ਸਮਾਰਟਫੋਨ ਅੱਤਵਾਦੀਅਾਂ ਲਈ ‘ਦੋ-ਧਾਰੀ ਤਲਵਾਰ’

Thursday, Nov 22, 2018 - 06:44 AM (IST)

ਬੰਬਾਂ ਤੇ ਬੰਦੂਕਾਂ ਤੋਂ ਪਰ੍ਹੇ ‘ਸਮਾਰਟਫੋਨ’ ਅੱਤਵਾਦੀਅਾਂ ਲਈ ਇਕ ਤਾਕਤਵਰ  ਹਥਿਆਰ ਸਿੱਧ ਹੋ ਸਕਦਾ ਹੈ ਪਰ ਨਾਲ ਹੀ ਇਹ ਖੁਫੀਆ ਸੇਵਾਵਾਂ ਲਈ ਉਨ੍ਹਾਂ (ਅੱਤਵਾਦੀਅਾਂ) ਦਾ ਪਤਾ ਲਗਾਉਣ ਦਾ ਇਕ ਜ਼ਰੀਆ ਵੀ ਬਣ ਸਕਦਾ ਹੈ। ਅੱਜ ਤੋਂ ਠੀਕ 3 ਸਾਲ ਪਹਿਲਾਂ 13 ਨਵੰਬਰ 2015 ਨੂੰ  ਪੈਰਿਸ ’ਚ ਹੋਇਆ ਅੱਤਵਾਦੀ ਹਮਲਾ ਇਸ ਗੱਲ ਦੀ ਜਿਊਂਦੀ ਜਾਗਦੀ ਮਿਸਾਲ ਹੈ ਕਿ ਇੰਨੇ ਵੱਡੇ ਪੱਧਰ ’ਤੇ ਹਮਲੇ ਦੀ ਤਿਆਰੀ ਬਿਨਾਂ ਫੋਨ ਦੇ ਨਹੀਂ ਹੋ ਸਕਦੀ ਸੀ। 
ਸਾਬਕਾ ਫਰਾਂਸੀਸੀ ਅੱਤਵਾਦ ਰੋਕੂ ਅਧਿਕਾਰੀ ਨੇ ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਇਸਲਾਮਿਕ ਸਟੇਟ ਸਮੂਹ ਦੇ ਬੰਦੂਕਧਾਰੀ ਅਤੇ ਹਮਲਾਵਰ, ਜਿਨ੍ਹਾਂ ਨੇ ‘ਬੈਟਾਕਲਾਨ ਕੰਸਰਟ ਹਾਲ’ ਅਤੇ ਨਾਈਟਲਾਈਫ ਵਾਲੀਅਾਂ ਹੋਰਨਾਂ ਥਾਵਾਂ ’ਤੇ ਹਮਲਾ ਕੀਤਾ। ਉਨ੍ਹਾਂ ਨੇ ਇਸ ਕਤਲੇਆਮ ਨੂੰ ਅੰਜਾਮ ਦੇਣ ਲਈ ਆਪਸ ’ਚ ਤਾਲਮੇਲ ਸਥਾਪਿਤ ਕਰਨ ਲਈ ਸਮਾਰਟਫੋਨ ਦਾ ਵੱਡੇ ਪੱਧਰ ’ਤੇ ਇਸਤੇਮਾਲ ਕੀਤਾ ਸੀ। 
‘ਬੈਟਾਕਲਾਨ ਕੰਸਰਟ ਹਾਲ’ ਵਿਚ ਹੋਏ ਹਮਲੇ ’ਚ 90 ਵਿਅਕਤੀ ਮਾਰੇ ਗਏ ਸਨ। ਪੈਰਿਸ ਹਮਲੇ ਤੋਂ ਪਹਿਲਾਂ ਵੀ ਅਜਿਹੇ ਕਈ ਮੌਕੇ ਆਏ, ਜਦੋਂ ਅੱਤਵਾਦੀ ਸਰਗਰਮੀਅਾਂ ਨੂੰ ਅੰਜਾਮ ਦੇਣ ਲਈ ਸਮਾਰਟਫੋਨ ਦੀ ਵਰਤੋਂ ਕੀਤੀ ਗਈ।
ਸਾਬਕਾ ਅਧਿਕਾਰੀ ਨੇ ਦੱਸਿਆ ਕਿ ਇਰਾਕ ’ਚ ਸੰਨ 2003 ’ਚ ਅਮਰੀਕੀ ਕਾਫਿਲੇ ਦੇ ਲੰਘਦੇ ਸਮੇਂ ਐੱਸ. ਐੱਮ. ਐੱਸ. ਭੇਜ ਕੇ ਦੇਸੀ ਬੰਬ ਧਮਾਕੇ ਕੀਤੇ ਗਏ ਸਨ। ਇਸ ਤੋਂ ਬਾਅਦ ਅਲ-ਕਾਇਦਾ ਨੇ ਲਗਾਤਾਰ ਇਨ੍ਹਾਂ ਦੀ ਵਰਤੋਂ ਕੀਤੀ। ਇਨ੍ਹਾਂ ਦਿਨਾਂ ’ਚ ਟੈਲੀਗ੍ਰਾਮ, ਵਾਇਰ ਅਤੇ ਵ੍ਹਟਸਐਪ ਵਰਗੇ ਐਪ ਵੀ ਜੇਹਾਦੀਅਾਂ ਦੀ ਮਦਦ ਕਰ ਸਕਦੇ ਹਨ। 
ਸੁਰੱਖਿਆ ਸਮੂਹ ‘ਸਿਮੇਂਟੇਕ’ ਵਿਚ ਸੁਰੱਖਿਆ ਰਣਨੀਤੀਅਾਂ ਦੇ ਨਿਰਦੇਸ਼ਕ ਲਾਰੇਨ ਹੇਸਲਾਲਟ ਨੇ ਕਿਹਾ, ‘‘ਫੋਨ ਹੁਣ ਸਿਰਫ ਫੋਨ ਨਹੀਂ ਹਨ, ਉਹ ਹੁਣ ਕੰਪਿਊਟਰ ਹਨ।’’ ਸੇਵਾ-ਮੁਕਤ ਅਧਿਕਾਰੀ ਨੇ ਕਿਹਾ ਕਿ ਸਕ੍ਰੀਨ ’ਤੇ ਇਕ ਸਵਾਈਪ ਦੇ ਨਾਲ ਹੀ ਸਮਾਰਟਫੋਨ ਲੋਕਾਂ ਤਕ ਪਹੁੰਚਣ ’ਚ ਸਮਰੱਥ ਬਣਾ ਦਿੰਦਾ ਹੈ। ਇਸ ਨਾਲ ਜੇਹਾਦੀਅਾਂ ਲਈ ਨਵੇਂ ਮੈਂਬਰਾਂ ਨੂੰ ਖ਼ੁਦ ਨਾਲ ਜੋੜਨਾ ਵੀ ਆਸਾਨ ਹੋ ਗਿਆ ਹੈ। 
ਦੂਜੇ ਪਾਸੇ ਸਰਕਾਰ ਨੇ ਵੀ ਕੱਟੜਪੰਥੀਅਾਂ ਦਾ ਪਤਾ ਲਾਉਣ ਲਈ ਫੋਨ ਡਾਟਾ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਹੈ। ਸਾਬਕਾ ਫਰਾਂਸੀਸੀ ਅਧਿਕਾਰੀ ਨੇ ਦੱਸਿਆ ਕਿ ਮਾਲੀ ’ਚ ਫਰਾਂਸੀਸੀ ਫੌਜੀ ਅਧਿਕਾਰੀਅਾਂ ਨੇ ਸੰਨ 2013 ’ਚ ਜੇਹਾਦੀਅਾਂ ਦੇ ਦੇਸ਼ ਦੇ ਉੱਤਰੀ ਹਿੱਸੇ  ’ਤੇ ਕਬਜ਼ਾ ਕਰਨ ਤੋਂ ਬਾਅਦ ਫੋਨ ਡਾਟਾ ਦੇ ਆਧਾਰ ’ਤੇ ਹੀ ਹਵਾਈ ਹਮਲੇ ਕਰਨ ਲਈ ਥਾਵਾਂ ਨੂੰ ਚੁਣਿਆ ਸੀ। ਉਨ੍ਹਾਂ ਕਿਹਾ ਕਿ ਅੱਜਕਲ ਸਾਰੇ ਹਵਾਈ ਹਮਲੇ ਫੋਨ ’ਤੇ ਕੇਂਦ੍ਰਿਤ ਹੁੰਦੇ ਹਨ।                 


Related News