ਮੁਸਲਿਮ ਦੇਸ਼ਾਂ ਅਤੇ ਮੁਸਲਮਾਨਾਂ ਦੇ ਸਹਿਯੋਗ ਤੋਂ ਬਿਨਾਂ ਅੱਤਵਾਦ ਵਿਰੁੱਧ ਲੜਾਈ ਜਿੱਤਣਾ ਅਸੰਭਵ

Thursday, May 25, 2017 - 06:56 AM (IST)

ਗ੍ਰੇਟ ਬ੍ਰਿਟੇਨ ਦੇ ਮਾਨਚੈਸਟਰ ਏਰੀਨਾ ''ਚ 22 ਮਈ ਨੂੰ ਫਿਰ ਇਕ ਦਿਲ-ਕੰਬਾਊ ਘਟਨਾ ਵਾਪਰੀ, ਜਿਸ ''ਚ ਅਮਰੀਕੀ ਪੌਪ ਗਾਇਕਾ ਏਰੀਆਨਾ ਗ੍ਰੈਂਡ ਦੇ ਕੰਸਰਟ ''ਚ ਸਿਰਫ 22 ਸਾਲਾਂ ਦੇ ਇਕ ਹਮਲਾਵਰ ਸਲਮਾਨ ਰਮਾਦਾਨ ਆਬੇਦੀ ਨੇ ਆਤਮਘਾਤੀ ਹਮਲਾ ਕਰ ਕੇ 22 ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਤੇ 59 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ।
ਦੁਨੀਆ ''ਚ ਅੱਜ ਦੀ ਤਰੀਕ ''ਚ ਦਹਿਸ਼ਤ ਦੇ ਸਭ ਤੋਂ ਤਾਕਤਵਰ ਸੰਗਠਨ ਬਣ ਚੁੱਕੇ ''ਇਸਲਾਮਿਕ ਸਟੇਟ'' (ਆਈ. ਐੱਸ.) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸਥਾਨਕ ਪੁਲਸ ਨੇ ਇਸ ਘਟਨਾ ਦੇ ਸੰਦਰਭ ''ਚ ਦੱਖਣੀ ਮਾਨਚੈਸਟਰ ਦੇ ਰੈੱਡਬ੍ਰਿਕ ਇਲਾਕੇ ''ਚੋਂ ਇਕ 23 ਸਾਲਾ ਨੌਜਵਾਨ ਨੂੰ ਹਿਰਾਸਤ ''ਚ ਲਿਆ ਹੈ, ਜਿਹੜਾ ਹਮਲਾਵਰ ਦੇ ਨਾਲ ਰਹਿੰਦਾ ਸੀ।
ਘਟਨਾ ਦੇ ਸਮੇਂ ਕੰਸਰਟ ਖਤਮ ਹੋਣ ਤੋਂ ਬਾਅਦ ਲੋਕ ਉਥੋਂ ਬਾਹਰ ਆ ਰਹੇ ਸਨ। ਸ਼ੁਰੂਆਤੀ ਜਾਂਚ ''ਚ ਈ. ਆਈ. ਡੀ. ਦੀ ਵਰਤੋਂ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਜੋ ਆਸਾਨੀ ਨਾਲ ਮੁਹੱਈਆ ਨਹੀਂ ਹੁੰਦਾ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਹਮਲਾਵਰ ਨੇ ਬੰਬ ਖੁਦ ਬਣਾਇਆ ਸੀ ਜਾਂ ਉਸ ਨੂੰ ਕਿਸੇ ਨੇ ਦਿੱਤਾ ਸੀ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਹ ਇਕੱਲਾ ਸੀ ਜਾਂ ਕਿਸੇ ਨੈੱਟਵਰਕ ਦਾ ਹਿੱਸਾ ਸੀ।
