ਭਾਜਪਾ ਦੇ ਸਾਹਮਣੇ ਬੌਣੀਆਂ ਸਿੱਧ ਹੁੰਦੀਆਂ ਹੋਰ ਪਾਰਟੀਆਂ

07/23/2022 6:59:48 PM

ਰਾਸ਼ਟਰਪਤੀ ਲਈ ਦ੍ਰੌਪਦੀ ਮੁਰਮੂ ਦੀ ਚੋਣ ਨੇ ਸਿੱਧ ਕਰ ਦਿੱਤਾ ਹੈ ਕਿ ਭਾਰਤ ਦੀਆਂ ਵਿਰੋਧੀ ਪਾਰਟੀਆਂ ਭਾਜਪਾ ਨੂੰ ਟੱਕਰ ਦੇਣ ’ਚ ਅੱਜ ਵੀ ਅਸਮਰੱਥ ਹਨ ਅਤੇ 2024 ਦੀਆਂ ਚੋਣਾਂ ’ਚ ਵੀ ਭਾਜਪਾ ਦੇ ਸਾਹਮਣੇ ਉਹ ਬੌਣੀਆਂ ਸਿੱਧ ਹੋਣਗੀਆਂ। ਹੁਣ ਉਪ-ਰਾਸ਼ਟਰਪਤੀ ਦੀ ਚੋਣ ’ਚ ਤ੍ਰਿਣਮੂਲ ਕਾਂਗਰਸ ਨੇ ਵਿਰੋਧੀ ਧਿਰ ਦੀ ਉਮੀਦਵਾਰ ਮਾਰਗਰੇਟ ਅਲਵਾ ਦੇ ਸਮਰਥਨ ਤੋਂ ਨਾਂਹ ਕਰ ਦਿੱਤੀ ਹੈ ਭਾਵ ਵਿਰੋਧੀ ਧਿਰ ਦੀ ਉਮੀਦਵਾਰ ਉਪ-ਰਾਸ਼ਟਰਪਤੀ ਦੀ ਚੋਣ ’ਚ ਵੀ ਬੁਰੀ ਤਰ੍ਹਾਂ ਹਾਰੇਗੀ। ਅਲਵਾ ਕਾਂਗਰਸੀ ਹਨ। ਤ੍ਰਿਣਮੂਲ ਕਾਂਗਰਸ ਨੂੰ ਕਾਂਗਰਸ ਨਾਲ ਬੜੀ ਖਿਝ ਹੈ, ਹਾਲਾਂਕਿ ਉਸ ਦੀ ਨੇਤਾ ਮਮਤਾ ਬੈਨਰਜੀ ਖੁਦ ਕਾਂਗਰਸੀ ਨੇਤਾ ਰਹੀ ਹੈ ਅਤੇ ਆਪਣੀ ਪਾਰਟੀ ਦੇ ਨਾਂ ’ਚ ਉਨ੍ਹਾਂ ਨੇ ਕਾਂਗਰਸ ਦਾ ਨਾਂ ਵੀ ਜੋੜ ਕੇ ਰੱਖਿਆ ਹੈ। ਮਮਤਾ ਬੈਨਰਜੀ ਨੇ ਰਾਸ਼ਟਰਪਤੀ ਦੇ ਲਈ ਯਸ਼ਵੰਤ ਸਿਨ੍ਹਾ ਦਾ ਵੀ ਡਟ ਕੇ ਸਮਰਥਨ ਨਹੀਂ ਕੀਤਾ, ਹਾਲਾਂਕਿ ਸਿਨ੍ਹਾ ਉਨ੍ਹਾਂ ਦੀ ਹੀ ਪਾਰਟੀ ਦੇ ਮੈਂਬਰ ਸਨ। ਹੁਣ ਪਤਾ ਲੱਗਾ ਹੈ ਕਿ ਮਮਤਾ ਬੈਨਰਜੀ ਦ੍ਰੌਪਦੀ ਮੁਰਮੂ ਦੀ ਟੱਕਰ ’ਚ ਓਡਿਸ਼ਾ ਦੀ ਹੀ ਇਕ ਆਦਿਵਾਸੀ ਨੇਤਾ ਤੁਲਸੀ ਮੁੰਡਾ ਨੂੰ ਖੜ੍ਹਾ ਕਰਨਾ ਚਾਹੁੰਦੀ ਸੀ।ਮਮਤਾ ਨੇ ਯਸ਼ਵੰਤ ਸਿਨ੍ਹਾ ਨੂੰ ਆਪਣੇ ਪ੍ਰਚਾਰ ਲਈ ਪੱਛਮੀ ਬੰਗਾਲ ਆਉਣ ਲਈ ਵੀ ਨਹੀਂ ਕਿਹਾ। ਇਸ ਦਾ ਨਤੀਜਾ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਕੁਝ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਭਾਜਪਾ ਦੀ ਉਮੀਦਵਾਰ ਮੁਰਮੂ ਨੂੰ ਆਪਣੀ ਵੋਟ ਦਿੱਤੀ। ਇਸ ਤੋਂ ਇਹੀ ਪ੍ਰਗਟ ਹੁੰਦਾ ਹੈ ਕਿ ਵੱਖ-ਵੱਖ ਵਿਰੋਧੀ ਪਾਰਟੀਆਂ ਦੀ ਏਕਤਾ ਤਾਂ ਖਟਾਈ ’ਚ ਪਈ ਹੀ ਹੋਈ ਹੈ, ਇਨ੍ਹਾਂ ਪਾਰਟੀਆਂ ਦੇ ਅੰਦਰ ਵੀ ਅਸੰਤੁਸ਼ਟ ਤੱਤਾਂ ਦੀ ਭਰਮਾਰ ਹੈ।

