ਪ੍ਰਿਯੰਕਾ ਦੀ ਚੋਣ ਪ੍ਰਚਾਰ ਯਾਤਰਾ : ਪ੍ਰਯਾਗਰਾਜ ਤੋਂ ਵਾਰਾਣਸੀ

Monday, Mar 18, 2019 - 06:36 AM (IST)

ਕਾਂਗਰਸ ਜਨਰਲ ਸਕੱਤਰ ਅਤੇ ਪੱਛਮੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਢੇਰਾ 18 ਮਾਰਚ ਤੋਂ ਜਵਾਹਰ ਲਾਲ ਨਹਿਰੂ ਦੇ ਜਨਮ ਸਥਾਨ ਪ੍ਰਯਾਗਰਾਜ ਤੋਂ ਆਪਣੀ 3 ਦਿਨਾ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰੇਗੀ। ਕਾਂਗਰਸ  ਨੇਤਾਵਾਂ ਅਨੁਸਾਰ ਆਪਣੇ  3 ਦਿਨਾ ਪ੍ਰੋਗਰਾਮ ਦੌਰਾਨ ਉਹ 140 ਕਿਲੋਮੀਟਰ ਦੀ ਦੂਰੀ  ਤਹਿ  ਕਰੇਗੀ ਅਤੇ ਇਸ ਦੌਰਾਨ ਪ੍ਰਦੇਸ਼ ਦੇ 4 ਜ਼ਿਲਿਆਂ ਪ੍ਰਯਾਗਰਾਜ, ਭਦੋਹੀ, ਮਿਰਜ਼ਾਪੁਰ ਅਤੇ ਵਾਰਾਣਸੀ ਤੋਂ ਸਟੀਮਰ ਅਤੇ ਕਾਰ ਰਾਹੀਂ ਗੁਜ਼ਰੇਗੀ। ਪ੍ਰਿਯੰਕਾ ਦੀ ਯਾਤਰਾ ਸੋਮਵਾਰ ਨੂੰ ਪ੍ਰਯਾਗਰਾਜ ਤੋਂ ਸ਼ੁਰੂ ਹੋਵੇਗੀ ਅਤੇ ਬੁੱਧਵਾਰ ਸ਼ਾਮ ਵਾਰਾਣਸੀ ਦੇ ਅੱਸੀਘਾਟ ਅਤੇ ਦਸ਼ਾਸ਼ਵਰਮੇਧ ਘਾਟ 'ਤੇ ਸੰਪੰਨ ਹੋਵੇਗੀ। ਇਸ ਯਾਤਰਾ ਦੌਰਾਨ ਉਹ 14 ਫਰਵਰੀ ਨੂੰ ਪੁਲਵਾਮਾ 'ਚ ਸ਼ਹੀਦ ਹੋਏ ਮਹੇਸ਼ਰਾਜ ਯਾਦਵ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ। ਉਹ ਭਦੋਹੀ 'ਚ ਮੌਲਾਨਾ ਇਸਮਾਈਲ ਚਿਸ਼ਤੀ ਦੀ ਦਰਗਾਹ ਅਤੇ ਚੰਦ੍ਰਿਕਾ ਦੇਵੀ ਮੰਦਰ, ਵਾਰਾਣਸੀ ਦੇ ਸ਼ੀਤਲਾ ਮੰਦਰ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਰਾਮਨਗਰ ਸਥਿਤ ਘਰ ਵੀ ਜਾਵੇਗੀ। ਇਸ ਤੋਂ ਇਲਾਵਾ ਉਹ ਸਥਾਨਕ ਲੋਕਾਂ ਨੂੰ ਮਿਲੇਗੀ ਅਤੇ ਵਿਸ਼ਵਨਾਥ ਮੰਦਰ 'ਚ ਪੂਜਾ-ਅਰਚਨਾ ਕਰੇਗੀ। 
ਭੀਮ ਆਰਮੀ ਮੁਖੀ ਚੰਦਰਸ਼ੇਖਰ ਵਾਰਾਣਸੀ ਤੋਂ ਲੜਨਗੇ ਚੋਣ 
ਭੀਮ ਸੈਨਾ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਵਾਰਾਣਸੀ ਤੋਂ ਲੋਕ ਸਭਾ ਚੋਣ ਲੜਨਗੇ ਅਤੇ ਬਸਪਾ ਦੇ ਸੰਸਥਾਪਕ ਸਵ. ਕਾਂਸ਼ੀਰਾਮ ਦੀ ਭੈਣ ਸਵਰਨ ਕੌਰ ਵੀ ਲੋਕ ਸਭਾ ਚੋਣ ਲੜੇਗੀ। ਭੀਮ ਆਰਮੀ ਦੇ ਮੀਤ ਪ੍ਰਧਾਨ ਮੰਜੀਤ ਨੌਟਿਆਲ ਨੇ ਐਲਾਨ ਕੀਤਾ  