ਜੁਲਾਈ 2005 ''ਚ ਬ੍ਰਿਟੇਨ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਹ ਉਥੇ ਹੁਣ ਤਕ ਦੀ ਸਭ ਤੋਂ ਵੱਡੀ ਵਾਰਦਾਤ ਹੈ ਤੇ ਜ਼ਾਹਿਰ ਹੈ ਕਿ ਦੁਨੀਆ ਦੇ ਸਭ ਤੋਂ ਵਿਕਸਿਤ ਅਤੇ ਤਾਕਤਵਰ ਦੇਸ਼ ਵੀ ਅਜਿਹੇ ਹਮਲਿਆਂ ਤੋਂ ਬਚ ਨਹੀਂ ਸਕਦੇ।
ਇਸ ਘਟਨਾ ਤੋਂ ਸੰਦੇਸ਼ ਸਾਫ ਹੈ ਕਿ ਜਿਵੇਂ-ਜਿਵੇਂ ਅੱਤਵਾਦ ਵਿਰੁੱਧ ਲੜਾਈ ''ਚ ਦੁਨੀਆ ਦੇ ਦੇਸ਼ ਇਕਜੁੱਟ ਹੋ ਰਹੇ ਹਨ, ਅੱਤਵਾਦ ਦਾ ਨੈੱਟਵਰਕ ਵੀ ਲਗਾਤਾਰ ਤਾਕਤਵਰ ਹੁੰਦਾ ਜਾ ਰਿਹਾ ਹੈ। ਆਈ. ਐੱਸ. ਦੇ ਸਲੀਪਰ ਸੈੱਲ ਭਾਵ ਪੜ੍ਹੇ-ਲਿਖੇ ਸਥਾਨਕ ਲੋਕ ਹਨ, ਜੋ ਜਾਂ ਤਾਂ ਉਨ੍ਹਾਂ ਦੇ ਦੇਸ਼ ਦੀ ਵਿਵਸਥਾ ਤੋਂ ਨਾਰਾਜ਼ ਹਨ ਜਾਂ ਫਿਰ ਉਨ੍ਹਾਂ ਦੇ ਦਿਮਾਗ ''ਚ ਜੇਹਾਦ ਦੀ ਕਲਪਨਾ ਪੂਰੀ ਤਰ੍ਹਾਂ ਬਿਠਾ ਦਿੱਤੀ ਗਈ ਹੈ। ਇਹ ਲੋਕ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ''ਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਸਥਾਨਕ ਨੈੱਟਵਰਕ ਦੀ ਸਹਾਇਤਾ ਤੋਂ ਬਿਨਾਂ ਬ੍ਰਿਟੇਨ ਵਰਗੀ ਮਹਿਫੂਜ਼ ਜਗ੍ਹਾ ''ਤੇ ਅਜਿਹਾ ਹਮਲਾ ਕਰਨਾ ਸੰਭਵ ਨਹੀਂ।
