ਬਲਾਤਕਾਰ ਦੀਆਂ ਘਟਨਾਵਾਂ ਪ੍ਰਤੀ ਸਖ਼ਤ ਰੁਖ਼ ਅਪਣਾਉਣ ਦੀ ਲੋੜ

01/23/2018 2:49:33 AM

ਹਰਿਆਣਾ 'ਚ ਬੀਤੀ 9 ਜਨਵਰੀ ਨੂੰ 15 ਸਾਲਾ ਬੱਚੀ ਆਪਣੇ ਘਰੋਂ ਟਿਊਸ਼ਨ ਲਈ ਜਾਂਦੀ ਹੈ ਅਤੇ ਚਾਰ ਦਿਨਾਂ ਬਾਅਦ ਉਸ ਦੀ ਲਾਸ਼ ਨਗਨ ਅਵਸਥਾ 'ਚ ਮਿਲਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨਾਲ ਬਲਾਤਕਾਰ ਹੋਇਆ ਹੈ। ਉਸ ਦੇ ਚਿਹਰੇ, ਬੁੱਲ੍ਹਾਂ ਅਤੇ ਛਾਤੀ 'ਤੇ 19 ਜ਼ਖ਼ਮ ਸਨ ਅਤੇ ਉਸ ਦੇ ਗੁਪਤ ਅੰਗ 'ਚ ਕੋਈ ਚੀਜ਼ ਧੱਕੀ ਹੋਈ ਸੀ। ਇਹ 'ਨਿਰਭਯਾ-2' ਕਾਂਡ ਹੈ। 
ਉਸ ਤੋਂ ਬਾਅਦ ਇਕ 11 ਸਾਲਾ ਬੱਚੀ ਨੂੰ ਅਗ਼ਵਾ ਕੀਤਾ ਜਾਂਦਾ ਹੈ ਅਤੇ ਉਸ ਨਾਲ ਛੇੜਖਾਨੀ ਕਰ ਕੇ ਉਸ ਨੂੰ ਫਾਂਸੀ 'ਤੇ ਲਟਕਾਇਆ ਜਾਂਦਾ ਹੈ। ਇਕ 50 ਸਾਲਾ ਵਿਅਕਤੀ ਤੇ ਚਾਰ ਹੋਰਨਾਂ ਵਲੋਂ ਇਕ 10 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਕ 22 ਸਾਲਾ ਮੁਟਿਆਰ ਨਾਲ 2 ਘੰਟਿਆਂ ਤਕ ਚੱਲਦੀ ਕਾਰ 'ਚ ਜ਼ਬਰਦਸਤੀ ਕੀਤੀ ਜਾਂਦੀ ਹੈ। 
ਅਜਿਹੀਆਂ ਘਿਨਾਉਣੀਆਂ ਘਟਨਾਵਾਂ ਦੀ ਸੂਚੀ ਬਹੁਤ ਲੰਮੀ ਹੈ। ਜੇ ਤੁਸੀਂ ਸਮਝਦੇ ਹੋ ਕਿ ਇਨ੍ਹਾਂ ਘਟਨਾਵਾਂ 'ਤੇ ਪ੍ਰਸ਼ਾਸਨ ਤੁਰੰਤ ਕਾਰਵਾਈ ਕਰੇਗਾ ਤੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਇਨ੍ਹਾਂ ਘਿਨਾਉਣੇ ਅਪਰਾਧਾਂ ਕਾਰਨ ਲੋਕਾਂ ਨੂੰ ਆਏ ਗੁੱਸੇ ਨੂੰ ਸ਼ਾਂਤ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਦਮ ਚੁੱਕਣਗੇ ਤਾਂ ਤੁਸੀਂ ਗਲਤਫਹਿਮੀ 'ਚ ਹੋ। 
ਦਿੱਲੀ ਦੇ ਨਿਰਭਯਾ ਕਾਂਡ ਤੋਂ 6 ਸਾਲਾਂ ਬਾਅਦ ਵੀ ਕੁਝ ਨਹੀਂ ਬਦਲਿਆ ਹੈ। ਹਰ ਰੋਜ਼ ਅਖ਼ਬਾਰਾਂ 'ਚ 2, 4, 8 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਕੀਤੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਬੱਚੀਆਂ ਨੂੰ ਪੁਲਸ ਵਲੋਂ ਵੀ ਧਮਕਾਇਆ ਜਾਂਦਾ ਹੈ ਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਸਾਡੇ ਨੇਤਾਵਾਂ, ਪੁਲਸ ਮੁਲਾਜ਼ਮਾਂ ਤੇ ਵਕੀਲਾਂ ਬਾਰੇ ਕੁਝ ਨਾ ਕਿਹਾ ਜਾਵੇ ਤਾਂ ਚੰਗਾ ਹੈ ਕਿਉਂਕਿ ਦੇਸ਼ 'ਚ ਹਰੇਕ ਮਿੰਟ 'ਚ ਬਲਾਤਕਾਰ ਦੀਆਂ ਚਾਰ ਘਟਨਾਵਾਂ ਹੁੰਦੀਆਂ ਹਨ। 
ਇਕ ਨੇਤਾ ਅਨੁਸਾਰ, ''ਜੇ ਕਿਸੇ ਕੁੜੀ ਨੇ ਠੀਕ ਢੰਗ ਨਾਲ ਕੱਪੜੇ ਪਹਿਨੇ ਹੋਣ ਤਾਂ ਮੁੰਡਾ ਉਸ ਵੱਲ ਗਲਤ ਨਜ਼ਰਾਂ ਨਾਲ ਨਹੀਂ ਦੇਖਦਾ। ..............ਆਜ਼ਾਦੀ ਸੀਮਤ ਹੋਣੀ ਚਾਹੀਦੀ ਹੈ। ਛੋਟੇ ਕੱਪੜੇ ਪੱਛਮੀ ਪ੍ਰਭਾਵ ਦੇ ਪ੍ਰਤੀਕ ਹਨ। ਸਾਡੇ ਦੇਸ਼ ਦੀ ਰਵਾਇਤ ਵਿਚ ਕੁੜੀਆਂ ਸਾਊ ਲੱਗਣ ਲਈ ਸਾਦਾ ਪਹਿਰਾਵਾ ਪਹਿਨਦੀਆਂ ਹਨ। ਵਿਆਹ ਤੋਂ ਪਹਿਲਾਂ ਇਥੇ ਸੈਕਸ ਕਰਨਾ ਇਕ ਧੱਬਾ ਹੈ ਤੇ ਇਹ ਉਦੋਂ ਹੁੰਦਾ ਹੈ, ਜਦੋਂ ਮੁੰਡਿਆਂ-ਕੁੜੀਆਂ ਦਾ ਦਿਮਾਗ ਠੀਕ ਨਹੀਂ ਰਹਿੰਦਾ।''
