ਸੜਕ ’ਤੇ ਪੈਦਲ ਚੱਲਣਾ ‘ਅਸੁਰੱਖਿਅਤ’

Sunday, Oct 07, 2018 - 06:25 AM (IST)

ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਸੜਕ ਪਾਰ ਕਰਨਾ ਪਸੰਦ ਨਹੀਂ। ਜਦੋਂ ਮੈਨੂੰ ਅਜਿਹਾ ਕਰਨਾ ਪੈਂਦਾ ਹੈ ਤਾਂ ਮੈਂ ਹਮੇਸ਼ਾ ਡਰਦਾ ਹਾਂ। ਅਸਲ ਵਿਚ ਮੈਂ ਅਜਿਹਾ ਸਿਰਫ ਜ਼ੈਬਰਾ ਜਾਂ ਪੈਲੀਕਨ ਕ੍ਰਾਸਿੰਗ ’ਤੇ ਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਇਥੋਂ ਤਕ ਕਿ ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ਸੱਜੇ ਅਤੇ ਖੱਬੇ ਦੋਵੇਂ ਪਾਸੇ ਦੇਖਾਂ ਅਤੇ ਜੇ ਕਰ ਸਕਾਂ ਤਾਂ ਦੋਵੇਂ ਪਾਸੇ ਇਕ ਵਾਰ ਫਿਰ। ਸੜਕ ਪਾਰ ਕਰਦੇ ਸਮੇਂ ਮੈਂ ਕਦੇ ਵੀ ਲਾਪਰਵਾਹੀ ਨਹੀਂ ਵਰਤਦਾ। 
ਹੁਣ ਮੈਨੂੰ ਪਿੱਛੇ ਜਿਹੇ ਕੁਝ ਤੱਥਾਂ ਬਾਰੇ ਪਤਾ ਲੱਗਾ, ਜੋ ਉਸ ਗੱਲ ਨੂੰ ਸਹੀ ਸਿੱਧ ਕਰਦੇ ਹਨ, ਜਿਸ ਨੂੰ ਕੁਝ ਲੋਕ ਸ਼ਾਇਦ ਮੇਰਾ ‘ਦੱਬੂਪਣ’ ਕਹਿਣਗੇ। ਸ਼ੁਰੂ ’ਚ, ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਕਿਸੇ ਵੀ ਹੋਰ ਹਿੱਸੇ ਦੇ ਮੁਕਾਬਲੇ ਭਾਰਤ ’ਚ ਸੜਕਾਂ ’ਤੇ ਜ਼ਿਆਦਾ ਲੋਕ ਮਰਦੇ ਹਨ? ਇਹ ਅੰਕੜਾ ਹਰ ਸਾਲ ਔਸਤਨ ਡੇਢ ਲੱਖ ਲੋਕਾਂ ਦਾ ਹੈ, ਜਿਨ੍ਹਾਂ ’ਚੋਂ ਵੱਡੀ ਗਿਣਤੀ (ਲੱਗਭਗ 74,000) 15 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਹੁੰਦੀ ਹੈ। ਅਜਿਹਾ ਲੱਗਦਾ ਹੈ ਕਿ ਜਿੰਨੇ ਤੁਸੀਂ ਜਵਾਨ ਹੋਵੋਗੇ, ਓਨਾ ਹੀ ਤੁਹਾਨੂੰ ਖਤਰੇ ਦਾ ਵੱਧ ਸਾਹਮਣਾ ਕਰਨਾ ਪਵੇਗਾ। 
ਇੰਟਰਨੈਸ਼ਨਲ ਰੋਡ ਫੈੱਡਰੇਸ਼ਨ ਦੀ ਭਾਰਤੀ ਇਕਾਈ ਅਨੁਸਾਰ ਸੜਕ ਹਾਦਸਿਅਾਂ ’ਚ 80 ਫੀਸਦੀ ਤੋਂ ਜ਼ਿਆਦਾ ਲੋਕਾਂ ਦੀ ਮੌਤ ਲਈ ਸਿਰਫ ਇਕ ਦਰਜਨ ਸੂਬੇ ਜ਼ਿੰਮੇਵਾਰ ਹਨ। ਅਸਲ ’ਚ 4 ਸੂਬੇ ਲੱਗਭਗ 40 ਫੀਸਦੀ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਹਨ। ਸਾਨੂੰ ਸਪੱਸ਼ਟ ਪਤਾ ਹੈ ਕਿ ਸਮੱਸਿਆ ਕਿੱਥੇ ਹੈ, ਹਾਲਾਂਕਿ ਕੋਈ ਵੀ ਇਸ ਬਾਰੇ  ਕੁਝ ਨਹੀਂ ਕਰ ਰਿਹਾ।
ਵਿਆਪਕ ਅੰਕੜਿਅਾਂ ’ਚ ਕੁਝ ਖਾਸ ਵੇਰਵੇ ਡਰਾਉਣ ਵਾਲੇ ਹਨ। 2017 ’ਚ ਸੜਕਾਂ ’ਤੇ ਟੋਇਅਾਂ ਨਾਲ ਸਬੰਧਤ ਹਾਦਸਿਅਾਂ ’ਚ ਰੋਜ਼ਾਨਾ ਲੱਗਭਗ 10 ਵਿਅਕਤੀ ਮਾਰੇ ਗਏ। ਇਹ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ 50 ਫੀਸਦੀ ਦਾ ਵਾਧਾ ਹੈ। 2017 ’ਚ ਅਜਿਹੇ ਹਾਦਸਿਅਾਂ ’ਚ ਕੁਲ 3597 ਮੌਤਾਂ ਹੋਈਅਾਂ, ਜਦਕਿ ਇਸ ਦੇ ਮੁਕਾਬਲੇ ਨਕਸਲੀ ਹਮਲਿਅਾਂ ਸਮੇਤ ਅੱਤਵਾਦੀ ਘਟਨਾਵਾਂ ’ਚ 803 ਜ਼ਿੰਦਗੀਅਾਂ ਗਈਅਾਂ ਤੇ ਇਸ ਅੰਕੜੇ ’ਚ ਅੱਤਵਾਦੀਅਾਂ ਸਮੇਤ ਰੱਖਿਆ ਮੁਲਾਜ਼ਮ ਤੇ ਆਮ ਨਾਗਰਿਕ ਸ਼ਾਮਲ ਹਨ। 
ਤੁਹਾਨੂੰ ਇਹ ਜਾਣ ਕੇ ਹੈਰਾਨੀ ਨਹੀਂ ਹੋਵੇਗੀ ਕਿ ਯੂ. ਪੀ. ’ਚ ਸੜਕਾਂ ’ਤੇ ਟੋਇਅਾਂ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋਈਅਾਂ ਪਰ ਹਰਿਆਣਾ ਤੇ ਗੁਜਰਾਤ ਵਰਗੇ ਮੁਕਾਬਲਤਨ ਵਿਕਸਿਤ ਸੂਬਿਅਾਂ ਦੀ ਸਥਿਤੀ ਬਹੁਤ ਖਰਾਬ ਹੈ। ਦਿੱਲੀ ’ਚ ਪਿਛਲੇ ਸਾਲ ਅਜਿਹੀਅਾਂ  8 ਮੌਤਾਂ ਹੋਈਅਾਂ ਤੇ ਸੰਯੋਗ ਨਾਲ ਉਸ ਤੋਂ ਪਿਛਲੇ ਸਾਲ ਕੋਈ ਵੀ ਅਜਿਹੀ ਮੌਤ ਨਹੀਂ ਹੋਈ ਸੀ। 
