‘ਸਾਊਂਡਪਰੂਫ’ ਬਣਾਏ ਜਾ ਰਹੇ ਹਨ ਕੇਦਾਰਨਾਥ ਦੇ ਸਕੂਲ

Wednesday, Oct 03, 2018 - 06:27 AM (IST)

ਕੇਦਾਰਨਾਥ ਤੋਂ ਲਗਭਗ 45 ਕਿਲੋਮੀਟਰ ਦੂਰ ਨਾਰਾਇਣਕੋਟਿ ਦੇ ਪਿੰਡ ਭੇਟਸੇਮ ’ਚ ਛੋਟੀ ਜਿਹੀ ਬੱਚੀ ਖੁਸ਼ਬੂ ਨੂੰ ਅਕਸਰ ਆਸਮਾਨ ’ਚ ਟਿਕਟਿਕੀ ਲਾਈ ਉੱਪਰ ਉੱਡਦੇ ਹੈਲੀਕਾਪਟਰ ਨੂੰ ਦੇਖਣਾ ਪੈਂਦਾ ਸੀ। ਅਸਲ ’ਚ ਉਸ ਦਾ ਪਿੰਡ ਉਸ ਰੂਟ ’ਤੇ ਪੈਂਦਾ ਹੈ, ਜਿਸ ’ਤੇ ਹੈਲੀਕਾਪਟਰ ਦੇ ਜ਼ਰੀਏ ਕੇਦਾਰਨਾਥ ਧਾਮ ਦੇ ਸ਼ਰਧਾਲੂ ਜਾਂਦੇ ਹਨ ਪਰ ਹੁਣ ਉਹ ਉੱਡਦੇ ਹੈਲੀਕਾਪਟਰ ਨੂੰ ਦੇਖ ਕੇ ਖੁਸ਼ੀ ਨਾਲ ਹੱਥ ਹਿਲਾਉਂਦੀ ਹੈ ਤੇ ਫਿਰ ਉੱਛਲਦੀ-ਟੱਪਦੀ ਆਪਣੇ ਨਵੇਂ ਬਣੇ ਕਲਾਸਰੂਮ ’ਚ ਚਲੀ ਜਾਂਦੀ ਹੈ, ਜਿਸ ਦੀਆਂ ਖਿੜਕੀਆਂ ’ਚ ‘ਸਾਊਂਡਪਰੂਫ’ ਸ਼ੀਸ਼ੇ ਫਿੱਟ ਕੀਤੇ ਗਏ ਹਨ। ਹੁਣ ਖੁਸ਼ਬੂ ਨੂੰ ਆਪਣੇ ਸਕੂਲ ’ਚ  ਹੈਲੀਕਾਪਟਰਾਂ ਦਾ ਰੌਲਾ ਨਹੀਂ ਸੁਣਨਾ ਪਵੇਗਾ। 
ਉੱਤਰਾਖੰਡ ਦੀਆਂ ਪਹਾੜੀਆਂ ’ਚ ਇਸ ਅਨੋਖੇ ਯਤਨ ਦੇ ਤਹਿਤ ਰੁਦਰਪ੍ਰਯਾਗ ਜ਼ਿਲੇ ਦੇ 9  ਸਰਕਾਰੀ ਸਕੂਲਾਂ ਦੇ ਕਲਾਸਰੂਮਾਂ ਨੂੰ ਸਾਊਂਡਪਰੂਫ ਬਣਾਇਆ ਜਾ ਰਿਹਾ ਹੈ। ਇਹ ਸਕੂਲ 6 ਮਹੀਨੇ ਲੰਬੀ ਚੱਲਣ ਵਾਲੀ ਚਾਰ ਧਾਮ ਯਾਤਰਾ ਦੇ ਉਸ ਰੂਟ ’ਤੇ  ਪੈਂਦੇ ਹਨ, ਜਿਸ ’ਤੇ ਹੈਲੀਕਾਪਟਰ ਸ਼ਰਧਾਲੂਆਂ ਨੂੰ ਲੈ ਕੇ ਉੱਡਦੇ ਹਨ। ਹੈਲੀਕਾਪਟਰ ਚਲਾਉਣ ਵਾਲੀਆਂ ਕੰਪਨੀਆਂ ਵਲੋਂ ਹੀ ਇਨ੍ਹਾਂ ਸਕੂਲਾਂ ਨੂੰ ‘ਸਾਊਂਡਪਰੂਫ’ ਬਣਾਇਆ ਜਾ ਰਿਹਾ ਹੈ।
