ਚੀਨ ਦੇ ਮੈਡੀਕਲ ਖੇਤਰ ’ਚ ਭ੍ਰਿਸ਼ਟਾਚਾਰ ਖਤਮ ਕਰਨ ਦੀ ਰਣਨੀਤੀ ਦਾ ਭੇਦ

10/01/2023 3:05:43 PM

ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਨੇ ਆਪਣੇ ਦੇਸ਼ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਸੁੱਟਣ ਲਈ ਅਗਸਤ ਮਹੀਨੇ ’ਚ ਇਕ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦਾ ਨਿਸ਼ਾਨਾ ਚੀਨ ਦਾ ਮੈਡੀਕਲ ਸੈਕਟਰ ਅਤੇ ਫਾਰਮਾ ਸੈਕਟਰ ਬਣਨ ਦਾ ਰਿਹਾ ਹੈ। ਇਸ ਦੀ ਜਕੜ ’ਚ ਡਾਕਟਰ, ਦਵਾਈ ਨਿਰਮਾਤਾ ਕੰਪਨੀਆਂ ਅਤੇ ਦਵਾਈ ਵੇਚਣ ਵਾਲੇ ਮਾਰਕੀਟਿੰਗ ਦੇ ਲੋਕ ਆਉਣਗੇ। ਉਂਝ ਚੀਨ ’ਚ ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਉੱਥੇ ਭ੍ਰਿਸ਼ਟਾਚਾਰ ਹੀ ਨਜ਼ਰ ਆਉਂਦਾ ਹੈ। ਕੋਈ ਵੀ ਸੈਕਟਰ ਭ੍ਰਿਸ਼ਟਾਚਾਰ ਤੋਂ ਬਚਿਆ ਨਹੀਂ ਹੈ ਪਰ ਮੈਡੀਕਲ ਸੈਕਟਰ ਚੀਨ ’ਚ ਅਜਿਹੀ ਥਾਂ ਹੈ ਜਿੱਥੇ ਇਹ ਸਭ ਤੋਂ ਵੱਧ ਹੈ।

ਹਾਲਾਂਕਿ ਚੀਨ ’ਚ ਸਿਆਸੀ ਵਿਸ਼ਲੇਸ਼ਕ ਇਹ ਦੱਸਦੇ ਹਨ ਕਿ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਸੀ. ਪੀ. ਸੀ. ਦੇ ਚੋਟੀ ਦੇ ਆਗੂਆਂ ਤੋਂ ਹੀ ਸ਼ੁਰੂ ਹੁੰਦੀ ਹੈ। ਅਸਲ ’ਚ ਸ਼ੀ ਜਿਨਪਿੰਗ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਂ ’ਤੇ ਪਹਿਲਾਂ ਵੀ ਆਪਣੇ ਕਈ ਵਿਰੋਧੀਆਂ ਨੂੰ ਜੇਲ ਭੇਜ ਚੁੱਕੇ ਹਨ। ਕਈਆਂ ਦੀ ਜਾਨ ਵੀ ਲੈ ਚੁੱਕੇ ਹਨ। ਜਦੋਂ ਵੀ ਸ਼ੀ ਜਿਨਪਿੰਗ ਨੂੰ ਲੱਗਦਾ ਹੈ ਕਿ ਉਨ੍ਹਾਂ ਵਿਰੁੱਧ ਬਗਾਵਤ ਹੋਣ ਵਾਲੀ ਹੈ ਉਹ ਅਜਿਹੀ ਮੁਹਿੰਮ ਸ਼ੁਰੂ ਕਰਦੇ ਹਨ ਅਤੇ ਵਿਰੋਧੀਆਂ ਦਾ ਸਫਾਇਆ ਕਰ ਦਿੰਦੇ ਹਨ।

ਚੀਨ ’ਚ ਸੀ. ਪੀ. ਸੀ. ਨੇ ਮੈਡੀਕਲ ਸੈਕਟਰ ’ਚ ਜੋ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਸ਼ੁਰੂ ਕੀਤੀ ਹੈ, ਉਸ ’ਚ ਚੀਨ ਦੇ 20 ਸੂਬਿਆਂ ਦੇ ਮੈਡੀਕਲ ਸੈਕਟਰਾਂ ’ਤੇ ਗਾਜ ਡਿੱਗਣ ਵਾਲੀ ਹੈ। ਚੀਨ ਸਰਕਾਰ ਨੇ ਇੱਥੇ ਆਮ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਨਾਲ ਹੋਏ ਮੈਡੀਕਲ ਸੈਕਟਰ ’ਚ ਭ੍ਰਿਸ਼ਟਾਚਾਰ ਬਾਰੇ ਪੂਰੀ ਜਾਣਕਾਰੀ ਸਰਕਾਰ ਨੂੰ ਦੇਣ ਤਾਂ ਜੋ ਇਸ ਖੇਤਰ ਨੂੰ ਸਾਫ-ਸੁਥਰਾ ਬਣਾਇਆ ਜਾ ਸਕੇ।

ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਫਾਰਮਾ ਸੈਕਟਰ ’ਚ ਭ੍ਰਿਸ਼ਟਾਚਾਰ ਵਿਰੁੱਧ ਇਕ ਮਾਹੌਲ ਬਣੇਗਾ ਅਤੇ ਭ੍ਰਿਸ਼ਟਾਚਾਰ ’ਤੇ ਰੋਕ ਲਾਉਣ ’ਚ ਮਦਦ ਮਿਲੇਗੀ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਸਰਕਾਰ ਦੇ ਇਰਾਦੇ ਕੁਝ ਹੋਰ ਹੀ ਹਨ। ਜਨਤਕ ਰਿਪੋਰਟਾਂ ਮੁਤਾਬਕ ਇਸ ਸਾਲ ਸੀ.ਪੀ.ਸੀ. ਨੇ 176 ਹਸਪਤਾਲਾਂ ਦੇ ਨਿਰਦੇਸ਼ਕਾਂ ਅਤੇ ਪਾਰਟੀ ਕਮੇਟੀ ਦੇ ਸਕੱਤਰਾਂ ਵਿਰੁੱਧ ਜਾਂਚ ਸ਼ੁਰੂ ਕੀਤੀ ਹੈ। ਇਹ ਿਗਣਤੀ ਪਿਛਲੇ ਸਾਲ 2022 ਦੇ ਮੁਕਾਬਲੇ ਦੁੱਗਣੀ ਹੈ।

ਸੀ. ਪੀ. ਸੀ. ਅਨੁਸ਼ਾਸਨਾਤਮਕ ਏਜੰਸੀ ਨੇ ਹੁਕਮ ਜਾਰੀ ਕੀਤਾ ਹੈ ਕਿ ਉਪ-ਮੁੱਖ ਚਿਕਿਤਸਕਾਂ, ਸੀਨੀਅਰ ਮੈਡੀਕਲ ਮੁਲਾਜ਼ਮਾਂ ਅਤੇ ਹਸਪਤਾਲਾਂ ਨੇ ਪਿਛਲੇ 5 ਸਾਲਾਂ ’ਚ ਜੇ ਕੋਈ ਲੈਕਚਰ ਫੀਸ ਲਈ ਹੈ ਤਾਂ ਉਸ ਨੂੰ ਉਸ ਸਰਕਾਰ ਨੂੰ ਵਾਪਸ ਕਰ ਦੇਣ। ਸੀ. ਪੀ. ਸੀ. ਨੇ ਆਪਣੇ ਇਸ ਕਦਮ ਦੇ ਪਿੱਛੇ ਦਲੀਲ ਇਹ ਦਿੱਤੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਫਾਰਮਾ ਕੰਪਨੀਆਂ ਆਪਣਾ ਮੁਨਾਫਾ ਵਧਾਉਣ ਲਈ ਕਈ ਤਰ੍ਹਾਂ ਨਾਲ ਜਨਸੰਪਰਕ ਮੁਹਿੰਮ ਚਲਾ ਰਹੀਆਂ ਹਨ। ਇਸ ’ਚ ਅਕਾਦਮਿਕ ਆਦਾਨ-ਪ੍ਰਦਾਨ ਨਾਲ ਲੈਕਚਰ ਫੀਸ ਵੀ ਦੇਣੀ ਪੈਂਦੀ ਹੈ ਜਿਸ ਕਾਰਨ ਉਹ ਵੱਡੇ ਹਸਪਤਾਲਾਂ ਦੇ ਮੁਖੀਆਂ ਨੂੰ ਆਪਣੇ ਪ੍ਰਭਾਵ ’ਚ ਲੈ ਕੇ ਉਨ੍ਹਾਂ ਨੂੰ ਮਰੀਜ਼ਾਂ ਨੂੰ ਆਪਣੀ ਕੰਪਨੀ ਦੀ ਦਵਾਈ ਲਿਖਣ ਲਈ ਮਨਾਉਂਦੇ ਹਨ। ਇਸ ਦੇ ਬਦਲੇ ’ਚ ਵੱਡੀ ਰਕਮ ਵੀ ਦਿੰਦੇ ਹਨ। ਇਸ ਦਾ ਵੇਰਵਾ ਸਰਕਾਰੀ ਖਾਤਿਆਂ ’ਚ ਨਹੀਂ ਹੁੰਦਾ।

