ਸੈਕਸ ਸ਼ੋਸ਼ਣ ਦੇ ਮਾਮਲੇ : ਕੈਥੋਲਿਕਸ ਆਪਣਾ ਭਰੋਸਾ ਬਣਾਈ ਰੱਖਣ ਨੂੰ ਲੈ ਕੇ ਦੁਚਿੱਤੀ ’ਚ

Wednesday, Oct 10, 2018 - 07:02 AM (IST)

ਮੇਗਨ ਮੈਕਕੈਬੇ ਦਾ ਜਨਮ ਇਕ ਕੈਥੋਲਿਕ ਪਰਿਵਾਰ ’ਚ ਹੋਇਆ ਸੀ। ਉਸ ਨੇ ਕੈਥੋਲਿਕ ਹਾਈ ਸਕੂਲ ਅਤੇ ਕਾਲਜ ’ਚ ਸਿੱਖਿਆ ਹਾਸਿਲ ਕੀਤੀ ਤੇ ਹੁੁਣ ਇਕ ਕੈਥੋਲਿਕ ਯੂਨੀਵਰਸਿਟੀ ’ਚ ਪੜ੍ਹਾਉਂਦੀ ਹੈ ਪਰ ਅਗਸਤ ’ਚ ਪੈਨੇਸਿਲਵੇਨੀਆ ਗ੍ਰੈਂਡ ਜਿਊਰੀ ਦੀ ਇਕ ਰਿਪੋਰਟ, ਜਿਸ ’ਚ ਸੂਬੇ ਦੇ ਧਰਮ ਗੁਰੂਅਾਂ ਵਲੋਂ ਸੈਕਸ ਸ਼ੋਸ਼ਣ ਕੀਤੇ ਜਾਣ ਦੇ 1000 ਤੋਂ ਜ਼ਿਆਦਾ ਮਾਮਲਿਅਾਂ ਬਾਰੇ ਖੁਲਾਸਾ ਕੀਤਾ ਗਿਆ ਸੀ, ਜਾਰੀ ਹੋਣ ਮਗਰੋਂ 32 ਸਾਲਾ ਮੇਗਨ ਮੈਕਕੈਬੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਕਿਸੇ ‘ਮਾਸ’, ਭਾਵ ਧਾਰਮਿਕ ਸਮਾਗਮ ’ਚ ਸ਼ਾਮਿਲ ਨਹੀਂ ਹੋਈ ਹੈ। 
ਮੈਕਕੈਬੇ ਨੇ ਭਾਵੁਕ ਹੁੰਦਿਅਾਂ ਦੱਸਿਆ ਕਿ ਇਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਉਸ ਨੂੰ ਇਹ ਮਹਿਸੂਸ ਹੋਇਆ ਕਿ ਇਸ ਸੰਸਥਾ ’ਚ ਹੁਣ ਕੋਈ ਚੰਗਿਆਈ ਨਹੀਂ ਰਹਿ ਗਈ ਹੈ। ਇਸ ਸਾਲ ਚਰਚ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਸੈਕਸ ਸ਼ੋਸ਼ਣ ਦੇ ਮਾਮਲਿਅਾਂ ਨੇ ਦੇਸ਼ ਦੇ ਕੁਝ ਸਭ ਤੋਂ ਵੱਧ ਸਮਰਪਿਤ ਕੈਥੋਲਿਕਸ ਸਾਹਮਣੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕਿਵੇਂ ਉਹ ਆਪਣੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਭਰੋਸੇ ਨਾਲ ਇਸ ਸੰਸਥਾ ਦੀਅਾਂ ਸੱਚਾਈਅਾਂ ਦਾ ਤਾਲਮੇਲ ਬਣਾਉਣ। 
