ਚੀਨ ਦੇ ਲਈ ਆਰਥਿਕ ਬੋਝ ਬਣ ਗਏ ਸੜਕ ਪ੍ਰਾਜੈਕਟ
Friday, Dec 09, 2022 - 05:47 PM (IST)

ਚੀਨ ਨੇ ਆਪਣੀ ਆਰਥਿਕ ਤਰੱਕੀ ਲਈ ਦੇਸ਼ ’ਚ ਸੜਕਾਂ ਦਾ ਜਾਲ ਬੁਣ ਦਿੱਤਾ, ਜਿਸ ਨਾਲ ਉਸ ਨੂੰ ਆਰਥਿਕ ਰਫਤਾਰ ਅੱਗੇ ਵਧਾਉਣ ’ਚ ਬੜਾ ਲਾਭ ਮਿਲਿਆ। ਇਸ ਲਾਭ ਦੇ ਕਾਰਨ ਹੀ ਚੀਨ ਦੁਨੀਆ ਦੀ ਫੈਕਟਰੀ ਬਣਿਆ ਅਤੇ ਇਸ ਸਮੇਂ ਉਹ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣ ਚੁੱਕਾ ਹੈ ਪਰ ਜੇਕਰ ਚੀਨ ਦੇ ਵੱਡੇ ਪ੍ਰਾਜੈਕਟਾਂ ਖਾਸ ਕਰ ਕੇ ਸੜਕ ਨਿਰਮਾਣ ਦੇ ਕੰਮ ਨੂੰ ਦੇਖਿਆ ਜਾਵੇ ਤਾਂ ਇੰਗਲੈਂਡ ਦੀ ਅਾਕਸਫੋਰਡ ਯੂਨੀਵਰਸਿਟੀ ’ਚ ਛਪੀ ਇਕ ਰਿਪੋਰਟ ‘ਆਕਸਫੋਰਡ ਰੀਵਿਊ ਆਫ ਇਕਨਾਮਿਕ ਪਾਲਿਸੀ’ ਦੇ ਆਧਾਰ ’ਤੇ ਚੀਨ ਦੇ ਮੁੱਢਲੇ ਨਿਰਮਾਣ ਦੀ ਲਾਗਤ ਔਸਤਨ 30.6 ਫੀਸਦੀ ਵੱਧ ਸੀ ਜੇਕਰ ਇਸ ਦੀ ਤੁਲਨਾ ਦੂਜੇ ਵਿਕਸਿਤ ਦੇਸ਼ਾਂ ਨਾਲ ਕੀਤੀ ਜਾਵੇ। ਇਸ ਦੇ ਇਲਾਵਾ ਚੀਨ ਦੇ 3/4 ਪ੍ਰਾਜੈਕਟ ਲੋੜ ਨਾਲੋਂ ਵੱਧ ਮਹਿੰਗੇ ਸਨ।
ਇਨ੍ਹਾਂ ਪ੍ਰਾਜੈਕਟਾਂ ਦਾ ਜੋ ਬਜਟ ਤੈਅ ਸੀ ਉਸ ਤੋਂ ਕਿਤੇ ਵੱਧ ਧਨ ਇਨ੍ਹਾਂ ’ਤੇ ਖਰਚ ਕੀਤਾ ਗਿਆ। ਚੀਨ ’ਚ ਬਣੇ 90 ਵੱਡੇ ਰਾਜਮਾਰਗਾਂ ’ਚ ਸਿਰਫ ਇਕ ਤਿਹਾਈ ਅਜਿਹੇ ਹਨ, ਜਿਨ੍ਹਾਂ ਤੋਂ ਸਰਕਾਰ ਨੂੰ ਆਰਥਿਕ ਲਾਭ ਮਿਲ ਰਿਹਾ ਹੈ, ਬਾਕੀ ਤਿੰਨ ਚੌਥਾਈ ਸੜਕਾਂ ’ਤੇ ਇੰਨਾ ਟਰੈਫਿਕ ਨਹੀਂ ਹੈ ਜਿਸ ਤੋਂ ਟੋਲ ਵਸੂਲਿਆ ਜਾਵੇ। ਤਾਂ ਵੱਡੇ ਪੱਧਰ ’ਤੇ ਜੋ ਸੜਕਾਂ ਬਣਾਈਆਂ ਗਈਆਂ ਉਨ੍ਹਾਂ ’ਤੇ ਸਰਕਾਰ ਦਾ ਚੰਗਾ ਮੋਟਾ ਪੈਸਾ ਤਾਂ ਖਰਚ ਹੋਇਆ ਪਰ ਉਨ੍ਹਾਂ ਤੋਂ ਸਰਕਾਰ ਨੂੰ ਆਰਥਿਕ ਲਾਭ ਨਹੀਂ ਮਿਲਿਆ।
