‘ਰਾਸ਼ਟਰ ਦੀ ਆਤਮਾ’ ਨੂੰ ਖੰਡਿਤ ਕਰਨਾ ਚਾਹੁੰਦਾ ਹੈ ਸੰਘ ਪਰਿਵਾਰ

10/04/2018 6:53:49 AM

‘‘ਤੁਸੀਂ  ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਮੁਸਲਿਮ ਵਿਰੋਧੀ ਕਹੋ ਤਾਂ ਗੱਲ ਸਮਝ ਆਉਂਦੀ ਪਰ ਇਸ ਨੂੰ ਰਾਸ਼ਟਰ ਵਿਰੋਧੀ ਕਿਵੇਂ ਕਹਿ ਸਕਦੇ ਹੋ? ਤੁਸੀਂ ਬੇਵਜ੍ਹਾ ਸੰਘ ਨਾਲ ਨਫਰਤ ਕਰਦੇ ਹੋ।’’
ਮੈਨੂੰ ਸਮਝ ਆ ਗਈ। ਜ਼ਰੂਰ ਅੰਕਲ ਨੇ ਕੱਲ ਰਾਤ ਮੈਨੂੰ ਟੀ. ਵੀ. ’ਤੇ ਦੇਖਿਆ ਹੋਵੇਗਾ, ਜਦੋਂ ਮੈਂ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਜੀ ਦੇ ਵਿਗਿਆਨ ਭਵਨ ਵਾਲੇ ਭਾਸ਼ਣਾਂ ’ਤੇ ਟਿੱਪਣੀ ਕਰ ਰਿਹਾ ਸੀ। 
‘‘ਅੰਕਲ ਤੁਸੀਂ ਮੇਰੀ ਗੱਲ ਠੀਕ ਸਮਝੀ ਪਰ ਉਸ ਪਿੱਛੇ ਕੋਈ ਨਫਰਤ ਜਾਂ ਗਲਤਫਹਿਮੀ ਨਹੀਂ ਹੈ। ਮੈਂ ਸੰਘ ਨੂੰ ਬਹੁਤ ਨੇੜਿਓਂ ਦੇਖਿਆ ਹੈ। ਸੰਘ ਦੇ ਪ੍ਰਚਾਰਕ ਆਮ ਤੌਰ ’ਤੇ ਈਮਾਨਦਾਰ ਲੋਕ ਹੁੰਦੇ ਹਨ। ਸੰਘ ਦੇ ਵਰਕਰਾਂ ਬਾਰੇ ਮੇਰੀ ਉਹੀ ਰਾਏ ਹੈ, ਜੋ ਕਮਿਊਨਿਸਟਾਂ ਅਤੇ ਪੁਰਾਣੇ ਜ਼ਮਾਨੇ ਦੇ ਸਮਾਜਵਾਦੀਆਂ ਬਾਰੇ ਹੈ ਭਾਵ ਕਿਸੇ ਆਮ ਸਿਆਸੀ ਵਰਕਰ ਦੇ ਮੁਕਾਬਲੇ ਇਹ ਲੋਕ ਜ਼ਿਆਦਾ ਈਮਾਨਦਾਰ ਅਤੇ ਆਦਰਸ਼ਵਾਦੀ ਹੁੰਦੇ ਹਨ। ਆਪਣੀ ਸਮਝ ਦੇ ਹਿਸਾਬ ਨਾਲ ਉਹ ਅਕਸਰ ਰਾਸ਼ਟਰ ਦੇ ਹਿੱਤ ਲਈ ਸਮਰਪਿਤ ਵੀ ਹੁੰਦੇ ਹਨ। ਮੈਂ ਜਾਣਦਾ ਹਾਂ ਕਿ ਸੰਘ ਦੇ ਸਵੈਮ ਸੇਵਕਾਂ ਨੇ ਕਈ ਵਾਰ ਕੁਦਰਤੀ ਆਫਤ ਜਾਂ ਕੌਮੀ ਸੰਕਟ ਵੇਲੇ ਹਾਂ-ਪੱਖੀ ਭੂਮਿਕਾ ਨਿਭਾਈ ਹੈ।’’
ਬਜ਼ੁਰਗ ਕੁਝ ਆਸਵੰਦ ਹੋਏ। ‘‘ਮੈਨੂੰ ਲੱਗਾ ਸੀ ਕਿ ਤੁਸੀਂ ਸਹੀ ਗੱਲ ਨੂੰ ਸਹੀ ਕਹੋਗੇ, ਫਿਰ ਤੁਸੀਂ ਸੰਘ ਨੂੰ ਰਾਸ਼ਟਰ ਵਿਰੋਧੀ ਕਿਉਂ ਕਹਿੰਦੇ ਹੋ?’’