ਇਸੇ ਦਾ ਸਬੂਤ ਇਹ ਤੱਥ ਹੈ ਕਿ ਮੁਰਮੂ ਦੇ ਪੱਖ ’ਚ ਕਈ ਪਾਰਟੀਆਂ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਆਪਣੀ ਵੋਟ ਪਾਈ। ਕੁਝ ਗੈਰ-ਭਾਜਪਾ ਪਾਰਟੀਆਂ ਨੇ ਵੀ ਮੁਰਮੂ ਦਾ ਸਮਰਥਨ ਕੀਤਾ। ਇਸੇ ਦਾ ਨਤੀਜਾ ਹੈ ਕਿ ਜਿਸ ਭਾਜਪਾ ਦੀ ਉਮੀਦਵਾਰ ਮੁਰਮੂ ਨੂੰ 49 ਫੀਸਦੀ ਵੋਟਾਂ ਪੱਕੀਆਂ ਸਨ, ਉਨ੍ਹਾਂ ਨੂੰ ਲਗਭਗ 65 ਫੀਸਦੀ ਵੋਟਾਂ ਮਿਲ ਗਈਆਂ। ਦ੍ਰੌਪਦੀ ਮੁਰਮੂ ਦੀ ਚੋਣ ਨੇ ਇਹ ਸਿੱਧ ਕਰ ਦਿੱਤਾ ਕਿ ਭਾਰਤ ਦੀਆਂ ਵਿਰੋਧੀ ਪਾਰਟੀਆਂ ਕੋਲ ਨਾ ਤਾਂ ਕੋਈ ਅਜਿਹਾ ਨੇਤਾ ਹੈ ਅਤੇ ਨਾ ਹੀ ਅਜਿਹੀ ਕੋਈ ਨੀਤੀ ਹੈ ਜੋ ਸਾਰਿਆਂ ਨੂੰ ਇਕ ਸੂਤਰ ’ਚ ਬੰਨ੍ਹ ਸਕੇ। ਦੇਸ਼ ’ਚ ਪਿਛਲੇ ਦਿਨੀਂ 2-3 ਵੱਡੇ ਅੰਦੋਲਨ ਚੱਲੇ ਪਰ ਸਾਰੀਆਂ ਵਿਰੋਧੀ ਪਾਰਟੀਆਂ ਇਧਰ-ਓਧਰ ਦੇਖਦੀਆਂ ਰਹੀਆਂ। ਉਨ੍ਹਾਂ ਦੀ ਭੂਮਿਕਾ ਨਿਗੂਣੀ ਰਹੀ। ਉਹ ਸੰਸਦ ਦੀਆਂ ਸਰਗਰਮੀਆਂ ਜ਼ਰੂਰ ਠੱਪ ਕਰ ਸਕਦੇ ਹਨ ਅਤੇ ਆਪਣੇ ਨੇਤਾਵਾਂ ਲਈ ਲੋਕ-ਪ੍ਰਦਰਸ਼ਨ ਵੀ ਆਯੋਜਿਤ ਕਰ ਸਕਦੇ ਹਨ ਪਰ ਦੇਸ਼ ਦੇ ਆਮ ਨਾਗਰਿਕਾਂ ’ਤੇ ਉਨ੍ਹਾਂ ਦੀਆਂ ਸਰਗਰਮੀਆਂ ਦਾ ਅਸਰ ਉਲਟਾ ਹੀ ਹੁੰਦਾ ਹੈ। ਇਹ ਠੀਕ ਹੈ ਕਿ ਜੇਕਰ ਉਹ ਰਾਸ਼ਟਰਪਤੀ ਲਈ ਕਿਸੇ ਪ੍ਰਮੁੱਖ ਵਿਰੋਧੀ ਨੇਤਾ ਨੂੰ ਤਿਆਰ ਕਰ ਲੈਂਦੇ ਤਾਂ ਉਹ ਵੀ ਹਾਰ ਜਾਂਦਾ ਪਰ ਵਿਰੋਧੀ ਧਿਰ ਦੀ ਏਕਤਾ ਨੂੰ ਉਹ ਮਜ਼ਬੂਤ ਬਣਾ ਸਕਦਾ ਸੀ ਪਰ ਭਾਜਪਾ ਦੇ ਸਾਬਕਾ ਨੇਤਾ ਯਸ਼ਵੰਤ ਸਿਨ੍ਹਾ ਨੂੰ ਆਪਣਾ ਉਮੀਦਵਾਰ ਬਣਾ ਕੇ ਵਿਰੋਧੀ ਧਿਰ ਨੇ ਇਹ ਸੰਦੇਸ਼ ਦਿੱਤਾ ਕਿ ਉਸ ਕੋਲ ਯੋਗ ਨੇਤਾਵਾਂ ਦੀ ਘਾਟ ਹੈ। ਮਾਰਗਰੇਟ ਅਲਵਾ ਵੀ ਵਿਰੋਧੀ ਧਿਰ ਦੀ ਮਜਬੂਰੀ ਦਾ ਪ੍ਰਤੀਕ ਜਾਪਦੀ ਹੈ। ਸੋਨੀਆ ਗਾਂਧੀ ਦੀ ਤਿੱਖੀ ਆਲੋਚਕ ਰਹੀ 80 ਸਾਲਾ ਅਲਵਾ ਨੂੰ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧਿਰ ਨੇ ਅੱਗੇ ਕਰ ਕੇ ਆਪਣੇ ਆਪ ਨੂੰ ਪਿੱਛੇ ਕਰ ਲਿਆ ਹੈ। ਅਜਿਹਾ ਜਾਪਦਾ ਹੈ ਕਿ ਉਪ-ਰਾਸ਼ਟਰਪਤੀ ਲਈ ਜਗਦੀਪ ਧਨਖੜ ਦੇ ਪੱਖ ’ਚ ਫੀਸਦੀ ਦੇ ਹਿਸਾਬ ਨਾਲ ਰਾਸ਼ਟਰਪਤੀ ਨੂੰ ਮਿਲੀਆਂ ਵੋਟਾਂ ਤੋਂ ਵੀ ਵੱਧ ਵੋਟਾਂ ਪੈਣਗੀਆਂ ਭਾਵ ਵਿਰੋਧੀ ਧਿਰ ਦੀ ਦੁਰਦਸ਼ਾ ਹੁਣ ਹੋਰ ਵੀ ਵੱਧ ਖਤਰਨਾਕ ਹੋਵੇਗੀ।

ਡਾ. ਵੇਦਪ੍ਰਤਾਪ ਵੈਦਿਕ


Anuradha

Content Editor

Related News