ਸਵਾਲ ਉੱਠਦਾ ਹੈ ਕਿ ਬਲਾਤਕਾਰ ਦੀਆਂ ਘਟਨਾਵਾਂ 'ਤੇ ਸਾਡੇ ਰਾਜਨੇਤਾਵਾਂ ਨੂੰ ਗੁੱਸਾ ਕਿਉਂ ਨਹੀਂ ਆਉਂਦਾ? ਸਾਡਾ ਭਾਰਤ ਕਿੱਥੇ ਜਾ ਰਿਹਾ ਹੈ ਤੇ ਨੇਤਾ ਲੱਗਦਾ ਹੈ ਇਸ ਨੂੰ ਨਰਕ ਵੱਲ ਲਿਜਾ ਰਹੇ ਹਨ? ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਘਿਨਾਉਣੇ ਅਪਰਾਧਾਂ ਕਾਰਨ ਵੀ ਸਾਡੇ ਨੇਤਾਵਾਂ ਦੀ ਚੇਤਨਾ ਨਹੀਂ ਜਾਗਦੀ। ਕੀ ਉਹ ਇਸ ਨੂੰ ਇਕ ਦੂਰ ਦਾ ਸੁਪਨਾ ਕਹਿਣਗੇ? ਕੀ ਅਜਿਹੀਆਂ ਘਟਨਾਵਾਂ ਕੁਝ ਦਿਨਾਂ ਬਾਅਦ ਸੁਭਾਵਿਕ ਤੌਰ 'ਤੇ ਭੁਲਾ ਦਿੱਤੀਆਂ ਜਾਣਗੀਆਂ? ਕੀ ਅਸੀਂ ਅਪਰਾਧੀਕਰਨ ਸਾਹਮਣੇ ਗੋਡੇ ਟੇਕਣ ਅਤੇ ਕਾਨੂੰਨ ਦੇ ਰਾਜ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਹੈ? ਔਰਤਾਂ ਨੂੰ ਸੈਕਸ ਕਰਨ ਵਾਲੀ ਚੀਜ਼ ਕਿਉਂ ਸਮਝਿਆ ਜਾਂਦਾ ਹੈ? ਉਨ੍ਹਾਂ ਨੂੰ ਮਰਦਾਂ ਦੀ ਕਾਮ-ਇੱਛਾ ਪੂਰੀ ਕਰਨ ਅਤੇ ਆਪਣੇ ਹਉਮੈ ਦੀ ਤੁਸ਼ਟੀ ਕਰਨ ਦਾ ਸਾਮਾਨ ਕਿਉਂ ਸਮਝਿਆ ਜਾਂਦਾ ਹੈ? 
ਅਜਿਹੀਆਂ ਘਟਨਾਵਾਂ 'ਤੇ ਸਿਰਫ ਮੀਡੀਆ ਅਤੇ ਕੁਝ ਮਹਿਲਾ ਸਮੂਹ ਹੀ ਗੁੱਸੇ ਦਾ ਪ੍ਰਗਟਾਵਾ ਕਿਉਂ ਕਰਦੇ ਹਨ? ਬੱਚੀਆਂ ਜੰਮਣ ਤੋਂ ਪਹਿਲਾਂ ਹੀ 'ਖਤਰਾ' ਕਿਉਂ ਬਣ ਜਾਂਦੀਆਂ ਹਨ? ਦੇਸ਼ ਦੀ 50 ਫੀਸਦੀ ਆਬਾਦੀ ਨੂੰ, ਭਾਵ ਔਰਤਾਂ ਨੂੰ ਜੀਵਨ, ਆਜ਼ਾਦੀ ਤੇ ਬੁਨਿਆਦੀ ਮਨੁੱਖੀ ਵੱਕਾਰ ਦੇ ਅਧਿਕਾਰ ਤੋਂ ਵਾਂਝੀਆਂ ਕਿਉਂ ਰੱਖਿਆ ਜਾਂਦਾ ਹੈ? ਆਪਾ-ਵਿਰੋਧ ਦੇਖੋ, ਸਾਡੇ ਨੇਤਾ ਅਤੇ ਕੁਝ ਸਮੂਹ ਫਿਲਮ 'ਪਦਮਾਵਤ' ਨੂੰ ਲੈ ਕੇ ਰੌਲਾ ਪਾ ਰਹੇ ਹਨ ਪਰ ਬਲਾਤਕਾਰ ਵਰਗੀਆਂ ਘਟਨਾਵਾਂ 'ਤੇ ਉਹ ਆਪਣਾ ਮੂੰਹ ਨਹੀਂ ਖੋਲ੍ਹਦੇ। 
ਅੱਜ ਸਾਡਾ ਸਮਾਜ ਅਜਿਹਾ ਬਣ ਗਿਆ ਹੈ, ਜੋ ਸਮਝਦਾ ਹੈ ਕਿ ਬਲਾਤਕਾਰ ਦੇ ਕੋਈ ਬੁਰੇ ਨਤੀਜੇ ਨਹੀਂ ਹੁੰਦੇ। ਉਹ ਯੌਨ ਹਿੰਸਾ ਦੀ ਵਜ੍ਹਾ ਗੈਰ-ਸੰਤੁਲਿਤ ਲਿੰਗ ਅਨੁਪਾਤ ਨੂੰ ਕਿਉਂ ਮੰਨਦੇ ਹਨ? ਇਥੇ ਔਰਤਾਂ ਨੂੰ ਸੱਭਿਆਚਾਰਕ ਸਨਮਾਨ ਕਿਉਂ ਨਹੀਂ ਦਿੱਤਾ ਜਾਂਦਾ? ਹਰ ਸਾਲ ਲੱਗਭਗ 37,000 ਬਲਾਤਕਾਰ ਦੀਆਂ ਘਟਨਾਵਾਂ ਹੁੰਦੀਆਂ ਹਨ। ਇਨ੍ਹਾਂ ਨੂੰ ਹਿਰਦੇ ਵਲੂੰਧਰਨ ਵਾਲੀਆਂ ਘਟਨਾਵਾਂ ਕਿਉਂ ਨਹੀਂ ਮੰਨਿਆ ਜਾਂਦਾ? ਅੱਜ ਸਥਿਤੀ ਇਹ ਹੈ ਕਿ ਅਸੀਂ ਉਦੋਂ ਵੀ ਕੁਝ ਨਹੀਂ ਬੋਲਦੇ, ਜਦੋਂ ਸੜਕ 'ਤੇ ਜਾਂਦੀਆਂ ਔਰਤਾਂ/ਕੁੜੀਆਂ ਨੂੰ ਜ਼ਬਰਦਸਤੀ ਚੁੱਕ ਲਿਆ ਜਾਂਦਾ ਹੈ, ਉਨ੍ਹਾਂ ਨਾਲ ਚੱਲਦੀਆਂ ਕਾਰਾਂ 'ਚ ਬਲਾਤਕਾਰ ਕੀਤਾ ਜਾਂਦਾ ਹੈ?
ਔਰਤਾਂ ਲਈ ਅਸੁਰੱਖਿਅਤ 121 ਦੇਸ਼ਾਂ ਦੀ ਸੂਚੀ 'ਚ ਭਾਰਤ ਦਾ 85ਵਾਂ ਸਥਾਨ ਹੈ ਅਤੇ ਇਥੇ ਹਰੇਕ 10,000 ਔਰਤਾਂ 'ਚੋਂ 6.26 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ। ਪਿਛਲੇ ਸਾਲ ਦੇ ਪੁਲਸ ਰਿਕਾਰਡ ਅਨੁਸਾਰ 2014 ਦੇ ਮੁਕਾਬਲੇ ਬਲਾਤਕਾਰ ਦੀਆਂ ਘਟਨਾਵਾਂ 'ਚ 2.2 ਫੀਸਦੀ ਵਾਧਾ ਹੋਇਆ ਹੈ ਤੇ ਇਨ੍ਹਾਂ 'ਚੋਂ 54.7 ਫੀਸਦੀ ਪੀੜਤ ਔਰਤਾਂ ਦੀ ਉਮਰ 18 ਤੋਂ 30 ਸਾਲ ਸੀ। ਔਰਤਾਂ ਦੇ ਅਗ਼ਵਾ ਦੀਆਂ ਘਟਨਾਵਾਂ 'ਚ 17 ਫੀਸਦੀ ਵਾਧਾ ਹੋਇਆ, ਸ਼ੋਸ਼ਣ ਦੀਆਂ ਘਟਨਾਵਾਂ 'ਚ 5.4 ਫੀਸਦੀ, ਛੇੜਖਾਨੀ ਦੀਆਂ ਘਟਨਾਵਾਂ 'ਚ 5.8 ਫੀਸਦੀ ਅਤੇ ਔਰਤਾਂ ਦੀ ਖਰੀਦੋ-ਫਰੋਖ਼ਤ ਦੀਆਂ ਘਟਨਾਵਾਂ 'ਚ 122 ਫੀਸਦੀ ਵਾਧਾ ਹੋਇਆ ਹੈ। 