‘‘ਕਿਉਂਕਿ ਰਾਸ਼ਟਰ ਦਾ ਬੁਰਾ ਜਾਂ ਭਲਾ ਸਿਰਫ ਕਿਸੇ ਆਦਮੀ ਦੀ ਆਪਣੀ ਸਮਝ ’ਤੇ ਨਿਰਭਰ ਨਹੀਂ ਕਰਦਾ। ਆਮ ਤੌਰ ’ਤੇ ਨਕਸਲੀ ਵੀ ਆਦਰਸ਼ਵਾਦੀ ਹੁੰਦੇ ਹਨ ਅਤੇ ਸੋਚਦੇ ਹਨ ਕਿ ਉਹ ਗਰੀਬਾਂ ਦਾ ਭਲਾ ਕਰ ਰਹੇ ਹਨ ਪਰ ਅਸਲ ’ਚ ਉਹ ਜਿਸ ਤਰ੍ਹਾਂ ਦੀ ਹਿੰਸਾ ਕਰਦੇ ਹਨ, ਉਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਗਰੀਬਾਂ ਦਾ ਹੀ ਹੁੰਦਾ ਹੈ। ਇਸੇ ਤਰ੍ਹਾਂ ਸੰਘ ਵਾਲੇ ਸੋਚਦੇ ਹੋਣਗੇ ਕਿ ਉਹ ਰਾਸ਼ਟਰ ਦਾ ਭਲਾ ਕਰ ਰਹੇ ਹਨ ਪਰ ਉਨ੍ਹਾਂ ਦੇ ਕਰਮ ਅਤੇ ਵਿਚਾਰਾਂ ਨਾਲ ਰਾਸ਼ਟਰ ਦਾ ਨੁਕਸਾਨ ਹੀ ਹੋਇਆ ਹੈ।’’
ਅੰਕਲ ਬੋਲੇ, ‘‘ਇਹ ਗੱਲ ਮੈਂ ਪਹਿਲੀ ਵਾਰ ਸੁਣ ਰਿਹਾ ਹਾਂ। ਜਿਸ ਸੰਗਠਨ ਦਾ ਅਤੀਤ ਰਾਸ਼ਟਰ ਭਗਤੀ ਨਾਲ ਭਰਪੂਰ ਰਿਹਾ ਹੋਵੇ...’’
ਉਨ੍ਹਾਂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਟੋਕ ਦਿੱਤਾ, ‘‘ਹੁਣ ਸੰਘ ਦੇ ਅਤੀਤ ਦੀ ਗੱਲ ਨਾ ਕਰੋ। ਸੰਘ ਦੀ ਸਥਾਪਨਾ 1925 ’ਚ ਹੋਈ ਸੀ ਪਰ ਕੌਮੀ ਅੰਦੋਲਨ ’ਚ ਇਸ ਸੰਗਠਨ ਨੇ ਜ਼ਰਾ ਵੀ ਯੋਗਦਾਨ ਦਿੱਤਾ ਹੋਵੇ ਤਾਂ ਮੈਨੂੰ ਦੱਸੋ। ਤੁਸੀਂ ਦਿਖਾਓ ਦੇਸ਼ ਦੀ ਆਜ਼ਾਦੀ ਲਈ ਸੰਘ ਦੇ ਕਿੰਨੇ ਸਵੈਮ ਸੇਵਕ ਸ਼ਹੀਦ ਹੋਏ, ਸੰਘ ਦੇ ਸੱਦੇ ’ਤੇ ਜੇਲ ਗਏ? ਜੇ ਤੁਸੀਂ ਵੀਰ ਸਾਵਰਕਰ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਪਤਾ ਹੈ ਕਿ ਉਹ ਕਾਲੇ ਪਾਣੀ ਦੀ ਸਜ਼ਾ ’ਚੋਂ ਵਾਇਸਰਾਏ ਤੋਂ ਰਹਿਮ ਦੀ ਭੀਖ ਮੰਗ ਕੇ ਬਾਹਰ ਨਿਕਲੇ ਸਨ? ਬਾਹਰ ਆਉਣ ਤੋਂ ਬਾਅਦ ਉਹ ਅੰਗਰੇਜ਼ਾਂ ਦੀਆਂ ਸ਼ਰਤਾਂ ਮੁਤਾਬਕ ਅਤੇ ਉਨ੍ਹਾਂ ਦੇ ਦਿੱਤੇ ਵਜ਼ੀਫੇ ’ਤੇ ਗੁਜ਼ਾਰਾ ਕਰਦੇ ਸਨ।
 ਕੀ ਤੁਸੀਂ ਜਾਣਦੇ ਹੋ ਕਿ ਜਦੋਂ ਸਾਰਾ ਦੇਸ਼ 1942 ਦੇ ‘ਕਰੋ ਜਾਂ ਮਰੋ’ ਸੰਘਰਸ਼ ’ਚ ਜੁਟਿਆ ਸੀ, ਉਦੋਂ ਸ਼ਿਆਮਾ ਪ੍ਰਸਾਦ ਮੁਖਰਜੀ ਬ੍ਰਿਟਿਸ਼ ਸਰਕਾਰ ਦਾ ਸਹਿਯੋਗ ਕਰ ਰਹੇ ਸਨ? ਇੰਨਾ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਨੱਥੂ ਰਾਮ ਗੋਡਸੇ ਇਕ ਸਮੇਂ ਸੰਘ ਦਾ ਸਵੈਮ ਸੇਵਕ ਰਿਹਾ ਸੀ ਤੇ ਗਾਂਧੀ ਜੀ ਦੀ ਹੱਤਿਆ ਦੇ ਸਮੇਂ ਇਸੇ ਵਿਚਾਰ ਨਾਲ ਜੁੜੇ ਸੰਗਠਨਾਂ ਨਾਲ ਉਸ ਦਾ ਸਬੰਧ ਸੀ। ਇਸੇ ਕਰਕੇ ਗਾਂਧੀ ਜੀ ਦੀ ਹੱਤਿਆ ਤੋਂ ਬਾਅਦ ਸਰਦਾਰ ਪਟੇਲ  ਨੇ ਸੰਘ ’ਤੇ ਪਾਬੰਦੀ ਲਾਈ ਸੀ।’’
ਮੇਰੇ ਇਸ ਤਿੱਖੇ ਜਵਾਬ ਤੋਂ ਅੰਕਲ ਹੈਰਾਨ ਰਹਿ ਗਏ ਤੇ ਫਿਰ ਸੰਭਲਦੇ ਹੋਏ ਬੋਲੇ, ‘‘ਤੁਹਾਡੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹਾਂ। ਜੇਕਰ ਕੋਈ ਹੋਰ ਬੋਲਦਾ ਤਾਂ ਮੈਨੂੰ ਯਕੀਨ ਨਾ ਹੁੰਦਾ ਪਰ ਤੁਸੀਂ ਅਕਸਰ ਤੱਥਾਂ ਦੀ ਜਾਂਚ ਤੋਂ ਬਾਅਦ ਹੀ ਬੋਲਦੇ ਹੋ, ਇਸ ਲਈ ਮੰਨ ਲੈਂਦਾ ਹਾਂ ਪਰ ਇਹ ਸਭ ਤਾਂ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਹਨ, ਹੁਣ ਦੱਬੇ ਮੁਰਦੇ ਕਿਉਂ ਪੁੱਟੇ ਜਾਣ?’’