ਹੈ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਉਨ੍ਹਾਂ ਥਾਵਾਂ 'ਤੇ ਭਾਜਪਾ ਵਿਰੁੱਧ ਚੋਣ ਲੜਨਗੇ, ਜਿੱਥੇ ਸਪਾ-ਬਸਪਾ ਦੇ ਉਮੀਦਵਾਰ ਕਮਜ਼ੋਰ ਹਨ। ਬੁੱਧਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੇਰਠ ਦੇ ਇਕ ਹਸਪਤਾਲ 'ਚ ਭੀਮ ਆਰਮੀ ਮੁਖੀ ਚੰਦਰਸ਼ੇਖਰ ਨਾਲ ਮੁਲਾਕਾਤ ਕੀਤੀ। ਪਹਿਲਾਂ ਭੀਮ ਸੈਨਾ ਕਹਿੰਦੀ ਰਹੀ ਹੈ ਕਿ ਉਹ ਚੋਣਾਂ 'ਚ ਹਿੱਸਾ ਨਹੀਂ ਲਵੇਗੀ ਪਰ ਹੁਣ ਉਸ ਨੇ ਐਲਾਨ ਕੀਤਾ ਹੈ ਕਿ ਉਹ ਇਹ ਲੋਕ ਸਭਾ ਚੋਣ ਮਜ਼ਬੂਤੀ ਨਾਲ ਲੜੇਗੀ। ਇਸ ਦਾ ਨਤੀਜਾ ਇਹ ਹੋਇਆ ਕਿ ਉੱਤਰ ਪ੍ਰਦੇਸ਼ 'ਚ ਸਪਾ-ਬਸਪਾ ਗੱਠਜੋੜ ਦੁਚਿੱਤੀ ਦੀ ਸਥਿਤੀ 'ਚ ਹੈ ਕਿਉਂਕਿ ਭੀਮ ਸੈਨਾ ਦੇ ਉਮੀਦਵਾਰ ਨਿਸ਼ਚਿਤ ਤੌਰ 'ਤੇ ਬਸਪਾ ਦੀਆਂ ਦਲਿਤ ਵੋਟਾਂ 'ਚ ਸੰਨ੍ਹ ਲਗਾਉਣਗੇ। 
ਉੱਤਰ ਪ੍ਰਦੇਸ਼ 'ਚ ਕਾਂਗਰਸ-ਅਪਨਾ ਦਲ ਗੱਠਜੋੜ 
ਕਾਂਗਰਸ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ 'ਚ ਕ੍ਰਿਸ਼ਨ ਪਟੇਲ ਦੀ ਅਗਵਾਈ 'ਚ ਅਪਨਾ ਦਲ ਨਾਲ ਗੱਠਜੋੜ ਨੂੰ ਅੰਤਿਮ ਰੂਪ ਦੇ ਦਿੱਤਾ ਅਤੇ ਅਪਨਾ ਦਲ 2 ਸੀਟਾਂ 'ਤੇ ਚੋਣ ਲੜੇਗਾ। ਇਹ ਘਟਨਾਚੱਕਰ ਅਪਨਾ ਦਲ ਦੇ ਦੂਜੇ ਧੜੇ (ਜਿਸ ਦੀ ਅਗਵਾਈ ਪਟੇਲ ਦੀ ਧੀ ਅਨੁਪ੍ਰਿਆ ਕਰ ਰਹੀ ਹੈ), ਦੇ ਨਾਲ ਭਾਜਪਾ ਦੇ ਸਮਝੌਤੇ ਦੇ ਇਕ ਦਿਨ ਬਾਅਦ ਸਾਹਮਣੇ ਆਇਆ। ਅਪਨਾ ਦਲ ਰਾਜਗ  ਨਾਲ ਗੱਠਜੋੜ 'ਚ ਰਿਹਾ ਹੈ। ਅਪਨਾ ਦਲ (ਕ੍ਰਿਸ਼ਨ ਪਟੇਲ) 2 ਲੋਕ ਸਭਾ ਖੇਤਰਾਂ ਪੀਲੀਭੀਤ ਅਤੇ ਗੋਂਡਾ ਤੋਂ ਚੋਣ ਲੜਨਗੇ। ਪਟੇਲ ਦੇ ਜਵਾਈ ਪੰਕਜ ਨਿਰੰਜਨ ਸਿੰਘ ਚੰਦੇਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰਾਂ ਪ੍ਰਿਯੰਕਾ ਗਾਂਧੀ ਵਢੇਰਾ ਅਤੇ ਜੋਤਿਰਾਦਿੱਤਿਆ ਸਿੰਧੀਆ ਦੀ ਹਾਜ਼ਰੀ 'ਚ ਕਾਂਗਰਸ ਵਿਚ ਸ਼ਾਮਿਲ ਹੋ ਗਏ। ਭਾਜਪਾ ਪ੍ਰਧਾਨ ਅਮਿਤ ਸ਼ਾਹ ਅਨੁਸਾਰ ਅਪਨਾ ਦਲ (ਐੱਸ.) ਨੇਤਾ ਅਤੇ ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਮਿਰਜ਼ਾਪੁਰ ਤੋਂ ਦੁਬਾਰਾ ਚੋਣ ਲੜੇਗੀ। ਅਪਨਾ ਦਲ ਕੁਰਮਾ ਅਤੇ ਹੋਰ ਪੱਛੜੇ ਵਰਗਾਂ 'ਚ ਵਾਰਾਣਸੀ, ਮਿਰਜ਼ਾਪੁਰ ਖੇਤਰ, ਬੁੰਦੇਲਖੰਡ, ਪ੍ਰਯਾਗਰਾਜ ਅਤੇ ਕੇਂਦਰੀ ਉੱਤਰ ਪ੍ਰਦੇਸ਼ 'ਚ ਚੰਗੀ ਪੈਠ ਰੱਖਦਾ ਹੈ। 