ਸਿੱਧੂ ਤੇ ਇਮਰਾਨ ‘ਆਦਰਸ਼ਵਾਦੀ’ ਜਦਕਿ ਅੱਜ ਸਮਾਂ ‘ਯਥਾਰਥਵਾਦੀਅਾਂ’ ਦਾ
Sunday, Dec 02, 2018 - 06:53 AM (IST)

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਕਰ ਲਏ ਹਨ। ਸੱਤਾ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਭਾਸ਼ਣਾਂ ’ਚ ਜ਼ਿਆਦਾ ਆਤਮਵਿਸ਼ਵਾਸ ਨਹੀਂ ਝਲਕਦਾ ਸੀ ਕਿਉਂਕਿ ਉਹ ਸਿਰਫ ਉਹੀ ਸ਼ਬਦ ਬੋਲਦੇ ਸਨ, ਜੋ ਪਾਕਿਸਤਾਨ ਦਾ ਸੁਰੱਖਿਆ ਅਦਾਰਾ ਸੁਣ ਕੇ ਖੁਸ਼ ਹੁੰਦਾ ਸੀ। ਹਾਲਾਂਕਿ ਜਦੋਂ ਤੋਂ ਉਹ ਸੱਤਾ ’ਚ ਆਏ ਹਨ, ਉਹ ਭਾਰਤ ਨੂੰ ਗੱਲਬਾਤ ’ਚ ਸ਼ਾਮਿਲ ਕਰਨ ਲਈ ਜੀ-ਤੋੜ ਕੋਸ਼ਿਸ਼ਾਂ ਕਰ ਰਹੇ ਹਨ।
ਹਾਲਾਂਕਿ ਉਨ੍ਹਾਂ ਦੇ ਦੇਸ਼ ਵਲੋਂ ਜੰਮੂ-ਕਸ਼ਮੀਰ ਵਿਚ ਜਾਰੀ ਅਸਿੱਧੀ ਜੰਗ ਵਿਚ ਕੋਈ ਕਮੀ ਨਹੀਂ ਆਈ ਹੈ। ਜਾਂ ਤਾਂ ਉਹ ਇੰਨੇ ਚਲਾਕ ਨਹੀਂ ਹਨ ਕਿ ਭਾਰਤ ਦੀਅਾਂ ਚਿੰਤਾਵਾਂ ਨੂੰ ਸਮਝ ਸਕਣ ਅਤੇ ਸੁਰੱਖਿਆ ਅਦਾਰੇ ਨੂੰ ਆਸ ਹੈ ਕਿ ਉਹ ਭਾਰਤ ਦੇ ਇਨਕਾਰ ’ਤੇ ਜ਼ੋਰ ਦੇ ਕੇ ਕੌਮਾਂਤਰੀ ਭਾਈਚਾਰੇ ਤੋਂ ਸਮੇਂ-ਸਮੇਂ ’ਤੇ ਮਿਲਣ ਵਾਲੀਅਾਂ ਗਾਲ੍ਹਾਂ ਤੋਂ ਕੁਝ ਬਚ ਸਕਦਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਇਸ ਤੋਂ ਬਾਅਦ ਸ਼ਰਾਰਤਪੂਰਨ ਟਿੱਪਣੀ ਕਿ ਇਮਰਾਨ ਨੇ ‘ਗੁਗਲੀ’ ਸੁੱਟੀ ਅਤੇ ਭਾਰਤ ਨੇ ਆਪਣੇ 2 ਮੰਤਰੀਅਾਂ ਨੂੰ ਪਾਕਿਸਤਾਨ ਭੇਜਿਆ, ਪਾਕਿ ਸਰਕਾਰ ਦੇ ਅਪ੍ਰਪੱਕ ਰਵੱਈਏ ਖੁਲਾਸਾ ਕਰਦੀ ਹੈ, ਜਿਸ ਨੂੰ ਸੁਰੱਖਿਆ ਅਦਾਰਾ ਹੱਲਾਸ਼ੇਰੀ ਦਿੰਦਾ ਹੈ।
ਹਾਲਾਂਕਿ ਇਕ ਕ੍ਰਿਕਟਰ ਦੇ ਤੌਰ ’ਤੇ ਇਮਰਾਨ ਖਾਨ ਭਾਰਤ ’ਚ ਹਰਮਨਪਿਆਰੇ ਸਨ। ਅਜਿਹਾ ਦਿਖਾਈ ਦਿੰਦਾ ਹੈ ਕਿ ਉਹ ਸਮਝਦੇ ਹਨ ਕਿ ਉਹੀ ਹਰਮਨਪਿਆਰਤਾ ਉਨ੍ਹਾਂ ਨਾਲ ਸਿਆਸਤ ਦੀ ਘਿਨਾਉਣੀ ਦੁਨੀਆ ਵਿਚ ਵੀ ਉਨ੍ਹਾਂ ਦੇ ਨਾਲ ਹੈ। ਭਾਰਤ ਨਾਲ ਉਨ੍ਹਾਂ ਦੇ ਦੇਸ਼ ਦੇ ਸਬੰਧ ਅੱਜ 70 ਅਤੇ 80 ਦੇ ਦਹਾਕਿਅਾਂ ਦੇ ਮੁਕਾਬਲੇ ਇਕ ਵੱਖਰੀ ਸਥਿਤੀ ’ਚ ਹਨ।
ਜੰਗਬੰਦੀ ਸਮਝੌਤੇ ਤੋਂ ਬਾਅਦ ਕੰਟਰੋਲ ਰੇਖਾ ’ਤੇ ਸ਼ਾਂਤੀ ਸੀ
ਉਸ ਸਮੇਂ ਵੀ ਸਬੰਧ ਦੋਸਤਾਨਾ ਨਹੀਂ ਸਨ ਪਰ ਲੋਕਾਂ ਵਿਚ ਆਪਸੀ ਸਬੰਧ ਸਨ। 1971 ’ਚ ਜੰਗਬੰਦੀ ਸਮਝੌਤੇ ਤੋਂ ਬਾਅਦ ਇਕ-ਅੱਧੀ ਘਟਨਾ ਤੋਂ ਇਲਾਵਾ ਕੰਟਰੋਲ ਰੇਖਾ ’ਤੇ ਸ਼ਾਂਤੀ ਸੀ। ਸਿਆਚਿਨ ਦੇ ਮੁੱਦੇ ਨੇ ਸਬੰਧਾਂ ’ਚ ਉਬਾਲ ਲਿਆਉਣਾ ਸ਼ੁਰੂ ਕਰ ਦਿੱਤਾ ਸੀ ਪਰ ਦੋਹਾਂ ਦੇਸ਼ਾਂ ਵਿਚਾਲੇ ਇਕ ਸਾਂਝਾ ਵਿਚਾਰ ਸੀ ਕਿ ਕੰਟਰੋਲ ਲਾਈਨ ਦੇ ਪਾਰ ਆਪਸੀ ਸਬੰਧਾਂ ਦਰਮਿਆਨ ਅੱਤਵਾਦ ਨੂੰ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ।
1987 ਤੋਂ ਬਾਅਦ ਹੀ ਜੰਮੂ-ਕਸ਼ਮੀਰ ’ਚ ਚੀਜ਼ਾਂ ’ਚ ਤਬਦੀਲੀ ਆਉਣੀ ਸ਼ੁਰੂ ਹੋਈ ਅਤੇ 1990 ਦੇ ਸ਼ੁਰੂ ’ਚ ਗਲੇ ਤਕ ਆ ਪਹੁੰਚੀ। ਇਮਰਾਨ ਖਾਨ ਉਦੋਂ 1992 ਦੇ ਵਰਲਡ ਕੱਪ ਲਈ ਆਪਣੀ ਟੀਮ ਦੇ ਕਪਤਾਨ ਸਨ। ਨਵਜੋਤ ਸਿੰਘ ਸਿੱਧੂ ਭਾਰਤ ਲਈ ਖੇਡੇ ਅਤੇ ਉਨ੍ਹਾਂ ਦੇ ਅਤੇ ਸਾਡੀ ਟੀਮ ਦੇ ਮੈਂਬਰਾਂ ਵਿਚਾਲੇ ਚੰਗੇ ਸਬੰਧ ਵਿਕਸਿਤ ਹੋਏ। ਤਬਦੀਲੀ ਤੋਂ ਅਣਜਾਣ ਇਹ ਮਿੱਤਰਤਾ ਜਾਰੀ ਰਹੀ। ਇਸੇ ਚੀਜ਼ ਨੂੰ ਅੱਜ ਦੋਵੇਂ ਮੇਜ਼ ’ਤੇ ਲੈ ਕੇ ਆਏ ਹਨ। ਦੋਵੇਂ ਆਦਰਸ਼ਵਾਦੀ ਹਨ, ਜਦਕਿ ਅੱਜ ਸਮਾਂ ਯਥਾਰਥਵਾਦੀਅਾਂ ਦਾ ਹੈ।