‘‘ਚਲੋ ਅਸੀਂ ਆਜ਼ਾਦੀ ਤੋਂ ਬਾਅਦ ਦੀ ਗੱਲ ਕਰਦੇ ਹਾਂ। ਜੋ ਸੰਗਠਨ ਕੌਮੀ ਏਕਤਾ ਦੇ ਪਵਿੱਤਰ ਪ੍ਰਤੀਕਾਂ ’ਚ ਯਕੀਨ ਨਾ ਕਰੇ,  ਉਸ ਨੂੰ ਤੁਸੀਂ ਕੀ ਕਹੋਗੇ? ਆਜ਼ਾਦੀ ਤੋਂ ਬਾਅਦ ਵੀ ਸੰਘ ਨੇ ਤਿਰੰਗੇ ਝੰਡੇ ਨੂੰ ਨਹੀਂ ਮੰਨਿਆ। ਆਪਣੀ ਸ਼ਾਖਾ ਅਤੇ ਹੈੱਡਕੁਆਰਟਰ ’ਤੇ ਤਿਰੰਗਾ ਨਹੀਂ ਲਹਿਰਾਇਆ। ਸਿਰਫ ਭਗਵੇ ਝੰਡੇ ਦੀ ਜ਼ਿੱਦ ਕੀਤੀ। ਸੰਘ ਨੇ ‘ਜਨ ਗਣ ਮਨ’ ਦੀ ਤੌਹੀਨ ਕੀਤੀ ਅਤੇ ਇਸ ਨੂੰ ਬ੍ਰਿਟਿਸ਼ ਸੱਤਾ ਦਾ ਪ੍ਰਤੀਕ ਦੱਸਿਆ। ਇਹੋ ਨਹੀਂ, ਸੰਘ  ਦੇ ਮੁਖੀ ਤੇ ਵਿਚਾਰਕਾਂ ਨੇ ਵਾਰ-ਵਾਰ ਭਾਰਤੀ ਸੰਵਿਧਾਨ ਦਾ ਮਜ਼ਾਕ ਉਡਾਇਆ। ਸੰਵਿਧਾਨ  ਦੇ ਮੂਲ ਆਦਰਸ਼ਾਂ, ਜਿਵੇਂ ਸਮਾਜਵਾਦ, ਸੰਘੀ ਢਾਂਚਾ, ਸੈਕੁਲਰਵਾਦ ਅਤੇ ਲੋਕਤੰਤਰ ਨਾਲ ਸੰਘ ਦੀ ਅਸਹਿਮਤੀ ਰਹੀ ਹੈ।’’ 
ਇਥੇ ਅੰਕਲ ਨੂੰ ਰੋਕਣ ਦਾ ਮੌਕਾ ਮਿਲਿਆ ਅਤੇ ਬੋਲੇ, ‘‘ਤੁਸੀਂ ਪੜ੍ਹਿਆ ਨਹੀਂ ਕਿ ਮੋਹਨ ਭਾਗਵਤ ਜੀ ਨੇ ਕਿਹਾ ਹੈ ਕਿ ਉਹ ਸੰਵਿਧਾਨ ’ਚ ਯਕੀਨ ਕਰਦੇ ਹਨ।’’
ਹੁਣ ਮੇਰੀ ਵਾਰੀ ਸੀ। ਮੈਂ ਕਿਹਾ, ‘‘ਤੁਸੀਂ ਵੀ ਕੀ ਗੱਲ ਕਰਦੇ ਹੋ ਅੰਕਲ? ਜਿਸ ਸੰਗਠਨ ਦੇ ਮੁਖੀ ਨੂੰ ਆਜ਼ਾਦੀ ਦੇ 71 ਸਾਲਾਂ ਬਾਅਦ ਵੀ ਇਹ ਸਪੱਸ਼ਟ ਕਰਨਾ ਪਵੇ ਕਿ ਉਸ ਦੀ ਸੰਵਿਧਾਨ ’ਚ ਆਸਥਾ ਹੈ, ਉਸ ਦੇ ਰਾਸ਼ਟਰਵਾਦ ਬਾਰੇ ਤੁਸੀਂ ਕੀ ਕਹੋਗੇ? ਆਜ਼ਾਦੀ ਤੋਂ ਬਾਅਦ ਭਾਰਤ ਰਾਸ਼ਟਰ ਨਿਰਮਾਣ ਦੇ ਬਹੁਤ ਮੁਸ਼ਕਿਲ ਦੌਰ ’ਚੋਂ ਲੰਘਿਆ। ਵੰਡ ਦੀ ਤ੍ਰਾਸਦੀ ’ਚੋਂ ਲੰਘੇ ਇਸ ਦੇਸ਼ ਦੀ ਚੁਣੌਤੀ ਸੀ ਕਿ ਆਜ਼ਾਦ ਭਾਰਤ ਨੂੰ ਇਸ ਅੱਗ ਤੋਂ ਕਿਵੇਂ ਬਚਾਇਆ ਜਾਵੇ? ਉਸ ਦੌਰ ’ਚ ਸੰਘ ਪਰਿਵਾਰ ਨੇ ਅੱਗ ਬੁਝਾਉਣ ਦੀ ਬਜਾਏ ਅੱਗ ’ਚ ਘਿਓ ਪਾਉਣ ਦਾ ਕੰਮ ਕੀਤਾ। ਕੀ ਇਹ  ਰਾਸ਼ਟਰਵਾਦ ਦੇ ਲੱਛਣ ਹਨ? ਅੱਜ ਸਾਡੀ ਕੌਮੀ ਏਕਤਾ  ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। 
ਤਾਮਿਲਨਾਡੂ ਤੇ ਕਰਨਾਟਕ, ਪੰਜਾਬ ਤੇ ਹਰਿਆਣਾ ਵਿਚਾਲੇ ਨਹਿਰਾਂ ਦੀ ਵੰਡ ਨੂੰ ਲੈ ਕੇ ਝਗੜਾ ਹੈ, ਮੁੰਬਈ ਤੇ ਬੈਂਗਲੁਰੂ ’ਚ ਪ੍ਰਵਾਸੀਆਂ ਵਿਰੁੱਧ ਨਫਰਤ ਫੈਲਾਈ ਜਾਂਦੀ ਹੈ, ਕਈ ਇਲਾਕਿਆਂ ’ਚ ਭਾਸ਼ਾਈ ਅਤੇ ਜਾਤੀ ਤਣਾਅ ਹੈ। ਤੁਸੀਂ ਹੀ ਸੋਚੋ ਕਿ ਕਿਸੇ ਰਾਸ਼ਟਰਵਾਦੀ ਦੀ ਤਰਜੀਹ ਇਨ੍ਹਾਂ ਸਵਾਲਾਂ ਨੂੰ ਸੁਲਝਾਉਣਾ ਨਹੀਂ ਹੋਣੀ ਚਾਹੀਦੀ? ਸੰਘ ਇਨ੍ਹਾਂ ਸਵਾਲਾਂ ’ਤੇ ਚੁੱਪ ਕਿਉਂ ਰਹਿੰਦਾ ਹੈ? ਸਿਰਫ ਉਦੋਂ ਹੀ ਕਿਉਂ ਬੋਲਦਾ ਹੈ, ਜਦੋਂ ਹਿੰਦੂ-ਮੁਸਲਿਮ ਦਾ ਸਵਾਲ ਆਉਂਦਾ ਹੈ?’’
ਉਨ੍ਹਾਂ ਦੇ ਜਵਾਬ ਦੀ ਉਡੀਕ ਕੀਤੇ ਬਿਨਾਂ ਮੈਂ ਅੱਗੇ ਵਧਦਾ ਗਿਆ, ‘‘ਅੰਕਲ ਅਸਲੀ ਦਿੱਕਤ ਸੰਘ ਪਰਿਵਾਰ ਦੀ ਰਾਸ਼ਟਰ ਦੀ ਧਾਰਨਾ ’ਚ ਹੈ। ਇਹ ਲੋਕ ਬਾਕੀ ਸਾਰਿਆਂ ਨੂੰ ਵਿਦੇਸ਼ੀ ਦੱਸਦੇ ਰਹਿੰਦੇ ਹਨ ਪਰ ਸੱਚ ਤਾਂ ਇਹ ਹੈ ਕਿ ਸੰਘ ਦੀ ਵਿਚਾਰਧਾਰਾ ਪੂਰੀ ਤਰ੍ਹਾਂ ਵਿਦੇਸ਼ੀ ਹੈ, ਭਾਰਤ ਲਈ ਅਢੁੱਕਵੀਂ ਹੈ। ਇਕ ਰਾਸ਼ਟਰ ’ਚ ਸੱਭਿਆਚਾਰਕ ਇਕਰੂਪਤਾ ਹੋਵੇ, ਇਹ ਭਾਰਤੀ ਵਿਚਾਰ ਨਹੀਂ ਹੈ। ਇਹ ਵਿਚਾਰ ਤਾਂ ਜਰਮਨੀ ਤੋਂ ਉਧਾਰ  ਲਿਆ ਗਿਆ ਹੈ। 
ਯੂਰਪ ਦੀ ਇਸ ਰਾਸ਼ਟਰਵਾਦ ਬਾਰੇ ਸਮਝ ਕਾਰਨ ਯੂਰਪ ’ਚ ਪਤਾ ਨਹੀਂ ਕਿੰਨਾ ਖੂਨ-ਖਰਾਬਾ ਹੋਇਆ। ਭਾਰਤੀ ਰਾਸ਼ਟਰਵਾਦ ਨੇ ਕਿਹਾ ਕਿ ਸਾਨੂੰ ਇਕ ਰਾਸ਼ਟਰ ਬਣਨ ਲਈ ਇਕ ਰੂਪ ਹੋਣ ਦੀ ਲੋੜ ਨਹੀਂ, ਅਸੀਂ ਭਾਸ਼ਾ, ਨਸਲ ਤੇ ਧਰਮ ਦੀ ਵੰਨ-ਸੁਵੰਨਤਾ ’ਚ ਹੀ ਕੌਮੀ ਏਕਤਾ ਦਾ ਨਿਰਮਾਣ ਕਰਾਂਗੇ। ਸ਼ੁਰੂ ’ਚ ਯੂਰਪ ਦੇ ਲੋਕ ਭਾਰਤੀ ਰਾਸ਼ਟਰਵਾਦ ਦੇ ਇਸ ਵਿਚਾਰ ਦਾ ਮਜ਼ਾਕ ਉਡਾਉਂਦੇ ਸਨ ਪਰ ਅੱਜ ਭਾਰਤ ਨੇ ਦਿਖਾ ਦਿੱਤਾ ਹੈ ਕਿ ਵੰਨ-ਸੁਵੰਨਤਾ ਨਾਲ ਇਕ ਰਾਸ਼ਟਰ ਨੂੰ ‘ਰਾਸ਼ਟਰਰਾਜ’ ਬਣਾਇਆ ਜਾ ਸਕਦਾ ਹੈ। ਅੱਜ ਪੂਰੀ ਦੁਨੀਆ ਭਾਰਤ ਦੇ ਰਾਸ਼ਟਰਵਾਦ ਦੇ ਮਾਡਲ ਤੋਂ ਸਿੱਖਣਾ ਚਾਹੁੰਦੀ ਹੈ ਪਰ ਸੰਘ ਵਾਲੇ ਸਾਵਰਕਰ ਦੇ ਕਥਨ ‘ਹਿੰਦੀ ਹਿੰਦੂ ਹਿੰਦੋਸਤਾਨ’ ਦੀ ਰਟ ਨਹੀਂ ਛੱਡਦੇ। ਵਿਚਾਰੇ ਯੂਰਪ ਦੇ ਘਿਸੇ-ਪਿਟੇ ਵਿਚਾਰਾਂ ਨਾਲ ਅੱਜ ਵੀ ਚਿੰਬੜੇ ਹੋਏ ਹਨ।’’
‘‘ਇਸ ਲਈ ਸੰਘ ਦੇ ਵਿਚਾਰਾਂ ਨੂੰ ਮੈਂ ਭਾਰਤੀ ਰਾਸ਼ਟਰ ਲਈ ਸਭ ਤੋਂ ਖਤਰਨਾਕ ਮੰਨਦਾ ਹਾਂ। ਵੱਖਵਾਦੀ ਦੇਸ਼ ਦੇ ਸਰੀਰ ਨੂੰ ਖੰਡਿਤ ਕਰਨਾ ਚਾਹੁੰਦੇ ਹਨ, ਖੱਬੇਪੱਖੀ ਅੱਤਵਾਦੀ ਦੇਸ਼ ਦੀ ਤਾਕਤ ਨੂੰ ਖੰਡਿਤ ਕਰਨਾ ਚਾਹੁੰਦੇ ਹਨ ਪਰ ਸੰਘ ਪਰਿਵਾਰ ਤਾਂ ਰਾਸ਼ਟਰ ਦੀ ਆਤਮਾ ਨੂੰ ਹੀ ਖੰਡਿਤ ਕਰਨਾ ਚਾਹੁੰਦਾ ਹੈ। ਸੰਘ ਦਾ ਵਿਚਾਰ ਭਾਰਤ ਦੇ ਸਵਧਰਮ ’ਤੇ ਹਮਲਾ ਹੈ।’ 

 (ਲੇਖਕ ਦੇ ਵਿਚਾਰ ਨਿੱਜੀ ਹਨ।)

 


Related News