2014 'ਚ ਦੋ ਲੋਕ ਸਭਾ ਸੀਟਾਂ 'ਤੇ ਜਿੱਤ ਤੋਂ ਬਾਅਦ ਪਾਰਟੀ ਦੋਫਾੜ ਹੋ ਗਈ ਸੀ। 
ਕੀ ਪ੍ਰਸ਼ਾਂਤ ਕਿਸ਼ੋਰ ਜਦ (ਯੂ) ਛੱਡ ਦੇਣਗੇ
ਕਿਸੇ ਸਮੇਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਜ਼ਦੀਕੀ ਰਹੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਜਿਨ੍ਹਾਂ ਨੂੰ ਨਿਤੀਸ਼ ਕੁਮਾਰ ਨੇ ਆਪਣੀ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਹੈ, ਹੁਣ ਪਾਰਟੀ ਛੱਡਣ ਦੀ ਤਿਆਰੀ 'ਚ ਹਨ ਅਤੇ ਨਵੇਂ ਟਿਕਾਣੇ ਦੀ ਭਾਲ 'ਚ ਹਨ ਜਾਂ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ। ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਪਟਨਾ 'ਚ ਰੈਲੀ ਵਿਚ ਰੁੱਝੇ ਹੋਏ ਸਨ, ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ ਸੀ ਕਿ ਇਹ ਕਾਫੀ ਨਿਰਾਸ਼ਾਜਨਕ ਹੈ ਕਿ ਸਰਕਾਰ ਵਲੋਂ ਕੋਈ ਵੀ ਵਿਅਕਤੀ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਜਵਾਨ ਦੀ ਪਵਿੱਤਰ ਦੇਹ ਨੂੰ ਲੈਣ ਲਈ ਏਅਰਪੋਰਟ ਨਹੀਂ ਪਹੁੰਚਿਆ। ਇਹ ਪਹਿਲਾ ਮੌਕਾ ਨਹੀਂ ਸੀ, ਜਦੋਂ ਪ੍ਰਸ਼ਾਂਤ ਨੇ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੀ ਪਾਰਟੀ ਦੀ ਆਲੋਚਨਾ ਕੀਤੀ ਹੋਵੇ। ਇਸ ਤੋਂ ਪਹਿਲਾਂ ਇਕ ਨਿਊਜ਼ ਪੋਰਟਲ ਨੂੰ ਦਿੱਤੀ ਗਈ ਇੰਟਰਵਿਊ 'ਚ ਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ਕੁਮਾਰ ਨੂੰ ਸਲਾਹ ਦਿੱਤੀ ਸੀ ਕਿ ਭਾਜਪਾ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਨਿਤੀਸ਼ ਕੁਮਾਰ ਚੋਣਾਂ ਕਰਵਾ ਕੇ ਬਿਹਾਰ ਦੀ ਜਨਤਾ ਤੋਂ ਫਤਵਾ ਲੈਣ। ਇਸ ਦੇ ਸਿੱਟੇ ਵਜੋਂ ਨਿਤੀਸ਼ ਕੁਮਾਰ ਨੇ ਪਾਰਟੀ ਨੇਤਾਵਾਂ ਅਤੇ ਪਾਰਟੀ ਵਰਕਰਾਂ ਨੂੰ ਪ੍ਰਸ਼ਾਂਤ ਕਿਸ਼ੋਰ ਦੇ ਪ੍ਰਤੀ ਨਾਰਾਜ਼ਗੀ ਹੋਣ ਦਾ ਇਸ਼ਾਰਾ ਕੀਤਾ ਸੀ। 