ਪਿਛਲੇ ਦਹਾਕੇ 'ਚ ਔਰਤਾਂ ਵਿਰੁੱਧ 20 ਲੱਖ ਤੋਂ ਜ਼ਿਆਦਾ ਅਪਰਾਧ ਹੋਏ, ਭਾਵ 6 ਅਪਰਾਧ ਹਰ ਘੰਟੇ। ਇਨ੍ਹਾਂ ਅਪਰਾਧਾਂ 'ਚ ਵਾਧੇ ਦੀ ਇਕ ਵਜ੍ਹਾ ਗੈਰ-ਸੰਤੁਲਿਤ ਲਿੰਗ ਅਨੁਪਾਤ ਦੱਸੀ ਜਾਂਦੀ ਹੈ। ਸਮਾਜ ਸ਼ਾਸਤਰੀ ਕਹਿੰਦੇ ਹਨ ਕਿ ਇਹ ਉਸ ਸਥਿਤੀ ਕਾਰਨ ਹੋ ਰਿਹਾ ਹੈ, ਜਿਥੇ ਕੁੜੀ ਦੀ ਬਜਾਏ ਮੁੰਡੇ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਇਸੇ ਕਾਰਨ ਕੰਨਿਆ ਭਰੂਣ ਹੱਤਿਆ ਦੇ ਮਾਮਲੇ ਵੀ ਵਧਦੇ ਜਾਂਦੇ ਹਨ। ਹਰਿਆਣਾ 'ਚ ਹਰੇਕ 1000 ਮੁੰਡਿਆਂ ਪਿੱਛੇ 914 ਕੁੜੀਆਂ ਹਨ। ਔਰਤਾਂ ਨਾਲ ਹਿੰਸਾ ਦੀਆਂ ਘਟਨਾਵਾਂ 'ਤੇ ਕੋਈ ਪਛਤਾਵਾ ਨਹੀਂ ਕੀਤਾ ਜਾਂਦਾ ਤੇ ਮਰਦਾਂ ਦੀ ਸੋਚ ਅਜਿਹੀ ਬਣ ਗਈ ਹੈ ਕਿ ਜੇ ਉਹ ਕਿਸੇ ਔਰਤ ਨਾਲ ਜ਼ਬਰਦਸਤੀ ਕਰਦੇ ਹਨ ਤਾਂ ਉਸ ਨੂੰ ਆਪਣੀ 'ਮਰਦਾਨਗੀ' ਮੰਨਦੇ ਹਨ। 
ਸਾਡਾ ਸਮਾਜ ਇਹ ਯਕੀਨੀ ਬਣਾਉਂਦਾ ਹੈ ਕਿ ਜੇ ਕੋਈ ਮਰਦ ਹੱਦ ਦੀ ਉਲੰਘਣਾ ਕਰਦਾ ਹੈ ਤਾਂ ਸਮਾਜ ਵਿਚ ਉਸ ਨੂੰ ਬਚਾਉਣ ਤੇ ਔਰਤਾਂ ਨੂੰ ਬਦਨਾਮ ਕਰਨ ਵਾਲੇ ਇਕੱਠੇ ਹੋ ਜਾਂਦੇ ਹਨ। ਮਰਦ ਪ੍ਰਧਾਨ ਸਮਾਜ ਹੋਣ ਕਾਰਨ ਇਥੇ ਔਰਤਾਂ ਤੇ ਕੁੜੀਆਂ ਅਸੁਰੱਖਿਅਤ ਮਾਹੌਲ ਵਿਚ ਰਹਿ ਰਹੀਆਂ ਹਨ। ਨਿਰਭਯਾ ਕਾਂਡ ਤੋਂ ਬਾਅਦ ਵੀ ਮਹਿਲਾ ਸੁਰੱਖਿਆ ਕਾਨੂੰਨ ਸਹੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ। 