ਅਸਲ ’ਚ ਕੇਦਾਰਨਾਥ ਨੇੜੇ ਪੈਂਦੇ ਫਾਟਾ, ਗੁਪਤ ਕਾਸ਼ੀ, ਗੌਰੀਕੁੰਡ, ਸੋਨਪ੍ਰਯਾਗ ਤੇ ਨਾਰਾਇਣਕੋਟਿ ਵਰਗੀਆਂ ਥਾਵਾਂ ’ਤੇ ਸਥਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਇਨ੍ਹਾਂ ਹੈਲੀਕਾਪਟਰਾਂ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਕਾਫੀ ਰੌਲੇ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਦਿਨ ’ਚ ਘੱਟੋ-ਘੱਟ 60 ਗੇੜੇ ਲਾਉਂਦੇ ਹਨ। ਹੈਲੀਕਾਪਟਰਾਂ ਦੀ ਆਵਾਜ਼ ’ਚ ਅਧਿਆਪਕਾਂ ਦੀ ਆਵਾਜ਼ ਦੱਬੀ ਜਾਂਦੀ ਹੈ, ਜਿਸ ਕਾਰਨ ਬੱਚਿਆਂ ਲਈ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨਾ ਮੁਸ਼ਕਿਲ ਹੁੰਦਾ ਹੈ।
ਬੱਚਿਆਂ ਦੀ ਸ਼ਿਕਾਇਤ ’ਤੇ ਨੋਟਿਸ ਲੈਂਦਿਆਂ ਰੁਦਰਪ੍ਰਯਾਗ ਜ਼ਿਲਾ ਪ੍ਰਸ਼ਾਸਨ ਨੇ ਹੈਲੀਕਾਪਟਰ ਕੰਪਨੀਆਂ ਨਾਲ ਸੰਪਰਕ ਕੀਤਾ। ਕਈ ਦੌਰ ਦੀ ਗੱਲਬਾਤ ਤੋਂ ਬਾਅਦ ਇਨ੍ਹਾਂ ਕੰਪਨੀਆਂ ਨੇ ਉਨ੍ਹਾਂ 9 ਸਕੂਲਾਂ ਦੇ 18 ਕਮਰਿਆਂ ਨੂੰ ‘ਸਾਊਂਡਪਰੂਫ’ ਬਣਾਉਣ ਦੀ ਹਾਮੀ ਭਰੀ, ਜੋ ਸਭ ਤੋਂ ਵੱਧ ਪ੍ਰਭਾਵਿਤ ਸਨ। ਹੈਲੀਪੈਡ ਨੇੜੇ ਪੈਂਦੇ ਸਕੂਲਾਂ ਦੇ ਬੱਚਿਆਂ ਨੂੰ ਸਮੱਸਿਆ ਜ਼ਿਆਦਾ ਸੀ। ਹੈਲੀਕਾਪਟਰਾਂ ਦਾ ਰੌਲਾ ਇੰਨਾ ਜ਼ਿਆਦਾ ਹੁੰਦਾ ਸੀ ਕਿ ਬੱਚੇ ਕਲਾਸਰੂਮ ’ਚ ਬੈਠ ਨਹੀਂ ਸਕਦੇ ਸਨ। 
ਰੁਦਰਪ੍ਰਯਾਗ ਦੇ ਜ਼ਿਲਾ ਮੈਜਿਸਟ੍ਰੇਟ ਮੰਗੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਆਖਿਰ ਹੈਲੀਕਾਪਟਰ ਆਪ੍ਰੇਟਰਾਂ ਨੂੰ ਉਨ੍ਹਾਂ ਦੇ ਸੀ. ਐੱਸ. ਆਰ. (ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਫੰਡ) ’ਚੋਂ ‘ਸਾਊਂਡਪਰੂਫ’ ਕਲਾਸਰੂਮ ਬਣਾਉਣ ਵਾਸਤੇ ਧਨ ਮੁਹੱਈਆ ਕਰਵਾਉਣ ਲਈ ਮਨਾ ਲਿਆ। ਫਿਲਹਾਲ ਇਨ੍ਹਾਂ 9 ਸਕੂਲਾਂ ’ਚੋਂ ਹਰੇਕ ਸਕੂਲ ਦੇ 2-2 ਕਮਰਿਆਂ ਨੂੰ ‘ਸਾਊਂਡਪਰੂਫ’ ਬਣਾਇਆ ਜਾ ਰਿਹਾ ਹੈ। ਇਕ ਕਮਰੇ  ਨੂੰ ‘ਸਾਊਂਡਪਰੂਫ’ ਬਣਾਉਣ ’ਤੇ ਲਗਭਗ ਡੇਢ ਲੱਖ ਰੁਪਏ ਖਰਚਾ ਆਉਂਦਾ ਹੈ। 