ਉਨ੍ਹਾਂ ਲਈ ਇਕ ਵਾਰ ਲਏ ਗਏ ਫੈਸਲੇ ਅਚਾਨਕ ਦੁੱਖਦਾਈ ਬਣ ਗਏ ਹਨ, ਜਿਵੇਂ ‘ਮਾਸ’ ਵਿਚ ਸ਼ਾਮਿਲ ਹੋਣਾ ਹੈ ਜਾਂ ਨਹੀਂ, ਆਪਣੇ ਬੱਚਿਅਾਂ ਨੂੰ ਕੈਥੋਲਿਕ ਸਕੂਲ ’ਚ ਭੇਜਣਾ ਹੈ ਜਾਂ ਨਹੀਂ, ਇਥੋਂ ਤਕ ਕਿ ਆਪਣੇ ਬੱਚਿਅਾਂ ਨੂੰ ‘ਬਪਤਿਸਮਾ’ ਕਰਵਾਉਣਾ ਹੈ ਜਾਂ ਨਹੀਂ। 
ਜਾਰਜਟਾਊਨ ਯੂਨੀਵਰਸਿਟੀ ’ਚ ਸਥਿਤ ਇਕ ਗੈਰ-ਲਾਭਕਾਰੀ ਸੰਸਥਾ ‘ਸੈਂਟਰ ਫਾਰ ਅਪਲਾਈਡ ਰਿਸਰਚ ਇਨ ਦਿ ਏਪੋਸਟੋਲੇਟ’ ਮੁਤਾਬਿਕ 2017 ’ਚ ਅਮਰੀਕਾ ਵਿਚ 7.43 ਕਰੋੜ ਕੈਥਲਿਕ ਸਨ, ਜਦਕਿ 2 ਸਾਲ ਪਹਿਲਾਂ ਇਨ੍ਹਾਂ ਦੀ ਗਿਣਤੀ 8.16 ਕਰੋੜ ਸੀ। ਇਸ ਹਫਤੇ ਜਾਰੀ ਕੀਤੇ ਗਏ ‘ਪਿਊ ਰਿਸਰਚ ਸੈਂਟਰ’ ਦੇ ਇਕ ਸਰਵੇਖਣ ’ਚ ਪਤਾ ਲੱਗਾ ਕਿ ਕੈਥੋਲਿਕਸ ’ਚੋਂ 72 ਫੀਸਦੀ ਪੋਪ ਫਰਾਂਸਿਸ ਦੀ ਕਾਰਗੁਜ਼ਾਰੀ ਨੂੰ ਪਸੰਦ ਕਰਦੇ ਹਨ, ਜੋ ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤਕ ਉਨ੍ਹਾਂ ਦੇ ਧਰਮ ਗੁਰੂ ਦੇ ਅਹੁਦੇ ਸਬੰਧੀ ਪਸੰਦ ਕਰਨ ਵਾਲਿਅਾਂ ਦੀ ਸਭ ਤੋਂ ਘੱਟ ਗਿਣਤੀ ਹੈ। 60 ਫੀਸਦੀ ਤੋਂ ਜ਼ਿਆਦਾ ਅਮਰੀਕੀ ਕੈਥੋਲਿਕ ਮੰਨਦੇ ਹਨ ਕਿ ਸੈਕਸ ਸ਼ੋਸ਼ਣ ਦੇ ਮਾਮਲਿਅਾਂ ਨਾਲ ਨਜਿੱਠਣ ਲਈ ਉਹ ਠੀਕ-ਠਾਕ ਜਾਂ ਨਾਕਾਫੀ ਕੰਮ ਕਰ ਰਹੇ ਹਨ। 
ਮਿਆਮੀ ਦੇ ਆਰਕਬਿਸ਼ਪ ਥਾਮਸ ਵੇਂਸਕੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੋਕ ਅਜੇ ਵੀ ਪ੍ਰਮਾਤਮਾ ’ਚ ਯਕੀਨ ਕਰਦੇ ਹਨ ਪਰ ਹੁਣ ਉਹ ਧਰਮ ਗੁਰੂਅਾਂ ’ਚ ਯਕੀਨ ਨਹੀਂ ਕਰਦੇ। ਮੇਗਨ  ਮੈਕਕੈਬੇ  2002 ’ਚ ਬੋਸਟਨ ਦੇ ਬਾਹਰ ਸਥਿਤ ਹਾਈ ਸਕੂਲ ’ਚ ਸੀ, ਜਦੋਂ ਪਹਿਲੀ ਵਾਰ ਚਰਚ ’ਚ ਸੈਕਸ ਸ਼ੋਸ਼ਣ ਬਾਰੇ ਵਿਸਥਾਰਪੂਰਵਕ ਰਿਪੋਰਟ ਦਿੱਤੀ ਗਈ, ਹਾਲਾਂਕਿ ਅੰਕੜੇ ਦਰਸਾਉਂਦੇ ਹਨ ਕਿ ਮਾਮਲੇ ਦੇ ਮੱਦੇਨਜ਼ਰ ਚਰਚ ’ਚ ਹਾਜ਼ਰੀ ਤੇਜ਼ੀ ਨਾਲ ਘਟੀ ਹੈ। ਮੇਗਨ ਮੈਕਕੈਬੇ  ਨੂੰ ਯਾਦ ਨਹੀਂ ਕਿ ਉਸ ਨੇ ਕਦੇ ਸਕੂਲ ਜਾਂ ਆਪਣੇ ਘਰ ’ਚ ਇਸ ਬਾਰੇ ਗੱਲ ਕੀਤੀ ਹੋਵੇ।