2016 'ਚ ਬਲਾਤਕਾਰ ਦੇ 35,000 ਮਾਮਲੇ ਸਾਹਮਣੇ ਆਏ ਸਨ ਪਰ ਸਿਰਫ 7000 ਮਾਮਲਿਆਂ 'ਚ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਰਾਜਸਥਾਨ ਦੇ ਇਕ ਹਸਪਤਾਲ 'ਚ ਅਜੇ ਵੀ ਔਰਤਾਂ ਨਾਲ ਬਲਾਤਕਾਰ ਦੀ ਜਾਂਚ ਲਈ 'ਟੂ ਫਿੰਗਰ ਟੈਸਟ' ਕੀਤਾ ਜਾਂਦਾ ਹੈ, ਜਦਕਿ ਇਸ 'ਤੇ 2013 'ਚ ਪਾਬੰਦੀ ਲਾ ਦਿੱਤੀ ਗਈ ਸੀ। ਜਿਹੜੇ ਲੋਕਾਂ ਵਿਰੁੱਧ ਔਰਤਾਂ ਨਾਲ ਛੇੜਖਾਨੀ ਦਾ ਮਾਮਲਾ ਦਰਜ ਕੀਤਾ ਜਾਂਦਾ ਹੈ, ਉਨ੍ਹਾਂ ਵਿਰੁੱਧ ਵੀ ਔਰਤਾਂ ਦੇ ਅਪਮਾਨ ਜਾਂ ਨਿੱਜਤਾ 'ਤੇ ਹਮਲੇ ਦਾ ਮਾਮਲਾ ਦਰਜ ਹੁੰਦਾ ਹੈ, ਜਿਸ 'ਚ ਵੱਧ ਤੋਂ ਵੱਧ ਸਜ਼ਾ 1 ਸਾਲ ਕੈਦ ਤੇ ਥੋੜ੍ਹਾ ਜਿਹਾ ਜੁਰਮਾਨਾ ਤੈਅ ਕੀਤੀ ਗਈ ਹੈ। 2015 ਦੇ ਕਾਨੂੰਨ ਮੁਤਾਬਿਕ ਬਲਾਤਕਾਰ ਦੀ ਸ਼ਿਕਾਰ ਔਰਤ ਨੂੰ 3 ਲੱਖ ਰੁਪਏ ਮੁਆਵਜ਼ਾ ਦੇਣ ਦੀ ਵਿਵਸਥਾ ਹੈ ਪਰ ਬਲਾਤਕਾਰ ਦੀਆਂ ਸ਼ਿਕਾਰ ਜ਼ਿੰਦਾ 50 ਔਰਤਾਂ 'ਚੋਂ ਸਿਰਫ 3 ਔਰਤਾਂ ਨੂੰ ਹੀ ਇਹ ਮੁਆਵਜ਼ਾ ਮਿਲ ਸਕਿਆ ਹੈ। 
ਸਾਡੇ ਨੇਤਾਵਾਂ ਦੀ ਕਹਿਣੀ ਤੇ ਕਰਨੀ ਵੱਖ-ਵੱਖ ਹੁੰਦੀ ਹੈ। ਬਲਾਤਕਾਰ ਦੀ ਹਰੇਕ ਘਟਨਾ ਸੰਵਿਧਾਨ ਵਲੋਂ ਨਾਗਰਿਕਾਂ ਨੂੰ ਦਿੱਤੇ ਬਰਾਬਰ ਅਧਿਕਾਰਾਂ ਦਾ ਮਜ਼ਾਕ ਉਡਾਉਂਦੀ ਹੈ ਤੇ ਇਹ ਘਟਨਾਵਾਂ ਉਨ੍ਹਾਂ ਲੋਕਾਂ 'ਤੇ ਇਕ ਬਦਨੁਮਾ ਧੱਬਾ ਹਨ, ਜਿਨ੍ਹਾਂ ਨੂੰ ਸੰਵਿਧਾਨ ਦੀ ਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਾਡੇ ਨੇਤਾ, ਨੌਕਰਸ਼ਾਹ ਅਤੇ ਪੁਲਸ ਵਾਲੇ ਇਸ ਸਥਿਤੀ ਲਈ ਇਕ-ਦੂਜੇ 'ਤੇ ਉਂਗਲ ਉਠਾਉਂਦੇ ਹਨ। ਹਾਲਾਂਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਸਥਿਤੀ ਚੰਗੀ ਨਹੀਂ ਹੈ, ਫਿਰ ਵੀ ਅਸੀਂ ਆਪਣੇ ਸਮਾਜ ਨੂੰ ਸੱਭਿਅਕ ਕਹਿੰਦੇ ਹਾਂ। 
