ਗਾਗਰ ’ਚ ਸਾਗਰ, ਪੀ. ਐੱਸ. ਪੀ. ਸੀ. ਐੱਲ. ਦਾ ਸੂਚਨਾ-ਤਕਨੀਕ ਵਿੰਗ
Thursday, May 25, 2023 - 03:16 PM (IST)
ਅਜੋਕੇ ਯੁੱਗ ਵਿਚ ਕਿਸੇ ਵੀ ਵਿਭਾਗ ਦੇ ਸੂਚਨਾ ਤਕਨਾਲੋਜੀ ਵਿੰਗ ਦਾ ਉਸ ਵਿਭਾਗ ਦੇ ਖਪਤਕਾਰਾਂ ਨੂੰ ਉੱਤਮ ਅਤੇ ਕਿਫਾਇਤੀ ਸੇਵਾਵਾਂ ਪ੍ਰਦਾਨ ਕਰਨ ਵਿਚ ਅਹਿਮ ਯੋਗਦਾਨ ਹੁੰਦਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੂਚਨਾ ਤਕਨਾਲੋਜੀ ਵਿੰਗ ਨੂੰ ਜੇਕਰ ਗਾਗਰ ਵਿਚ ਸਾਗਰ ਕਹਿ ਲਿਆ ਜਾਵੇ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਪੀ. ਐੱਸ. ਪੀ. ਸੀ. ਐੱਲ. ਦਾ ਸੂਚਨਾ ਤਕਨਾਲੋਜੀ ਵਿੰਗ ਪੰਜਾਬ ਦੇ ਬਿਜਲੀ ਖੇਤਰ ਵਿਚ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਇਸ ਵਿੰਗ ਦੇ ਮੁੱਖ ਇੰਜੀਨੀਅਰ ਰਸ਼ਵਿੰਦਰ ਸਿੰਘ ਗਰੇਵਾਲ ਅਨੁਸਾਰ ਪੀ. ਐੱਸ. ਪੀ. ਸੀ. ਐੱਲ. ਪੰਜਾਬ ਦੇ ਬਿਜਲੀ ਖੇਤਰ ਦੀ ਕੁਸ਼ਲਤਾ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਵਿਸ਼ੇਸ਼ ਕਰ ਕੇ ਜਿਨ੍ਹਾਂ ਵਿਚ ਡਿਸਟ੍ਰੀਬਿਊਸ਼ਨ ਨੈੱਟਵਰਕ ਸਥਾਪਤ ਕਰਨਾ, ਡਿਸਟ੍ਰੀਬਿਊਸ਼ਨ ਲੋਡ ਮੈਨੇਜਮੈਂਟ, ਆਟੋਮੈਟਿਕ ਮੀਟਰ ਰੀਡਿੰਗ ਅਤੇ ਬਿਲਿੰਗ ਆਦਿ ਸ਼ਾਮਲ ਹੈ, ਲਈ ਵਿਆਪਕ ਹੱਲ ਪ੍ਰਦਾਨ ਕਰਦਾ ਹੈ। ਇਸ ਵੇਲੇ ਪੀ. ਐੱਸ. ਪੀ. ਸੀ. ਐੱਲ. ਦੇ ਤਕਰੀਬਨ 70 ਫੀਸਦੀ ਖਪਤਕਾਰਾਂ ਦੇ ਬਿਜਲੀ ਬਿੱਲ ਇਸ ਵਿੰਗ ਵੱਲੋਂ ਬਿਨਾਂ ਕਿਸੇ ਪ੍ਰਾਈਵੇਟ ਕੰਪਨੀ ਦੀ ਮਦਦ ਤੋਂ ਆਪਣੀ ਖੁਦ ਦੀ ਟੀਮ ਵੱਲੋਂ ਜਾਰੀ ਕੀਤੇ ਜਾ ਰਹੇ ਹਨ ।