ਇਹ ਸਬੂਤ ਕਿ ਇਮਰਾਨ ਖਾਨ ਆਪਣੇ ਖਿਡਾਰੀ ਵਾਲੇ ਅਕਸ ਨੂੰ ਛੱਡਣ ਦੇ ਸਮਰੱਥ ਨਹੀਂ ਹਨ, ਉਨ੍ਹਾਂ ਦੇ ਹਾਲ ਹੀ ਦੇ ਭਾਸ਼ਣਾਂ ’ਚ ਸਿੱਧੂ ਬਾਰੇ ਟਿੱਪਣੀਅਾਂ ਤੋਂ ਮਿਲ ਜਾਂਦਾ ਹੈ। ਜੇ (ਅਤੇ ਜਦੋਂ) ਸਿੱਧੂ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਸ਼ਾਂਤੀ ਦੀਅਾਂ ਸੰਭਾਵਨਾਵਾਂ ਬਾਰੇ ਉਨ੍ਹਾਂ ਦਾ ਜ਼ਿਕਰ ਉਨ੍ਹਾਂ ਦੇ ਭੋਲੇਪਨ ਨੂੰ ਦਰਸਾਉਂਦਾ ਹੈ।
ਜੇਕਰ ਇਹ ਟਿੱਪਣੀ ਸੁਰੱਖਿਆ ਅਦਾਰੇ ਦੇ ਇਸ਼ਾਰੇ ’ਤੇ ਕੀਤੀ ਗਈ ਸੀ ਤਾਂ ਇਹ ਹੋਰ ਵੀ ਜ਼ਿਆਦਾ ਮਾੜੀ ਗੱਲ ਹੈ ਕਿਉਂਕਿ ਜਨਰਲ ਬਾਜਵਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਜਪਾ ਨੂੰ ਉਕਸਾ ਕੇ ਭਾਰਤ ਤੋਂ ਹਾਂ-ਪੱਖੀ ਪ੍ਰਤੀਕਿਰਿਆ ਨਹੀਂ ਮਿਲ ਸਕੇਗੀ।
ਸ਼ਾਇਦ ਇਹੋ ਇਰਾਦਾ ਸੀ, ਜਿਸ ਨੇ ਭਾਰਤੀ ਲੀਡਰਿਸ਼ਪ ਨੂੰ ਇਸ ਹੱਦ ਤਕ ਖਿਝਾ ਦਿੱਤਾ ਕਿ ਕਰਤਾਰਪੁਰ ਗਲਿਆਰੇ ਵਰਗੇ ਸੁਹਿਰਦਤਾ ਭਰੇ ਪ੍ਰਗਟਾਵੇ ਦੇ ਬਾਵਜੂਦ ਉਸ ਨੂੰ ਨਾਂਹਪੱਖੀ ਪ੍ਰਤੀਕਿਰਿਆ ਦੇਣ ਲਈ ਮਜਬੂਰ ਹੋਣਾ ਪਿਆ ਤੇ ਇਸ ਕਾਰਨ ਪਾਕਿਸਤਾਨ ਦੇ ਕੌਮਾਂਤਰੀ ਆਲੋਚਨਾ ਦਾ ਸ਼ਿਕਾਰ ਬਣੇ ਰਹਿਣ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ।
ਇਮਰਾਨ ਨੂੰ ਆਪਣਾ ਰੁਖ ਬਦਲ ਲੈਣਾ ਚਾਹੀਦਾ ਸੀ