11 ਸਤੰਬਰ 2001 ਤੋਂ ਬਾਅਦ ਪੱਛਮੀ ਜਗਤ ''ਚ ਜਿੰਨੀਆਂ ਅੱਤਵਾਦੀ ਵਾਰਦਾਤਾਂ ਹੋਈਆਂ, ਉਨ੍ਹਾਂ ''ਚੋਂ ਬਹੁਤੀਆਂ ਵਾਰਦਾਤਾਂ ''ਚ ਇਕ ਧਰਮ ਵਿਸ਼ੇਸ਼ ਦੇ ਗੁੰਮਰਾਹ ਕੀਤੇ ਗਏ ਸਥਾਨਕ ਲੋਕ ਹੀ ਸ਼ਾਮਿਲ ਰਹੇ ਹਨ।  ਅਜਿਹੀ ਹਰੇਕ ਘਟਨਾ ਤੋਂ ਯੂਰਪ, ਅਮਰੀਕਾ, ਆਸਟ੍ਰੇਲੀਆ ਜਾਂ ਹੋਰਨਾਂ ਥਾਵਾਂ ''ਤੇ ਨਾਗਰਿਕਾਂ ''ਚ ਪ੍ਰਵਾਸੀਆਂ ਜਾਂ ਘੱਟਗਿਣਤੀਆਂ ਪ੍ਰਤੀ ਅਸਹਿਣਸ਼ੀਲਤਾ ਵਧਦੀ ਹੈ ਅਤੇ ਉਹ ਬਦਲੇ ਦੀ ਕਾਰਵਾਈ ਵਜੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਜਿਵੇਂ-ਜਿਵੇਂ ਅੱਤਵਾਦ ਵਿਰੁੱਧ ਲੜਨ ਵਾਲੇ ਦੇਸ਼ ਆਪਣੇ ਸੋਮੇ ਅਤੇ ਸੰਕਲਪ ਵਧਾਉਂਦੇ ਹਨ, ਤਿਵੇਂ-ਤਿਵੇਂ ਨੈੱਟਵਰਕ ਹੋਰ ਵੀ ਤਾਕਤਵਰ ਹੁੰਦਾ ਜਾ ਰਿਹਾ ਹੈ। ਪਹਿਲਾਂ ਅਲਕਾਇਦਾ ਅਤੇ ਤਾਲਿਬਾਨ ਸਨ, ਹੁਣ ਉਨ੍ਹਾਂ ਦੀ ਜਗ੍ਹਾ ਆਈ. ਐੱਸ. ਅਤੇ ਬੋਕੋਹਰਮ ਨੇ ਲੈ ਲਈ ਹੈ। ਜਿਸ ਆਈ. ਐੱਸ. ਨੇ ਮਾਨਚੈਸਟਰ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਉਸ ਬਾਰੇ ਇਹ ਜਾਣਨਾ ਜ਼ਰੂਰੀ ਹੈ ਕਿ ਉਸ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਉਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਕਿਉਂ ਦੇ ਰਿਹਾ ਹੈ?
ਜਦੋਂ ਅਲਕਾਇਦਾ ਕਮਜ਼ੋਰ ਹੋ ਰਿਹਾ ਸੀ, ਉਦੋਂ ਸ਼ੀਆ ਬਹੁਲਤਾ ਵਾਲੇ ਦੇਸ਼ਾਂ ਇਰਾਕ ਅਤੇ ਸੀਰੀਆ ''ਚ ਸ਼ੀਆ ਸਰਕਾਰਾਂ ਵਿਰੁੱਧ ਲੜਨ ਲਈ ਇਕ ਕੱਟੜ ਸੁੰਨੀ ਵਹਾਬੀ ਸੰਗਠਨ ਬਣਿਆ, ਜਿਸ ਦਾ ਮਕਸਦ ਦੁਨੀਆ ਭਰ ''ਚ ਪੱਛਮੀ ਦੇਸ਼ਾਂ, ਉਨ੍ਹਾਂ ਦੀਆਂ ਮਾਨਤਾਵਾਂ, ਵਿਚਾਰਾਂ, ਧਾਰਨਾਵਾਂ ਤੇ ਸੱਭਿਅਤਾ ਵਿਰੁੱਧ ਜੇਹਾਦ ਛੇੜਨਾ ਹੈ ਤਾਂ ਕਿ ਉਨ੍ਹਾਂ ਨੂੰ ਮਿਟਾਇਆ ਜਾ ਸਕੇ।
