ਪੋਲੀਓ ਦੇ ਜ਼ਖ਼ਮਾਂ ’ਤੇ ਪਾਕਿਸਤਾਨ ਦੀਅਾਂ ‘ਮਿਰਚਾਂ’

01/18/2019 7:21:18 AM

ਇਹ ਹੋਣੀ ਤਕਦੀਰ ਦੀ ਵੀ ਹੈ ਅਤੇ ਪਾਕਿਸਤਾਨ ਦੀ ਜ਼ਮੀਰ ਦੀ ਵੀ। ਨਤੀਜਾ ਇਹ ਹੈ ਕਿ ਲੋਕਾਂ ਨੂੰ ਜਨਮ ਵੇਲੇ ਤੋਂ ਮੁਸੀਬਤਾਂ ਸਹਿਣ ਕਰਨੀਅਾਂ ਪੈ ਰਹੀਅਾਂ ਹਨ ਅਤੇ ਜ਼ਿੰਦਗੀ ਦੇ ਹਰ ਪੜਾਅ ’ਤੇ ਨਵੇਂ ਖਤਰੇ ਵੀ ਝੱਲਣੇ ਪੈ ਰਹੇ ਹਨ। ਕਿਸੇ ਦਾ ਬਚਪਨ ਗੁਆਚ ਗਿਆ, ਕਿਸੇ ਲਈ ਜੁਆਨੀ ਗ਼ਮਾਂ ਦਾ ਪਹਿਰ ਬਣ ਗਈ ਅਤੇ ਕਿਸੇ ਲਈ ਬੁਢਾਪਾ ਵੀ ਠੇਡਿਅਾਂ ਭਰਿਆ ਹੋ ਗਿਆ। ਕੁਝ ਔਰਤਾਂ ਨੂੰ ਸੁਹਾਗ ਦੀ ਬਿੰਦੀ ਲਾਉਣੀ ਨਸੀਬ ਨਹੀਂ ਹੋਈ ਅਤੇ ਕਈਅਾਂ ਦੇ ਸੁਹਾਗ-ਚੂੜੇ ਨੂੰ ਚੰਦਰੀ ਨਜ਼ਰ ਲੱਗ ਗਈ। ਉਨ੍ਹਾਂ ਕੋਲ ਨਾ ਜੀਵਨ ਵਿਚ ਸੁੱਖ ਹੰਢਾਉਣ ਵਾਲੇ ਨਸੀਬ ਹਨ ਅਤੇ ਨਾ ਭੁੱਖ ਮਿਟਾਉਣ ਲਈ ਲੋੜੀਂਦੇ ਸਾਧਨ ਹਨ। ਬਸ ਸਹਿਮਿਆ-ਸਹਿਕਿਆ ਜੀਵਨ ਹੀ ਹੈ, ਜਿਹੜਾ ਕਤਰਾ-ਕਤਰਾ ਮੁੱਕ ਰਿਹਾ ਹੈ। 
ਇਹ ਦਾਸਤਾਨ ਹੈ ਸਾਂਬਾ ਜ਼ਿਲੇ ਦੇ ਅੱਧੀ ਦਰਜਨ ਦੇ ਕਰੀਬ ਸਰਹੱਦੀ ਪਿੰਡਾਂ ਦੀ, ਜਿੱਥੋਂ ਦੇ ਲੋਕਾਂ ਲਈ ਮੁਸੀਬਤਾਂ ਡਾਰਾਂ ਬੰਨ੍ਹ-ਬੰਨ੍ਹ ਕੇ ਆ ਰਹੀਅਾਂ ਹਨ। ਉਨ੍ਹਾਂ ਦੇ ਮੰਦੇ ਹਾਲ ਅਤੇ ਤਰਸਯੋਗ ਚਿਹਰੇ ਵੇਖਣ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਦੀ ਰਾਹਤ ਟੀਮ 491ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਉਪਰੋਕਤ ਪਿੰਡਾਂ ਵਿਚ ਸ਼ਾਮਲ ਚਚਵਾਲ ਪਹੁੰਚੀ ਸੀ। 