ਭਾਰਤ-ਪਾਕਿ ਸਬੰਧਾਂ ਦੀ ਸੰਵੇਦਨਸ਼ੀਲ ਦੁਨੀਆ ’ਚ ਇਰਾਦਾ ਚਾਹੇ ਕਿੰਨਾ ਵੀ ਹਾਂ-ਪੱਖੀ ਹੋਵੇ, ਹਰੇਕ ਪ੍ਰਗਟਾਵੇ ਨੂੰ ਸੰਭਾਵੀ ਨਾਂਹਪੱਖੀ ਰੁਝਾਨ ਲਈ ਸਕੈਨਰ ਦੇ ਜ਼ਰੀਏ ਦੇਖਿਆ ਜਾਂਦਾ ਹੈ। ਜਦੋਂ ਇਮਰਾਨ ਖਾਨ ਨੂੰ ਪਤਾ ਲੱਗਾ ਕਿ ਭਾਰਤ ਸਰਕਾਰ ਗੇਂਦ ਨੂੰ ਇਕ ਬਿੰਦੂ ਤਕ ਹੀ ਖੇਡ ਰਹੀ ਹੈ ਅਤੇ ਇਕ ਧਾਰਮਿਕ-ਸੱਭਿਆਚਾਰਕ ਯਤਨ ਨੂੰ ਇਕ ਸਿਆਸੀ ਕੋਸ਼ਿਸ਼ ਵਜੋਂ ਦੇਖਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ, ਇਮਰਾਨ ਨੂੰ ਆਪਣਾ ਰੁਖ ਬਦਲ ਲੈਣਾ ਚਾਹੀਦਾ ਸੀ।
ਉਨ੍ਹਾਂ ਨੂੰ ਉਸ ਪ੍ਰੋਗਰਾਮ ਬਾਰੇ ਗੱਲ ਕਰਨੀ ਚਾਹੀਦੀ ਸੀ, ਜੋ ਲੋਕਾਂ ਲਈ ਜ਼ਿਆਦਾ ਅਹਿਮ ਸੀ ਅਤੇ ਜਿਸ ਦੇ ਸਿਆਸਤ ’ਚ ਬਦਲਣ ਦੀ ਉਮੀਦ ਕੀਤੀ ਜਾ ਸਕਦੀ ਸੀ। ਜੰਗ ਦੀ ਨਿਰਾਰਥਕਤਾ ਬਾਰੇ ਗੱਲ ਕਰਨਾ ਸਹੀ ਸੀ ਪਰ ਦੋਹਾਂ ਦੇਸ਼ਾਂ ਦੀ ਪ੍ਰਮਾਣੂ ਸਮਰੱਥਾ ਕਾਰਨ ਬਰਬਾਦੀ ਦੀ ਗੱਲ ਕਰਨਾ ਭਾਰਤ ਨੂੰ ਸਤਾਉਣ ਵਾਂਗ ਸੀ।
ਅਸੀਂ ਆਪਸੀ ਸਬੰਧਾਂ ਦੇ ਅਜਿਹੇ ਮੰਚ ’ਤੇ ਹਾਂ, ਜਿੱਥੇ ਸਿਆਸੀ ਕੂਟਨੀਤਕ ਖੇਤਰ ’ਚ ਨਾਂਹਪੱਖੀ ਮਾਨਸਿਕਤਾ ਨੂੰ ਤੋੜਨ ਲਈ ਸੰਵੇਦਨਸ਼ੀਲਤਾ ਨੂੰ ਧਿਆਨ ’ਚ ਰੱਖਣਾ ਪਵੇਗਾ। ਪਾਕਿਸਤਾਨ ’ਚ ਆਮ ਚੋਣਾਂ ਹੋ ਚੁੱਕੀਅਾਂ ਹਨ ਅਤੇ ਭਾਰਤ ’ਚ ਅਜੇ ਕੁਝ ਦੂਰ ਹਨ ਪਰ ਸੂਬਿਅਾਂ ਦੀਅਾਂ ਅਹਿਮ ਚੋਣਾਂ ਹੋ ਰਹੀਅਾਂ ਹਨ। ਇਹ ਸੱਤਾਧਾਰੀ ਵਿਵਸਥਾ ਲਈ ਇਕ ਸੰਵੇਦਨਸ਼ੀਲ ਸਮਾਂ ਹੈ। ਯਕੀਨੀ ਤੌਰ ’ਤੇ ਵਿਦੇਸ਼ ਨੀਤੀ ’ਚ ਇਕ ਵੱਡਾ ਫੈਸਲਾ ਅਜੇ ਨਹੀਂ ਲਿਆ ਜਾ ਸਕਦਾ। ਇਥੋਂ ਤਕ ਕਿ ਇਸ ਸਮੇਂ ਭਾਰਤ ਵਲੋਂ ਗਲਿਆਰੇ ਨੂੰ ਮਨਜ਼ੂਰੀ ਦੇਣ ਨੇ ਵੀ ਬਹੁਤ ਸਾਰੇ ਸਮੀਖਿਅਕਾਂ ਨੂੰ ਹੈਰਾਨ ਕੀਤਾ ਹੈ।
