ ਬਣਾਉਂਦੇ ਹਨ। 
ਇਸਰਾਈਲ ਦੀ ਥਿਊਰੀ
ਇਥੇ ਇਸਰਾਈਲ ਦੀ ਇਕ ਥਿਊਰੀ ਬਹੁਤ ਚਰਚਿਤ ਹੈ, ਜੋ ਦੁਨੀਆ ਭਰ ’ਚ ਸਲਾਹੀ ਜਾਂਦੀ ਹੈ। ਇਸਰਾਈਲ ‘ਜੈਸੇ ਕੋ ਤੈਸਾ’ ਦੇ ਰੂਪ ’ਚ ਜਵਾਬ ਦੇਣ ਲਈ ਤਿਆਰ ਰਹਿੰਦਾ ਹੈ। ਇਸਰਾਈਲ ਕਹਿੰਦਾ ਹੈ ਕਿ ਉਸ ਦਾ ਬੰਬ ਉਥੇ ਜਾ ਕੇ ਹੀ ਡਿਗੇਗਾ, ਜਿਥੇ ਅੱਤਵਾਦ, ਅੱਤਵਾਦੀ ਹੋਵੇਗਾ। 
ਜੇ ਕੋਈ ਅੱਤਵਾਦੀ ਆਬਾਦੀ ਵਾਲੇ ਖੇਤਰਾਂ ’ਚ ਲੁਕਿਆ ਹੋਵੇਗਾ ਤਾਂ ਇਸਰਾਈਲ ਦਾ ਬੰਬ ਉਨ੍ਹਾਂ ਖੇਤਰਾਂ ’ਚ ਹੀ ਡਿਗੇਗਾ। ਜੇ ਉਨ੍ਹਾਂ ਖੇਤਰਾਂ ’ਚ ਰਹਿਣ ਵਾਲੇ ਲੋਕ ਇਸਰਾਈਲ ਦੇ ਬੰਬਾਂ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀਅਾਂ ਨੂੰ ਸ਼ਹਿ ਦੇਣ ਦੀ ਨੀਤੀ ਛੱਡਣੀ ਪਵੇਗੀ। 
ਜ਼ਿਕਰਯੋਗ ਹੈ ਕਿ ਇਸਰਾਈਲ ਦੇ ਬੰਬ ਫਿਲਸਤੀਨ ਦੇ ਆਬਾਦੀ ਵਾਲੇ ਖੇਤਰਾਂ ’ਚ ਕਹਿਰ ਬਣ ਕੇ ਡਿਗਦੇ ਹਨ ਕਿਉਂਕਿ ਇਸਰਾਈਲ ਵਿਰੁੁੱਧ ਹਿੰਸਾ ਕਰ ਕੇ ਅੱਤਵਾਦੀ ਫਿਲਸਤੀਨ ਦੇ ਆਬਾਦੀ ਵਾਲੇ ਖੇਤਰਾਂ ’ਚ ਜਾ ਕੇ ਲੁਕ ਜਾਂਦੇ ਹਨ। 
ਮੁਸਲਿਮ ਦੇਸ਼ਾਂ ਨੇ ਇਸਲਾਮਿਕ ਅੱਤਵਾਦ ਨੂੰ ਦਫਨਾਉਣ ਲਈ ਜੋ ਨੀਤੀ ਅਪਣਾਈ ਹੈ, ਉਹ ਪੂਰੀ ਤਰ੍ਹਾਂ ਦਰੁੱਸਤ ਹੈ। ਸ਼ਹਿ ਦੇਣ ਵਾਲਿਅਾਂ ਤੇ ਮਜ਼ਹਬੀ ਗੁਰੂਅਾਂ ਨੂੰ ਸ਼ਾਂਤੀ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ। ਭਾਰਤ ਵਰਗੇ ਅੱਤਵਾਦ ਤੋਂ ਪੀੜਤ ਹਰੇਕ ਦੇਸ਼ ਨੂੰ ਅੱਤਵਾਦੀਅਾਂ ਨੂੰ ਸ਼ਹਿ ਦੇਣ ਵਾਲਿਅਾਂ ਤੇ ਮਜ਼ਹਬੀ ਗੁਰੂਅਾਂ ਨੂੰ  ਕਾਨੂੰਨ ਦਾ ਪਾਠ ਪੜ੍ਹਾਉਣ ਲਈ ਅੱਗੇ ਆਉਣਾ ਚਾਹੀਦਾ ਹੈ। 
ਭਾਰਤ ਲਈ ਹਮੇਸ਼ਾ ਮੰਦਭਾਗੀ ਸਥਿਤੀ ਉਦੋਂ ਪੈਦਾ ਹੋ ਜਾਂਦੀ ਹੈ, ਜਦੋਂ ਸਿਆਸੀ ਅਤੇ ਮਜ਼੍ਹਬੀ ਵਰਗ ਅੱਤਵਾਦੀਅਾਂ ਦੇ ਪੱਖ ’ਚ ਖੜ੍ਹੇ ਹੋ ਕੇ ਉਨ੍ਹਾਂ ਦੇ ਕਥਿਤ ਮਨੁੱਖੀ ਅਧਿਕਾਰਾਂ ਦੀ ਗੱਲ ਛੇੜ ਕੇ ਬਖੇੜਾ ਖੜ੍ਹਾ ਕਰ ਦਿੰਦੇ ਹਨ।  
                  
 


Related News