ਸਰਦਾਰ ਪਟੇਲ ਦੀ ''ਕਾਰਜਸ਼ੈਲੀ'' ਦੀ ਅੱਜ ਵੀ ਲੋੜ

11/02/2019 12:55:50 AM

ਆਜ਼ਾਦੀ ਤੋਂ ਬਾਅਦ ਜੇ ਦੇਸ਼ 550 ਤੋਂ ਵੱਧ ਰਿਆਸਤਾਂ ਵਿਚ ਵੰਡਿਆ ਹੋਇਆ ਰਹਿ ਜਾਂਦਾ ਅਤੇ ਉਨ੍ਹਾਂ ਦੇ ਰਾਜੇ, ਮਹਾਰਾਜੇ ਅਤੇ ਨਵਾਬ ਆਜ਼ਾਦ ਭਾਰਤ ਦੇ ਸ਼ਾਸਕ ਬਣ ਜਾਂਦੇ ਤਾਂ ਕੀ ਹੁੰਦਾ, ਇਹ ਸੋਚ ਕੇ ਹੀ ਡਰ ਲੱਗਦਾ ਹੈ। ਅੰਗਰੇਜ਼ਾਂ ਨੇ 1857 ਦੀ ਬਗਾਵਤ ਤੋਂ ਸਬਕ ਲੈਂਦੇ ਹੋਏ ਇਨ੍ਹਾਂ ਸਾਰਿਆਂ ਨੂੰ ਖੁਸ਼ ਰੱਖਣ ਵਿਚ ਹੀ ਆਪਣੀ ਭਲਾਈ ਸਮਝੀ। ਉਨ੍ਹਾਂ ਦੇ ਸ਼ੌਕ, ਮੌਜ-ਮਸਤੀ ਨੂੰ ਹਵਾ ਦੇਣ ਅਤੇ ਬੇਲਗਾਮ ਹੋਣ ਤਕ ਨੂੰ ਆਪਣੀ ਸਰਪ੍ਰਸਤੀ ਵਿਚ ਲਿਆ, ਜ਼ੁਲਮ ਅਤੇ ਅੱਤਿਆਚਾਰ ਤੋਂ ਲੈ ਕੇ ਉਨ੍ਹਾਂ ਦੀ ਸਨਕ ਅਤੇ ਅਜੀਬ ਹਰਕਤਾਂ ਨੂੰ ਉਤਸ਼ਾਹਿਤ ਕੀਤਾ ਅਤੇ ਇਸ ਤਰ੍ਹਾਂ ਜਿਹੜੇ ਰਾਜ ਆਪਣੀ ਇਨਸਾਫਪਸੰਦੀ ਲਈ ਜਾਣੇ ਜਾਂਦੇ ਸਨ, ਉਹ ਵੀ ਪਰਜਾ ਨੂੰ ਲੁੱਟਣ ਲੱਗ ਪਏ। ਜੇ ਕਿਤੇ ਸਰਦਾਰ ਪਟੇਲ ਇਸ ਕੰਮ ਨੂੰ ਆਪਣੇ ਹੱਥ ਵਿਚ ਨਾ ਲੈਂਦੇ ਅਤੇ ਇਨ੍ਹਾਂ ਸਾਰਿਆਂ ਨੂੰ ਲੱਗਭਗ ਹਿੱਕਣ ਤਕ ਦੀ ਨੀਤੀ ਨਾ ਅਪਣਾਉਂਦੇ ਤਾਂ ਅੱਜ ਅਸੀਂ ਜਿਸ ਲੋਕਤੰਤਰਿਕ ਢਾਂਚੇ ਵਿਚ ਰਹਿ ਕੇ ਖੁੱਲ੍ਹ ਕੇ ਸਾਹ ਲੈ ਰਹੇ ਹਾਂ, ਦੁਨੀਆ ਵਿਚ ਨਾਂ ਕਮਾ ਰਹੇ ਹਾਂ, ਉਹ ਬਿਲਕੁਲ ਨਾ ਹੁੰਦਾ।

ਐਸ਼ਪ੍ਰਸਤੀ 'ਚ ਡੁੱਬੇ ਸ਼ਾਸਕ
ਇਤਿਹਾਸਕਾਰਾਂ ਅਤੇ ਸਾਡੇ ਨੇਤਾਵਾਂ ਦੀਆਂ ਜੀਵਨੀਆਂ ਲਿਖਣ ਵਾਲੇ ਲੇਖਕਾਂ ਨੇ ਉਸ ਸਮੇਂ ਦਾ ਜੋ ਵਰਣਨ ਕੀਤਾ ਹੈ, ਉਸ ਨੂੰ ਪੜ੍ਹ ਕੇ ਯਕੀਨ ਨਹੀਂ ਹੁੰਦਾ ਕਿ ਅਸੀਂ ਕਿਸ ਹਾਲਤ ਵਿਚ ਸੀ। ਅੰਗਰੇਜ਼ਾਂ ਨੇ ਇਨ੍ਹਾਂ ਸ਼ਾਸਕਾਂ ਲਈ ਸਾਰੇ ਰਸਤੇ ਬੰਦ ਕੀਤੇ ਹੋਏ ਸਨ ਅਤੇ ਉਹ ਆਪਣਾ ਸਮਾਂ ਪੋਲੋ ਖੇਡ ਕੇ ਜਾਂ ਸ਼ਿਕਾਰ ਕਰਦਿਆਂ ਬਿਤਾਉਂਦੇ ਸਨ। ਉਹ ਅੰਗਰੇਜ਼ਾਂ ਦੀ ਚਾਪਲੂਸੀ ਕਰਨ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਸਨ। ਇਕ ਉਦਾਹਰਣ ਹੈ, ਜਦ ਪ੍ਰਿੰਸ ਆਫ ਵੇਲਜ਼, ਬਾਅਦ ਵਿਚ 7ਵੇਂ ਐਡਵਰਡ ਭਾਰਤ ਆਏ ਤਾਂ ਇਕ ਮਹਾਰਾਜਾ ਨੇ ਹੁਕਮ ਦਿੱਤਾ ਕਿ ਉਨ੍ਹਾਂ ਦੀ ਚਾਹ ਲਈ ਜਿਹੜਾ ਪਾਣੀ ਉਬਾਲਿਆ ਜਾਵੇ, ਉਸ ਲਈ ਬੈਂਕ ਨੋਟ ਸਾੜੇ ਜਾਣ। ਸਮਝ ਸਕਦੇ ਹਾਂ ਕਿ ਉਨ੍ਹਾਂ ਕੋਲ ਕਿੰਨਾ ਪੈਸਾ ਹੋਵੇਗਾ ਅਤੇ ਫਿਰ ਨਾਚ-ਗਾਣੇ, ਮਹਿਫਿਲ ਸਜਾਉਣ ਅਤੇ ਅੰਗਰੇਜ਼ਾਂ ਨੂੰ ਸ਼ਿਕਾਰ 'ਤੇ ਲਿਜਾਣ ਤੋਂ ਲੈ ਕੇ ਉਨ੍ਹਾਂ ਦੇ ਮਨੋਰੰਜਨ ਲਈ ਹਰ ਤਰ੍ਹਾਂ ਦਾ ਪ੍ਰਬੰਧ ਕਰਨ 'ਤੇ ਕਿੰਨਾ ਵੀ ਖਰਚਾ ਕਰਨਾ ਪਵੇ, ਕੋਈ ਕਸਰ ਨਹੀਂ ਛੱਡੀ ਜਾਂਦੀ ਸੀ।
ਇਸ ਤਰ੍ਹਾਂ ਦੇ ਅਜੀਬ ਹਾਲਾਤ ਸਨ ਕਿ ਸੁਆਰਥ, ਅੱਯਾਸ਼ੀ ਦਾ ਬੋਲਬਾਲਾ ਸੀ ਅਤੇ ਪਰਜਾ ਦੀ ਪਾਲਣਾ ਕਰਨੀ ਅਤੇ ਉਨ੍ਹਾਂ ਦੇ ਸੁੱਖ-ਦੁੱਖ ਦਾ ਧਿਆਨ ਰੱਖਣਾ ਤਾਂ ਦੂਰ ਦੀ ਗੱਲ ਸੀ, ਜੋ ਅੰਗਰੇਜ਼ਾਂ ਲਈ ਭਾਰਤ 'ਤੇ ਰਾਜ ਕਰਦੇ ਰਹਿਣ ਲਈ ਬਹੁਤ ਸਹੀ ਸੀ। ਹਾਲਾਂਕਿ ਕੁਝ ਰਿਆਸਤਾਂ, ਜਿਵੇਂ ਕਿ ਮੈਸੂਰ, ਬੜੌਦਾ, ਤ੍ਰਾਵਣਕੋਰ, ਕੋਚੀਨ, ਜਿਥੇ ਸਿੱਖਿਆ ਦਾ ਪ੍ਰਸਾਰ ਵੀ ਸੀ ਅਤੇ ਚੁਣੀਆਂ ਹੋਈਆਂ ਵਿਧਾਨ ਸਭਾਵਾਂ ਵੀ ਸਨ, ਜਨਤਾ ਦਾ ਧਿਆਨ ਰੱਖਿਆ ਜਾਂਦਾ ਸੀ। ਉਨ੍ਹਾਂ ਨੂੰ ਛੱਡ ਕੇ ਬਾਕੀ ਹਰ ਜਗ੍ਹਾ ਹਿਟਲਰਸ਼ਾਹੀ ਅਤੇ ਪੱਛੜੇਪਣ ਦਾ ਰਾਜ ਸੀ। ਜ਼ਿਆਦਾਤਰ ਰਿਆਸਤਾਂ ਦੀ ਆਪਣੀ ਫੌਜ ਨਹੀਂ ਸੀ, ਪੁਲਸ ਰੱਖ ਸਕਦੇ ਸਨ ਅਤੇ ਉਹ ਵੀ ਕਿਸੇ ਸਥਿਤੀ ਲਈ ਅੰਗਰੇਜ਼ ਸਰਕਾਰ ਦੇ ਮੋਹਤਾਜ ਸਨ।
