ਸ਼੍ਰੀਲੰਕਾ ਹੋਇਆ ਹੁਣ ਚੀਨ ਦਾ ਕੱਟੜ ਵਿਰੋਧੀ
Wednesday, Dec 21, 2022 - 11:40 AM (IST)

ਚੀਨ ਦਾ ਵਿਰੋਧ ਹੁਣ ਸ਼੍ਰੀਲੰਕਾ ਵਿਚ ਵੀ ਹੋਣ ਲੱਗਾ ਹੈ, ਹਾਲਾਂਕਿ ਇਹ ਵਿਰੋਧ ਪਹਿਲਾਂ ਤੋਂ ਹੀ ਹੋ ਰਿਹਾ ਸੀ ਪਰ ਹੁਣ ਜਿਹੜਾ ਵਿਰੋਧ ਹੋ ਰਿਹਾ ਹੈ, ਉਸ ਵਿਚ ਚੀਨੀਆਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਚੀਨ ਨੇ ਭਾਰਤ ਨੂੰ ਘੇਰਨ ਦੀ ਨੀਅਤ ਨਾਲ ਸ਼੍ਰੀਲੰਕਾ ਵਿਚ ਭਾਰੀ ਨਿਵੇਸ਼ ਕਰ ਕੇ ਉਸ ਨੂੰ ਆਪਣੇ ਕਰਜ਼ੇ ਦੇ ਜਾਲ ’ਚ ਫਸਾਇਆ ਸੀ।
ਹੁਣ ਸ਼੍ਰੀਲੰਕਾ ਚੀਨ ਲਈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਬਣ ਗਿਆ ਹੈ। ਅਜਿਹੇ ਸਮੇਂ ’ਚ ਸ਼੍ਰੀਲੰਕਾ ’ਚ ਚੀਨ ਦਾ ਵਿਰੋਧ ਹੋਣਾ ਅਤੇ ਉਸ ਦੇ ਲੋਕਾਂ ਨੂੰ ਵਾਪਸ ਚੀਨ ਭੇਜਣ ਦੀ ਗੱਲ ਕਰਨੀ ਚੀਨ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਹਿੰਦ ਮਹਾਸਾਗਰ ਵਿਚ ਦੁਨੀਆ ਦੇ 80 ਫ਼ੀਸਦੀ ਪਾਣੀ ਵਾਲੇ ਵਪਾਰਕ ਜਹਾਜ਼ ਲੰਘਦੇ ਹਨ। ਇਸੇ ਰਸਤੇ ਪੂਰੀ ਦੁਨੀਆ ਤੋਂ ਚੀਨ ਨੂੰ ਜਾਣ ਵਾਲਾ ਕੱਚਾ ਮਾਲ ਭੇਜਿਆ ਜਾਂਦਾ ਹੈ।
ਜਿਬੂਤੀ ’ਚ ਆਪਣਾ ਸਮੁੰਦਰੀ ਫ਼ੌਜ ਦਾ ਅੱਡਾ ਕਾਇਮ ਕਰਨ ਪਿੱਛੋਂ ਚੀਨ ਨੇ ਆਪਣਾ ਪਾਣੀ ਦਾ ਟਰਾਂਸਪੋਰਟ ਵਪਾਰਕ ਕੇਂਦਰ ਹੰਬਨਟੋਟਾ ਬੰਦਰਗਾਹ ਉਤੇ ਬਣਾਇਆ ਹੈ। ਇਸ ਨੂੰ ਉਸਨੇ ਸ਼੍ਰੀਲੰਕਾ ਨੂੰ ਕਰਜ਼ਾ ਵਾਪਸ ਨਾ ਕਰਨ ਦੇ ਬਦਲੇ ’ਚ 99 ਸਾਲ ਲਈ ਪਟੇ ’ਤੇ ਲਿਆ ਹੈ। ਹੰਬਨਟੋਟਾ ’ਤੇ ਆਪਣਾ ਆਧਾਰ ਬਣਾਉਣ ਪਿੱਛੇ ਚੀਨ ਦਾ ਵੱਡਾ ਇਰਾਦਾ ਭਾਰਤ ਨੂੰ ਘੇਰਨ ਦਾ ਹੈ ਕਿਉਂਕਿ ਚੀਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਪੂਰੇ ਏਸ਼ੀਆ ’ਚ ਜੇ ਉਸ ਨੂੰ ਕੋਈ ਦੇਸ਼ ਹਰ ਖੇਤਰ ’ਚ ਪਛਾੜ ਸਕਦਾ ਹੈ ਤਾਂ ਉਹ ਭਾਰਤ ਹੀ ਹੈ। ਭਾਰਤ ਕੋਲ ਫ਼ੌਜੀ ਸ਼ਕਤੀ ਵੀ ਹੈ, ਸਿਆਣੇ ਹੁਨਰਮੰਦ ਕਿਰਤੀਆਂ ਤੋਂ ਲੈ ਕੇ ਉਦਯੋਗ ਧੰਦੇ ਵਿਕਸਿਤ ਕਰਨ ਦਾ ਹੁਨਰ ਵੀ ਉਸ ਕੋਲ ਹੈ ਜੋ ਚੀਨ ਨੂੰ ਆਰਥਿਕ, ਵਪਾਰਕ, ਫੌਜੀ, ਸਿਆਸੀ ਅਤੇ ਰਣਨੀਤਿਕ ਪੱਖੋਂ ਪਛਾੜਣ ਦੀ ਸਮਰੱਥਾ ਰੱਖਦਾ ਹੈ।
ਸ਼੍ਰੀਲੰਕਾ ਦੀ ਸੰਸਦ ਵਿਚ ਕੁਝ ਦਿਨ ਪਹਿਲਾਂ ਹੀ ਇਕ ਸੰਸਦ ਮੈਂਬਰ ਸ਼ਨਕਿਯਨ ਰਾਸਮਨਿਕਮ ਨੇ ‘ਚਾਈਨਾ ਗੋ ਹੋਮ’ ਭਾਵ ਚੀਨੀਓ ਘਰ ਵਾਪਸ ਜਾਓ ਦੀ ਮੁਹਿੰਮ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਪਿੱਛੇ ਕਾਰਨ ਹੈ ਉਨ੍ਹਾਂ ਦੀ ਚੀਨ ਦੇ ਨਾਲ ਨਾਰਾਜ਼ਗੀ। ਰਾਸਮਨਿਕਮ ਦਾ ਕਹਿਣਾ ਹੈ ਕਿ ਚੀਨੀ ਦੂਤਘਰ ਅਤੇ ਚੀਨ ਸਰਕਾਰ ਸ਼੍ਰੀਲੰਕਾ ਦੇ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰ ਰਹੀ ਸਗੋਂ ਸ਼੍ਰੀਲੰਕਾ ਦੀ ਮੁਸੀਬਤ ’ਚ ਆਪਣੇ ਲਈ ਮੌਕੇ ਲੱਭ ਰਹੀ ਹੈ।
ਰਾਜਧਾਨੀ ਕੋਲੰਬੋ ’ਚ ਵੀ ਚੀਨ ਨੇ ਆਪਣੇ ਪੈਰ ਟਿਕਾ ਲਏ ਹਨ। ਇਸ ਤੋਂ ਇਲਾਵਾ ਚੀਨ ਨੇ ਭਾਰਤ ਦੇ ਸਮੁੰਦਰੀ ਕੰਢਿਆਂ ਅਤੇ ਨੇੜੇ ਪਹੁੰਚਣ ਲਈ ਸ਼੍ਰੀਲੰਕਾ ਦੇ ਤਾਮਿਲ ਬਹੁਗਿਣਤੀ ਵਾਲੇ ਇਲਾਕੇ ਜਾਫਨਾ ਵਿਚ ਵੀ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ ਹੈ।
ਇਸ ਗੱਲ ਨੂੰ ਲੈ ਕੇ ਭਾਰਤ ਸ਼੍ਰੀਲੰਕਾ ਨਾਲ ਬੇਹੱਦ ਨਾਰਾਜ਼ ਹੈ। ਚੀਨ ਦੇ ਰਾਜਦੂਤ ਅਤੇ ਫ਼ੌਜੀ ਅਧਿਕਾਰੀਆਂ ਨੇ ਰਾਮਸੇਤੂ ਜਿਸ ਨੂੰ ਐਡਮ ਬ੍ਰਿਜ ਵੀ ਕਿਹਾ ਜਾਂਦਾ ਹੈ, ਦਾ ਦੌਰਾ ਕੀਤਾ। ਇਸ ਤੋਂ ਚੀਨ ਦਾ ਇਰਾਦਾ ਸਪੱਸ਼ਟ ਹੈ ਪਰ ਸ਼੍ਰੀਲੰਕਾ ਕੁਝ ਪੈਸਿਆਂ ਲਈ ਭਾਰਤ ਵਰਗੇ ਗੁਆਂਢੀ ਦੇਸ਼ ਨਾਲ ਆਪਣੇ ਸਬੰਧ ਖਰਾਬ ਕਰ ਰਿਹਾ ਹੈ। ਚੀਨ ਦਾ ਵਿਰੋਧ ਉਨ੍ਹਾਂ ਕਿਸਾਨਾਂ ਨੇ ਵੀ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਦੀ ਜ਼ਮੀਨ ਚੀਨ ਵਿਸ਼ੇਸ਼ ਆਰਥਿਕ ਖੇਤਰ ਨੂੰ ਵਿਕਸਿਤ ਕਰਨ ਲਈ ਖ਼ਰੀਦਣਾ ਚਾਹੁੰਦਾ ਹੈ।