ਪਰ ਇਕ ਖਾਲਿਸਤਾਨ-ਪੱਖੀ ਨੂੰ ਸਮਾਗਮ ’ਚ ਸ਼ਾਮਿਲ ਹੋਣ ਲਈ ਸੱਦਣਾ ਠੀਕ ਨਹੀਂ ਸੀ। ਗਲਿਆਰੇ ਨੂੰ ਲੈ ਕੇ ਭਾਰਤ ਦੀ ਪ੍ਰਮੁੱਖ ਚਿੰਤਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਅਾਂ ’ਤੇ ਖਾਲਿਸਤਾਨੀ ਵੱਖਵਾਦੀ ਨੇਤਾਵਾਂ ਦਾ ਸੰਭਾਵੀ ਪ੍ਰਭਾਵ ਹੈ। ਇਹ ਪਹਿਲੂ ਇਸ ਕੋਸ਼ਿਸ਼ ਦੀ ਸਫਲਤਾ ’ਤੇ ਇਕ ਸ਼ੱਕ ਪੈਦਾ ਕਰਦਾ ਹੈ।
ਕੀ ਜਨਰਲ ਬਾਜਵਾ ਦੀ ਮੌਜੂਦਗੀ ਜ਼ਰੂਰੀ ਸੀ
ਕੀ ਜਨਰਲ ਬਾਜਵਾ ਦੀ ਮੌਜੂਦਗੀ ਸਮਾਗਮ ’ਚ ਜ਼ਰੂਰੀ ਸੀ? ਜਨਰਲ ਬਿਪਿਨ ਰਾਵਤ ਭਾਰਤੀ ਸਮਾਗਮ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸਨ। ਭਾਰਤੀ ਫੌਜ ਨੇ ਖੁਦ ਨੂੰ ਇਸ ਤੋਂ ਦੂਰ ਰੱਖਿਆ। ਭਾਰਤੀ ਪ੍ਰੋਗਰਾਮ ਕਿਉਂਕਿ ਪਾਕਿਸਤਾਨ ਦੇ ਪ੍ਰੋਗਰਾਮ ਤੋਂ ਪਹਿਲਾਂ ਸੀ, ਇਸ ਲਈ ਪਾਕਿਸਤਾਨ ਵਲੋਂ ਕਿਸੇ ਨੇ ਵੀ ਇਸ ਬਾਰੇ ‘ਹੋਮਵਰਕ’ ਨਹੀਂ ਕੀਤਾ ਸੀ।
ਉਨ੍ਹਾਂ ਦੇ ਅਧਿਕਾਰੀਅਾਂ ’ਚ ਕਈ ਬਹੁਤ ‘ਸਮਾਰਟ’ ਲੋਕ ਸਨ ਪਰ ਉਨ੍ਹਾਂ ਦੇ ਸੈਨਾ ਮੁਖੀ ਦੀ ਬੇਲੋੜੀ ਮੌਜੂਦਗੀ ਨੇ ਮੇਰੀ ਰਾਏ ਨੂੰ ਉਸ ਬਾਰੇ ਹਲਕਾ ਕਰ ਦਿੱਤਾ। ਬਾਜਵਾ ਦੀ ਮੌਜੂਦਗੀ ਨੇ ਇਸ ਧਾਰਨਾ ’ਤੇ ਜ਼ੋਰ ਦਿੱਤਾ ਕਿ ਅਸਲ ਕੰਟਰੋਲ ਪਾਕਿਸਤਾਨ ਦੀ ਫੌਜ ਦੇ ਹੱਥ ’ਚ ਹੈ। ਇਸ ’ਚ ਸ਼ਾਮਿਲ ਹੋਣ ਲਈ ਜੇ ਇਕ ਸਥਾਨਕ ਕਮਾਂਡਰ ਨੂੰ ਭੇਜਿਆ ਜਾਂਦਾ ਤਾਂ ਉਸ ਦਾ ਹਾਂ-ਪੱਖੀ ਸੰਦੇਸ਼ ਜਾਂਦਾ। ਜੋ ਕੋਈ ਵੀ ਮੁਕਾਬਲਤਨ ਕਮਜ਼ੋਰ ਸਥਿਤੀ ਨਾਲ ਸਿਆਸੀ ਸਬੰਧਾਂ ’ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਸਰਹੱਦ ਪਾਰ ਲੋਕਾਂ ’ਚ ਬਣੀ ਧਾਰਨਾ ਦੀ ਪਰਵਾਹ ਕਰਨੀ ਹੀ ਪਵੇਗੀ।