ਭਾਰਤ ਅਤੇ ਪਾਕਿਸਤਾਨ ਦਾ ਬਟਵਾਰਾ ਤੈਅ ਹੋ ਚੁੱਕਾ ਸੀ ਅਤੇ ਅੰਗਰੇਜ਼ਾਂ ਦੀ ਚਾਲ ਅਨੁਸਾਰ ਕੋਈ ਵੀ ਰਿਆਸਤ ਦੋਹਾਂ 'ਚੋਂ ਕਿਸੇ ਇਕ ਨਾਲ ਜਾਣ ਜਾਂ ਆਜ਼ਾਦ ਰਹਿਣ ਦਾ ਐਲਾਨ ਕਰ ਸਕਦੀ ਸੀ। ਇਨ੍ਹਾਂ ਨੂੰ ਜਿੰਨੀ ਫਿਕਰ ਆਪਣੇ ਰੁਤਬੇ, ਐਸ਼ਪ੍ਰਸਤੀ ਅਤੇ ਤੋਪਾਂ ਦੀ ਸਲਾਮੀ ਮਿਲਣ ਦੀ ਸੀ, ਉਸ ਤੋਂ ਕਿਤੇ ਜ਼ਿਆਦਾ ਆਜ਼ਾਦ ਭਾਰਤ ਵਿਚ ਆਪਣੀ ਹਕੂਮਤ ਅਤੇ ਦਬਦਬੇ ਨੂੰ ਬਣਾਈ ਰੱਖਣ ਦੀ ਸੀ। ਸਰ ਕੋਰਫੀਲਡ ਵਰਗੇ ਅੰਗਰੇਜ਼ ਇਨ੍ਹਾਂ ਰਿਆਸਤਾਂ ਦੇ ਸ਼ਾਸਕਾਂ ਨੂੰ ਭੜਕਾਉਣ 'ਚ ਲੱਗੇ ਹੋਏ ਸਨ ਕਿ ਉਹ ਆਜ਼ਾਦ ਭਾਰਤ ਵਿਚ ਆਪਣੀ ਹਿੱਸੇਦਾਰੀ ਦੀ ਵੱਧ ਤੋਂ ਵੱਧ ਮੰਗ ਕਰਨ ਅਤੇ ਲਗਾਤਾਰ ਧਮਕੀ ਦਿੰਦੇ ਰਹਿਣ ਕਿ ਉਨ੍ਹਾਂ ਦੀਆਂ ਨਾਜਾਇਜ਼ ਮੰਗਾਂ ਨਾ ਮੰਨਣ ਦਾ ਨਤੀਜਾ ਕਿੰਨਾ ਖਤਰਨਾਕ ਹੋ ਸਕਦਾ ਹੈ।

ਕਿਸ-ਕਿਸ ਤਰ੍ਹਾਂ ਦੇ ਹੁਕਮਰਾਨ
ਇਨ੍ਹਾਂ ਮੁਸ਼ਕਿਲ ਹਾਲਾਤ ਵਿਚ ਸਰਦਾਰ ਪਟੇਲ ਸਾਹਮਣੇ ਜ਼ਬਰਦਸਤ ਚੁਣੌਤੀ ਸੀ ਕਿ ਦੇਸ਼ ਨੂੰ ਟੁਕੜੇ-ਟੁਕੜੇ ਹੋਣ ਤੋਂ ਕਿਵੇਂ ਰੋਕਿਆ ਜਾਵੇ ਅਤੇ ਇਸ ਦੇ ਨਾਲ ਹੀ ਜਿੱਨਾਹ ਦੀ ਚਾਲ ਨੂੰ ਕਿਵੇਂ ਨਾਕਾਮ ਕੀਤਾ ਜਾਵੇ, ਜੋ ਰਿਆਸਤਾਂ ਨੂੰ ਪਾਕਿਸਤਾਨ ਨਾਲ ਰਲੇਵੇਂ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਸੀ। ਤ੍ਰਾਸਦੀ ਇਹ ਹੈ ਕਿ ਸਿਰਫ 40 ਦਿਨਾਂ ਵਿਚ 15 ਅਗਸਤ ਤੋਂ ਪਹਿਲਾਂ ਸਭ ਕੁਝ ਕੀਤਾ ਜਾਣਾ ਸੀ। ਬੀਕਾਨੇਰ, ਪਟਿਆਲਾ, ਗਵਾਲੀਅਰ ਅਤੇ ਬੜੌਦਾ ਵਰਗੀਆਂ ਕੁਝ ਮਹੱਤਵਪੂਰਨ ਰਿਆਸਤਾਂ ਨੇ ਭਾਰਤ ਵਿਚ ਰਲੇਵੇਂ ਦੀ ਸਹਿਮਤੀ ਦੇ ਦਿੱਤੀ ਸੀ ਪਰ ਹੈਦਰਾਬਾਦ ਦੇ ਨਿਜ਼ਾਮ ਅਤੇ ਕਸ਼ਮੀਰ ਦੇ ਮਹਾਰਾਜਾ ਵਰਗੇ ਲੋਕ ਆਪਣੀ ਖਿਚੜੀ ਵੱਖਰੀ ਪਕਾਉਣ ਦਾ ਸੁਪਨਾ ਦੇਖ ਰਹੇ ਸਨ।
ਜੋਧਪੁਰ ਦੇ ਮਹਾਰਾਜਾ ਨੂੰ ਤਾਂ ਜਿੱਨਾਹ ਨੇ ਖਾਲੀ ਕਾਗਜ਼ 'ਤੇ ਦਸਤਖਤ ਕਰ ਕੇ ਵੀ ਦੇ ਦਿੱਤਾ ਸੀ ਕਿ ਉਹ ਰਲੇਵੇਂ ਦੀ ਜੋ ਵੀ ਸ਼ਰਤ ਚਾਹੁਣ, ਇਸ 'ਤੇ ਲਿਖ ਲੈਣ। ਉਨ੍ਹਾਂ ਨਾਲ ਜੈਸਲਮੇਰ ਦੇ ਮਹਾਰਾਜ ਕੁਮਾਰ ਸਨ, ਜਿਨ੍ਹਾਂ ਨੂੰ ਦਾਲ ਵਿਚ ਕੁਝ ਕਾਲਾ ਲੱਗਾ ਅਤੇ ਉਨ੍ਹਾਂ ਮਹਾਰਾਜਾ ਨੂੰ ਸਮਝਾਇਆ ਕਿ ਜਿੱਨਾਹ ਦੇ ਜਾਲ ਵਿਚ ਫਸਣ ਤੋਂ ਬਾਅਦ ਜਾਲ਼ੇ ਵਿਚ ਫਸੀ ਮੱਕੜੀ ਵਰਗੀ ਉਨ੍ਹਾਂ ਦੀ ਹਾਲਤ ਹੋ ਜਾਵੇਗੀ। ਹੁਣ ਇਸ ਕੋਰੇ ਕਾਗਜ਼ 'ਤੇ ਜਿੱਨਾਹ ਦੇ ਦਸਤਖਤ ਦੇ ਦਮ 'ਤੇ ਭਾਰਤ ਨਾਲ ਰਲੇਵਾਂ ਕਰਨ ਲਈ ਆਪਣੀਆਂ ਮੰਗਾਂ ਮੰਨਵਾਉਣ ਦੀ ਕੋਸ਼ਿਸ਼ ਹੋਈ, ਜੋ ਪਟੇਲ ਦੇ ਸਹਿਯੋਗੀ ਵੀ. ਪੀ. ਮੈਨਨ ਦੀ ਸੂਝਬੂਝ ਨਾਲ ਸਫਲ ਨਹੀਂ ਹੋ ਸਕੀ।
ਇਸੇ ਤਰ੍ਹਾਂ ਭੋਪਾਲ ਦੇ ਨਵਾਬ ਅਤੇ ਇੰਦੌਰ ਦੇ ਮਹਾਰਾਜਾ ਨੇ ਆਪਣੀ ਆਕੜ ਦਿਖਾਈ। ਨਵਾਬ ਨੇ ਹਸਤਾਖਰ ਕਰ ਦਿੱਤੇ ਪਰ 15 ਅਗਸਤ ਤੋਂ ਪਹਿਲਾਂ ਐਲਾਨ ਨਾ ਕਰਨ ਲਈ ਕਿਹਾ। ਇੰਦੌਰ ਦੇ ਮਹਾਰਾਜਾ ਨੇ ਦਸਤਖਤ ਨਾ ਕਰਨ ਦਾ ਮਨ ਬਣਾਇਆ ਅਤੇ ਟਰੇਨ ਰਾਹੀਂ ਦਿੱਲੀ ਪਹੁੰਚੇ ਅਤੇ ਆਪਣੇ ਡੱਬੇ ਨੂੰ ਸਾਈਡ 'ਤੇ ਖੜ੍ਹਾ ਕਰ ਕੇ ਸਰਦਾਰ ਪਟੇਲ ਨੂੰ ਉਥੇ ਆ ਕੇ ਮਿਲਣ ਦਾ ਸੰਦੇਸ਼ ਭਿਜਵਾਇਆ। ਪਟੇਲ ਨੇ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਮਿਲਣ ਲਈ ਭੇਜ ਦਿੱਤਾ, ਜਿਸ ਨੂੰ ਦੇਖ ਕੇ ਮਹਾਰਾਜਾ ਆਪਣੀ ਚਾਲ ਭੁੱਲ ਗਿਆ ਅਤੇ ਉਨ੍ਹਾਂ ਨੂੰ ਆਪਣੀ ਔਕਾਤ ਸਮਝ 'ਚ ਆ ਗਈ। ਉਹ ਉਨ੍ਹਾਂ ਦੇ ਨਾਲ ਸਰਦਾਰ ਪਟੇਲ ਨੂੰ ਮਿਲਣ ਗਏ ਅਤੇ ਉਨ੍ਹਾਂ ਨੂੰ ਕਿਹਾ ਕਿ ਕਿਉਂਕਿ ਭੋਪਾਲ ਦੇ ਨਵਾਬ ਨੇ ਦਸਤਖਤ ਨਹੀਂ ਕੀਤੇ ਹਨ, ਇਸ ਲਈ ਉਹ ਵੀ ਨਹੀਂ ਕਰਨਗੇ। ਜਦ ਨਵਾਬ ਦੇ ਦਸਤਖਤ ਦਿਖਾਏ ਗਏ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ ਕਿਉਂਕਿ ਦੋਵਾਂ ਨੇ ਰਲੇਵਾਂ ਨਾ ਕਰਨ ਦਾ ਤੈਅ ਕੀਤਾ ਹੋਇਆ ਸੀ। ਉਨ੍ਹਾਂ ਨੇ ਦਸਤਾਵੇਜ਼ ਦੇਖ ਕੇ ਚੁੱਪਚਾਪ ਦਸਤਖਤ ਕਰ ਦਿੱਤੇ ਅਤੇ ਮੁੜ ਗਏ।
ਜੂਨਾਗੜ੍ਹ ਦੇ ਨਵਾਬ ਨੂੰ, ਜਿੱਨਾਹ ਨੇ ਪਾਕਿਸਤਾਨ ਨਾਲ ਰਲੇਵਾਂ ਕਰਨ ਲਈ ਉਤਸ਼ਾਹਿਤ ਕੀਤਾ, ਜਦਕਿ ਭੂਗੋਲਿਕ ਨਜ਼ਰੀਏ ਤੋਂ ਇਹ ਸੰਭਵ ਨਹੀਂ ਸੀ। ਜਿਥੇ ਸਰਦਾਰ ਪਟੇਲ ਨੇ ਕੁਝ ਛੋਟੀਆਂ ਮੁਸਲਿਮ ਬਹੁਲ ਰਿਆਸਤਾਂ ਨੂੰ ਪਾਕਿਸਤਾਨ ਨਾਲ ਰਲੇਵਾਂ ਕਰਨ ਦੀ ਸਲਾਹ ਦੇ ਕੇ ਈਮਾਨਦਾਰੀ ਦਿਖਾਈ, ਉਥੇ ਜਿੱਨਾਹ ਨੇ ਭਾਰਤ ਨੂੰ ਤੋੜਨ ਦੀ ਕੋਈ ਕੋਸ਼ਿਸ਼ ਨਹੀਂ ਛੱਡੀ। ਜੂਨਾਗੜ੍ਹ ਇਸ ਦੀ ਉਦਾਹਰਣ ਹੈ। ਉਸ ਦੇ ਨਵਾਬ ਨੂੰ ਕੁੱਤਿਆਂ ਨਾਲ ਜ਼ਬਰਦਸਤ ਲਗਾਅ ਸੀ। ਇਥੋਂ ਤਕ ਕਿ ਉਹ ਕੁੱਤੇ ਅਤੇ ਕੁੱਤੀਆਂ ਦੇ ਵਿਆਹ ਬੜੀ ਧੂਮਧਾਮ ਨਾਲ ਕਰਨ ਲਈ ਮਸ਼ਹੂਰ ਸੀ। ਪਰਜਾ ਭਾਵੇਂ ਭੁੱਖੀ ਰਹੇ ਪਰ ਕੁੱਤਿਆਂ ਨੂੰ ਸੁਗੰਧਿਤ ਪਾਣੀ ਨਾਲ ਨਹਾਇਆ ਜਾਂਦਾ ਸੀ ਅਤੇ ਵਿਦੇਸ਼ਾਂ ਤੋਂ ਉਨ੍ਹਾਂ ਦਾ ਭੋਜਨ ਮੰਗਵਾਇਆ ਜਾਂਦਾ ਸੀ।