ਪੰਜਾਬ ਸਰਕਾਰ ਵੱਲੋਂ 1 ਜੁਲਾਈ, 2022 ਤੋਂ ਪੰਜਾਬ ਦੇ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਮੁਫਤ ਦਿੱਤੇ ਜਾਣ ਦੀ ਸਹੂਲਤ ਦਿੱਤੀ ਜਾ ਰਹੀ ਹੈ, ਬਿਜਲੀ ਬਿੱਲਾਂ ਵਿਚ ਦਿੱਤੀ ਗਈ ਮੁਫਤ 300 ਯੂਨਿਟ ਪ੍ਰਤੀ ਮਹੀਨਾ ਨਾਲ ਪੀ. ਐੱਸ. ਪੀ. ਸੀ. ਐੱਲ. ਦੇ ਤਕਰੀਬਨ 74 ਲੱਖ ਤੋਂ ਵੱਧ ਘਰੇਲੂ ਖਪਤਕਾਰਾਂ ਨੂੰ ਜ਼ੀਰੋ ਰਕਮ ਦੇ ਬਿਜਲੀ ਬਿੱਲ ਜਾਰੀ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ 31 ਦਸੰਬਰ, 2021 ਤੱਕ ਦੇ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੀ ਬਕਾਇਆ ਰਾਸ਼ੀ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਆਫ ਕੀਤਾ ਗਿਆ, ਇਸ ਸੰਬੰਧੀ ਸੂਚਨਾ ਤਕਨਾਲੋਜੀ ਵਿੰਗ ਵੱਲੋਂ ਬਕਾਇਆ ਰਾਸ਼ੀ ਨੂੰ ਜ਼ੀਰੋ ਕਰਨ ਵਿਚ ਬਣਦੀ ਕਾਰਵਾਈ ਕੀਤੀ ਗਈ।
ਬਿਜਲੀ ਖਪਤਕਾਰਾਂ ਲਈ ਮੋਬਾਇਲ ਐਪ ਵੀ ਮੁਹੱਈਆ ਹੈ, ਜਿਸ ਰਾਹੀਂ ਖਪਤਕਾਰ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ, ਬਿੱਲ ਵੇਖ ਸਕਦੇ ਹਨ ਅਤੇ ਉਨ੍ਹਾਂ ਦਾ ਭੁਗਤਾਨ ਆਨਲਾਈਨ ਕਰ ਸਕਦੇ ਹਨ, ਬਿੱਲ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਬਿਜਲੀ ਖਪਤਕਾਰ ਆਪਣੇ ਇਲਾਕੇ ਵਿਚ ਲੱਗਣ ਵਾਲੇ ਸ਼ੈਡਿਊਲਡ ਬਿਜਲੀ ਕੱਟਾਂ ਬਾਰੇ ਅਗਾਊਂ ਜਾਣਕਾਰੀ ਲੈ ਸਕਦੇ ਹਨ, ਬਿਜਲੀ ਚੋਰੀ ਦੀ ਸੂਚਨਾ ਦੇ ਸਕਦੇ ਹਨ, ਪਾਣੀ ਬਚਾਓ ਪੈਸੇ ਕਮਾਓ ਸਕੀਮ ਲਈ ਅਪਲਾਈ ਕਰ ਸਕਦੇ ਹਨ ਅਤੇ ਘਰਾਂ ਦੀਆਂ ਛੱਤਾਂ ਉੱਪਰ ਸੋਲਰ ਸਿਸਟਮ ਲਗਾਉਣ ਲਈ ਅਪਲਾਈ ਕਰ ਸਕਦੇ ਹਨ।