ਸਮੱਗਰੀ ਲੈਣ ਲਈ ਜੁੜੇ ਇਹ ਸਾਰੇ ਹੀ ਲੋਕ ਰੋਟੀ-ਸੰਕਟ ਦਾ ਸੇਕ ਹੰਢਾਉਣ ਵਾਲੇ ਪਰਿਵਾਰਾਂ ਨਾਲ ਸਬੰਧਤ ਸਨ ਪਰ ਕਈ ਅਜਿਹੇ ਵੀ ਸਨ, ਜਿਨ੍ਹਾਂ ਨੂੰ ਪੋਲੀਓ ਵਰਗੀ ਨਾਮੁਰਾਦ ਬੀਮਾਰੀ ਨੇ ਜਨਮ ਸਮੇਂ ਤੋਂ ਹੀ ਅਜਿਹੇ ਜ਼ਖ਼ਮ ਲਾ ਦਿੱਤੇ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਗੱਡੀ ਡਿੱਕ-ਡੋਲੇ ਖਾਂਦੀ ਹੀ ਚੱਲ ਰਹੀ ਹੈ। ਉਪਰੋਂ ਪਾਕਿਸਤਾਨ ਨੇ ਇਨ੍ਹਾਂ ਜ਼ਖ਼ਮਾਂ ’ਤੇ ‘ਮਿਰਚਾਂ’ ਛਿੜਕਣ ਵਿਚ ਕੋਈ ਕਸਰ ਨਹੀਂ ਛੱਡੀ। ਕੋਈ ਪਿੰਡ ਅਜਿਹਾ ਨਹੀਂ, ਜਿੱਥੋਂ ਦੇ ਲੋਕ ਇਨ੍ਹਾਂ ‘ਮਿਰਚਾਂ’ ਤੋਂ ਬਚ ਸਕੇ ਹੋਣ। 
ਪਾਕਿਸਤਾਨੀ ਸੈਨਿਕਾਂ ਵਲੋਂ ਜਦੋਂ ਵੀ ਇਨ੍ਹਾਂ ਪਿੰਡਾਂ ’ਤੇ ਗੋਲੀਅਾਂ ਦੀ ਵਾਛੜ ਕੀਤੀ ਜਾਂਦੀ ਹੈ ਤਾਂ ਪੋਲੀਓ-ਪੀੜਤਾਂ ਲਈ ਆਪਣੀਅਾਂ ਜਾਨਾਂ ਬਚਾਉਣੀਅਾਂ ਹੋਰ ਵੀ ਮੁਸ਼ਕਲ ਹੋ ਜਾਂਦੀਅਾਂ ਹਨ। ਜਿਹੜੇ ਆਮ ਲੋਕਾਂ ਵਾਂਗ ਤੁਰ-ਫਿਰ ਵੀ ਨਹੀਂ ਸਕਦੇ, ਉਹ ਭਲਾ ਗੋਲੀ  ਦੇ ਖ਼ਤਰੇ ਤੋਂ ਬਚਣ ਲਈ ਦੌੜ ਕਿਵੇਂ ਸਕਦੇ ਹਨ। 
ਕਿੱਥੇ ਨੇ ਸਰਕਾਰੀ ਨੀਤੀਅਾਂ ਤੇ ਮੁਹਿੰਮਾਂ
ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਕੋਲ ਕੋਈ ਅਜਿਹੀ ਨੀਤੀ ਜਾਂ ਮੁਹਿੰਮ ਨਹੀਂ, ਜਿਹੜੀ ਇਨ੍ਹਾਂ  ਲੋਕਾਂ ਦੇ ਕੰਮ ਆ ਸਕੀ ਹੋਵੇ। ਵਰਤਮਾਨ ਵਿਚ ਪਲਸ-ਪੋਲੀਓ ਮੁਹਿੰਮ ’ਤੇ ਹਰ ਸਾਲ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਪਰ ਉਹ ਮੁਹਿੰਮਾਂ-ਸਕੀਮਾਂ ਇਸ ਸਰਹੱਦੀ ਪੱਟੀ ਤਕ ਕਿਉਂ ਨਹੀਂ ਪਹੁੰਚਦੀਅਾਂ? ਜੇ ਪਹੁੰਚਦੀਅਾਂ ਹੁੰਦੀਅਾਂ ਤਾਂ ਉਕਤ ਪਿੰਡਾਂ ਦੇ ਬੱਚੇ ਇਸ ਕਹਿਰ ਤੋਂ ਬਚ ਜਾਂਦੇ। 
ਮਾਸੂਮ ਚਿਹਰੇ ਅਤੇ ਤੋਤਲੀਅਾਂ ਆਵਾਜ਼ਾਂ ਖਿਡੌਣਿਅਾਂ ਨਾਲ ਖੇਡਣ ਦੀ ਉਮਰ ’ਚ ਅੰਗਾਂ ’ਤੇ ਪੱਟੀਅਾਂ ਬੰਨ੍ਹ ਕੇ ਦੂਜਿਅਾਂ ਦੇ ਸਹਾਰੇ ਦਾ ਮੁਥਾਜ ਬਣ ਗਈਅਾਂ ਹਨ। ਉਨ੍ਹਾਂ ਦੀਅਾਂ ਕਿਲਕਾਰੀਅਾਂ  ਪੋਲੀਓ ਦੇ ਦੁੱਖ ਅਤੇ ਪਾਕਿਸਤਾਨੀ ਸੈਨਿਕਾਂ ਦੀਅਾਂ ਗੋਲੀਅਾਂ ਦੀਅਾਂ ਆਵਾਜ਼ਾਂ ਵਿਚ ਗੁਆਚ ਕੇ ਰਹਿ ਗਈਅਾਂ ਹਨ। ਦਵਾ-ਦਾਰੂ ਅਤੇ ਸਹਾਇਤਾ ਵਾਲੇ ਹੱਥ ਨਾ ਇਨ੍ਹਾਂ ਨੰਨ੍ਹਿਅਾਂ ਤਕ ਪੁੱਜੇ ਅਤੇ ਨਾ ਉਨ੍ਹਾਂ ਤਕ, ਜਿਨ੍ਹਾਂ ਨੇ ਅੱਧੀ ਤੋਂ ਵਧੇਰੇ  ਉਮਰ ਬੈਸਾਖੀਅਾਂ ਦੇ ਸਹਾਰੇ ਗੁਜ਼ਾਰ ਲਈ ਜਾਂ ਫਿਰ ਉਹ ਦੂਜਿਅਾਂ ’ਤੇ ਨਿਰਭਰ ਹੋ ਕੇ ਰਹਿ ਗਏ। ਬੀਮਾਰੀ ਜਾਂ ਕਿਸੇ ਹੋਰ ਦੁੱਖ-ਸੁੱਖ ਵੇਲੇ ਤਾਂ ਇਨ੍ਹਾਂ ਦਾ ਸੰਕਟ ਹੋਰ ਡੂੰਘਾ ਹੋ ਜਾਂਦਾ ਹੈ। 
ਸਹੂਲਤਾਂ ਦਾ ਪਰਛਾਵਾਂ ਵੀ ਨਹੀਂ
ਸਰਹੱਦੀ ਪਿੰਡਾਂ ਲਈ ਸਹੂਲਤਾਂ ਤਾਂ ਕੀ ਪੁੱਜਣੀਅਾਂ ਹਨ, ਉਨ੍ਹਾਂ ਦਾ ਪਰਛਾਵਾਂ ਵੀ ਨਹੀਂ ਪੁੱਜਦਾ। ਚਚਵਾਲ ਪਿੰਡ ਦੇ ਖਸਤਾ ਹਾਲ ਸਕੂਲ ਦੀ ਤਸਵੀਰ ਹੀ ‘ਸਰਕਾਰੀ ਸਹੂਲਤਾਂ’ ਦਾ ਨੰਗਾ ਪਿੰਡਾ ਬਿਆਨ ਕਰ ਦਿੰਦੀ ਹੈ। ਮੱਧ-ਯੁੱਗ ਵੇਲੇ ਵਰਗੇ ਕਮਰੇ, ਮੈਦਾਨ ’ਚ ਘਾਹ, ਬੂਟੇ ਉੱਗੇ ਹੋਏ ਹਨ, ਜਿਨ੍ਹਾਂ ’ਚ ਗਾਲ੍ਹੜ ਪਟਵਾਰੀ ਬਣੇ ਫਿਰਦੇ ਹਨ। 
ਪਿੰਡਾਂ ਤਕ ਸਿਹਤ ਸਹੂਲਤਾਂ ਦਾ ਸਹੀ ਅਰਥਾਂ ’ਚ ਵਿਸਤਾਰ ਨਹੀਂ ਹੋ ਸਕਿਆ। ਦਿਨ ਵੇਲੇ ਤਾਂ ਕਿਸੇ ਮਰੀਜ਼ ਨੂੰ ਔਖੇ-ਸੌਖੇ ਕਿਸੇ ਹਸਪਤਾਲ ਤਕ ਲੋਕ ਖ਼ੁਦ ਹੀ ਲੈ ਜਾਂਦੇ ਹਨ ਪਰ ਰਾਤ ਨੂੰ ਤਾਂ ਰੱਬ-ਰਾਖਾ ਹੈ। ਇਨ੍ਹਾਂ ਪਿੰਡਾਂ ’ਚ ਤਾਂ ‘ਨੀਮ-ਹਕੀਮ’ ਵੀ ਗੇੜਾ ਮਾਰਨ ਤੋਂ ਡਰਦੇ  ਹਨ। ਸਰਕਾਰੀ ਡਾਕਟਰ, ਅਧਿਆਪਕ ਅਤੇ ਹੋਰ ਮੁਲਾਜ਼ਮ ਇਨ੍ਹਾਂ ਖੇਤਰਾਂ ’ਚ ਡਿਊਟੀ ਕਰਨ ਤੋਂ ਪ੍ਰਹੇਜ਼ ਹੀ ਕਰਦੇ ਹਨ।
ਪਿੰਡਾਂ ’ਚ ਆਉਣ-ਜਾਣ ਲਈ ਸੜਕਾਂ ਦਾ ਯੋਗ ਪ੍ਰਬੰਧ ਨਹੀਂ। ਕਿਤੇ ਕੋਈ ਮਾੜੀ-ਮੋਟੀ ਸੜਕ ਹੈ, ਜਿਸ ’ਤੇ ਲੁੱਕ ਤੋਂ ਰੰਡੀ ਬੱਜਰੀ ਸੱਜੇ-ਖੱਬੇ ਭਟਕਦੀ ਫਿਰਦੀ ਹੈ, ਬਾਕੀ ਜਗ੍ਹਾ ਤਾਂ ਕੱਚਿਅਾਂ ਰਾਹਾਂ ’ਤੇ ਧੂੜ ਅਤੇ ਘੱਟੇ ਦੀ ਤਾਨਾਸ਼ਾਹੀ ਹੈ। ਇਨ੍ਹਾਂ ਰਾਹਾਂ ਦੇ ਆਸ-ਪਾਸ ਉੱਚੇ ਸਰਕੰਡੇ ਹਨ, ਜਿਨ੍ਹਾਂ ਦੀ ਸਾਫ-ਸਫਾਈ ਲਈ ਨਾ ਸਰਕਾਰ ਕੋਲ ਫੁਰਸਤ ਹੈ ਅਤੇ ਨਾ ਵਿਚਾਰੇ ਲੋਕਾਂ ਦੀ ਸਮਰੱਥਾ ਹੈ। 
ਮਾਡਲ ਗ੍ਰਾਮ, ਪਬਲਿਕ ਸਕੂਲ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਬਿਜਲੀ ਦੀ ਰੈਗੂਲਰ ਸਪਲਾਈ, ਸੰਚਾਰ ਦੀਅਾਂ ਸਹੂਲਤਾਂ ਆਦਿ ਦੇ ਤਾਂ ਸੁਪਨੇ ਵੀ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਨਹੀਂ ਆਉਂਦੇ। ਸੁਪਨੇ ਕਿਵੇਂ  ਆਉਣ, ਉਨ੍ਹਾਂ ਵਿਚਾਰਿਅਾਂ ਨੂੰ ਤਾਂ ਰਾਤਾਂ ਨੂੰ ਠੀਕ ਤਰ੍ਹਾਂ ਨੀਂਦ ਵੀ ਨਹੀਂ ਆਉਂਦੀ।
ਭਾਈਚਾਰਕ ਸਾਂਝ ਅਤੇ ਦੇਸ਼ ਭਗਤੀ
ਇਕ ਗੱਲ ਇਨ੍ਹਾਂ ਪਿੰਡਾਂ ਦੀ ਖਾਸ ਕਰ ਕੇ ਜ਼ਿਕਰਯੋਗ ਹੈ ਕਿ ਉਥੇ ਆਪਸੀ ਰਿਸ਼ਤੇ ਅਤੇ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ। ਔਖੀ ਘੜੀ ’ਚ ਬਾਹਰੀ ਲੋਕ ਤਾਂ ਇਨ੍ਹਾਂ ਤਕ ਪਹੁੰਚਦੇ ਹੀ ਨਹੀਂ, ਇਹ ਖ਼ੁਦ ਇਕ-ਦੂਜੇ ਦਾ ਦੁੱਖ-ਦਰਦ ਜ਼ਰੂਰ ਵੰਡਾਉਂਦੇ ਹਨ। ਪਿੰਡ ’ਚ ਕਿਸੇ ਨੂੰ ਕੰਡਾ ਵੀ ਚੁੱਭ ਜਾਵੇ ਤਾਂ ਸਭ ਉਸ ਦਾ ਹਾਲ ਜਾਣਨ ਲਈ ਪਹੁੰਚ ਜਾਂਦੇ ਹਨ। ਖੁਸ਼ੀ-ਗ਼ਮੀ ਜਾਂ ਵਿਆਹ-ਸ਼ਾਦੀ ਵਿਚ ਇਕ-ਦੂਜੇ ਦੇ ਕੰਮ ਆਉਣਾ ਇਨ੍ਹਾਂ ਦਾ ਸੁਭਾਅ ਹੈ। 
ਪਿੰਡ ਦੇ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਹਰ ਤਰ੍ਹਾਂ ਦਾ ਸੰਕਟ ਅਤੇ ਪਾਕਿਸਤਾਨੀ ਗੋਲੀਬਾਰੀ ਸਹਿਣ ਵਾਲੇ ਇਹ ਲੋਕ ਪੱਕੇ ਦੇਸ਼-ਭਗਤ ਹਨ। ਪਾਕਿਸਤਾਨ ਦੀਅਾਂ ਘਟੀਆ ਹਰਕਤਾਂ ਦੇ ਬਾਵਜੂਦ ਇਹ ਆਪਣੇ ਘਰਾਂ ’ਚ ਡਟੇ ਰਹਿੰਦੇ ਹਨ ਅਤੇ ਆਪਣੇ ਨਿੱਕੇ-ਮੋਟੇ ਕੰਮ-ਧੰਦੇ ਚਲਾ ਕੇ ਜ਼ਿੰਦਗੀ ਦਾ ਤੋਰਾ ਤੋਰਨ ਦੀ ਕੋਸ਼ਿਸ਼ ਕਰਦੇ ਹਨ। 
ਉਨ੍ਹਾਂ ਦੱਸਿਆ ਕਿ ਪਾਣੀ ਦੀ ਘਾਟ ਕਾਰਨ ਇਨ੍ਹਾਂ ਇਲਾਕਿਅਾਂ ’ਚ ਖੇਤੀਬਾੜੀ ਦਾ ਕਿੱਤਾ ਵੀ ਲਾਹੇਵੰਦਾ ਨਹੀਂ ਹੈ। ਨੌਜਵਾਨ ਪੀੜ੍ਹੀ ਦੀ ਖੇਤੀਬਾੜੀ ’ਚ ਕੋਈ ਦਿਲਚਸਪੀ ਹੀ ਨਹੀਂ। ਉਹ ਕੰਮ ਦੀ ਤਲਾਸ਼ ਵਿਚ ਦੂਜੇ ਸੂਬਿਅਾਂ ਜਾਂ ਸ਼ਹਿਰ ਵੱਲ ਚਲੇ ਜਾਂਦੇ ਹਨ। 
ਸਰਪੰਚ ਨੇ ਕਿਹਾ ਕਿ ਸਰਕਾਰ ਨੂੰ ਸਰਹੱਦੀ ਖੇਤਰਾਂ ’ਚ ਵੱਸਦੇ ਲੋਕਾਂ ਦੀ ਭਲਾਈ ਲਈ ਅਤੇ ਇਲਾਕੇ ਦੇ ਵਿਕਾਸ ਲਈ ਨਿੱਗਰ ਕਦਮ ਚੁੱਕਣੇ ਚਾਹੀਦੇ ਹਨ। ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਿਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। 
 


Related News