ਮੁਸ਼ਕਿਲ ਸਥਿਤੀ 'ਚ ਮੁਸ਼ਕਿਲ ਫੈਸਲੇ ਲੈਣੇ ਚਾਹੀਦੇ ਹਨ। ਦੇਸ਼ 'ਚ ਕ੍ਰਾਂਤੀਕਾਰੀ ਤਬਦੀਲੀਆਂ ਦੀ ਲੋੜ ਹੈ। ਔਰਤਾਂ ਤਾਂ ਹੀ ਸੁਰੱਖਿਅਤ ਰਹਿ ਸਕਦੀਆਂ ਹਨ, ਜਦੋਂ ਸਮਾਜ ਦੀ ਸੋਚ ਬਦਲੇਗੀ। ਉਦੋਂ ਤਕ ਪੁਲਸ ਬਲਾਤਕਾਰ ਦੇ ਮਾਮਲਿਆਂ 'ਚ ਤੁਰੰਤ ਕਾਰਵਾਈ ਕਰੇ ਤੇ ਨਿਆਂ ਪਾਲਿਕਾ ਅਜਿਹੇ ਮਾਮਲਿਆਂ 'ਚ ਤੁਰੰਤ ਇਨਸਾਫ ਦੇਵੇ। 
ਇਨ੍ਹਾਂ ਦੋਹਾਂ ਨੂੰ ਜੁਆਬਦੇਹ ਬਣਾਇਆ ਜਾਣਾ ਚਾਹੀਦਾ ਹੈ, ਤਾਂ ਕਿ ਔਰਤਾਂ ਆਪਣੇ ਸੰਵਿਧਾਨਿਕ ਹੱਕਾਂ ਦਾ ਆਨੰਦ ਮਾਣ ਸਕਣ। ਉਨ੍ਹਾਂ ਨੂੰ ਆਜ਼ਾਦ ਤੇ ਨਿਡਰ ਹੋ ਕੇ ਘੁੰਮਣ-ਫਿਰਨ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਸਾਡੇ ਜਿਹੜੇ ਨੇਤਾ 'ਮੇਰਾ ਭਾਰਤ ਮਹਾਨ' ਅਤੇ 'ਬ੍ਰਾਂਡ ਇੰਡੀਆ' ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਬਲਾਤਕਾਰ ਦੀਆਂ ਘਟਨਾਵਾਂ 'ਤੇ ਸਖ਼ਤ ਰੁਖ਼ ਅਪਣਾਉਣਾ ਪਵੇਗਾ, ਨਾ ਕਿ ਇਨ੍ਹਾਂ ਘਟਨਾਵਾਂ ਨੂੰ ਚੋਣ ਮੁੱਦਾ ਬਣਾਉਣਾ ਚਾਹੀਦਾ ਹੈ। 
ਕੁਲ ਮਿਲਾ ਕੇ ਜਿਸ ਦੇਸ਼ ਦਾ ਨੈਤਿਕ ਤਾਣਾ-ਬਾਣਾ ਤਾਰ-ਤਾਰ ਹੋ ਗਿਆ ਹੋਵੇ, ਉਥੇ ਸਾਨੂੰ ਇਸ ਗੱਲ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ ਕਿ ਔਰਤਾਂ ਕਦੋਂ ਤਕ ਮਰਦਾਂ ਦੇ ਹੱਥਾਂ ਦਾ ਖਿਡੌਣਾ ਬਣੀਆਂ ਰਹਿਣਗੀਆਂ। ਸਮਾਂ ਆ ਗਿਆ ਹੈ ਕਿ ਅਸੀਂ ਇਸ ਬਾਰੇ ਸਵੈ-ਪੜਚੋਲ ਕਰੀਏ ਕਿ ਬਲਾਤਕਾਰ ਤੇ ਅਪਰਾਧੀਕਰਨ ਆਖਿਰ ਕਦੋਂ ਤਕ?


Related News