ਇਸ ਤੋਂ ਇਲਾਵਾ ਬਿਜਲੀ ਖਪਤਕਾਰ ਵ੍ਹਟਸਐਪ ਨੰਬਰ 9646101912 ’ਤੇ ਆਪਣੀ ਬਿਜਲੀ ਸਪਲਾਈ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਬਿਜਲੀ ਖਪਤਕਾਰ 24 ਘੰਟੇ ਸੇਵਾ ਵਿਚ ਟੈਲੀਫੋਨ ਹੈਲਪਲਾਈਨ ਨੰਬਰ 1912 ’ਤੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਖਪਤਕਾਰਾਂ ਨੂੰ ਬਿਜਲੀ ਬਿੱਲਾਂ ਬਾਰੇ ਸੂਚਨਾ ਉਨ੍ਹਾਂ ਦੇ ਮੋਬਾਇਲ ਉੱਪਰ ਐੱਸ. ਐੱਮ. ਐੱਸ. ਰਾਹੀਂ ਅਤੇ ਈ-ਮੇਲ ਰਾਹੀਂ ਸਮੇਂ ਸਿਰ ਭੇਜੀ ਜਾਂਦੀ ਹੈ। ਇਸ ਤੋਂ ਇਲਾਵਾ ਖਪਤਕਾਰ ਪੀ. ਐੱਸ. ਪੀ. ਸੀ. ਐੱਲ. ਦੀ ਵੈੱਬਸਾਈਟ https://pspcl.in ਤੋਂ ਕਈ ਤਰ੍ਹਾਂ ਦੀ ਜਾਣਕਾਰੀ ਅਤੇ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਇੱਥੇ ਇਹ ਵੀ ਦੱਸਣਾ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਖਪਤਕਾਰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਪੀ. ਐੱਸ. ਪੀ. ਸੀ. ਐੱਲ. ਦੀ ਵੈੱਬਸਾਈਟ https://grms.pspcl.in ’ਤੇ ਵੀ ਦਰਜ ਕਰਵਾ ਸਕਦੇ ਹਨ। ਇੰਜੀਨੀਅਰ ਰਸ਼ਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਨਵੀਂ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ. ਡੀ. ਐੱਸ. ਐੱਸ.) ਲਿਆਂਦੀ ਗਈ ਹੈ, ਜੋ ਕਿ ਬਿਜਲੀ ਵੰਡ ਕੰਪਨੀਆਂ ਦੇ ਟੈਕਨੀਕਲ ਅਤੇ ਕਮਰਸ਼ੀਅਲ ਘਾਟਿਆਂ ਨੂੰ ਘਟਾਉਣ ਲਈ ਲਿਆਂਦੀ ਗਈ ਹੈ। ਇਸ ਸਕੀਮ ਤਹਿਤ ਸਮਾਰਟ ਮੀਟਰ ਪਹਿਲਾਂ ਰਾਜ ਸਰਕਾਰ ਦੇ ਦਫਤਰਾਂ, ਸਨਅਤੀ ਖਪਤਕਾਰਾਂ ਆਦਿ ’ਤੇ ਲਗਾਏ ਜਾਣਗੇ ਅਤੇ ਬਾਅਦ ਵਿਚ ਘਰੇਲੂ ਖਪਤਕਾਰਾਂ ਲਈ ਵੀ ਲਗਾਏ ਜਾਣਗੇ। ਇਸ ਸਕੀਮ ਨੂੰ ਸਮੇਂ ਸਿਰ ਲਾਗੂ ਕਰਨ ਲਈ ਸੂਚਨਾ ਤਕਨਾਲੋਜੀ ਵਿੰਗ ਵੱਲੋਂ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ।