ਹੈਲੀਕਾਪਟਰ ਆਪ੍ਰੇਟਰਾਂ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵਿਦਿਆਰਥੀਆਂ ਨੂੰ ਦੁਬਾਰਾ ਸ਼ਿਕਾਇਤ ਕਰਨ ਦਾ ਮੌਕਾ ਨਾ ਮਿਲੇ। ਇਸ ਯੋਜਨਾ ’ਚ ਸ਼ਾਮਲ ਇਕ ਕੰਪਨੀ ‘ਆਇਰਨ ਐਵੀਏਸ਼ਨ’ ਦੇ ਅਧਿਕਾਰੀ ਕਰਨਲ ਵੀ. ਆਰ. ਸ਼ਰਮਾ ਨੇ ਦੱਸਿਆ ਕਿ ਭੇਟਸੇਮ ਦੇ ਪ੍ਰਾਇਮਰੀ ਸਕੂਲ ਦੇ ਕਮਰੇ ਦੀਆਂ ਪੁਰਾਣੀਆਂ ਖਿੜਕੀਆਂ ਨੂੰ ਨਵੀਆਂ ਆਧੁਨਿਕ ਖਿੜਕੀਆਂ ਨਾਲ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਛੱਤ ਵੀ ਨਵੇਂ ਸਿਰਿਓਂ ਤਿਆਰ ਕੀਤੀ ਗਈ, ਜਿਸ ’ਤੇ ਕੰਕਰੀਟ ਦੀਆਂ ਦੋ ਪਰਤਾਂ ਪਾਈਆਂ ਗਈਆਂ ਹਨ, ਜਿਸ ਨਾਲ ਹੁਣ  ਬਾਹਰਲਾ ਰੌਲਾ ਕਲਾਸਰੂਮ ’ਚ ਕਾਫੀ ਘੱਟ ਆਏਗਾ।
ਇਸ ਯਤਨ ਨਾਲ ਸਕੂਲ ਦੇ ਅਧਿਆਪਕਾਂ ਨੂੰ ਵੀ ਰਾਹਤ ਮਿਲੀ ਹੈ। ਸਿਰਸੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈੱਡਮਾਸਟਰ ਸੰਜੇ ਪ੍ਰਸਾਦ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਬੱਚਿਆਂ ਨੂੰ ਆਪਣੀ ਆਵਾਜ਼ ਸੁਣਾਉਣ ਲਈ ਅਧਿਆਪਕਾਂ ਨੂੰ ਚਿੱਲਾਉਣਾ ਪੈਂਦਾ ਸੀ ਪਰ ਹੁਣ ਸਭ ਠੀਕ ਹੈ।
ਭੇਟਸੇਮ ਦੇ ਜਿਸ ਪ੍ਰਾਇਮਰੀ ਸਕੂਲ ’ਚ ਖੁਸ਼ਬੂ ਪੜ੍ਹਦੀ ਹੈ, ਉਥੋਂ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਨਵੇਂ ਕਲਾਸਰੂਮ ’ਚ ਪੜ੍ਹਨ ’ਚ ਵੀ ਮਜ਼ਾ ਆ ਰਿਹਾ ਹੈ, ਜਿਸ ਦਾ ਉਦਘਾਟਨ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਹੁਣ ਬੱਚਿਆਂ ਨੂੰ ਸਕੂਲ ਆਉਣਾ ਚੰਗਾ ਲੱਗਦਾ ਹੈ।                  


Related News