ਸਵਾਮੀ ਵਿਵੇਕਾਨੰਦ : ਨੌਜਵਾਨਾਂ ਦੇ ਸੱਚੇ ਆਦਰਸ਼ ਅਤੇ ਮਾਰਗਦਰਸ਼ਕ
Thursday, Jan 12, 2023 - 11:52 PM (IST)

ਭਾਰਤ ’ਚ 19ਵੀਂ ਸਦੀ ’ਚ ਅੰਗਰੇਜ਼ੀ ਸ਼ਾਸਨ ਦਾ ਬੋਲਬਾਲਾ ਸੀ ਅਤੇ ਦੁਨੀਆ ਸਾਨੂੰ ਤਰਸ ਦੀ ਨਿਗਾ ਨਾਲ ਦੇਖਦੀ ਸੀ। ਉਦੋਂ ਭਾਰਤ ਮਾਤਾ ਨੇ ਇਕ ਅਜਿਹੇ ਲਾਲ ਨੂੰ 12 ਜਨਵਰੀ 1863 ’ਚ ਜਨਮ ਦਿੱਤਾ, ਜਿਸ ਨੇ ਭਾਰਤ ਦੇ ਲੋਕਾਂ ਦਾ ਹੀ ਨਹੀਂ ਪੂਰੀ ਮਨੁੱਖਤਾ ਦਾ ਮਾਣ ਵਧਾਇਆ। ਮਾਤਾ ਪਿਤਾ ਨੇ ਬੱਚੇ ਦਾ ਨਾਂ ਨਰਿੰਦਰ ਰੱਖਿਆ। ਇਸ ਦੇ ਬਾਅਦ ਉਹ ਅਧਿਆਤਮ ਨਾਲ ਮਾਲੋਮਾਲ ਹੋ ਕੇ ਸਵਾਮੀ ਵਿਵੇਕਾਨੰਦ ਅਖਵਾਏ। ਸਵਾਮੀ ਵਿਵੇਕਾਨੰਦ ਪੱਛਮੀ ਦਰਸ਼ਨ ਸਮੇਤ ਵੱਖ-ਵੱਖ ਵਿਸ਼ਿਆਂ ਦੇ ਗਿਆਤਾ ਹੋਣ ਦੇ ਨਾਲ-ਨਾਲ ਇਕ ਬਹੁੁਮੁਖੀ ਸ਼ਖਸੀਅਤ ਦੇ ਧਨੀ ਸਨ। ਉਹ ਭਾਰਤ ਦੇ ਪਹਿਲੇ ਹਿੰਦੂ ਸੰਨਿਆਸੀ ਸਨ ਜਿਨ੍ਹਾਂ ਨੇ ਹਿੰਦੂ ਧਰਮ ਅਤੇ ਸਨਾਤਨ ਧਰਮ ਦਾ ਸੰਦੇਸ਼ ਵਿਸ਼ਵ ਭਰ ’ਚ ਫੈਲਾਇਆ। ਉਨ੍ਹਾਂ ਨੇ ਵਿਸ਼ਵ ’ਚ ਸਨਾਤਨ ਕਦਰਾਂ-ਕੀਮਤਾਂ, ਹਿੰਦੂ ਧਰਮ ਅਤੇ ਭਾਰਤੀ ਸੱਭਿਆਚਾਰ ਦੀ ਸਰਵਉੱਚਤਾ ਸਥਾਪਿਤ ਕੀਤੀ। ਯੌਗਿਕ ਸਦਭਾਵ ਨਾਲ ਮੁਕੰਮਲ, ਉਹ ਬਚਪਨ ਤੋਂ ਹੀ ਧਿਆਨ ਦਾ ਅਭਿਆਸ ਕਰਦੇ ਸਨ। ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਦੇ ਸੰਪਰਕ ’ਚ ਆਉਣ ਦੇ ਬਾਅਦ ਉਨ੍ਹਾਂ ਦੀ ਜ਼ਿੰਦਗੀ ’ਚ ਇਕ ਵੱਡੀ ਤਬਦੀਲੀ ਆਈ। ਇਨ੍ਹਾਂ ਦਾ ਸਬੰਧ ਗੁਰੂ-ਚੇਲੇ ਦੇ ਰੂਪ ’ਚ ਵਿਕਸਤ ਹੋਇਆ। ਉਨ੍ਹਾਂ ਨੇ ਨਵੰਬਰ 1881 ’ਚ ਇਕ ਦਿਨ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਕੋਲੋਂ ਪੁੱਛਿਆ, ਸਰ, ਕੀ ਤੁਸੀਂ ਭਗਵਾਨ ਨੂੰ ਦੇਖਿਆ ਹੈ? ਉਨ੍ਹਾਂ ਨੇ ‘ਹਾਂ’ ’ਚ ਜਵਾਬ ਦਿੱਤਾ ਤੇ ਕਿਹਾ ਕਿ ਮੈਂ ਉਨ੍ਹਾਂ ਨੂੰ ਓਨਾ ਹੀ ਸਪੱਸ਼ਟ ਰੂਪ ’ਚ ਦੇਖਦਾ ਹਾਂ ਜਿੰਨਾ ਕਿ ਮੈਂ ਤੁਹਾਨੂੰ ਦੇਖ ਰਿਹਾ ਹਾਂ।
ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਦੇ ਦਿਵਯ ਮਾਰਗਦਰਸ਼ਨ ’ਚ ਸਵਾਮੀ ਵਿਵੇਕਾਨੰਦ ਨੇ ਅਧਿਆਤਮ ਮਾਰਗ ’ਤੇ ਬੜੀ ਵਿਸ਼ਾਲ ਤਰੱਕੀ ਕੀਤੀ। 11 ਸਤੰਬਰ, 1893 ਨੂੰ ਸ਼ਿਕਾਗੋ ’ਚ ਆਯੋਜਿਤ ਵਿਸ਼ਵ ਧਰਮ ਸੰਸਦ ’ਚ ਉਨ੍ਹਾਂ ਦੇ ਭਾਸ਼ਨ ਨੇ ਦੁਨੀਆ ਭਰ ਦੇ ਧਾਰਮਿਕ ਅਤੇ ਅਧਿਆਤਮਕ ਸੰਤਾਂ ’ਤੇ ਇਕ ਅਮਿਟ ਛਾਪ ਛੱਡੀ। ਉਨ੍ਹਾਂ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ਅਮਰੀਕੀ ਭੈਣਾਂ ਤੇ ਭਰਾਵਾਂ ਦੇ ਰੂਪ ’ਚ ਸੰਬੋਧਿਤ ਕਰਦੇ ਹੋਏ ਕੀਤੀ, ਜਿਸ ਨਾਲ ਪੂਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਉਨ੍ਹਾਂ ਨੇ ਕਿਹਾ ਕਿ ਜਿਸ ਨਿੱਘ ਅਤੇ ਭਾਈਚਾਰਕ ਮਾਹੌਲ ’ਚ ਮੇਰਾ ਸਵਾਗਤ ਕੀਤਾ ਹੈ ਉਸ ਨਾਲ ਮੇਰਾ ਮਨ ਬੜਾ ਖੁਸ਼ ਹੈ। ਭਾਰਤ ਭੂਮੀ ਦੇ ਸਾਰੇ ਭਾਈਚਾਰਿਆਂ, ਵਰਗਾਂ ਤੇ ਲੱਖਾਂ-ਕਰੋੜਾਂ ਭਾਰਤੀਆਂ ਅਤੇ ਧਰਮ ਭੂਮੀ ਦੇ ਵਲੋਂ ਮੈਂ ਤੁਹਾਡਾ ਕੋਟਿਨ-ਕੋਟਿ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਕਿਹਾ ਸੀ ‘‘ਮੈਨੂੰ ਉਸ ਧਰਮ ਤੇ ਰਾਸ਼ਟਰ ਨਾਲ ਸਬੰਧ ਰੱਖਣ ’ਤੇ ਮਾਣ ਹੈ, ਜਿਸ ਨੇ ਦੁਨੀਆ ਨੂੰ ਸਹਿਣਸ਼ੀਲਤਾ ਤੇ ਸਰਵਵਿਆਪਕਤਾ ਸਿਖਾਈ ਹੈ। ਅਸੀਂ ਨਾ ਸਿਰਫ ਯੂਨੀਵਰਸਲ ਸਹਿਣਸ਼ੀਲਤਾ ’ਚ ਯਕੀਨ ਰੱਖਦੇ ਹਾਂ ਸਗੋਂ ਸਾਰੇ ਧਰਮਾਂ ਨੂੰ ਸੱਚ ਦੇ ਰੂਪ ’ਚ ਪ੍ਰਵਾਨ ਕਰਦੇ ਹਾਂ। ਮੈਨੂੰ ਭਾਰਤੀ ਹੋਣ ’ਤੇ ਮਾਣ ਹੈ,ਜਿਸ ’ਚ ਵੱਖ-ਵੱਖ ਰਾਸ਼ਟਰਾਂ ਦੇ ਪੀੜਤਾਂ ਦੇ ਪਨਾਹਗੀਰਾਂ ਨੂੰ ਆਸਰਾ ਦਿੱਤਾ ਹੈ। ਸਵਾਮੀ ਜੀ ਦਾ ਦ੍ਰਿੜ੍ਹ ਮਤ ਸੀ ਕਿ ਸਾਰੇ ਮਾਰਗ ਇਕ ਸੱਚੇ ਈਸ਼ਵਰ ਵੱਲ ਲਿਜਾਂਦੇ ਹਨ, ਜਿਵੇਂ ਕਿ ਰਿਗਵੇਦ ’ਚ ਵੀ ਵਰਨਣ ਕੀਤਾ ਗਿਆ ਹੈ ਕਿ ‘ਏਕਮ ਸਤ ਵਿਪ੍ਰ ਬਹੁਦਾ ਵਦਨਤਿ’ ਭਾਵ ਸੱਚ ਇਕ ਹੈ, ਦਾਰਸ਼ਨਿਕ ਇਸ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਉਂਦੇ ਹਨ।
ਉਨ੍ਹਾਂ ਦੇ ਭਾਰਤੀ ਧਰਮਨਿਰਪੱਖਤਾ ਦੇ ਵਿਚਾਰ ਸਾਰੇ ਧਰਮਾਂ ਲਈ ਬਰਾਬਰ ਸਨ। ਉਨ੍ਹਾਂ ਨੇ ਹਮੇਸ਼ਾ ਜਨਤਕ ਸੱਭਿਆਚਾਰ ਦੇ ਰੂਪ ’ਚ ਧਾਰਮਿਕ ਸਹਿਣਸ਼ੀਲਤਾ ਦਾ ਸਮਰਥਨ ਕੀਤਾ ਕਿਉਂਕਿ ਉਹ ਸਦਭਾਵ ਤੇ ਸ਼ਾਂਤੀ ਚਾਹੁੰਦੇ ਸਨ। ਇਹ ਸਿਰਫ ਇਕ ਸੁਝਾਅ ਨਹੀਂ ਸੀ ਸਗੋਂ ਜਾਤੀ ਜਾਂ ਧਰਮ ਦੇ ਆਧਾਰ ’ਤੇ ਬਿਨਾਂ ਕਿਸੇ ਵਿਤਕਰੇ ਦੇ ਲੋਕਾਂ ਦੀ ਸੇਵਾ ਕਰਨ ਦਾ ਇਕ ਮਜ਼ਬੂਤ ਇਰਾਦਾ ਸੀ। ਉਨ੍ਹਾਂ ਦੇ ਵਿਚਾਰਾਂ ’ਚ ਧਰਮਨਿਰਪੱਖਤਾ ਦੇ ਸਬੰਧ ’ਚ ਤੰਗਦਿਲੀ ਦੀ ਕੋਈ ਥਾਂ ਨਹੀਂ ਸੀ। ਇਹ ਸਰਵ-ਸਮਾਵੇਸ਼ੀ ਸੀ ਜਿਸ ਦਾ ਉਨ੍ਹਾਂ ਨੇ ਅਮਰੀਕਾ ’ਚ ਪ੍ਰਚਾਰ ਕੀਤਾ ਅਤੇ 1893 ’ਚ ਵਿਸ਼ਵ ਧਰਮ ਸੰਸਦ ’ਚ ਇਤਿਹਾਸਕ ਭਾਸ਼ਨ ਦੇਣ ਦੇ ਬਾਅਦ ਯੂਰਪ ਦਾ ਵੀ ਵਿਆਪਕ ਦੌਰਾ ਕੀਤਾ। ਜਦੋਂ ਉਹ 4 ਸਾਲ ਬਾਅਦ ਅਮਰੀਕਾ ਤੇ ਬ੍ਰਿਟੇਨ ਦੀ ਯਾਤਰਾ ਕਰ ਕੇ ਭਾਰਤ ਪਰਤੇ ਤਾਂ ਮਾਤਭੂਮੀ ਨੂੰ ਨਮਸਕਾਰ ਕਰ ਕੇ ਪਵਿੱਤਰ ਭੂਮੀ ’ਚ ਲੇਟ ਕੇ ਲੋਟ-ਪੋਟ ਹੋਏ। ਇਹ ਮਾਤਭੂਮੀ ਦੇ ਪ੍ਰਤੀ ਉਨ੍ਹਾਂ ਦੇ ਮਨ ’ਚ ਹੀ ਅਥਾਹ ਸ਼ਰਧਾ ਤੇ ਮਾਂ ਭਾਰਤੀ ਦੇ ਪ੍ਰਤੀ ਪ੍ਰੇਮ ਸੀ। ਉਨ੍ਹਾਂ ਨੇ ਕਿਹਾ ਕਿ ਮਾਤਭੂਮੀ ਦਾ ਕਣਕਣ ਪਵਿੱਤਰ ਅਤੇ ਪ੍ਰੇਰਕ ਹੈ। ਇਸ ਲਈ ਇਸ ਮਿੱਟੀ ’ਚ ਵਿਚਰਿਆ ਹਾਂ। ਉਨ੍ਹਾਂ ਨੇ ਮੰਨਿਆ ਕਿ ਪੱਛਮ ਭੋਗ-ਲਾਲਸਾ ’ਚ ਗ੍ਰਸਤ ਹੈ। ਇਸ ਦੇ ਉਲਟ ਅਧਿਆਤਮਕ ਕਦਰਾਂ-ਕੀਮਤਾਂ ਅਤੇ ਲੋਕਾਚਾਰ ਭਾਰਤ ਦੇ ਕਣ-ਕਣ ’ਚ ਰਚਿਆ ਵਸਿਆ ਹੈ। ਉਨ੍ਹਾਂ ਦੇ ਬਾਰੇ ’ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਲਿਖਿਆ ਹੈ, ‘‘ਸਵਾਮੀ ਜੀ ਇਸ ਲਈ ਮਹਾਨ ਹਨ ਕਿ ਉਨ੍ਹਾਂ ਨੇ ਪੂਰਬ ਅਤੇ ਪੱਛਮ, ਧਰਮ ਤੇ ਵਿਗਿਆਨ, ਅਤੀਤ ਅਤੇ ਵਰਤਮਾਨ ’ਚ ਤਾਲਮੇਲ ਸਥਾਪਿਤ ਕੀਤਾ ਹੈ। ਦੇਸ਼ਵਾਸੀਆਂ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਬੜਾ ਆਤਮ-ਸਨਮਾਨ, ਆਤਮ ਨਿਰਭਰਤਾ ਤੇ ਆਤਮ-ਵਿਸ਼ਵਾਸ ਮਹਿਸੂਸ ਕੀਤਾ ਹੈ।’’
ਸਵਾਮੀ ਵਿਵੇਕਾਨੰਦ ਨੇ ਨੌਜਵਾਨਾਂ ਲਈ ਕਿਹਾ ਸੀ,‘ਉਠੋ, ਜਾਗੋ ਅਤੇ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਮੰਜ਼ਿਲ ਪ੍ਰਾਪਤ ਨਾ ਹੋ ਜਾਵੇ।’’ ਉਹ ਨੌਜਵਾਨਾਂ ’ਚ ਆਸ ਤੇ ਉਮੀਦ ਰੱਖਦੇ ਸਨ। ਉਨ੍ਹਾਂ ਲਈ ਨੌਜਵਾਨ ਪੀੜ੍ਹੀ ਪਰਿਵਰਤਨ ਦੀ ਅਗਰਦੂਤ ਹੈ। ਉਨ੍ਹਾਂ ਨੇ ਕਿਹਾ ਸੀ, ‘ਨੌਜਵਾਨਾਂ ’ਚ ਲੋਹੇ ਵਰਗੀਆਂ ਮਾਸਪੇਸ਼ੀਆਂ ਤੇ ਫੌਲਾਦੀ ਨਸਾਂ ਹਨ, ਜਿਨ੍ਹਾਂ ਦਾ ਦਿਲ ਦੇ ਬਰਾਬਰ ਹੈ।’’ ਸਵਾਮੀ ਵਿਵੇਕਾਨੰਦ ਦੇ ਆਦਰਸ਼ ਤੋਂ ਪ੍ਰੇਰਿਤ ਹੋ ਕੇ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਤਮਨਿਰਭਰ, ਸਵਸਥ ਭਾਰਤ ਅਭਿਆਨ ਸ਼ੁਰੂ ਕੀਤਾ ਹੈ ਜਿਸ ’ਤੇ 2025-26 ਤੱਕ 64,180 ਕਰੋੜ ਰੁਪਏ ਖਰਚ ਹੋਣਗੇ। ਇਸ ਦਾ ਮਕਸਦ 10 ਉੱਚ ਫੋਕਸ ਵਾਲੇ ਸੂਬਿਆਂ ’ਚ 17,788 ਦਿਹਾਤੀ ਸਿਹਤ ਅਤੇ ਭਲਾਈ ਕੇਂਦਰਾਂ ਨੂੰ ਮਜ਼ਬੂਤ ਕਰਨਾ ਹੈ। ਸਾਰੇ ਸੂਬਿਆਂ ’ਚ 11,024 ਸ਼ਹਿਰੀ ਸਿਹਤ ਅਤੇ ਭਲਾਈ ਕੇਂਦਰ ਸਥਾਪਿਤ ਕਰਨਾ ਤੇ 602 ਜ਼ਿਲਿਆਂ ਅਤੇ 12 ਕੇਂਦਰੀ ਸੰਸਥਾਨਾਂ ’ਚ ਵਿਸ਼ੇਸ਼ ਕੇਅਰ ਹਸਪਤਾਲ ਸਥਾਪਿਤ ਕਰਨਾ ਹੈ। ਸਰਕਾਰ ਦਾ ਇਹ ਕਦਮ ਇਸ ਇਰਾਦੇ ਨੂੰ ਦਰਸਾਉਂਦਾ ਹੈ ਕਿ ਤੰਦਰੁਤ ਲੋਕ ਹੀ ਮਜ਼ਬੂਤ ਰਾਸ਼ਟਰ ਤੇ ਜ਼ਿੰਦਾ ਸਮਾਜ ਦਾ ਨਿਰਮਾਣ ਕਰ ਸਕਦੇ ਹਨ। ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਿਆਰ ਕੀਤੀ ਗਈ ਹੈ। ਇਹ ਰਾਸ਼ਟਰੀ ਸਿੱਖਿਆ ਨੀਤੀ-2020 ( ਐੱਨ.ਈ .ਪੀ.-2020) ਸਵਾਮੀ ਵਿਵੇਕਾਨੰਦ ਦੇ ਵਿਗਿਆਨਕ ਨਜ਼ਰੀਏ, ਨੈਤਿਕ ਕਦਰਾਂ-ਕੀਮਤਾਂ ਅਤੇ ਨਵੇਂ ਭਾਰਤ ਦੇ ਨਿਰਮਾਣ ਦੇ ਨਜ਼ਰੀਏ ਦੇ ਅਨੁਸਾਰ ਹੈ। ਆਓ, ਅਸੀਂ ਅੰਮ੍ਰਿਤ ਕਾਲ ’ਚ ਇਕ ਮਹਾਨ ਦਾਰਸ਼ਨਿਕ, ਵਿਚਾਰਕ ਅਤੇ ਨੌਜਵਾਨਾਂ ਦੇ ਪ੍ਰੇਰਨਾ ਪੁੰਜ, ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ, ਰਾਸ਼ਟਰੀਅਤਾ ਦੀ ਭਾਵਨਾ, ਦੇਸ਼ਭਗਤੀ, ਵੰਨ-ਸੁਵੰਨਤਾ ’ਚ ਏਕਤਾ ਤੇ ਸਮਾਵੇਸ਼ਿਤਾ ਨੂੰ ਆਤਮਸਾਤ ਕਰਨ ਦਾ ਸੰਕਲਪ ਲਈਏ। ਇਹੀ ਸਵਾਮੀ ਵਿਵੇਕਾਨੰਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸ਼੍ਰੀ ਬੰਡਾਰੂ ਦੱਤਾਤ੍ਰੇਅ ਅਤੇ ਸਤਨਾਮ ਸਿੰਘ ਸੰਧੂ।