ਚੀਨ ਨੇ ਸ਼੍ਰੀਲੰਕਾ ਵਿਚ ਜਿਨ੍ਹਾਂ ਇਲਾਕਿਆਂ ’ਚ ਨਿਵੇਸ਼ ਦੀ ਯੋਜਨਾ ਬਣਾਈ ਹੈ, ਉਨ੍ਹਾਂ ਸਭ ਥਾਵਾਂ ’ਤੇ ਸਥਾਨਕ ਲੋਕਾਂ ਨੇ ਚੀਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਆਪਣੀਆਂ ਜ਼ਮੀਨਾਂ ਕਿਸੇ ਵੀ ਵਿਦੇਸ਼ੀ ਨੂੰ ਨਹੀਂ ਵੇਚਣਾ ਚਾਹੁੰਦੇ। ਇਸ ਮੰਤਵ ਲਈ ਪਿਛਲੇ ਕੁਝ ਸਾਲਾਂ ਤੋਂ ਸਥਾਨਕ ਪੱਧਰ ’ਤੇ ਚੀਨ ਵਿਰੁੱਧ ਅੰਦੋਲਨ ਵੀ ਚਲਾਏ ਜਾ ਰਹੇ ਹਨ।
ਸੰਸਦ ਵਿਚ ਰਾਸਮਨਿਕਮ ਨੇ ਕਿਹਾ ਕਿ ਮੈਂ ਚੀਨ ਨੂੰ ਚਿਤਾਵਨੀ ਦੇਣੀ ਚਾਹੁੰਦਾ ਹਾਂ ਕਿ ਜਲਦੀ ਹੀ ਉਹ ਸ਼੍ਰੀਲੰਕਾ ’ਚੋਂ ਉਹ ‘ਚੀਨੀਓ ਆਪਣੇ ਘਰ ਜਾਓ’ ਦੀ ਮੁਹਿੰਮ ਦੀ ਸ਼ੁਰੂਆਤ ਉਹ ਕਰਨਗੇ। ਉਨ੍ਹਾਂ ਚੀਨ ’ਤੇ ਦੋਸ਼ ਲਾਇਆ ਕਿ ਉਹ ਸ਼੍ਰੀਲੰਕਾ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕੁਝ ਵੀ ਨਹੀਂ ਕਰ ਰਿਹਾ ਅਤੇ ਚੀਨ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦਾ ਦੋਸਤ ਹੈ ਪਰ ਸ਼੍ਰੀਲੰਕਾ ਦੇ ਲੋਕਾਂ ਦਾ ਨਹੀਂ।
ਰਾਸਮਨਿਕਮ ਨੇ ਦੱਸਿਆ ਕਿਹਾ ਕਿ ਜੇਕਰ ਚੀਨੀ ਚਾਹੁੰਦੇ ਤਾਂ ਸ਼੍ਰੀਲੰਕਾ ਦੀ ਕਰਜ਼ੇ ਦੀ ਮੁਸ਼ਕਲ ਨੂੰ ਹੱਲ ਕਰ ਸਕਦੇ ਸਨ ਪਰ ਉਨ੍ਹਾਂ ਇੰਝ ਨਹੀਂ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸ਼੍ਰੀਲੰਕਾ ’ਚ ਚੀਨ ਦੀ ਮੌਜੂਦਗੀ ਇਸ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਅਰਥਵਿਵਸਥਾ ਇਸ ਸਮੇਂ 20 ਖਰਬ ਡਾਲਰ ਦੀ ਹੈ ਅਤੇ ਸ਼੍ਰੀਲੰਕਾ ਨੂੰ ਇਸ ਸਮੇਂ ਸਿਰਫ਼ 7.4 ਅਰਬ ਡਾਲਰ ਚਾਹੀਦੇ ਹਨ। ਜੇ ਚੀਨ ਚਾਹੇ ਤਾਂ ਉਹ ਸ਼੍ਰੀਲੰਕਾ ਦੀ ਮਦਦ ਕਰ ਸਕਦਾ ਹੈ।