ਪੈਦਲ ਚੱਲਣ ਵਾਲਿਅਾਂ ਦੀਅਾਂ ਮੌਤਾਂ ਦੀ ਗਿਣਤੀ ਦੂਜਾ ਨਿਰਾਸ਼ਾਜਨਕ ਉਪ-ਸਮੂਹ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸੜਕ  ’ਤੇ  ਪੈਦਲ  ਚੱਲਣ ਵਾਲੇ ਲੋਕ ਸਭ ਤੋਂ ਵੱਧ ਅਸੁਰੱਖਿਅਤ ਹਨ। 2014 ’ਚ ਅਜਿਹੀਅਾਂ ਮੌਤਾਂ ਦੀ ਗਿਣਤੀ 12330 ਸੀ, ਜੋ 2017 ’ਚ ਵਧ ਕੇ 20457 ਤਕ  ਪਹੁੰਚ ਗਈ। ਇਹ ਲੱਗਭਗ 66 ਫੀਸਦੀ ਵਾਧੇ ਨੂੰ ਦਰਸਾਉਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਪਿਛਲੇ ਸਾਲ ਸੜਕ ਹਾਦਸਿਅਾਂ ’ਚ ਰੋਜ਼ਾਨਾ 56 ਪੈਦਲ ਚੱਲਣ ਵਾਲੇ ਵਿਅਕਤੀਅਾਂ ਦੀਅਾਂ ਮੌਤਾਂ ਹੋਈਅਾਂ। 
ਜੇ ਤੁਸੀਂ ਇਸ ਗਿਣਤੀ ’ਚ ਦੋਪਹੀਆ ਚਾਲਕਾਂ ਤੇ ਸਾਈਕਲ ਚਲਾਉਣ ਵਾਲਿਅਾਂ ਨੂੰ ਵੀ ਸ਼ਾਮਿਲ ਕਰੋਗੇ, ਜੋ ਰੋਜ਼ ਮਰਦੇ ਹਨ ਤਾਂ ਤੁਸੀਂ ਦੇਖੋਗੇ ਕਿ ਪੈਦਲ ਚੱਲਣ ਵਾਲਿਅਾਂ  ਤੋਂ ਇਲਾਵਾ ਔਸਤਨ 134 ਦੋਪਹੀਆ ਚਾਲਕਾਂ ਤੇ 10 ਸਾਈਕਲਿਸਟਾਂ ਦੀ  ਮੌਤ ਹੁੰਦੀ ਹੈ। ਪਿਛਲੇ ਸਾਲ ਭਾਰਤ ’ਚ ਸੜਕ ਹਾਦਸਿਅਾਂ ’ਚ ਹੋਣ ਵਾਲੀਅਾਂ ਮੌਤਾਂ ’ਚ ਇਨ੍ਹਾਂ 3 ਸ਼੍ਰੇਣੀਅਾਂ ਦੀ ਗਿਣਤੀ ਅੱਧੇ ਤੋਂ ਜ਼ਿਆਦਾ ਸੀ। 
ਇਸ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਬਹੁਤ ਸਾਰੇ ਲੋਕ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਸੜਕ ’ਤੇ ਚੱਲਣ ’ਚ ਅਸੁਰੱਖਿਅਤ ਮਹਿਸੂਸ ਕਰਦੇ ਹਨ। ਬਹੁਤ ਸਾਰੇ ਮਾਮਲਿਅਾਂ ’ਚ ਫੁੱਟਪਾਥ ਗਾਇਬ ਹੀ ਹੋ ਗਏ ਹਨ, ਜੋ ਪੈਦਲ ਚੱਲਣ ਵਾਲਿਅਾਂ ਲਈ ਬਣੇ ਹੁੰਦੇ ਹਨ। ਉਨ੍ਹਾਂ ’ਤੇ ਜਾਂ ਤਾਂ ‘ਪਾਰਕ’ ਕੀਤੀਅਾਂ ਗੱਡੀਅਾਂ ਤੇ ਰੇਹੜੀਅਾਂ-ਫੜ੍ਹੀਅਾਂ ਵਾਲਿਅਾਂ ਨੇ ਕਬਜ਼ਾ ਕਰ ਲਿਆ ਹੈ ਜਾਂ ਉਨ੍ਹਾਂ ’ਚ ਵੱਡੇ-ਵੱਡੇ ਟੋਏ ਪੈ ਗਏ ਹਨ। ਇਨ੍ਹਾਂ ’ਚੋਂ  ਬਹੁਤ ਸਾਰੇ ਮੌਤ ਦੇ ਸੰਭਾਵੀ ਜਾਲ ਬਣ ਚੁੱਕੇ ਹਨ। 
ਫਿਰ ਵੀ ਇਸ ਨੂੰ ਆਮ ਤੌਰ ’ਤੇ ਅਣਡਿੱਠ ਕਰ ਦਿੱਤਾ ਜਾਂਦਾ ਹੈ। ਉਂਝ ਜ਼ਿਆਦਾਤਰ ਭਾਰਤੀ ਆਪਣਾ ਬਹੁਤਾ ਸਮਾਂ ਬੱਸਾਂ ਤੇ ਕਾਰਾਂ ’ਚ ਸਫਰ ਕਰਨ ਦੀ ਬਜਾਏ ਸੜਕ ’ਤੇ ਪੈਦਲ ਚੱਲਣ ’ਚ ਹੀ ਬਿਤਾਉਂਦੇ ਹਨ ਤੇ ਇਸ  ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਦਾ ਅਰਥ ਦੋ ਨਿਰਾਸ਼ਾਜਨਕ ਸਿੱਟਿਅਾਂ ਦੇ ਰੂਪ ’ਚ ਨਿਕਲਦਾ ਹੈ। ਜਦੋਂ ਵੀ ਅਸੀਂ ਅਜਿਹਾ ਕਰਦੇ ਹਾਂ ਤਾਂ ਸਮਝੋ ਆਪਣੀ ਜ਼ਿੰਦਗੀ ਨੂੰ ਖਤਰੇ ’ਚ ਪਾਉਂਦੇ ਹਾਂ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦਿੰਦੀ। 
ਹੁਣ ਇਨ੍ਹਾਂ ਤੱਥਾਂ ਨੂੰ ਬਾਹਰ ਲਿਆਉਣਾ ਕੋਈ ਵੱਡੀ ਗੱਲ ਨਹੀਂ ਹੈ। ਅਖ਼ਬਾਰਾਂ ’ਚ ਅਕਸਰ ਇਨ੍ਹਾਂ ਬਾਰੇ ਛਪਦਾ ਰਹਿੰਦਾ ਹੈ, ਇਸ ਲਈ ਜੇ ਸਰਕਾਰ ਆਪਣੇ ਖ਼ੁਦ ਦੇ ਮਹਿਕਮਿਅਾਂ ਦੀ ਜਾਂਚ ਦੇ ਸਿੱਟੇ ਵੱਲ ਧਿਆਨ ਦੇਣ ਤੋਂ ਇਨਕਾਰ ਵੀ ਕਰਦੀ ਹੈ ਤਾਂ ਇਹ ਆਪਣੇ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਤੋਂ ਅਣਜਾਣ ਨਹੀਂ ਹੋ ਸਕਦੀ। ਫਿਰ ਵੀ ਇਹ ਸਾਡੇ ਪ੍ਰਸ਼ਾਸਕਾਂ ਦੀ ਤਰਜੀਹ ਹੈ, ਚਾਹੇ ਉਹ ਕੇਂਦਰ ’ਚ ਹੋਣ  ਜਾਂ ਦੇਸ਼ ਦੇ 29 ਸੂਬਿਅਾਂ ’ਚੋਂ ਕਿਸੇ ਇਕ ਵਿਚ।

 


Related News