ਚੀਨ ’ਚ ਸੜਕਾਂ, ਪੁਲ, ਰੇਲਵੇ ਲਾਈਨਾਂ, ਸ਼ਹਿਰ, ਸ਼ਾਪਿੰਗ ਮਾਲ ਸਮੇਤ ਕਈ ਅਜਿਹੇ ਨਿਰਮਾਣ ਕੀਤੇ ਗਏ ਹਨ ਜੋ ਸਿਰਫ ਸਰਕਾਰ ਨੂੰ ਨਿਰਮਾਣ ਦਿਖਾਉਣ ਲਈ ਕੀਤੇ ਗਏ ਹਨ, ਉਨ੍ਹਾਂ ਦਾ ਕੋਈ ਆਰਥਿਕ ਲਾਭ ਨਹੀਂ ਹੈ। ਇਸੇ ਲਈ ਚੀਨ ਦਾ ਭੁਤਹਾ ਸ਼ਹਿਰ ਬੜਾ ਮਸ਼ਹੂਰ ਹੈ, ਜਿਥੇ ਚੀਨ ਸਰਕਾਰ ਨੇ ਪਹਿਲਾਂ ਤੋਂ ਹੀ ਨਿਰਮਾਣ ਕਰਾਉਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਵੱਡੀ ਆਬਾਦੀ ਵਾਲੇ ਚੀਨ ’ਚ ਲੋਕ ਉਸ ਥਾਂ ਆ ਕੇ ਵਸਣ ਲੱਗਣਗੇ ਅਤੇ ਸਰਕਾਰ ਦੇ ਪ੍ਰਾਜੈਕਟ ਚੱਲ ਨਿਕਲਣਗੇ ਪਰ ਅਜਿਹਾ ਹੋਇਆ ਨਹੀਂ। ਚੀਨ ’ਚ ਸਭ ਤੋਂ ਵੱਧ ਆਬਾਦੀ ਦੱਖਣ-ਪੂਰਬੀ ਹਿੱਸੇ ’ਚ ਰਹਿੰਦੀ ਹੈ ਜੋ ਦੇਸ਼ ਦਾ ਸਮੁੰਦਰੀ ਕਿਨਾਰਾ ਹੈ।
ਚੀਨ ਸਰਕਾਰ ਚਾਹੁੰਦੀ ਸੀ ਕਿ ਉਸਦੀ ਆਬਾਦੀ ਚੀਨ ਦੇ ਬਾਕੀ ਹਿੱਸਿਆਂ ’ਚ ਵੀ ਫੈਲੇ, ਉਥੋਂ ਵੀ ਆਰਥਿਕ ਕਿਰਿਆਕਲਾਪਾਂ ਨੂੰ ਸ਼ੁਰੂ ਕੀਤਾ ਜਾਵੇ, ਇਸ ਲਈ ਸਰਕਾਰ ਨੇ ਦੇਸ਼ ਭਰ ’ਚ ਸੜਕਾਂ ਦਾ ਜਾਲ ਬੁਣਨਾ ਸ਼ੁਰੂ ਕੀਤਾ ਪਰ ਬਾਕੀ ਸਾਰੇ ਸੜਕ ਪ੍ਰਾਜੈਕਟ ਸਰਕਾਰ ਲਈ ਆਰਥਿਕ ਬੋਝ ਬਣ ਗਏ, ਇਸ ਨਾਲ ਸਰਕਾਰ ਨੂੰ ਨੁਕਸਾਨ ਹੋਣ ਲੱਗਾ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਖਰਾਬ ਆਰਥਿਕ ਪ੍ਰਬੰਧਨ ਦੇ ਕਾਰਨ ਮੁੱਢਲੇ ਢਾਂਚੇ ’ਚ ਹੋਣ ਵਾਲਾ ਨਿਵੇਸ਼ ਚੀਨ ਨੂੰ ਆਰਥਿਕ ਪ੍ਰੇਸ਼ਾਨੀਆਂ ’ਚ ਪਾ ਦੇਵੇਗਾ। ਸੜਕ ਹੀ ਨਹੀਂ ਸੜਕ ਪੁਲਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਚੀਨ ’ਚ 50 ਉੱਚੇ ਅਤੇ ਵੱਡੇ ਸੜਕ ਪੁਲ ਨਿਰਮਾਣ ਅਧੀਨ ਹਨ ਜਦਕਿ ਪੂਰੀ ਦੁਨੀਆ ’ਚ ਇਸ ਪੱਧਰ ਦੇ ਸਿਰਫ 10 ਸੜਕ ਪੁਲਾਂ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਚੀਨ ਦੇ ਅਧਿਕਾਰਿਤ ਅੰਕੜਿਆਂ ਦੇ ਅਨੁਸਾਰ ਚੀਨ ਨੇ ਸਾਲ 2016 ’ਚ ਹੀ 26100 ਸੜਕ ਪੁਲ ਬਣਵਾਏ ਸਨ। ਇਨ੍ਹਾਂ ’ਚੋਂ 363 ਬੜੇ ਵਿਸ਼ਾਲ ਸੜਕ ਪੁਲ ਸਨ ਜਿਨ੍ਹਾਂ ਦੀ ਔਸਤ ਲੰਬਾਈ 1.6 ਕਿਲੋਮੀਟਰ ਸੀ।
ਚੀਨ ’ਚ ਜਾਣਕਾਰਾਂ ਦਾ ਮੰਨਣਾ ਹੈ ਕਿ ਸੜਕ ਨਿਰਮਾਣ ਦੇ ਬਿਨਾਂ ਚੀਨ ’ਚ ਤਰੱਕੀ ਨਹੀਂ ਆ ਸਕਦੀ, ਇਨ੍ਹਾਂ ਜਾਣਕਾਰਾਂ ਦਾ ਮੰਨਣਾ ਹੈ ਕਿ ਛੋਟੇ ਸ਼ਹਿਰਾਂ ’ਚ ‘ਮੈਗਾ ਰੋਡ’ ਬਣਾਉਣ ਦੀ ਥਾਂ ਦੂਜੀ ਅਤੇ ਤੀਜੀ ਸ਼੍ਰੇਣੀ ਦੀਆਂ ਸੜਕਾਂ ਬਣਵਾ ਕੇ ਵੀ ਆਰਥਿਕ ਵਿਕਾਸ ਕੀਤਾ ਜਾ ਸਕਦਾ ਹੈ ਪਰ ਚੀਨ ’ਚ ਸਥਾਨਕ ਸ਼ਹਿਰੀ ਅਤੇ ਸੂਬਾਈ ਸਰਕਾਰਾਂ ਵੱਡੇ ਪ੍ਰਾਜੈਕਟਾਂ ’ਚ ਜ਼ਿਆਦਾ ਦਿਲਚਸਪੀ ਦਿਖਾਉਂਦੀਆਂ ਹਨ ਕਿਉਂਕਿ ਇਨ੍ਹਾਂ ਵੱਡੇ ਪ੍ਰਾਜੈਕਟਾਂ ’ਚ ਘਪਲੇ ਵੀ ਵੱਡੇ ਪੱਧਰ ਦੇ ਹੁੰਦੇ ਹਨ ਜਿਸ ’ਚ ਲੱਖਾਂ ਡਾਲਰਾਂ ਦੀ ਰਕਮ ਦਾ ਹੇਰ-ਫੇਰ ਹੁੰਦਾ ਹੈ ਅਤੇ ਕਈ ਲੋਕਾਂ ਦੀਆਂ ਝੋਲੀਆਂ ਭਰ ਜਾਂਦੀਆਂ ਹਨ। ਪਿਛਲੇ ਇਕ ਦਹਾਕੇ ਤੋਂ ਚੀਨ ’ਚ ਇਕ ਲੱਖ ਕਿਲੋਮੀਟਰ ਤੋਂ ਵੱਧ ਸੜਕਾਂ ਅਤੇ ਸੜਕ ਪੁਲ ਬਣਾਏ ਗਏ ਹਨ ਜਿਨ੍ਹਾਂ ਨਾਲ ਚੀਨ ਦੇ ਗਰੀਬ ਇਲਾਕਿਆਂ ਨੂੰ ਜੋੜਿਆ ਗਿਆ ਹੈ, ਇਨ੍ਹਾਂ ਸੜਕਾਂ ਅਤੇ ਸੜਕ ਪੁਲਾਂ ’ਤੇ ਇੰਜੀਨੀਅਰਾਂ ਦਾ ਕੰਮ ਵਾਕਈ ਕਾਬਿਲੇ ਤਾਰੀਫ ਹੈ ਪਰ ਚੀਨ ’ਚ ਲਾਲ ਫੀਤਾਸ਼ਾਹੀ ਅਤੇ ਕਮਿਊਨਿਸਟ ਰਾਜ ’ਚ ਭ੍ਰਿਸ਼ਟਾਚਾਰ ਇੰਨਾ ਵਿਆਪਕ ਹੈ ਕਿ ਉਹ ਇੰਜੀਨੀਅਰਾਂ ਦੇ ਅਣਥੱਕ ਯਤਨਾਂ ਨੂੰ ਢਕ ਦਿੰਦਾ ਹੈ ਅਤੇ ਇਸ ਤੋਂ ਲਾਭ ਹੋਣ ਦੀ ਥਾਂ ਸਰਕਾਰ ਦਾ ਵੱਧ ਧਨ ਖਰਚ ਹੋ ਜਾਂਦਾ ਹੈ।
ਚੀਨ ’ਚ ਜੋ ਸੜਕਾਂ ਬਣਾਈਆਂ ਜਾਂਦੀਆਂ ਹਨ ਉਨ੍ਹਾਂ ਲਈ ਵਿੱਤੀ ਸਹਾਇਤਾ ਚੀਨ ਦੇ ਰਾਸ਼ਟਰੀ ਬੈਂਕ ਦਿੰਦੇ ਹਨ, ਇਹ ਸੜਕਾਂ ਚੀਨ ਦੀਆਂ ਸੂਬਾਈ ਸਰਕਾਰਾਂ ਵਲੋਂ ਬਣਾਈਆਂ ਗਈਆਂ ਕੰਪਨੀਆਂ ਵਲੋਂ ਬਣਾਈਆਂ ਜਾਂਦੀਆਂ ਹਨ। ਸੜਕਾਂ ਬਣਨ ਦੇ ਬਾਅਦ ਇਨ੍ਹਾਂ ’ਤੇ ਚੱਲਣ ਵਾਲੇ ਟਰੈਫਿਕ ਤੋਂ ਟੋਲ ਵਸੂਲਿਆ ਜਾਂਦਾ ਹੈ ਜਿਸ ਨਾਲ ਸੜਕ ਬਣਾਉਣ ਦਾ ਖਰਚ ਵਿਆਜ ਸਮੇਤ ਬੈਂਕਾਂ ਨੂੰ ਦਿੱਤਾ ਜਾਂਦਾ ਹੈ ਅਤੇ ਇਸ ਦਾ ਇਕ ਹਿੱਸਾ ਸੂਬਾ ਸਰਕਾਰਾਂ ਮੁਨਾਫੇ ਦੇ ਰੂਪ ’ਚ ਕਮਾਉਂਦੀਆਂ ਹਨ ਪਰ ਭਾਰੀ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ ਦੇ ਕਾਰਨ ਇਨ੍ਹਾਂ ਸੜਕਾਂ ਦੀ ਲਾਗਤ 30 ਤੋਂ 50 ਫੀਸਦੀ ਵੱਧ ਆਉਂਦੀ ਹੈ।
ਇੰਨੇ ਵੱਡੇ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ ਨਾਲ ਚੀਨ ਸਰਕਾਰ ਨੂੰ ਲੰਬੇ ਸਮੇਂ ਤੋਂ ਆਰਥਿਕ ਨੁਕਸਾਨ ਹੋ ਰਿਹਾ ਹੈ। ਵਧਦੀ ਅਰਥਵਿਵਸਥਾ ’ਚ ਇਸ ਨੁਕਸਾਨ ਦਾ ਅਸਰ ਸਰਕਾਰ ਦੇ ਖਜ਼ਾਨੇ ’ਤੇ ਨਹੀਂ ਪਿਆ ਸੀ ਪਰ ਕੋਰੋਨਾ ਮਹਾਮਾਰੀ ਅਤੇ ਅਮਰੀਕੀ ਸਰਕਾਰ ਨਾਲ ਵਪਾਰਕ ਖਿੱਚੋਤਾਣ ਵਧਣ ਦੇ ਬਾਅਦ ਸਭ ਕੁਝ ਬਦਲ ਗਿਆ ਹੈ। ਇਸ ਸਮੇਂ ਚੀਨ ਸਰਕਾਰ ਦਾ ਕੁਲ ਘਰੇਲੂ ਉਤਪਾਦ 3.2 ’ਤੇ ਹੈ ਜੋ ਪਹਿਲਾਂ ਦੀ ਤੁਲਨਾ ’ਚ ਬਹੁਤ ਘੱਟ ਹੈ। ਇਸ ਸਮੇਂ ਚੀਨ ਸਰਕਾਰ ਦੀ ਆਮਦਨ ਘੱਟ ਅਤੇ ਖਰਚ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਸ ਤੋਂ ਸਰਕਾਰ ਦੇ ਬਾਹਰ ਨਿਕਲਣ ਦਾ ਫਿਲਹਾਲ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਹੈ।