ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਪੰਜਾਬ ਦਾ ਪਾਣੀ

Tuesday, Jan 10, 2023 - 10:47 AM (IST)

ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਪੰਜਾਬ ਦਾ ਪਾਣੀ

ਭਵਿੱਖ ’ਚ ਪੰਜਾਬ ਨੂੰ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਹ ਸਿੱਧੇ ਤੌਰ ’ਤੇ ਉਜਾਗਰ ਹੋ ਚੁੱਕੀਆਂ ਹਨ। ਪੰਜ ਪਾਣੀਆਂ ਦੀ ਧਰਤੀ ਕਦੇ ਪੀਣ ਯੋਗ ਅਤੇ ਖੇਤੀਬਾੜੀ ਲਈ ਪਾਣੀ ਤੋਂ ਵਾਂਝੀ ਹੋ ਜਾਵੇਗੀ। ਇਹ ਕਦੇ ਸੋਚਿਆ ਵੀ ਨਹੀਂ ਸੀ। ਫਾਜ਼ਿਲਕਾ, ਫਿਰੋਜ਼ਪੁਰ, ਬਠਿੰਡਾ ਅਤੇ ਮਾਨਸਾ ਆਦਿ ਕਈ ਜ਼ਿਲ੍ਹਿਆਂ ਦੇ ਵਿਅਕਤੀ ਜਿਹੜੇ ਮਹਿੰਗੀ ਕੀਮਤ ’ਤੇ ਪਾਣੀ ਮੁੱਲ ਖ਼ਰੀਦ ਸਕਦੇ ਸਨ, ਉਹ ਟੈਂਕਾਂ ’ਚ ਲਿਆਂਦੇ ਜਾ ਰਹੇ ਕੀਮਤੀ ਪਾਣੀ ਦਾ ਭੰਡਾਰ ਕਰ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਪਰ ਦੂਜੇ ਪਾਸੇ ਬੇਰੁਜ਼ਗਾਰੀ ਅਤੇ ਗ਼ਰੀਬੀ ਦੀ ਮਾਰ ਸਹਿ ਰਹੇ ਪਰਿਵਾਰ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਨੂੰ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਜਿਗਰ ਨਾਲ ਸੰਬੰਧਤ ਕਈ ਜਾਨਲੇਵਾ ਬੀਮਾਰੀਆਂ ਲੱਗ ਚੁੱਕੀਆਂ ਹਨ।

ਬੀਤੇ ਦਿਨੀਂ ਪ੍ਰਕਾਸ਼ਿਤੀ ਸਕੂਲੀ ਬੱਚਿਆਂ ਦੇ ਕੈਂਸਰ ਤੋਂ ਪੀੜਤ ਹੋਣ ਸੰਬੰਧੀ ਖ਼ਬਰਾਂ ਮਨੁੱਖੀ ਮਨਾਂ ਨੂੰ ਬੇਚੈਨ ਕਰ ਰਹੀਆਂ ਹਨ। ਉਦਯੋਗਿਕ ਖੇਤਰਾਂ ’ਚ ਵਰਤਿਆ ਜਾਣ ਵਾਲਾ ਪਾਣੀ ਦੂਸ਼ਿਤ ਹੋ ਕੇ ਧਰਤੀ ਦੇ ਹੇਠਾਂ ਜਾ ਰਿਹਾ ਹੈ। ਸਾਫ਼ ਹਵਾ ਅਤੇ ਸਾਫ਼ ਪਾਣੀ ਦੀਆਂ ਮੰਗਾਂ ਨੂੰ ਲੈ ਕੇ ਕਈ ਥਾਵਾਂ ’ਤੇ ਪੀੜਤ ਲੋਕ ਠੰਡੀਆਂ ਰਾਤਾਂ ’ਚ ਅਜਿਹੇ ਉਦਯੋਗਿਕ ਅਦਾਰਿਆਂ ਦੇ ਮੁੱਖ ਦਰਵਾਜ਼ਿਆਂ ਸਾਹਮਣੇ ਧਰਨੇ ਦੇ ਕੇ ਬੈਠੇ ਹਨ। ਅਜਿਹੀਆਂ ਉਦਯੋਗਿਕ ਇਕਾਈਆਂ ਜ਼ਹਿਰੀਲੇ ਪਾਣੀ ਨੂੰ ਧਰਤੀ ਅੰਦਰ ਭੇਜ ਕੇ ਅਤੇ ਦਰਿਆਵਾਂ ’ਚ ਦੂਸ਼ਿਤ ਪਾਣੀ ਨੂੰ ਛੱਡ ਕੇ ਚੁਗਿਰਦੇ ਨੂੰ ਹੋਰ ਵੀ ਪ੍ਰਦੂਸ਼ਿਤ ਕਰ ਰਹੀਆਂ ਹਨ।

