ਬਾਈਕ ''ਤੇ ਜਾ ਰਹੇ ਡਿਲੀਵਰੀ ਬੁਆਏ ਨੂੰ ਟਰੱਕ ਨੇ ਮਾਰੀ ਟੱਕਰ, ਮੌਤ

Thursday, Oct 16, 2025 - 01:57 PM (IST)

ਬਾਈਕ ''ਤੇ ਜਾ ਰਹੇ ਡਿਲੀਵਰੀ ਬੁਆਏ ਨੂੰ ਟਰੱਕ ਨੇ ਮਾਰੀ ਟੱਕਰ, ਮੌਤ

ਖਰੜ (ਰਣਬੀਰ) : ਸੜਕ ਹਾਦਸੇ ’ਚ ਡਿਲੀਵਰੀ ਬੁਆਏ ਦੀ ਮੌਤ ਹੋ ਗਈ। ਹਾਦਸਾ ਖਰੜ-ਕੁਰਾਲੀ ਹਾਈਵੇ ’ਤੇ ਅਮਾਇਰਾ ਸਿਟੀ ਸੈਂਟਰ ਸਾਹਮਣੇ ਉਸ ਸਮੇਂ ਵਾਪਰਿਆ, ਜਦੋਂ ਤੇਜ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਕੁਰਾਲੀ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਪਿੰਡ ਬਾੜੀਆਂ ਥਾਣਾ ਨੂਰਪੁਰ ਬੇਦੀ (ਰੂਪਨਗਰ) ਦਾ ਰਹਿਣ ਵਾਲਾ ਸੀ। ਉਸ ਦੇ ਭਰਾ ਜਸ਼ਨਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਦੋਵੇਂ ਖਰੜ ’ਚ ਇਕ ਕੰਪਨੀ ਦਫ਼ਤਰ ’ਚ ਪਾਰਸਲ ਡਿਲੀਵਰੀ ਬੁਆਏ ਵਜੋਂ ਕੰਮ ਕਰਦੇ ਹਨ। ਰਾਤ 10:15 ਵਜੇ ਉਹ ਤੇ ਭਰਾ ਕੰਮ ਖ਼ਤਮ ਕਰਕੇ ਘਰ ਆ ਰਹੇ ਸਨ। ਮਨਪ੍ਰੀਤ ਥੋੜ੍ਹੀ ਦੂਰੀ ’ਤੇ ਮੋਟਰਸਾਈਕਲ ’ਤੇ ਜਾ ਰਿਹਾ ਸੀ।

ਜਦੋਂ ਅਮਾਇਰਾ ਸਿਟੀ ਸੈਂਟਰ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਮਨਪ੍ਰੀਤ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਗਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਟਰੱਕ ਡਰਾਈਵਰ ਫ਼ਰਾਰ ਹੋ ਗਿਆ, ਪਰ ਰਾਹਗੀਰਾਂ ਦੀ ਮਦਦ ਨਾਲ ਉਸ ਨੇ ਥੋੜ੍ਹੀ ਦੂਰੀ ’ਤੇ ਚਾਲਕ ਨੂੰ ਰੋਕ ਲਿਆ। ਪੁੱਛਗਿੱਛ ਕਰਨ ’ਤੇ ਉਸ ਨੇ ਨਾਂ ਗੁਰਪ੍ਰੀਤ ਸਿੰਘ ਦੱਸਿਆ ਜੋ ਕਿ ਪਿੰਡ ਚੱਕ ਜਿੰਦਾ ਥਾਣਾ ਡਿਵੀਜ਼ਨ ਨੰਬਰ-1 ਜਲੰਧਰ ਦਾ ਰਹਿਣ ਵਾਲਾ ਹੈ। ਏ. ਐੱਸ. ਆਈ. ਰਾਜ ਕੁਮਾਰ ਟੀਮ ਨਾਲ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਸਿਵਲ ਹਸਪਤਾਲ ਖਰੜ ਦੇ ਮੁਰਦਾਘਰ ’ਚ ਰੱਖਵਾ ਦਿੱਤਾ। ਫਿਲਹਾਲ ਪੁਲਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News