ਹੁਣ ਵਾਸ਼ਿੰਗਟਨ ਦੇ ਸਪੋਕੇਨ ’ਚ ਸਥਿਤ ਗੋਂਜਾਗਾ ਯੂਨੀਵਰਸਿਟੀ ’ਚ ਧਾਰਮਿਕ  ਵਿਸ਼ਿਅਾਂ ਦੀ ਇਕ ਪ੍ਰੋਫੈਸਰ ਮੇਗਨ  ਮੈਕਕੈਬੇ ਬਾਲਗ ਵਜੋਂ ਚਰਚ ਦੇ ਇਤਿਹਾਸ ਦਾ ਸਾਹਮਣਾ ਕਰ ਰਹੀ ਹੈ। ਪੈਨੇਸਿਲਵੇਨੀਆ ਰਿਪੋਰਟ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਅਾਂ ਉਸ ਨੇ ਕਿਹਾ ਕਿ ਇਸ ਨਾਲ ਉਸ ਨੂੰ ਠੇਸ ਪੁੱਜੀ ਹੈ ਤੇ ਇਸ ਨੂੰ ਦਬਾਉਣ ਬਾਰੇ ਸੁਣ ਕੇ ਉਸ ਨੂੰ ਹੋਰ ਵੀ ਬੁਰਾ ਲੱਗਾ ਹੈ। 
ਆਪਣੇ ਪਰਿਵਾਰ ’ਚ ਸਿਰਫ ਉਹੀ ਇਕੋ-ਇਕ ਧਾਰਮਿਕ ਮੈਂਬਰ ਨਹੀਂ ਹੈ, ਜੋ ਇਸ ਗੱਲ ਨੂੰ ਲੈ ਕੇ ਦੁਚਿੱਤੀ ’ਚ ਹੈ ਜਾਂ ਸੰਘਰਸ਼ ਕਰ ਰਹੀ ਹੈ। ਉਸ ਦੀ ਸੱਸ ਮੈਰੀਬੇਥ ਬ੍ਰਾਊਨ ਉਦੋਂ ਤੋਂ ਕੈਥੋਲਿਕ ‘ਮਾਸ’ ਵਿਚ ਜਾ ਰਹੀ ਹੈ, ਜਦੋਂ ਉਹ ਇਕ ਬੱਚੀ ਸੀ ਪਰ ਇਹ ਸਪੱਸ਼ਟ ਕਰਨ ਨੂੰ ਲੈ ਕੇ ਉਹ ਦੁਚਿੱਤੀ ’ਚ ਹੈ ਕਿ ਸੈਕਸ ਸ਼ੋਸ਼ਣ ਦੇ ਮਾਮਲਿਅਾਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਉਹ ਉਥੇ ਕਿਉਂ ਜਾ ਰਹੀ ਹੈ? 
63 ਸਾਲਾ ਮੈਰੀਬੇਥ ਨੇ ਯਾਦ ਕਰਦਿਅਾਂ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਸਵਾਲ ਕਰਨ ਲੱਗ ਪਈ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ, ਜਦੋਂ ਕੈਲੀਫੋਰਨੀਆ ਦੀ ਔਰੇਂਜ ਕਾਊਂਟੀ ਦੇ  ਪਾਦਰੀ, ਜਿਥੇ ਉਨ੍ਹਾਂ ਨੇ ਆਪਣੇ ਸਾਰੇ 4 ਬੱਚਿਅਾਂ ਦਾ ‘ਬਪਤਿਸਮਾ’ ਕਰਵਾਇਆ ਸੀ, ਨੂੰ ਬਾਲਗ ਔਰਤਾਂ ਨਾਲ ਅਫੇਅਰਜ਼ ਅਤੇ ਅੱਲ੍ਹੜ ਕੁੜੀਅਾਂ ਨਾਲ ਛੇੜਖਾਨੀ ਦੇ ਦੋਸ਼ਾਂ ਤਹਿਤ 2001 ’ਚ ਹਟਾ ਦਿੱਤਾ ਗਿਆ ਸੀ। 
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਠੇਸ ਪੁੱਜੀ ਸੀ ਪਰ ਫਿਰ ਵੀ ਉਹ ਚਰਚ ਨਾਲ ਜੁੜੀ ਰਹੀ। ਸ਼੍ਰੀਮਤੀ ਬ੍ਰਾਊਨ ਦਾ ਮੰਨਣਾ ਹੈ ਕਿ 2002 ਦੇ ਸੰਕਟ ਤੋਂ ਬਾਅਦ ਚਰਚ ਦੇ ਅਧਿਕਾਰੀਅਾਂ ਨੇ ਸਮੱਸਿਆ ਹੱਲ ਕਰ ਲਈ ਹੈ। ਹੁਣੇ ਜਿਹੇ ਇਹ ਰਿਪੋਰਟਾਂ ਆਈਅਾਂ ਹਨ ਕਿ ਧਰਮ ਗੁਰੂ ਆਪਣੇ ਅਹੁਦੇ ’ਤੇ ਟਿਕੇ ਹੋਏ ਹਨ, ਜਿਨ੍ਹਾਂ ਨੇ ਅਤੀਤ ’ਚ ਪਾਦਰੀਅਾਂ ਵਲੋਂ ਕੀਤੇ ਗਏ ਸੈਕਸ ਸ਼ੋਸ਼ਣ ਦੇ ਮਾਮਲਿਅਾਂ ਨੂੰ ਦਬਾਉਣ ’ਚ ਮਦਦ ਕੀਤੀ ਸੀ ਜਾਂ ਜਿਨ੍ਹਾਂ  ਦੇ  ਖ਼ੁਦ ’ਤੇ ਹੀ ਸ਼ੋਸ਼ਣ ਦਾ ਦੋਸ਼ ਲੱਗਾ ਸੀ। 
ਮੈਰੀਬੇਥ ਬ੍ਰਾਊਨ ਨੇ ਕਿਹਾ ਕਿ ਉਹ ਇਸ ਤੋਂ ਨਫਰਤ ਕਰਦੀ ਹੈ ਅਤੇ ਹੁਣ ਅਜਿਹਾ ਨਹੀਂ ਹੋਣਾ ਚਾਹੀਦਾ। ਪ੍ਰਮਾਤਮਾ ’ਚ ਆਪਣੇ ਭਰੋਸੇ ਨੂੰ ਚਰਚ ਦੀ ਲੀਡਰਸ਼ਿਪ ਨਾਲੋਂ ਆਪਣੀ ਨਿਰਾਸ਼ਾ ਵੱਖ ਕਰਨ ਦੀ ਉਸ ਨੇ ਕੋਸ਼ਿਸ਼ ਕੀਤੀ ਹੈ। ਪਾਦਰੀ ਫਾਦਰ ਬ੍ਰੈਂਡਨ ਮੈਸਨ ਬੋਸਟਨ ’ਚ ਇਕ ਧਾਰਮਿਕ ਅਧਿਆਪਕ ਸਨ, ਜਦੋਂ 2002 ’ਚ ਘਪਲਾ ਸਾਹਮਣੇ ਆਇਆ ਤੇ ਹੁਣ ਉਹ ਕੈਲੀਫੋਰਨੀਆ ਦੇ ਡਾਨਾ ਪੁਆਇੰਟ ਵਿਚ ਸੇਂਟ ਐਡਵਰਡ ਦਿ ਕਨਫੈਸਰ ਇਕੱਠ ਦੀ ਅਗਵਾਈ ਕਰਦੇ ਹਨ। 
ਉਨ੍ਹਾਂ ਕਿਹਾ ਸੀ ਕਿ ‘ਇਹ ਵਰ੍ਹਾ ਵੱਖਰਾ ਹੈ।’ ਕੁਝ ਲੋਕ ਅੱਗੇ ਵਧਦੇ ਰਹਿਣਾ ਚਾਹੁੰਦੇ ਹਨ, ਹਮੇਸ਼ਾ ਵਾਂਗ ਅਤੇ ਅਜਿਹਾ ਨਹੀਂ ਹੈ ਕਿ ਸਾਰੇ ਕੈਥੋਲਿਕਸ ਨੂੰ ਧਰਮ ’ਚ ਭਰੋਸੇ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਕੈਲੀਫੋਰਨੀਆ ਦੇ ਆਰਟੇਸੀਆ, ਜਿਥੇ ਇਕ ਬਿਸ਼ਪ ਨੇ ਅਜਿਹੇ ਮਾਮਲੇ ਦੀ ਗੱਲ ਕੀਤੀ, ਵਿਚ 46 ਸਾਲਾ ਗ੍ਰੇਸ ਰੂਈਜ਼ ਨੇ ਦੱਸਿਆ ਕਿ ਔਸਤਨ ਜਾਂ ਦਰਮਿਆਨੇ ਪੱਧਰ  ਦੇ ਕੈਥੋਲਿਕਸ ਹੀ ਚਰਚ ਤੋਂ ਕਿਨਾਰਾ ਕਰ ਰਹੇ ਹਨ ਪਰ ਗਿਰਜਾਘਰਾਂ ’ਚ ਬਹੁਤ ਸਾਰੀਅਾਂ ਪ੍ਰਤੀਕਿਰਿਆਵਾਂ ਸ਼ਰਧਾਲੂਅਾਂ ਦੇ ਗੁੱਸੇ ਨਾਲ ਸਾਹਮਣੇ ਆਈਅਾਂ ਕਿ ਉਨ੍ਹਾਂ ਨੇ ਸੈਕਸ ਸ਼ੋਸ਼ਣ ਬਾਰੇ ਕੀ ਸਿੱਖਿਆ ਹੈ ਅਤੇ ਉਨ੍ਹਾਂ ਦੇ ਨੇਤਾਵਾਂ ਨੇ ਇਸ ’ਤੇ ਕਿਹੋ ਜਿਹੀ ਪ੍ਰਤੀਕਿਰਿਆ ਦਿੱਤੀ ਹੈ। 
ਪੈਨੇਸਿਲਵੇਨੀਆ ਰਿਪੋਰਟ ਜਾਰੀ ਹੋਣ ਤੋਂ ਬਾਅਦ ਪਹਿਲੇ ਐਤਵਾਰ ਨੂੰ ਇਕ ਹੋਰ ਲਾਈਫਟਾਈਮ ਕੈਥੋਲਿਕ ਮੈਰੀ ਬ੍ਰੈਡਫੋਰਡ, ਜਿਸ ਦੇ ਪਤੀ ਨੂੰ ਉਸ ਦੇ ਵਿਆਹ ਤੋਂ ਪਹਿਲਾਂ ਕੈਥੋਲਿਸਿਜ਼ਮ ’ਚ ‘ਕਨਵਰਟ’ ਕੀਤਾ ਗਿਆ ਸੀ, ਗੁੱਸੇ ’ਚ ਐਨਾਪੋਲਿਸ਼ ਚਰਚ ’ਚੋਂ ਇਸ ਲਈ ਬਾਹਰ ਆ ਗਈ ਸੀ ਕਿਉਂਕਿ ਪਾਦਰੀ ਨੇ ਸੈਕਸ ਸ਼ੋਸ਼ਣ ਦੇ ਪੀੜਤਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਪਾਦਰੀ ਹਲਕੇ ਦੇ ਲੋਕਾਂ ਨੂੰ ਚਰਚ ਲਈ ਪ੍ਰਾਰਥਨਾ ਕਰਨ ਵਾਸਤੇ ਕਿਹਾ ਸੀ। 
ਉਨ੍ਹਾਂ ਦਾ ਪਰਿਵਾਰ ਅਜੇ ਵੀ ਚਰਚ ਦੇ ਪ੍ਰੋਗਰਾਮਾਂ ’ਚ ਸ਼ਾਮਿਲ ਹੋ ਰਿਹਾ ਹੈ ਪਰ 38 ਸਾਲਾ ਬ੍ਰੈਡਫੋਰਡ ਨੇ ਹੁਣੇ ਜਿਹੇ ਆਪਣੇ ਪਤੀ ਨੂੰ ਕਿਸੇ ਹੋਰ ਗਿਰਜਾਘਰ ’ਚ ਜਾਣ ਦਾ ਸੁਝਾਅ ਦਿੱਤਾ ਹੈ।
 ਉਸ ਨੇ ਕਿਹਾ ਕਿ ਜੋ ਸੰਦੇਸ਼ ਉਹ ਹੁਣ ਵੀ ਪ੍ਰਾਪਤ ਕਰ ਰਹੀ ਹੈ, ਉਹ ਇਹ ਹੈ ਕਿ ਅਸੀਂ ਇਹ ਕਿਵੇਂ ਯਕੀਨੀ ਬਣਾਈਏ ਕਿ ਹਰ ਕੋਈ ਚਰਚ ’ਚ ਰੁਕਿਆ ਰਹੇ। ਉਸ ਦੀ ਰਾਏ ਮੁਤਾਬਿਕ ਚਰਚ ਨੂੰ ਇਕ ਵਾਰ ਫਿਰ ਤੋਂ ਸ਼ੁਰੂਆਤ ਕਰਨ ਦੀ ਲੋੜ ਹੈ।        
                                 


Related News