ਇਹ ਸੰਗਠਨ ਸੈਂਕੜੇ ਸਾਲ ਪਹਿਲਾਂ ਖਿਲਾਫਤ ਵਿਵਸਥਾ ਦੇ ਕੇਂਦਰ ਰਹੇ ਇਰਾਕ ਅਤੇ ਸੀਰੀਆ ਦੀ ਜ਼ਮੀਨ ''ਤੇ ਕਬਜ਼ਾ ਕਰ ਕੇ ਆਪਣੇ ਇਲਾਕੇ ''ਚ ਖਿਲਾਫਤ ਵਿਵਸਥਾ ਲਾਗੂ ਕਰਨਾ ਚਾਹੁੰਦਾ ਸੀ। ਉਥੇ ਫਿਰ ਇਸਲਾਮਿਕ ਸੁੰਨੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਤੋਂ ਇਲਾਵਾ ਹੋਰ ਕਿਸੇ ਲਈ ਕੋਈ ਜਗ੍ਹਾ ਨਹੀਂ ਹੋਣੀ ਸੀ ਅਤੇ ਸਾਰੇ ਕਾਨੂੰਨ ਖਿਲਾਫਤ ਵਿਵਸਥਾ ਅਨੁਸਾਰ ਉਸ ਦੀ ਮਰਜ਼ੀ ਦੇ ਹੋਣੇ ਸਨ।
ਜਦੋਂ ਆਈ. ਐੱਸ. ਨੇ ਇਰਾਕ ਤੇ ਸੀਰੀਆ ''ਚ ਉਥੋਂ ਦੀਆਂ ਸ਼ੀਆ ਸਰਕਾਰਾਂ ਤੇ ਫੌਜ ਵਿਰੁੱਧ ਜੰਗ ਛੇੜੀ ਤਾਂ ਉਸ ਨੂੰ ਸੁੰਨੀ ਬਹੁਲਤਾ ਵਾਲੇ ਦੇਸ਼ਾਂ ਤੋਂ ਆਰਥਿਕ, ਫੌਜੀ ਤੇ ਹੋਰ ਹਰ ਤਰ੍ਹਾਂ ਦੀ ਸਹਾਇਤਾ ਮਿਲੀ। ਹੁਣ ਉਨ੍ਹਾਂ ਹੀ ਦੇਸ਼ਾਂ ਨੂੰ ਆਈ. ਐੱਸ. ਨਾਲ ਲੜਨ ਲਈ ''ਇਸਲਾਮਿਕ ਮਿਲਟਰੀ ਅਲਾਇੰਸ ਟੂ ਫਾਈਟ ਟੈਰੇਰਿਜ਼ਮ'' ਦੀ ਸਥਾਪਨਾ ਕਰਨੀ ਪਈ ਹੈ। ਜੇਕਰ ਇਹ ਦੇਸ਼ ਉਦੋਂ ਆਈ. ਐੱਸ. ਨੂੰ ਮਿਲਣ ਵਾਲੀ ਸਹਾਇਤਾ ਰੋਕਣ ਦੀ ਕੋਸ਼ਿਸ਼ ਕਰਦੇ ਤਾਂ ਆਈ. ਐੱਸ. ਇਨ੍ਹਾਂ ਦੇਸ਼ਾਂ ਦੀ ਫੌਜ ਨਾਲ ਟੱਕਰ ਲੈਣ ਜਿੰਨਾ ਤਾਕਤਵਰ ਨਾ ਬਣਦਾ। ਇਸ ਸੰਗਠਨ ਨੇ ਬਹੁਤ ਹੀ ਘੱਟ ਸਮੇਂ ''ਚ ਵਿਦੇਸ਼ੀ ਲੜਾਕਿਆਂ ਦੀ ਸਹਾਇਤਾ ਨਾਲ ਇਰਾਕ ਤੇ ਸੀਰੀਆ ਦੇ ਵੱਡੇ ਜ਼ਮੀਨੀ ਹਿੱਸੇ ''ਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਇਲਾਕੇ ਦੇ ਤੇਲ ਦੇ ਸੋਮੇ ਉਸ ਦੇ ਹੱਥਾਂ ''ਚ ਪਹੁੰਚ ਚੁੱਕੇ ਸਨ।