ਸਿੱਧੂ ਇਕ ਸ਼ਾਨਦਾਰ ਬੁਲਾਰੇ ਹਨ ਪਰ ਅਜਿਹਾ ਲੱਗਦਾ ਹੈ ਕਿ ਉਹ ਬੋਲਣ ਲਈ ਗਲਤ ਵਿਸ਼ਾ ਚੁਣਦੇ ਹਨ। ਉਨ੍ਹਾਂ ਨੂੰ ਪਤਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨੀ ਸਮਾਗਮ ਤੋਂ ਦੂਰ ਰਹਿ ਕੇ ਇਕ ਅਹਿਮ ਰਣਨੀਤਕ ਸੰਦੇਸ਼ ਦੇ ਰਹੇ ਸਨ। ਅਸਲ ’ਚ ਬਹੁਤ ਘੱਟ ਲੋਕਾਂ ਨੇ ਇਸ ਦੇ ਲਈ ਉਨ੍ਹਾਂ ਦੀ ਤਾਰੀਫ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਬਿਨਾਂ ਕਿਸੇ ਸਿਆਸੀ ਬੋਝ ਦੇ ਰਾਸ਼ਟਰ ਦੀ ਚਿੰਤਾ ਪ੍ਰਗਟਾਅ ਰਹੇ ਹਨ।
ਸਿੱਧੂ ਦੇਸ਼ ਲਈ, ਆਪਣੇ ਮੁੱਖ ਮੰਤਰੀ ਅਤੇ ਖ਼ੁਦ ਲਈ ਸ਼ਲਾਘਾ ਖੱਟ ਸਕਦੇ ਸਨ, ਜੇ ਉਹ ਆਪਣੇ ਮੇਜ਼ਬਾਨਾਂ ਨੂੰ ਮਿੱਠੀ ਭਾਸ਼ਾ ’ਚ (ਜੋ ਸਿਰਫ ਉਹੀ ਕਰ ਸਕਦੇ ਹਨ) ਸੰਦੇਸ਼ ਪਹੁੰਚਾਉਂਦੇ ਕਿ ਭਾਰਤ ਦੀਅਾਂ ਕੁਝ ਚਿੰਤਾਵਾਂ ਹਨ ਤੇ ਪਹਿਲ ਕਰਨ ਤੋਂ ਪਹਿਲਾਂ ਉਨ੍ਹਾਂ ਚਿੰਤਾਵਾਂ ਨੂੰ ਦੂਰ ਕੀਤਾ ਜਾਣਾ ਅਹਿਮ ਹੋਵੇਗਾ। ਉਨ੍ਹਾਂ ਨੂੰ ਦਰਿਆਦਿਲੀ ਨਾਲ ਇਮਰਾਨ ਖਾਨ ਦਾ ਧੰਨਵਾਦ ਕਰਨਾ ਚਾਹੀਦਾ ਸੀ ਪਰ ਨਾਲ ਹੀ ਸਹੀ ਢੰਗ ਨਾਲ ਚਿਤਾਵਨੀ ਵੀ ਦੇ ਦੇਣੀ ਚਾਹੀਦੀ ਸੀ।
ਇਹੋ ਸਮਾਂ ਹੈ, ਜਦੋਂ ਸਿਆਸੀ ਪਾਰਟੀਅਾਂ ਨੂੰ ਇਕੱਠਿਅਾਂ ਬੈਠ ਕੇ ਰਣਨੀਤੀ ਬਣਾਉਣੀ ਚਾਹੀਦੀ ਹੈ, ਜਿਵੇਂ ਕਿ ਭਾਜਪਾ ਤੇ ਕਾਂਗਰਸ ਨੇ 1994 ’ਚ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਦੇ ਪ੍ਰਗਟਾਵੇ ਨੇ 1994 ਵਾਲੀ ਪ੍ਰਪੱਕਤਾ ਦਿਖਾਈ ਹੈ ਪਰ ਬਦਕਿਸਮਤੀ ਨਾਲ ਸਿੱਧੂ ਦੇ ਪ੍ਰਗਟਾਵੇ ਨੇ ਇਸ ਦੇ ਉਲਟ ਸੰਦੇਸ਼ ਦਿੱਤਾ ਹੈ।