ਕੰਨਾਂ ਤੋਂ ਬੋਲ਼ਾ ਅਤੇ ਅੱਖਾਂ ਤੋਂ ਅੰਨ੍ਹਾ ਪ੍ਰਸ਼ਾਸਨ ਲੋਕਾਂ ਦੀ ਪੁਕਾਰ ਸੁਣਨ ਦੀ ਬਜਾਏ ਆਪਣੀ ਮੌਜ-ਮਸਤੀ ’ਚ ਰੁੱਝਾ ਹੋਇਆ ਹੈ। ਇਹ ਬਹੁਤ ਤਕਲੀਫ਼ ਦੇਹ ਗੱਲ ਹੈ ਕਿ ਪਾਣੀ, ਮਿੱਟੀ ਅਤੇ ਹਵਾ ਨੂੰ ਪ੍ਰਦੂਸ਼ਿਤ ਰਹਿਤ ਕਰਨ ਦਾ ਨਾਅਰਾ ਦੇ ਕੇ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਕੋਲ ਲੋਕਾਂ ਦਾ ਦੁਖ-ਦਰਦ ਸੁਣਨ ਲਈ ਸਮਾਂ ਹੀ ਨਹੀਂ ਹੈ।

ਨਸ਼ਾਖੋਰੀ ਆਪਣੇ ਸਿਖ਼ਰ ’ਤੇ ਪਹੁੰਚ ਚੁੱਕੀ ਹੈ। ਰੋਜ਼ਾਨਾ ਨਸ਼ੇ ਦੀ ਵਧੇਰੇ ਮਾਤਰਾ ਦੀ ਵਰਤੋਂ ਕਰ ਕੇ ਦਮ ਤੋੜਣ ਵਾਲੇ ਪੁਰਸ਼ਾਂ ਅਤੇ ਔਰਤਾਂ ਜਿਨ੍ਹਾਂ ’ਚ ਵਧੇਰੇ ਨੌਜਵਾਨ ਪੀੜ੍ਹੀ ਦੇ ਲੋਕ ਸ਼ਾਮਲ ਹਨ, ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਪੁਲਸ ਪ੍ਰਸ਼ਾਸਨ, ਅਧਿਕਾਰੀ ਅਤੇ ਪ੍ਰਸ਼ਾਸਕ ਵਰਗ ਝੂਠੇ ਸਰਕਾਰੀ ਦਾਅਵਿਆਂ ਨੂੰ ਦੁਹਰਾ ਰਿਹਾ ਹੈ। ਲੁੱਟਮਾਰ ਦਾ ਬਾਜ਼ਾਰ ਗਰਮ ਹੈ। ਅੱਜ ਗੈਂਗਸਟਰ ਸ਼ਰੇਆਮ ਲੋਕਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਮੰਗ ਰਹੇ ਹਨ। ਉਹ ਲੋਕਾਂ ਦਾ ਸਮਾਂ ਅਤੇ ਮਿਤੀ ਵੀ ਤੈਅ ਕਰ ਦਿੰਦੇ ਹਨ। ਕੁਝ ਸ਼ਰਾਰਤੀ ਅਨਸਰ ਪੰਜਾਬ ਅੰਦਰ ਖਾਲਿਸਤਾਨ ਦੀ ਮੰਗ ਦੇ ਨਾਅਰੇ ਲਾ ਰਹੇ ਹਨ। ਕੇਂਦਰ ਅਤੇ ਪੰਜਾਬ ਸਰਕਾਰ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਕੋਈ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਅਸਮਰਥ ਲੱਗ ਰਹੀ ਹੈ। ਆਮ ਲੋਕ ਡਰ ਕਾਰਨ ਚੁੱਪ ਰਹਿਣਾ ਹੀ ਠੀਕ ਸਮਝਦੇ ਹਨ।