ਆਪਣੇ ਇਲਾਕੇ ''ਚ ਰਹਿਣ ਵਾਲੇ ਘੱਟਗਿਣਤੀਆਂ ''ਤੇ ਇਸ ਸੰਗਠਨ ਨੇ ਜੋ ਜ਼ੁਲਮ ਕੀਤੇ ਹਨ, ਉਹ ਮਨੁੱਖੀ ਸੱਭਿਅਤਾ ਦੇ ਸਭ ਤੋਂ ਬੁਰੇ ਦੌਰ ਦਾ ਚੇਤਾ ਕਰਵਾਉਂਦੇ ਹਨ। ਵਿਦੇਸ਼ੀ ਲੜਾਕਿਆਂ ਨੂੰ ਮਿਹਨਤਾਨੇ ਵਜੋਂ ਥੋੜ੍ਹੇ ਪੈਸੇ, ਮਰਨ ਤੋਂ ਬਾਅਦ ਜੰਨਤ ਮਿਲਣ ਦਾ ਲਾਲਚ ਤੇ ਕਬਜ਼ੇ ''ਚ ਆਈਆਂ ਘੱਟਗਿਣਤੀ ਭਾਈਚਾਰੇ ਦੀਆਂ ਔਰਤਾਂ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ।
ਇਹ ਮਨੁੱਖਤਾ ਦੇ ਹਿੱਤ ''ਚ ਹੀ ਹੈ ਕਿ ਇਰਾਕ ਤੇ ਸੀਰੀਆ ਦੀਆਂ ਸਰਕਾਰਾਂ, ਫੌਜਾਂ ਨੇ ਪੱਛਮੀ ਦੇਸ਼ਾਂ ਖਾਸ ਕਰਕੇ ਅਮਰੀਕਾ ਦੀ ਸਹਾਇਤਾ ਨਾਲ ਆਈ. ਐੱਸ. ਨੂੰ ਕਮਜ਼ੋਰ ਕਰ ਦਿੱਤਾ ਹੈ ਪਰ ਇਸ ਸੰਗਠਨ ''ਚ ਦੁਨੀਆ ਭਰ ਦੇ ਅੱਤਵਾਦੀ ਸ਼ਾਮਿਲ ਹੋ ਗਏ ਹਨ। ਇਸ ਲਈ ਇਸ ਸੰਗਠਨ ਦੀ ਪਹੁੰਚ ਵੀ ਵਿਸ਼ਵ-ਵਿਆਪੀ ਬਣ ਗਈ ਹੈ। ਮਾਨਚੈਸਟਰ ਵਰਗੇ ਹੋਰ ਹਮਲੇ ਦੁਨੀਆ ਭਰ ''ਚ ਅਗਾਂਹ ਵੀ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।
ਪੱਛਮੀ ਜਗਤ ''ਚ ਅੱਤਵਾਦ ਵਿਰੁੱਧ ਲੜਾਈ ਨੂੰ ਲੈ ਕੇ ਇਹ ਗਲਤ ਧਾਰਨਾ ਬਣਾਈ ਜਾ ਰਹੀ ਹੈ ਕਿ ਅੱਤਵਾਦੀਆਂ ਨੂੰ ਜ਼ਿਆਦਾਤਰ ਇਕ ਧਰਮ ਦੇ ਲੋਕਾਂ ਦਾ ਸਮਰਥਨ ਹਾਸਿਲ ਹੈ ਅਤੇ ਇਹ ਲੜਾਈ ਅੱਤਵਾਦੀਆਂ-ਦੇਸ਼ਾਂ ਦਰਮਿਆਨ ਨਹੀਂ ਸਗੋਂ ਖੁੱਲ੍ਹੇ ਵਿਚਾਰਾਂ ਵਾਲੀ ਪੱਛਮੀ ਸੱਭਿਅਤਾ ਤੇ ਕੱਟੜ ਇਸਲਾਮਿਕ ਮਾਨਤਾਵਾਂ ਦਰਮਿਆਨ ਹੈ। ਅਜਿਹਾ ਸਭ ਇਹ ਜਾਣਨ ਦੇ ਬਾਵਜੂਦ ਕੀਤਾ ਜਾ ਰਿਹਾ ਹੈ ਕਿ ਹਰੇਕ ਧਰਮ, ਹਰੇਕ ਦੇਸ਼ ਤੇ ਸੱਭਿਅਤਾ ਦੇ ਲੋਕ ਅੱਤਵਾਦ ਤੋਂ ਪੀੜਤ ਹਨ। ਅੱਤਵਾਦ ਵਿਰੁੱਧ ਲੜਾਈ ਨੂੰ ਜਿੱਤਣਾ ਮੁਸਲਿਮ ਦੇਸ਼ਾਂ ਤੇ ਕਰੋੜਾਂ ਮੁਸਲਮਾਨਾਂ ਦੇ ਸਰਗਰਮ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ।
ਇਹ ਰਾਹਤ ਵਾਲੀ ਗੱਲ ਹੈ ਕਿ ਤਾਜ਼ਾ ਘਟਨਾ ਤੋਂ ਬਾਅਦ ਵੀ ਮਾਨਚੈਸਟਰ ਤੇ ਬ੍ਰਿਟੇਨ ਦੇ ਲੋਕਾਂ ਨੇ ਇਕਜੁੱਟਤਾ ਦਿਖਾਈ ਹੈ, ਅੱਤਵਾਦ ਵਿਰੁੱਧ ਲੜਾਈ ''ਚ ਸਭ ਨੂੰ ਨਾਲ ਲੈ ਕੇ ਚੱਲਣ ਦਾ ਸੰਕਲਪ ਲਿਆ ਹੈ।
ਸਥਾਨਕ ਲੋਕਾਂ ਨੂੰ ਗੁੰਮਰਾਹ ਹੋਏ ਲੋਕਾਂ ਨੂੰ ਬਚਾਉਣ ਦੀ ਬਜਾਏ ਉਨ੍ਹਾਂ ਨੂੰ ਕਾਨੂੰਨ ਦੇ ਹਵਾਲੇ ਕਰ ਕੇ ਬਹੁਗਿਣਤੀਆਂ ਨੂੰ ਇਹ ਭਰੋਸਾ ਦਿਵਾਉਣਾ ਚਾਹੀਦਾ ਹੈ ਕਿ ਕੁਝ ਹੀ ਲੋਕ ਗਲਤ ਹਨ ਤੇ ਬਾਕੀ ਭਾਈਚਾਰਾ ਦੇਸ਼ ਦੇ ਨਾਲ ਹੈ, ਨਹੀਂ ਤਾਂ ਅਜਿਹੇ ਦੇਸ਼ਾਂ ''ਚ ਮੁਸਲਿਮ ਘੱਟਗਿਣਤੀਆਂ ਪ੍ਰਤੀ ਸਥਾਨਕ ਭਾਵਨਾਵਾਂ ਸਮੇਂ ਦੇ ਨਾਲ-ਨਾਲ ਹਿੰਸਕ ਹੋ ਸਕਦੀਆਂ ਹਨ ਕਿਉਂਕਿ ਬਹੁਗਿਣਤੀਆਂ ਨੂੰ ਲੱਗੇਗਾ ਕਿ ਘੱਟਗਿਣਤੀਆਂ ਕਾਰਨ ਉਹ ਆਪਣੇ ਘਰਾਂ ''ਚ ਵੀ ਸੁਰੱਖਿਅਤ ਨਹੀਂ ਹਨ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਆਪਣੇ ਨਾਗਰਿਕਾਂ, ਖਾਸ ਕਰਕੇ ਘੱਟਗਿਣਤੀਆਂ ਨੂੰ ਮੁੱਖ ਧਾਰਾ ''ਚ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਫਿਰ ਕੋਈ ਅੱਤਵਾਦੀ ਸੰਗਠਨ ਉਨ੍ਹਾਂ ਦਾ ''ਬ੍ਰੇਨਵਾਸ਼'' ਨਾ ਕਰ ਸਕੇ।              
(amreesh.sarkango!@gmail.com)
- ਅਮਰੀਸ਼ ਸਰਕਾਨਗੋ


Related News