ਦੱਖਣੀ ਪੱਛਮੀ ਚੀਨ ਦੇ ਇਕ ਵੱਡੇ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਮੈਡੀਕਲ ਖੇਤਰ ’ਚ ਭ੍ਰਿਸ਼ਟਾਚਾਰ ਮਿਟਾਉਣ ਦੀ ਸਰਕਾਰ ਦੀ ਮੁਹਿੰਮ ਸਿਰਫ ਇਸ ਨੂੰ ਖਤਮ ਕਰਨ ਤੱਕ ਸੀਮਤ ਨਹੀਂ ਹੈ। ਇਸ ਨਾਲ ਸਰਕਾਰ ਡਾਕਟਰਾਂ ਵੱਲੋਂ ਕੀਤੀ ਗਈ ਗੈਰ-ਕਾਨੂੰਨੀ ਕਮਾਈ ਅਤੇ ਉਨ੍ਹਾਂ ਦੇ ਸੋਮਿਆਂ, ਮੁਨਾਫਿਆਂ ’ਤੇ ਰੋਕ ਲਾਉਣਾ ਹੈ।

ਸਰਕਾਰ ਇਨ੍ਹਾਂ ਪੈਸਿਆਂ ਦੀ ਉਗਰਾਹੀ ਕਰ ਕੇ ਕੌਮੀ ਖਜ਼ਾਨੇ ਨੂੰ ਭਰਨਾ ਚਾਹੁੰਦੀ ਹੈ। ਇਸ ਨਾਲ ਕੋਰੋਨਾ ਮਹਾਮਾਰੀ ਦੌਰਾਨ ਮੈਡੀਕਲ ਸੈਕਟਰ ਨੂੰ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇਗੀ ਜਿਸ ਦੀ ਕੀਮਤ ਅਰਬਾਂ ਡਾਲਰ ਤੱਕ ਹੈ। ਸਰਕਾਰ ਆਪਣੀ ਇਸ ਮੁਹਿੰਮ ’ਚ ਸਫਲ ਰਹੀ ਹੈ।

ਸਰਕਾਰ ਨੇ ਮੈਡੀਕਲ ਖੇਤਰ ’ਚ ਫੈਲੇ ਭ੍ਰਿਸ਼ਟਾਚਾਰ ’ਤੇ ਸ਼ਿਕੰਜਾ ਕੱਸਣ ਲਈ ਕਈ ਸੂਬਿਆਂ ’ਚ ਹਾਟਲਾਈਨ ਵਿਵਸਥਾ ਵੀ ਕੀਤੀ ਹੈ। ਅਸਲ ’ਚ ਸਰਕਾਰ ਨੂੰ ਇਹ ਨਹੀਂ ਪਤਾ ਕਿ ਸਰਕਾਰੀ ਖਜ਼ਾਨੇ ਨੂੰ ਹੋਏ ਨੁਕਸਾਨ ਦੀ ਪੂਰਤੀ ਕਿਵੇਂ ਕਰੀਏ। ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸੀ.ਪੀ.ਸੀ. ਦੇ ਚੋਟੀ ਦੇ ਆਗੂਆਂ ਵਿਰੁੱਧ ਜਾਂਚ ਨਹੀਂ ਸ਼ੁਰੂ ਕੀਤੀ ਕਿਉਂਕਿ ਭ੍ਰਿਸ਼ਟਾਚਾਰ ਇੱਥੋਂ ਹੀ ਸ਼ੁਰੂ ਹੁੰਦਾ ਹੈ ਅਤੇ ਇਸ ਨਾਲ ਹੋਣ ਵਾਲਾ ਮੁਨਾਫਾ ਵੀ ਇਨ੍ਹਾਂ ਆਗੂਆਂ ਦੀਆਂ ਜੇਬਾਂ ’ਚ ਜਾਂਦਾ ਹੈ।


Rakesh

Content Editor

Related News