ਇਹ ਸਭ ਸਹੂਲਤਾਂ ਦੇਣ ਲਈ ਆਈ. ਟੀ. ਵਿੰਗ ਵੱਲੋਂ ਆਰ. ਏ. ਪੀ. ਡੀ. ਆਰ. ਪੀ. ਪ੍ਰਾਜੈਕਟ ਅਧੀਨ ਸਾਲ 2011 ਵਿਚ ਪੀ. ਐੱਸ. ਪੀ. ਸੀ. ਐੱਲ. ਦੇ ਮੁੱਖ ਦਫਤਰ ਪਟਿਆਲਾ ਵਿਖੇ ਅਤਿ ਆਧੁਨਿਕ ਡਾਟਾ ਸੈਂਟਰ ਬਣਾਇਆ ਗਿਆ ਸੀ ਅਤੇ ਇਸਦਾ ਬੈਕਅੱਪ ਸਿਸਟਮ ਡਿਜਾਸਟਰ ਰਿਕਵਰੀ ਸੈਂਟਰ ਸ਼ਕਤੀ ਸਦਨ ਜਲੰਧਰ ਵਿਖੇ ਸਥਾਪਿਤ ਕੀਤਾ ਗਿਆ ਸੀ। ਡਾਟਾ ਸੈਂਟਰ ਨਾਲ ਪੰਜਾਬ ਦੇ 144 ਸ਼ਹਿਰਾਂ ਵਿਚ ਆਉਂਦੇ 245 ਸਬ ਡਵੀਜ਼ਨ ਦਫਤਰ ਵਾਈਡ ਏਰੀਆ ਨੈੱਟਵਰਕ ਤਕਨੀਕ ਰਾਹੀਂ ਜੁੜੇ ਹੋਏ ਹਨ। ਇਹ ਡਾਟਾ ਸੈਂਟਰ ਅਤੇ ਡਿਜਾਸਟਰ ਰਿਕਵਰੀ ਸੈਂਟਰ ਸਿਸਟਮ ਨੂੰ ਹਮੇਸ਼ਾ ਚੱਲਦਾ ਰੱਖਣ ਲਈ 24 ਘੰਟੇ ਕੰਮ ਕਰਦੇ ਰਹਿੰਦੇ ਹਨ।
ਇਸ ਤੋਂ ਇਲਾਵਾ ਆਰ. ਏ. ਪੀ. ਡੀ. ਆਰ. ਪੀ. ਪ੍ਰਾਜੈਕਟ ਅਧੀਨ ਪੰਜਾਬ ਦੇ ਤਿੰਨ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿਖੇ 85 ਗਰਿੱਡ ਸਬ-ਸਟੇਸ਼ਨਾਂ ਦੇ ਸਿਸਟਮ ਨੂੰ ਮੋਨੀਟਰ ਅਤੇ ਕੰਟਰੋਲ ਕਰਨ ਲਈ ਸੁਪਰਵਾਈਜ਼ਰੀ ਕੰਟਰੋਲ ਅਤੇ ਡਾਟਾ ਐਕੂਜ਼ੀਸ਼ਨ (ਸਕਾਡਾ) ਸਿਸਟਮ ਲਗਾਇਆ ਗਿਆ ਸੀ।
ਇਸ ਸਕਾਡਾ ਸਿਸਟਮ ਦੀ ਮਦਦ ਨਾਲ ਇਨ੍ਹਾਂ 85 ਸਬ ਸਟੇਸ਼ਨਾਂ ਦੇ ਸਿਸਟਮ ਵਿਚ ਪੈਂਦੇ ਟੈਕਨੀਕਲ ਨੁਕਸਾਂ ਨੂੰ ਘੱਟੋ-ਘੱਟ ਸਮੇਂ ਵਿਚ ਮੋਨੀਟਰ ਕਰ ਕੇ ਦਰੁੱਸਤ ਕੀਤਾ ਜਾਂਦਾ ਹੈ, ਓਵਰਲੋਡ ਹੋ ਰਹੇ ਫ਼ੀਡਰਾਂ ਨੂੰ ਪਹਿਲਾਂ ਹੀ ਲੋਡ ਸ਼ੈੱਡ ਕਰ ਕੇ ਟਰਿੱਪ ਹੋਣ ਤੋਂ ਬਚਾਇਆ ਜਾਂਦਾ ਹੈ ਅਤੇ ਵੱਧ ਟਰਿੱਪ ਹੋਣ ਵਾਲੇ ਫ਼ੀਡਰਾਂ ਦੀ ਰਿਪੋਰਟ ਜਾਂਚ ਕੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਸੂਚਨਾ ਤਕਨਾਲੋਜੀ ਵਿੰਗ ਸਬੰਧੀ ਬਹੁਮੁੱਲੀ ਜਾਣਕਾਰੀ ਮੁਹੱਈਆ ਕਰਵਾਉਣ ਵਿਚ ਇੰਜੀਨੀਅਰ ਅਜੀਤ ਪਾਲ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ।