ਸਕੂਲਾਂ ’ਚ ਹੁਨਰ ਸਿਖਲਾਈ, ਟ੍ਰੇਂਡ ਕਾਮਿਆਂ ਦੀ ਕਮੀ ਦੂਰ ਕਰਨ ਦਾ ਕਾਰਗਰ ਉਪਾਅ

08/04/2022 12:47:59 AM

ਦੋ ਸਾਲ ਪਹਿਲਾਂ 12ਵੀਂ ਪਾਸ ਰਾਮੂ ਮੇਰੇ ਕੋਲ ਨੌਕਰੀ ਮੰਗਣ ਆਇਆ। ਗੱਲਬਾਤ ’ਚ ਉਹ ਕਾਫੀ ਤੇਜ਼ ਅਤੇ ਹੋਣਹਾਰ ਜਾਪਿਆ। ਮੈਂ ਉਸ ਨੂੰ ਪੁੱਛਿਆ, ‘‘ਤੁਸੀਂ ਕੀ ਕਰੋਗੇ?’’ ਉਸ ਨੇ ਕਿਹਾ ‘‘ਕੁਝ ਵੀ।’’ ਕੀ ਕੰਪਿਊਟਰ ਚਲਾ ਸਕਦੇ ਹੋ? ਉਸ ਨੇ ਕਿਹਾ ‘‘ਨਹੀਂ।’’ ਕੀ ਫੋਨ ਕਾਲ ਕਰ ਸਕਦੇ ਹੋ? ‘‘ਹਾਂ ਕਰ ਸਕਦਾ ਹਾਂ, ਜੇਕਰ ਮੈਨੂੰ ਸਿਖਾਇਆ ਜਾਵੇ।’’ ਉਸ ਨੇ ਕਿਹਾ। ‘‘ਕੀ ਟਾਈਪਿੰਗ ਸਿੱਖ ਸਕਦੇ ਹੋ?’’ ‘‘ਜ਼ਰੂਰ ਪਰ ਮੇਰੇ ਕੋਲ ਫੀਸ ਦੇ ਲਈ ਪੈਸੇ ਨਹੀਂ ਹਨ ਪਰ ਮੈਨੂੰ ਨੌਕਰੀ ਦੀ ਸਖਤ ਲੋੜ ਹੈ ਕਿਉਂਕਿ ਮੈਂ ਹਰ ਹਾਲ ’ਚ ਆਪਣੇ ਪਰਿਵਾਰ ਦੀ ਮਦਦ ਕਰਨੀ ਹੈ।’’ ਮੈਂ ਰਾਮੂ ਨੂੰ ਨੌਕਰੀ ਦਿੱਤੀ, ਉਸ ਨੂੰ ਟਾਈਪਿੰਗ ਸਿਖਾਈ, ਅੱਜ ਰਾਮੂ ਕਰੀਅਰ ’ਚ ਕਾਫੀ ਅੱਗੇ ਵਧ ਚੁੱਕਾ ਹੈ।

ਇਹ ਇਕੱਲੇ ਰਾਮੂ ਦੀ ਹੀ ਕਹਾਣੀ ਨਹੀਂ ਹੈ ਸਗੋਂ ਅਜਿਹੇ ਬਹੁਤ ਸਾਰੇ ਰਾਮੂ ਹਨ ਜੋ 12ਵੀਂ ਤੱਕ ਦੀ ਸਕੂਲੀ ਸਿੱਖਿਆ ਦੇ ਬਾਅਦ ਪਰਿਵਾਰ ਦੇ ਤੰਗ ਆਰਥਿਕ ਹਾਲਾਤ ’ਚ ਅੱਗੇ ਪੜ੍ਹਾਈ ਲਈ ਕਾਲਜ ਨਹੀਂ ਜਾ ਸਕਦੇ ਅਤੇ ਪੜ੍ਹਾਈ ਵਿਚਾਲੇ ਛੱਡਣ ’ਤੇ ਉਨ੍ਹਾਂ ਨੂੰ ਰੋਜ਼ਗਾਰ ਮਿਲਣਾ ਇਸ ਲਈ ਔਖਾ ਹੁੰਦਾ ਹੈ ਕਿਉਂਕਿ ਉਨ੍ਹਾਂ ਕੋਲ ਕੋਈ ਹੁਨਰ ਨਹੀਂ ਹੁੰਦਾ।

ਲੋੜ ਇਸ ਗੱਲ ਦੀ ਹੈ ਕਿ ਐੱਲ. ਕੇ. ਜੀ. ਤੋਂ 12ਵੀਂ ਤੱਕ ਸਕੂਲ ਦੀ 14 ਸਾਲ ਦੀ ਪੜ੍ਹਾਈ ’ਚੋਂ ਘੱਟੋ-ਘੱਟ 4 ਸਾਲ ਦੀ ਪੜ੍ਹਾਈ ਦੇ ਨਾਲ ਨੌਜਵਾਨਾਂ ਨੂੰ ਹੁਨਰ ਦੀ ਸਿਖਲਾਈ ਜ਼ਰੂਰੀ ਹੋਵੇ ਪਰ ਸਕੂਲਾਂ ’ਚ ਅਜੇ ਇਸ ਦੀ ਵਿਵਸਥਾ ਨਹੀਂ ਹੈ। ਇਸ ਘਾਟ ਨੂੰ ਸਾਡੇ ਦੇਸ਼ ਦੀ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) ਸੰਸਥਾਗਤ ਕਰਨ ਜਾ ਰਹੀ ਹੈ।

ਐੱਨ. ਈ. ਪੀ. 2020 ਦਾ ਵਿਜ਼ਨ ਹੈ ਕਿ 2025 ਤੱਕ ਲਗਭਗ 50 ਫੀਸਦੀ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਨਾਲ ਹੁਨਰ ਦਾ ਤਜਰਬਾ ਹੋਵੇਗਾ। ਹਰੇਕ ਬੱਚੇ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਘੱਟੋ-ਘੱਟ ਇਕ ਹੁਨਰ ਸਿੱਖੇ ਅਤੇ ਕਈ ਹੋਰ ਕਾਰੋਬਾਰਾਂ ਦੇ ਬਾਰੇ ਉਸ ਨੂੰ ਪਤਾ ਹੋਵੇ। ਕਾਰੋਬਾਰ ਅਤੇ ਅਕਾਦਮਿਕ ਸਿੱਖਿਆ ਦਰਮਿਆਨ ਫਰਕ ਖਤਮ ਕਰਨ ਦੀ ਕੋਸ਼ਿਸ਼ ਨਵੀਂ ਸਿੱਖਿਆ ਨੀਤੀ ’ਚ ਕੀਤੀ ਜਾ ਰਹੀ ਹੈ। ਆਪਣੀ ਪਸੰਦ ਦੇ ਵਿਸ਼ਿਆਂ ਨੂੰ ਕਦੀ ਵੀ ਬਦਲਣ ਦੇ ਬਦਲ ਦੀ ਇਜਾਜ਼ਤ ਦਿੰਦੇ ਹੋਏ 12ਵੀਂ ਜਮਾਤ ਦੀ ਪੜ੍ਹਾਈ ਨਾਲ ਸਕਿਲ ਟ੍ਰੇਨਿੰਗ ਸਮੱਗਰੀ ਸਿੱਖਿਆ ਦੇ ਨਾਲ ਬੱਚਿਆਂ ਦਾ ਚਹੁੰਮੁਖੀ ਵਿਕਾਸ ਯਕੀਨੀ ਬਣਾਉਣ ’ਚ ਮਦਦਗਾਰ ਹੋਵੇਗੀ। ਸਕੂਲੀ ਵਿਦਿਆਰਥੀਆਂ ਲਈ ਸਾਲ ’ਚ ਘੱਟੋ-ਘੱਟ 30 ਦਿਨ ਬਗੈਰ ਬਸਤੇ ਦੇ ਹੋਣ ਅਤੇ ਇਸ ਦੌਰਾਨ ਉਨ੍ਹਾਂ ਨੂੰ ਪਸੰਦ ਦੀ ਸਕਿਲ ਦੀ ਟ੍ਰੇਨਿੰਗ ਦਿੱਤੀ ਜਾਵੇ। 9ਵੀਂ ਤੋਂ 12ਵੀਂ ਜਮਾਤ ਤੱਕ 4 ਸਾਲ ਦੀ ਸਕੂਲੀ ਸਿੱਖਿਆ ਦੌਰਾਨ ਤਜਰਬੇ ਵਾਲੀ ਕਾਰੋਬਾਰੀ ਸਿੱਖਿਆ ਲਈ ਸਕੂਲਾਂ ’ਚ ‘ਸਕਿਲ ਲੈਬਜ਼’ ਸਥਾਪਤ ਕੀਤੀਆਂ ਜਾਣਗੀਆਂ ਜਿਨ੍ਹਾਂ ਦੀ ਵਰਤੋਂ ਸਕੂਲ ਰਲ-ਮਿਲ ਕੇ ਕਰ ਸਕਣਗੇ।

ਕਹਿਣ ਦੀ ਲੋੜ ਨਹੀਂ ਹੈ ਕਿ ਐੱਨ. ਈ. ਪੀ.-2020 ਸਕੂਲੀ ਸਿੱਖਿਆ ਨੂੰ ਤਰਕਸੰਗਤ ਬਣਾਉਣ ਦੀ ਦਿਸ਼ਾ ’ਚ ਇਕ ਵੱਡਾ ਕਦਮ ਹੈ ਪਰ ਕੁਝ ਸੁਧਾਰ ਪੱਖੀ ਉਪਾਅ ਇਸ ’ਚ ਚਮਤਕਾਰ ਕਰ ਸਕਦੇ ਹਨ। ਰਾਮੂ ਦੀ ਕਹਾਣੀ ਬਹੁਤ ਕੁਝ ਦੱਸਦੀ ਹੈ। ਸਭ ਤੋਂ ਪਹਿਲਾਂ ਉਸ ਨੂੰ ਪੜ੍ਹਾਈ ਵਿਚਾਲੇ ਇਸ ਲਈ ਛੱਡਣੀ ਪਈ ਕਿਉਂਕਿ ਉਸ ਨੇ ਆਪਣੇ ਗਰੀਬ ਪਰਿਵਾਰ ਦੀ ਮਦਦ ਕਰਨੀ ਸੀ। ਉਸ ਨੇ ਮੈਨੂੰ ਦੱਸਿਆ ਕਿ ਉਸ ਦੇ ਪਿਤਾ ਉਸ ਦੀ ਉੱਚ ਸਿੱਖਿਆ ਦਾ ਖਰਚ ਚੁੱਕਣ ਦੀ ਸਥਿਤੀ ’ਚ ਨਹੀਂ ਹਨ। ਦੂਜਾ 12ਵੀਂ ਤੱਕ ਦੀ ਪੜ੍ਹਾਈ ਲਈ ਸਕੂਲ ’ਚ 14 ਸਾਲ ਬਿਤਾਉਣ ਦੇ ਬਾਵਜੂਦ ਉਸ ਨੂੰ ਰੋਜ਼ਗਾਰ ਲਈ ਕੋਈ ਯੋਗ ਟ੍ਰੇਨਿੰਗ ਨਹੀਂ ਮਿਲੀ। ਉਸ ਨੇ ਇਹ ਪੁੱਛਣ ਦੀ ਕੋਸ਼ਿਸ਼ ਕਦੀ ਨਹੀਂ ਕੀਤੀ ਕਿ ਉਹ ਆਪਣੀ ਅੱਗੇ ਦੀ ਪੜ੍ਹਾਈ ਜਾਰੀ ਰੱਖਣੀ ਚਾਹੇਗਾ ਅਤੇ ਜੇਕਰ ਹਾਂ, ਇਸ ਦੇ ਲਈ ਉਸ ਨੂੰ ਮਦਦ ਜਾਂ ਕਮਾਈ ਕਿੱਥੋਂ ਹੋਵੇਗੀ। ਕੈਨੇਡਾ, ਆਸਟ੍ਰੇਲੀਆ ਜਾਂ ਅਮਰੀਕਾ ਦੇ ਵਾਂਗ ਵਿੱਦਿਆਰਥੀਆਂ ਵਲੋਂ ਉੱਚ ਸਿੱਖਿਆ ਹਾਸਲ ਕਰਨ ਦੇ ਨਾਲ ਕਮਾਈ ਕਰਨੀ ਸਾਡੇ ਦੇਸ਼ ’ਚ ਅਜੇ ਵੀ ਇਕ ਦੂਰ ਦਾ ਸੁਪਨਾ ਹੈ। ਇਸ ਲਈ ਦਿਹਾਤੀ ਇਲਾਕਿਆਂ ’ਤੇ ਵੱਧ ਧਿਆਨ ਦੇਣ ਦੀ ਲੋੜ ਹੈ।

ਮੈਂ ਸਿਰਫ ਇਕ ਅਹਿਮ ਸਿਫਾਰਿਸ਼ ਕਰਾਂਗਾ। ਇਹ ਬਿਲਕੁਲ ਸੰਭਵ ਹੈ ਅਤੇ ਆਸਾਨੀ ਨਾਲ ਲਾਗੂ ਕੀਤੀ ਜਾ ਸਕਦੀ ਹੈ। 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਇਕ ਵਿਸ਼ੇ ਵਾਂਗ ਇਕ ਸਕਿਲ ਸਬਜੈਕਟ ਲਾਜ਼ਮੀ ਕੀਤਾ ਜਾਵੇ। ਉਦਾਹਰਣ ਲਈ ਜੇਕਰ ਕੋਈ 9ਵੀਂ ਜਮਾਤ ’ਚ ਇਲੈਕਟ੍ਰੀਸ਼ਨ ਦੇ ਰੂਪ ’ਚ ਸਕਿਲ ਚੁਣਦਾ ਹੈ ਤਾਂ ਉਸ ਨੂੰ 10ਵੀਂ ਜਾਂ 12ਵੀਂ ਜਮਾਤ ਦੇ ਪੂਰਾ ਹੋਣ ਤੱਕ ਇਸ ਸਕਿਲ ’ਚ ਟ੍ਰੇਨਿੰਗ ਲੈਣੀ ਹੋਵੇਗੀ। ਇਸ ਲਈ ਸਮਾਜ ਦੇ ਕਮਜ਼ੋਰ ਵਰਗ ਦੇ ਹਰੇਕ ਵਿਦਿਆਰਥੀ ਨੂੰ ਵੀ 500 ਰੁਪਏ ਮਾਸਿਕ ਵਜ਼ੀਫਾ ਦਿੱਤਾ ਜਾਵੇ ਅਤੇ ਔਜ਼ਾਰਾਂ ਦੀ ਕਿੱਟ ਵੀ। ਇਹ ਯਕੀਨੀ ਤੌਰ ’ਤੇ ਸਾਡੇ ਦੇਸ਼ ਅਤੇ ਸੂਬੇ ਦੇ ਖਜ਼ਾਨੇ ’ਤੇ ਥੋੜ੍ਹਾ ਜਿਹਾ ਵਾਧੂ ਵਿੱਤੀ ਬੋਝ ਪਾਵੇਗਾ ਪਰ ਲੰਬੀ ਮਿਆਦ ’ਚ ਇਸ ਨਾਲ ਚਮਤਕਾਰ ਹੋਵੇਗਾ। ਜੇਕਰ ਕੋਈ ਵਿਦਿਆਰਥੀ 10ਵੀਂ ਤੋਂ 12ਵੀਂ ਜਮਾਤ ਦੌਰਾਨ ਵੀ ਕਾਰੋਬਾਰੀ ਵਿਸ਼ਾ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰਤੀ ਮਹੀਨਾ 1000 ਰੁਪਏ ਵਜ਼ੀਫਾ ਦਿੱਤਾ ਜਾਣਾ ਚਾਹੀਦਾ ਹੈ।

ਭਾਰਤ ਵਰਗੇ ਵਿਸ਼ਾਲ ਦੇਸ਼ ’ਚ ਜਿੱਥੇ ਵੱਡੀ ਗਿਣਤੀ ’ਚ ਵਿਦਿਆਰਥੀ 12ਵੀਂ ਦੀ ਪ੍ਰੀਖਿਆ ਪਾਸ ਕਰਦੇ ਹਾਂ ਪਰ ਉਨ੍ਹਾਂ ’ਚੋਂ ਸਿਰਫ 30 ਫੀਸਦੀ ਵਿਦਿਆਰਥੀ ਉੱਚ ਸਿੱਖਿਆ ਲਈ ਕਾਲਜ ਜਾਂ ਯੂਨੀਵਰਸਿਟੀਜ਼ ’ਚ ਜਾਂਦੇ ਹਨ। ਸਾਨੂੰ ਉਨ੍ਹਾਂ ਨੂੰ ਪ੍ਰਮਾਣਿਤ ਅਤੇ ਉਪਯੋਗੀ ਮੰਗ ਅਨੁਸਾਰ ਕਿਸੇ ਸਕਿਲ ਨਾਲ ਲੈਸ ਕਰਨ ਦੀ ਲੋੜ ਹੈ। ਰਾਮੂ ਦੇ ਮਾਮਲੇ ’ਚ ਰੋਜ਼ਗਾਰਯੋਗ ਹੁਨਰ ਦੀ ਘਾਟ ਕਾਰਨ ਹੀ ਅਜਿਹੇ ਬੱਚੇ ਗੈਰ-ਸੰਗਠਿਤ ਖੇਤਰ ਦੇ ਮਜ਼ਦੂਰ ਬਣ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਅਤੇ ਇਕ ਚੰਗੀ ਤਨਖਾਹ ਹਾਸਲ ਕਰਨ ਦੀ ਬਜਾਏ ਹਰ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹੇ ਨੌਜਵਾਨਾਂ ਨੂੰ ਹੁਨਰ ਰਾਹੀਂ ਮੁੱਖ ਧਾਰਾ ’ਚ ਆ ਕੇ ਗੈਰ-ਸੰਗਠਿਤ ਖੇਤਰ ਦੇ ਇਸ ਭੈੜੇ ਚੱਕਰ ’ਚੋਂ ਬਾਹਰ ਨਿਕਲਣਾ ਹੋਵੇਗਾ।

ਯੂਨੀਫਾਈਡ ਡਿਸਟ੍ਰਿਕਟਸ ਇਨਫਾਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ (ਯੂ. ਡੀ. ਆਈ. ਐੱਸ. ਈ.) ਦੀ ਰਿਪੋਰਟ ਦੇ ਅਨੁਸਾਰ 2020-21 ਵਿਚ 25.38 ਕਰੋੜ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ 15 ਲੱਖ ਤੋਂ ਵੱਧ ਸਕੂਲਾਂ ਦੇ ਨਾਲ ਸਾਡਾ ਦੇਸ਼ ਦੁਨੀਆ ਦੇ ਸਭ ਤੋਂ ਵੱਡੇ ਸਿੱਖਿਆ ਨੈੱਟਵਰਕ ’ਚੋਂ ਇਕ ਹੈ। ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਬੱਚਿਆਂ ਵਿਚ ਹੁਨਰ ਵਿਕਸਤ ਕਰਨ ਦਾ ਅਰਥ ਹੈ ਉਨ੍ਹਾਂ ਨੂੰ ਉੱਦਮਿਤਾ ਲਈ ਉਤਸ਼ਾਹਿਤ ਕਰਨਾ। ਉਹ ਆਰਟੀਫੀਸ਼ੀਅਲ ਇੰਟੈਲੀਜੈਂਸ, ਡਰੋਨ, ਇੰਟਰਨੈੱਟ ਆਫ ਥਿੰਗਸ (ਆਈ. ਓ. ਟੀ.), ਰੀਅਲ ਟਾਈਮ ਐਨਾਲਿਟਿਕਸ ਤੇ ਇਸੇ ਤਰ੍ਹਾਂ ਉੱਭਰਦੀਆਂ ਹੋਈਆਂ ਤਕਨੀਕਾਂ ਸਿੱਖਣ, ਇਸ ਲਈ ਸਾਨੂੰ ਆਪਣੇ ਨੌਜਵਾਨਾਂ ਨੂੰ ਮਾਨਸਿਕ ਤੌਰ ’ਤੇ ਤਿਆਰ ਕਰਨਾ ਹੋਵੇਗਾ। ਆਉਣ ਵਾਲੇ ਸਾਲਾਂ ਵਿਚ ਦੇਸ਼ ਦੀ ਅਰਥਵਿਵਸਥਾ 10 ਟ੍ਰਿਲੀਅਨ ਡਾਲਰ ਹੋਣ ਦਾ ਸੁਪਨਾ ਪੂਰਾ ਕਰਨ ਲਈ ਸਾਨੂੰ ਕਾਰੋਬਾਰੀ ਅਧਿਆਪਕਾਂ ਦੀ ਭਰਤੀ ਦੇ ਨਾਲ ਦੇਸ਼ ਭਰ ਦੇ ਹਾਈ ਸਕੂਲਾਂ ਵਿਚ ਹੁਨਰ ਵਿਕਾਸ ਕੇਂਦਰ ਸਥਾਪਤ ਕਰਨੇ ਹੋਣਗੇ।

-ਦਿਨੇਸ਼ ਸੂਦ

(ਲੇਖਕ ਓਰੇਨ ਇੰਟਰਨੈਸ਼ਨਲ ਦੇ ਸਹਿ-ਸੰਸਥਾਪਕ ਅਤੇ ਐੱਮ. ਡੀ., ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਟ੍ਰੇਨਿੰਗ ਪਾਰਟਨਰ ਹਨ)


Mukesh

Content Editor

Related News