ਰੁਜ਼ਗਾਰ ਨੂੰ ਲੱਭਣ ਲਈ ਵਿਦੇਸ਼ਾਂ ਵੱਲ ਜਾਣ ਵਾਲੇ ਲੋਕ ਆਈਲੈਟਸ ਦਾ ਇਮਤਿਹਾਨ ਦੇ ਰਹੇ ਹਨ। ਆਈਲੈਟਸ ਦਾ ਇਮਤਿਹਾਨ ਮੌਜੂਦਾ ਸਮੇਂ ’ਚ ਸਭ ਤੋਂ ਵੱਡੀ ਵਿੱਦਿਅਕ ਡਿਗਰੀ ਬਣ ਗਿਆ ਹੈ। ਕਾਲਜ ਅਤੇ ਯੂਨੀਵਰਸਿਟੀਆਂ ਵਿਦਿਆਰਥੀਆਂ ਦੀ ਉਡੀਕ ਕਰ ਰਹੀਆਂ ਹਨ ਪਰ ਪੜ੍ਹਨ ਵਾਲੇ ਨੌਜਵਾਨ ਮੁੰਡੇ-ਕੁੜੀਆਂ ਦੇਸ਼ ’ਚ ਪੜ੍ਹਨ ਦੀ ਥਾਂ ਹਵਾਈ ਜਹਾਜ਼ ’ਤੇ ਲਟਕ ਕੇ ਵੀ ਵਿਦੇਸ਼ ਜਾਣ ਦਾ ਮੰਨ ਬਣਾ ਚੁੱਕੇ ਹਨ।

ਠੱਗ ਟ੍ਰੈਵਲ ਏਜੰਟਾਂ ਦੀ ਲੁੱਟਮਾਰ ਜਾਰੀ ਹੈ। ਲੱਖਾਂ ਰੁਪਏ ਖ਼ਰਚ ਕਰ ਕੇ ਵਿਦੇਸ਼ ਜਾ ਕੇ ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਇਸ ਦੀ ਜਾਣਕਾਰੀ ਹਾਸਲ ਕਰਨ ਦਾ ਸਮਾਂ ਬਹੁਤ ਲੋਕਾਂ ਕੋਲ ਨਹੀਂ ਹੈ। ਉਨ੍ਹਾਂ ਕੋਲ ਅਜਿਹੀ ਇੱਛਾ ਸ਼ਕਤੀ ਵੀ ਨਹੀਂ ਹੈ। ਪੰਜਾਬ ’ਚ ਰਹਿਣ ਵਾਲੇ ਬੇਰੁਜ਼ਗਾਰ ਨੌਜਵਾਨ ਢਿੱਡ ਭਰਨ ਲਈ ਕਿਹੜਾ ਰਾਹ ਅਪਣਾਉਣਗੇ, ਇਸ ਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ। ਕਾਨੂੰਨੀ ਪ੍ਰਬੰਧਾਂ ’ਚ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਉਦਯੋਗਿਕ ਇਕਾਈਆਂ ਦੂਜੇ ਸੂਬਿਆਂ ਵੱਲ ਖਿਸਕ ਰਹੀਆਂ ਹਨ।

ਰਿਸ਼ਵਤਖੋਰੀ ਦਾ ਜਾਲ ਉੱਪਰ ਤੋਂ ਲੈ ਕੇ ਹੇਠਾਂ ਤੱਕ ਫੈਲ ਚੁੱਕਾ ਹੈ। ਪੰਜਾਬ ਅੰਦਰ ਮੁਹੱਲਾ ਕਲੀਨਿਕਾਂ ਦਾ ਖੂਬ ਢਿੰਡੋਰਾ ਪਿੱਟਿਆ ਜਾ ਰਿਹਾ ਹੈ। ਜਦੋਂ ਕਿ ਸਰਕਾਰੀ ਹਸਪਤਾਲਾਂ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਅਤੇ ਵਿਦੇਸ਼ਾਂ ’ਚ ਵਸੇ ਪੰਜਾਬੀਆਂ ਦੇ ਪੈਸਿਆਂ ਨਾਲ ਬਣੇ ਖ਼ੂਬਸੂਰਤ ਹਸਪਤਾਲ ਸਟਾਫ਼, ਦਵਾਈਆਂ ਅਤੇ ਸਾਜ਼ੋ-ਸਾਮਾਨ ਤੋਂ ਵਾਂਝੇ ਹਨ।

ਪੰਜਾਬ ’ਚ ਸਰਕਾਰੀ ਹਸਪਤਾਲਾਂ ’ਚ ਸਥਾਪਿਤ 5 ਟਰੋਮਾ ਸੈਂਟਰ ਤਰਸਯੋਗ ਹਾਲਤ ’ਚ ਨਜ਼ਰ ਆਉਂਦੇ ਹਨ। ਦਿੱਲੀ ਦੇ ਸਿਹਤ ਮਾਡਲ ਵਾਂਗ ਪੰਜਾਬ ’ਚ ਸਿਹਤ ਸਹੂਲਤਾਂ ਨੂੰ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਸ਼ਰਮਸਾਰ ਜ਼ਰੂਰ ਹੋਣੀ ਚਾਹੀਦੀ ਹੈ। ਸਰਕਾਰੀ ਸਕੂਲਾਂ ਦੇ ਬੰਦ ਹੋਣ ਕਾਰਨ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਬੇਲਗਾਮ ਫੀਸਾਂ ਅਤੇ ਹੋਰ ਸੰਬੰਧਤ ਖ਼ਰਚਿਆਂ ਕਾਰਨ ਆਮ ਆਦਮੀ ਦੇ ਬੱਚਿਆਂ ਲਈ ਉੱਚ ਸਿੱਖਿਆ ਹਾਸਲ ਕਰਨ ਦੀ ‘ਮ੍ਰਿਗਤ੍ਰਿਸ਼ਣਾ’ ਬਣੀ ਹੋਈ ਹੈ।

ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਪਰੋਕਤ ਦੱਸੇ ਗਏ ਸਭ ਦੁੱਖਾਂ ਦਾ ਇਲਾਜ ਕੀ ਹੈ? ਵੋਟ ਲੈਣ ਦੀ ਖਾਤਰ ਝੂਠੇ ਵਾਅਦਿਆਂ ਦੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ। ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦਾ ਮੋਹ ਛੱਡ ਕੇ ਨੌਕਰਸ਼ਾਹੀ ਨੂੰ ਕਾਨੂੰਨ ਦੇ ਘੇਰੇ ’ਚ ਰਹਿ ਕੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ। ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਦੂਜੀਆਂ ਸਰਕਾਰਾਂ ਵਾਂਗ ‘ਆਪ’ ਦੇ ਆਗੂ ਕਾਰਪੋਰੇਟ ਅਤੇ ਫਿਰਕੂ ਸਿਆਸਤ ਦੇ ਪੈਰੋਕਾਰ ਹਨ। ਸਰਕਾਰ ਦੇ ਹਰ ਕੰਮ ਪ੍ਰਤੀ ਜਾਗਰੂਕ ਲੋਕ ‘ਚੌਂਕੀਦਾਰ’ ਵਜੋਂ ਕੰਮ ਕਰ ਸਕਦੇ ਹਨ।

ਮੰਗਤ ਰਾਮ ਪਾਸਲਾ
 


author

Harnek Seechewal

Content Editor

Related News