ਗੁਜਰਾਤ 'ਚ ਚਿੰਤਤ ਹੈ ਕਾਂਗਰਸ 
ਅਹਿਮਦਾਬਾਦ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਉਸ ਦੇ ਵਿਧਾਇਕ ਜਵਾਹਰ ਛਾਬੜਾ ਦੇ ਭਾਜਪਾ 'ਚ ਸ਼ਾਮਿਲ ਹੋਣ ਨਾਲ ਗੁਜਰਾਤ ਕਾਂਗਰਸ ਦੇ ਨੇਤਾ ਅਤੇ ਵਰਕਰ ਪ੍ਰੇਸ਼ਾਨ ਹਨ। ਛਾਬੜਾ ਇਕ ਪੁਰਾਣੇ ਕਾਂਗਰਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਪਿਤਾ ਪੇਠਲਜੀ ਛਾਬੜਾ ਅਹੀਰ ਭਾਈਚਾਰੇ ਦੇ ਮੰਨੇ-ਪ੍ਰਮੰਨੇ ਨੇਤਾ ਸਨ। ਅਜਿਹਾ ਲੱਗਦਾ ਹੈ ਕਿ 5 ਕਾਂਗਰਸੀ ਵਿਧਾਇਕਾਂ ਵਲੋਂ ਪਿਛਲੇ 6 ਮਹੀਨਿਆਂ ਤੋਂ ਭਾਜਪਾ 'ਚ ਜਾਣ ਦੀ ਤਿਆਰੀ ਸੀ, ਜਦੋਂ ਦਿੱਲੀ ਨਾਲ ਜੁੜੇ ਇਕ ਨੇਤਾ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਇਸ ਸੂਚੀ 'ਚ ਛਾਬੜਾ ਦਾ ਨਾਂ ਹੋਣ ਦੇ ਕਾਰਨ ਉਨ੍ਹਾਂ ਨੂੰ ਇਸ ਅਫਵਾਹ 'ਤੇ ਵਿਸ਼ਵਾਸ ਨਹੀਂ ਹੋਇਆ, ਹਾਲਾਂਕਿ ਇਨ੍ਹਾਂ ਪੰਜਾਂ 'ਚੋਂ ਸਿਰਫ ਤਿੰਨ ਵਿਧਾਇਕਾਂ ਨੇ ਹੀ ਪਾਲਾ ਬਦਲਿਆ ਅਤੇ ਹੁਣ ਕਾਂਗਰਸ ਕਹਿ ਰਹੀ ਹੈ ਕਿ ਲੋਕ ਇਨ੍ਹਾਂ ਨੂੰ ਸਬਕ ਸਿਖਾਉਣਗੇ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ। ਇਸ ਤੋਂ ਪਹਿਲਾਂ 2018 'ਚ ਸੀਨੀਅਰ ਕੋਲੀ ਨੇਤਾ ਕੁੰਵਰਜੀ ਬਬਲੀਆ ਤੋਂ ਬਾਅਦ ਛਾਬੜਾ ਦੇ ਪਾਰਟੀ ਛੱਡਣ ਨਾਲ ਕਾਂਗਰਸ ਸੌਰਾਸ਼ਟਰ ਖੇਤਰ ਦੀਆਂ 4 ਲੋਕ ਸਭਾ ਸੀਟਾਂ ਜੂਨਾਗੜ੍ਹ, ਪੋਰਬੰਦਰ, ਜਾਮਨਗਰ ਅਤੇ ਸੁਰੇਂਦਰ ਨਗਰ ਗੁਆ ਸਕਦੀ ਹੈ। ਅਜਿਹੇ 'ਚ ਹਾਲ ਹੀ ਵਿਚ ਕਾਂਗਰਸ 'ਚ ਸ਼ਾਮਿਲ ਹੋਏ ਹਾਰਦਿਕ ਪਟੇਲ ਜਾਮਨਗਰ ਤੋਂ ਚੋਣ ਲੜ ਸਕਦੇ ਹਨ। ਜ਼ਾਹਿਰ ਹੈ ਕਿ ਭਾਜਪਾ ਦਾ ਮਕਸਦ ਪਾਟੀਦਾਰ ਨੇਤਾ ਲਈ ਚੋਣਾਂ 'ਚ ਮੁਸ਼ਕਿਲ ਪੈਦਾ ਕਰਨਾ ਹੈ।      -ਰਾਹਿਲ ਨੋਰਾ ਚੋਪੜਾ
nora_chopra@yahoo.com


Bharat Thapa

Content Editor

Related News