ਉਸ ਨੇ ਆਪਣੇ ਪ੍ਰਧਾਨ ਮੰਤਰੀ ਨਵਾਜ਼ ਭੁੱਟੋ ਨੂੰ ਰਾਜ ਦੀ ਲਗਾਮ ਵੀ ਸੌਂਪ ਰੱਖੀ ਸੀ, ਜਿਸ ਨੇ ਜੂਨਾਗੜ੍ਹ ਦੇ ਪਾਕਿਸਤਾਨ ਨਾਲ ਰਲੇਵੇਂ ਦਾ ਐਲਾਨ ਕਰ ਦਿੱਤਾ, ਜਿਸ ਨੇ ਰਿਆਸਤ ਵਿਚ ਖਲਬਲੀ ਮਚਾ ਦਿੱਤੀ ਕਿਉਂਕਿ 80 ਫੀਸਦੀ ਆਬਾਦੀ ਗੈਰ-ਮੁਸਲਿਮ ਸੀ ਅਤੇ ਪਾਕਿਸਤਾਨ ਤੋਂ 300 ਮੀਲ ਦੀ ਦੂਰੀ ਨੂੰ ਸਿਰਫ ਸਮੁੰਦਰ ਦੇ ਰਸਤੇ ਤਹਿ ਕੀਤਾ ਜਾ ਸਕਦਾ ਸੀ। ਇਹ ਯਕੀਨੀ ਤੌਰ 'ਤੇ ਜਿੱਨਾਹ ਦਾ ਕੁਚੱਕਰ ਸੀ, ਜਿਸ ਨੂੰ ਤੋੜਨ ਵਿਚ ਸਰਦਾਰ ਪਟੇਲ ਸਫਲ ਹੋਏ ਅਤੇ ਜਨਤਾ ਦੇ ਭਾਰੀ ਵਿਰੋਧ ਕਾਰਣ ਨਵਾਬ ਆਪਣੇ ਕੁੱਤਿਆਂ ਦੀ ਫੌਜ, ਸਾਢੇ 7 ਲੱਖ ਪੌਂਡ ਤੋਂ ਵੀ ਵੱਧ ਰਕਮ ਲੈ ਕੇ ਪਾਕਿਸਤਾਨ ਭੱਜ ਗਿਆ ਅਤੇ ਉਸ ਦਾ ਪ੍ਰਧਾਨ ਮੰਤਰੀ ਵੀ ਜਿੱਨਾਹ ਵਲੋਂ ਕੋਈ ਮਦਦ ਨਾ ਕਰਨ ਕਾਰਣ ਭਾਰਤ ਨੂੰ ਪ੍ਰਸ਼ਾਸਨ ਸੌਂਪ ਕੇ ਚਲਾ ਗਿਆ।
ਇਸੇ ਤਰ੍ਹਾਂ 15 ਅਗਸਤ ਤਕ ਹੈਦਰਾਬਾਦ ਅਤੇ ਕਸ਼ਮੀਰ ਨੂੰ ਛੱਡ ਕੇ ਭਾਰਤ ਵਿਚ ਸਾਰੀਆਂ ਰਿਆਸਤਾਂ ਦਾ ਰਲੇਵਾਂ ਹੋ ਗਿਆ। ਜਿਥੋਂ ਤਕ ਕਸ਼ਮੀਰ ਦੀ ਜ਼ਿੰਮੇਵਾਰੀ ਸਰਦਾਰ ਪਟੇਲ ਦੀ ਸੀ ਪਰ ਪੰ. ਨਹਿਰੂ ਨੇ ਆਪਣੇ ਭਾਵਨਾਤਮਕ ਸਬੰਧਾਂ ਦੀ ਦੁਹਾਈ ਦੇ ਕੇ ਇਸ ਨੂੰ ਆਪਣੇ ਹੱਥ ਵਿਚ ਲੈ ਲਿਆ। ਨਹਿਰੂ ਨੂੰ ਸ਼ੇਖ ਅਬਦੁੱਲਾ ਦੀ ਦੋਸਤੀ 'ਤੇ ਭਰੋਸਾ ਸੀ, ਜਦਕਿ ਸਰਦਾਰ ਪਟੇਲ ਨੂੰ ਅਬਦੁੱਲਾ 'ਤੇ ਬਿਲਕੁਲ ਭਰੋਸਾ ਨਹੀਂ ਸੀ। ਹਕੂਮਤ ਦੋਸਤੀ 'ਤੇ ਨਹੀਂ ਚਲਾਈ ਜਾ ਸਕਦੀ ਅਤੇ ਇਸੇ ਭੁੱਲ ਦੀ ਵੱਡੀ ਕੀਮਤ ਹੁਣ ਤਕ ਚੁਕਾਉਣ ਲਈ ਦੇਸ਼ ਮਜਬੂਰ ਸੀ।
ਹੈਦਰਾਬਾਦ ਦੇ ਨਿਜ਼ਾਮ ਨੂੰ ਸਹੀ ਰਾਹ 'ਤੇ ਲਿਆਉਣ ਲਈ ਸਰਦਾਰ ਪਟੇਲ ਨੇ ਨਹਿਰੂ ਨੂੰ ਦੂਰ ਰੱਖਦੇ ਹੋਏ ਉਹ ਸਾਰੇ ਕਦਮ ਚੁੱਕੇ, ਜੋ ਇਕ ਘੁਮੰਡੀ, ਕੰਜੂਸ, ਬੇਪਨਾਹ ਦੌਲਤ ਦੇ ਦਮ 'ਤੇ ਦੁਨੀਆ ਨੂੰ ਆਪਣੇ ਕਦਮਾਂ 'ਚ ਝੁਕਾ ਸਕਣ ਦਾ ਸੁਪਨਾ ਰੱਖਣ ਵਾਲੇ ਬੇਵਕੂਫ ਇਨਸਾਨ ਦੀ ਅਕਲ ਟਿਕਾਣੇ ਲਿਆਉਣ ਲਈ ਚੁੱਕੇ ਜਾ ਸਕਦੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਨਿਜ਼ਾਮ ਨੂੰ ਭਾਰਤ ਨਾਲ ਰਲੇਵਾਂ ਕਰਨ ਲਈ ਹਾਮੀ ਭਰਨੀ ਪਈ, ਬਾਵਜੂਦ ਇਸ ਦੇ ਕਿ ਉਸ ਨੇ ਇਸ ਮਾਮਲੇ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਤੇ ਯੂਨਾਈਟਿਡ ਨੇਸ਼ਨ 'ਚ ਸੁਰੱਖਿਆ ਪ੍ਰੀਸ਼ਦ ਤਕ ਲਿਜਾਣ ਦੀ ਪੂਰੀ ਕੋਸ਼ਿਸ਼ ਕੀਤੀ ਤਾਂ ਕਿ ਇਹ ਮੁੱਦਾ ਕੌਮਾਂਤਰੀ ਹੋ ਜਾਵੇ।
ਸਰਦਾਰ ਪਟੇਲ ਨੇ ਆਪਣੇ ਦਿਲ ਦੀ ਗੰਭੀਰ ਬੀਮਾਰੀ ਦੀ ਹਾਲਤ ਵਿਚ ਵੀ ਸਾਰੀਆਂ ਰਿਆਸਤਾਂ ਨੂੰ ਇਕ ਝੰਡੇ ਹੇਠਾਂ ਖੜ੍ਹਾ ਕਰਨ ਦੇ ਕੰਮ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਰਾਜਪੂਤਾਨਾ, ਪੰਜਾਬ, ਹਿਮਾਚਲ ਤੋਂ ਲੈ ਕੇ ਸੌਰਾਸ਼ਟਰ ਤਕ ਆਪਣਾ ਝੰਡਾ ਲਹਿਰਾਇਆ। ਇਸੇ ਤਰ੍ਹਾਂ ਓਡਿਸ਼ਾ, ਮੱਧ ਪ੍ਰਦੇਸ਼ ਅਤੇ ਹੋਰ ਸਥਾਨਾਂ 'ਤੇ ਏਕਤਾ ਦੀ ਅਜਿਹੀ ਲਹਿਰ ਬਣਾਈ ਕਿ ਸਭ ਉਸ ਵਿਚ ਸ਼ਾਮਿਲ ਹੁੰਦੇ ਗਏ।
ਅਰਬ ਸਾਗਰ ਤੋਂ ਬੰਗਾਲ ਦੀ ਖਾੜੀ ਤਕ ਅਤੇ ਹਿਮਾਲਿਆ ਤੋਂ ਕੰਨਿਆਕੁਮਾਰੀ ਤਕ 5 ਲੱਖ ਵਰਗ ਮੀਲ ਦੇ ਖੇਤਰ ਨਾਲ ਭਾਰਤ ਦੇਸ਼ ਦੀ ਸੁੰਦਰ ਰਚਨਾ ਦਾ ਸਿਹਰਾ ਸਰਦਾਰ ਪਟੇਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਾਂਦਾ ਹੈ ਅਤੇ ਇਹ ਗੱਲ ਮਹਾਤਮਾ ਗਾਂਧੀ ਨੇ ਵੀ ਮੰਨੀ ਕਿ ਇਹ ਕੰਮ ਸਰਦਾਰ ਪਟੇਲ ਤੋਂ ਸਿਵਾਏ ਕਿਸੇ ਹੋਰ ਦੇ ਕਰਨ ਨਾਲ ਕਦੇ ਨਾ ਹੁੰਦਾ।
ਸਰਦਾਰ ਪਟੇਲ ਨੂੰ ਆਪਣੇ ਆਖਰੀ ਸਾਹ ਤਕ ਇਹ ਗੱਲ ਚੁੱਭਦੀ ਰਹੀ ਕਿ ਭਾਰਤ ਦੀ ਆਜ਼ਾਦੀ ਲਈ ਪਾਕਿਸਤਾਨ ਦੇ ਰੂਪ ਵਿਚ ਬੜੀ ਵੱਡੀ ਕੀਮਤ ਚੁਕਾਉਣੀ ਪਈ, ਹਿੰਸਾ ਦਾ ਤਾਂਡਵ ਦੇਖਣਾ ਪਿਆ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਸ਼ਮੀਰ ਦੀ ਸਮੱਸਿਆ ਨਾ ਸੁਲਝਣ ਕਾਰਣ ਪਾਕਿਸਤਾਨ ਨਾਲ ਹਮੇਸ਼ਾ ਦੀ ਦੁਸ਼ਮਣੀ ਪੈਦਾ ਹੋ ਗਈ।
ਉਹ ਇੰਨੇ ਦੂਰਦਰਸ਼ੀ ਸਨ ਕਿ ਚੀਨ ਦੀ ਅਸਲੀਅਤ ਸਮਝ ਚੁੱਕੇ ਸਨ ਅਤੇ ਇਸ ਬਾਰੇ ਨਹਿਰੂ ਦੀਆਂ ਅੱਖਾਂ ਖੋਲ੍ਹਣ ਲਈ 7 ਨਵੰਬਰ 1950 ਨੂੰ ਉਨ੍ਹਾਂ ਜੋ ਪੱਤਰ ਉਨ੍ਹਾਂ ਨੂੰ ਲਿਖਿਆ ਉਹ ਇਕ ਇਤਿਹਾਸਿਕ ਦਸਤਾਵੇਜ਼ ਤਾਂ ਹੈ ਹੀ, ਨਾਲ ਹੀ ਅੱਜ ਵੀ ਚੀਨ ਦੀ ਨੀਅਤ ਸਮਝਣ ਲਈ ਕਾਫੀ ਹੈ।
ਸਰਦਾਰ ਪਟੇਲ ਇਕ ਆਮ ਪਰਿਵਾਰ ਵਿਚ ਪੈਦਾ ਹੋਏ ਇਕ ਅਜਿਹੇ ਰਾਸ਼ਟਰੀ ਯੋਧਾ ਸਨ, ਜੋ ਹਾਲਾਤਾਂ ਨੂੰ ਆਪਣੇ ਅਨੁਸਾਰ ਕਰਨਾ ਜਾਣਦੇ ਸਨ ਅਤੇ ਨਿਰਭੈਅ ਹੋ ਕੇ ਆਪਣੇ ਟੀਚੇ ਨੂੰ ਹਾਸਿਲ ਕਰਨ ਲਈ ਸਾਰੇ ਅਸਤਰ-ਸ਼ਸਤਰ ਨਾਲ ਲੈ ਕੇ ਚੱਲਣ ਵਾਲੇ ਮਹਾਪੁਰਸ਼ ਸਨ।

                                                                                                —ਪੂਰਨ ਚੰਦ ਸਰੀਨ


KamalJeet Singh

Content Editor

Related News