ਵਿਰੋਧੀ ਧਿਰ ਕੋਲ ਮੋਦੀ ਦਾ ਮੁਕਾਬਲਾ ਕਰਨ ਲਈ ਕੋਈ ਮਜ਼ਬੂਤ ਨੇਤਾ ਨਹੀਂ

03/29/2017 7:37:10 AM

ਜਿਵੇਂ-ਜਿਵੇਂ ਪੂਰੇ ਦੇਸ਼ ਵਿਚ ਭਾਜਪਾ ਆਪਣੇ ਪੈਰ ਪਸਾਰ ਰਹੀ ਹੈ, ਸੈਕੁਲਰ ਪਾਰਟੀਆਂ ਅਤੇ ਦੱਖਣਪੰਥੀ ਭਾਜਪਾ ਵਿਚਾਲੇ ਧਰੁਵੀਕਰਨ ਵਧਣਾ ਤੈਅ ਹੈ। ਸੱਤ ਦਹਾਕਿਆਂ ਤੋਂ ਦੇਸ਼ ''ਚ ''ਕੇਂਦਰ ਤੋਂ ਖੱਬੇ ਪਾਸੇ'' ਵਾਲੀ ਜੋ ਕਾਂਗਰਸ ਦੀ ਨੀਤੀ ਚੱਲਦੀ ਰਹੀ ਹੈ, ਉਹ ਦੱਖਣਪੰਥੀ ਸਿਆਸਤ ਦੇ ਉਭਾਰ ਕਾਰਨ ਹੁਣ ਬਦਲ ਰਹੀ ਹੈ। ਯੂ. ਪੀ. ਦੇ ਨਵੇਂ ਮੁੱਖ ਮੰਤਰੀ ਵਜੋਂ ਯੋਗੀ ਆਦਿੱਤਿਆਨਾਥ ਦੇ ਸਾਹਮਣੇ ਆਉਣ ਨਾਲ ਇਹ ਰੁਝਾਨ ਸਪੱਸ਼ਟ ਹੋ ਗਿਆ ਹੈ ਪਰ ਭਾਜਪਾ ਤੇ ਸੰਘ ਦੇ ਪਿਟਾਰੇ ''ਚ ਅਜੇ ਪਤਾ ਨਹੀਂ ਹੋਰ ਕਿੰਨੇ ''ਆਦਿੱਤਿਆਨਾਥ'' ਲੁਕੇ ਹੋਏ ਹਨ। 
ਹੁਣੇ-ਹੁਣੇ 5 ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਗੱਲ ਦਾ ਸੰਕੇਤ ਹਨ ਕਿ ਉੱਤਰ ਪੂਰਬੀ ਯੂ. ਪੀ. ਅਤੇ ਉੱਤਰਾਖੰਡ ਦੇ ਨਾਲ-ਨਾਲ ਹੋਰਨਾਂ ਇਲਾਕਿਆਂ ਵਿਚ ਵੀ ਭਾਜਪਾ ਦੀ ਤਾਕਤ ਵਧ ਰਹੀ ਹੈ। ਕਰਨਾਟਕ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਰਗੇ ਉਨ੍ਹਾਂ ਸੂਬਿਆਂ ਸਮੇਤ, ਜਿਥੇ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਹਨ, ਭਾਜਪਾ ਹੋਰਨਾਂ ਸੂਬਿਆਂ ਵਿਚ ਵੀ ਜਿੱਤ ਦੀਆਂ ਸੰਭਾਵਨਾਵਾਂ ਲੱਭ ਰਹੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਉਦਾਰਪੰਥੀ ਇਕ ਤੋਂ ਬਾਅਦ ਇਕ ਹਾਰ ਦਾ ਮੂੰਹ ਕਿਉਂ ਦੇਖ ਰਹੇ ਹਨ। 
ਇਸ ਗੱਲ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਭਾਜਪਾ ਕੋਲ ਨਰਿੰਦਰ ਮੋਦੀ ਵਰਗਾ ਕ੍ਰਿਸ਼ਮਈ ਨੇਤਾ ਹੈ, ਜਿਹੜਾ ਬਿਹਾਰ ਤੇ ਦਿੱਲੀ ਦੀਆਂ ਚੋਣਾਂ ਨੂੰ ਛੱਡ ਕੇ 2014 ਦੀਆਂ ਲੋਕ ਸਭਾ ਚੋਣਾਂ ਤੇ ਉਸ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ''ਚ ਵੋਟਰਾਂ ਨੂੰ ਆਕਰਸ਼ਿਤ ਕਰਨ ''ਚ ਸਫਲ ਰਿਹਾ ਹੈ। ਬੇਸ਼ੱਕ ਮੋਦੀ ਦੀਆਂ ਢੇਰ ਸਾਰੀਆਂ ਯੋਜਨਾਵਾਂ ਅਜੇ ''ਕੰਮ ਚਾਲੂ ਹੈ'' ਵਾਲੀ ਸਥਿਤੀ ਵਿਚ ਹਨ, ਤਾਂ ਵੀ ਲੋਕਾਂ ''ਤੇ ਮੋਦੀ ਦਾ ਜਾਦੂ ਬਰਕਰਾਰ ਹੈ। ਸੰਘ ਦੀ ਪ੍ਰਯੋਗਸ਼ਾਲਾ ''ਚੋਂ ਤਿਆਰ ਹੋ ਕੇ ਨਿਕਲੇ ਮੋਦੀ ਹਿੰਦੂ ਰਾਸ਼ਟਰਵਾਦ ਦੇ ਅਤੀਤ, ਭਵਿੱਖ ਤੇ ਵਰਤਮਾਨ ਦਾ ਪ੍ਰਤੀਕ ਹਨ। ਬੇਸ਼ੱਕ ਉਹ ਵਿਕਾਸ ਦੀਆਂ ਗੱਲਾਂ ਕਰਕੇ ਸੱਤਾ ''ਚ ਆਏ ਹਨ ਤਾਂ ਵੀ ਉਨ੍ਹਾਂ ਦਾ ਹਿੰਦੂਵਾਦ ਦਾ ਏਜੰਡਾ ਸਾਹਮਣੇ ਆ ਚੁੱਕਾ ਹੈ। 
ਸੋਚਣ ਵਾਲਾ ਇਕ ਹੋਰ ਬਿੰਦੂ ਇਹ ਹੈ ਕਿ ਭਾਰਤ ਦੱਖਣਪੰਥੀਆਂ ਵੱਲ ਕਿਉਂ ਮੁੜਦਾ ਜਾ ਰਿਹਾ ਹੈ? ਇਸ ਦੇ ਵੱਖ-ਵੱਖ ਕਾਰਨ ਹਨ। ਸਭ ਤੋਂ ਪਹਿਲਾ ਕਾਰਨ ਤਾਂ ਇਹ ਹੈ ਕਿ ਕਾਂਗਰਸ ਸਮੇਤ ਸੈਕੁਲਰ ਪਾਰਟੀਆਂ ਵੋਟਰਾਂ ਦੇ ਬਦਲਦੇ ਰੁਝਾਨ ਮੁਤਾਬਿਕ ਖ਼ੁਦ ਨੂੰ ਬਦਲਣ ਵਿਚ ਨਾਕਾਮ ਰਹੀਆਂ ਹਨ ਤੇ ਵੋਟਰਾਂ ਨਾਲ ਉਨ੍ਹਾਂ ਦਾ ਕੋਈ ਸਿੱਧਾ ਸੰਪਰਕ ਨਹੀਂ ਰਿਹਾ। 1984 ਵਿਚ ਜਿਸ ਭਾਜਪਾ ਕੋਲ ਲੋਕ ਸਭਾ ਦੀਆਂ ਸਿਰਫ 2 ਸੀਟਾਂ ਸਨ, ਹੁਣ ਉਸ ਨੇ ਕੁਲਹਿੰਦ ਪਾਰਟੀ ਵਜੋਂ ਦਰਜਾ ਹਾਸਿਲ ਕਰ ਲਿਆ ਹੈ ਤੇ ਕਾਂਗਰਸ ਨੂੰ ਹਾਸ਼ੀਏ ''ਤੇ ਧੱਕ ਦਿੱਤਾ ਹੈ। 
ਭਾਜਪਾ ਨੇ 1998 ਤੋਂ ਲੈ ਕੇ 2004 ਤਕ ਸਿਰਫ 6 ਸਾਲ ਦੇਸ਼ ''ਤੇ ਰਾਜ ਕੀਤਾ ਸੀ ਪਰ ਉਸ ਤੋਂ ਬਾਅਦ ਦੀਆਂ ਚੋਣਾਂ ਵਿਚ ਇਹ ਵਾਪਸੀ ਨਹੀਂ ਕਰ ਸਕੀ ਤੇ 10 ਸਾਲਾਂ ਵਿਚ ਇਕ ਵਾਰ ਫਿਰ ਸੱਤਾ ਦੀ ਕਮਾਨ ਕਾਂਗਰਸ ਦੀ ਅਗਵਾਈ ਵਾਲੇ ਯੂ. ਪੀ. ਏ. ਦੇ ਹੱਥਾਂ ਵਿਚ ਆ ਗਈ। ਯੂ. ਪੀ. ਏ. ਦੇ ਭਾਈਵਾਲਾਂ ਦਾ ਗਣਿਤ ਵੀ ਉਸ ਦੇ ਲਈ ਫਾਇਦੇਮੰਦ ਸਿੱਧ ਹੋਇਆ ਤੇ ਲੋਕਾਂ ਦਾ ਭਾਜਪਾ ਤੋਂ ਮੋਹ ਭੰਗ ਹੋ ਚੁੱਕਾ ਸੀ। 
ਸਿਰਫ 2014 ਵਿਚ ਜਾ ਕੇ ਭਾਜਪਾ ਮੋਦੀ ਦੀ ਅਗਵਾਈ ਹੇਠ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ। ਹੁਣ ਭਾਜਪਾ ਗੱਠਜੋੜ ਸਹਿਯੋਗੀਆਂ ਨਾਲ ਜਾਂ ਇਕੱਲਿਆਂ ਦੇਸ਼ ਦੇ 17 ਸੂਬਿਆਂ ''ਚ ਸਰਕਾਰ ਚਲਾ ਰਹੀ ਹੈ, ਜਦਕਿ ਕਾਂਗਰਸ ਸਿਰਫ 4 ਸੂਬਿਆਂ ਵਿਚ ਸੱਤਾ ''ਚ ਹੈ ਅਤੇ ਖੱਬੇਪੱਖੀ 2 ਸੂਬਿਆਂ ਵਿਚ। 
ਭਾਜਪਾ ਦੇ ਉੱਭਰਨ ਦਾ ਦੂਜਾ ਪਹਿਲੂ ਇਹ ਹੈ ਕਿ ਦੇਸ਼ ਵਿਚ ਸੈਕੁਲਰ ਪਾਰਟੀਆਂ ਲਈ ਜਗ੍ਹਾ ਘਟਦੀ ਜਾ ਰਹੀ ਹੈ। ਭਾਜਪਾ ਸਿਰਫ ਕਾਂਗਰਸ, ਖੱਬੇਪੱਖੀਆਂ ਅਤੇ ਹੋਰ ਸੈਕੁਲਰ ਪਾਰਟੀਆਂ ਦੀ ਕੀਮਤ ''ਤੇ ਅੱਗੇ ਵਧ ਰਹੀ ਹੈ। ਕੀ ਇਸ ਦਾ ਮਤਲਬ ਇਹ ਹੈ ਕਿ ਵੋਟਰਾਂ ਦਾ ਸੈਕੁਲਰ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਉਹ ਭਾਜਪਾ ਤੇ ਉਸ ਦੇ ਸਿਧਾਂਤਾਂ ਨੂੰ ਤਰਜੀਹ ਦਿੰਦੇ ਹਨ? ਜਾਂ ਫਿਰ ਅਜਿਹਾ ਇਸ ਲਈ ਹੋ ਰਿਹਾ ਹੈ ਕਿ ਭਾਜਪਾ ਤੀਜੇ ਮੋਰਚੇ ਜਾਂ ਕਾਂਗਰਸ ਦੇ ਬਦਲ ਵਜੋਂ ਉੱਭਰ ਚੁੱਕੀ ਹੈ? ਇਸ ਦਾ ਫੈਸਲਾ ਵਕਤ ਹੀ ਸੁਣਾਏਗਾ। 
ਤੀਜਾ ਪਹਿਲੂ ਇਹ ਹੈ ਕਿ ਕਾਂਗਰਸ ''ਚ ਲੀਡਰਸ਼ਿਪ ਦੀ ਘਾਟ ਦੇ ਨਾਲ-ਨਾਲ ਭਾਜਪਾ ਦੇ ਉਭਾਰ ਦਾ ਮੁਕਾਬਲਾ ਕਰਨ ਲਈ ਰਣਨੀਤੀ ਅਤੇ ਧਨ ਬਲ ਦੀ ਘਾਟ ਹੈ। ਆਨੇ-ਬਹਾਨੇ ਆਪਣਾ ਸਿਰ ਚੁੱਕਣ ਵਾਲੇ ਤੀਜੇ ਮੋਰਚੇ ਦੀ ਕਲਪਨਾ ਕਰਨ ਵਾਲਿਆਂ ਕੋਲ ਵੀ ਦੱਖਣਪੰਥੀ ਪਾਰਟੀਆਂ ਦਾ ਮੁਕਾਬਲਾ ਕਰਨ ਲਈ ਕੋਈ ਮਜ਼ਬੂਤ ਨੇਤਾ ਨਹੀਂ ਹੈ। ਜਦੋਂ ਤਕ ਭਾਜਪਾ ਵਿਰੁੱਧ ਲੜਨ ਲਈ ਇਕਜੁੱਟ ਵਿਰੋਧੀ ਧਿਰ ਹੋਂਦ ''ਚ ਨਹੀਂ ਆਉਂਦੀ, ਉਦੋਂ ਤਕ ਭਾਜਪਾ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। 
ਚੌਥਾ ਪਹਿਲੂ ਇਹ ਹੈ ਕਿ ਦੱਖਣਪੰਥ ਦੀ ਦਿਸ਼ਾ ਵਿਚ ਮੋੜ ਕੱਟਣ ਦਾ ਰੁਝਾਨ ਇਕ ਸੰਸਾਰਕ ਘਟਨਾ ਬਣਦਾ ਜਾ ਰਿਹਾ ਹੈ, ਜਿਵੇਂ ਕਿ ਅਮਰੀਕਾ, ਯੂ. ਕੇ. ਅਤੇ ਯੂਰਪ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੋ ਰਿਹਾ ਹੈ। ਭਾਰਤ ਸਿਰਫ ਇਨ੍ਹਾਂ ਹੀ ਦੇਸ਼ਾਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। ਫਰਾਂਸ, ਨੀਦਰਲੈਂਡਸ ਅਤੇ ਹੋਰਨਾਂ ਦੇਸ਼ਾਂ ਦੀਆਂ ਦੱਖਣਪੰਥੀ ਪਾਰਟੀਆਂ ਨੇ ਵੀ ਆਪੋ-ਆਪਣੇ ਦੇਸ਼ਾਂ ਵਿਚ ਬ੍ਰਿਟੇਨ ਦੇ ''ਬ੍ਰੈਗਜ਼ਿਟ'' ਦੀ ਤਰਜ਼ ''ਤੇ ਯੂਰਪੀ ਯੂਨੀਅਨ ਦੀ ਮੈਂਬਰੀ ਛੱਡਣ ਦੇ ਮੁੱਦੇ ''ਤੇ ਲੋਕਾਂ ਨੂੰ ਸੱਦਾ ਦਿੱਤਾ ਹੈ। 
ਸਲੋਵਾਕੀਆ, ਐਸਤੋਨੀਆ, ਬੁਲਗਾਰੀਆ ਤੇ ਪੋਲੈਂਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਆਪਣੇ ਦੇਸ਼ ਵਿਚ ਸਿਰਫ ਈਸਾਈ ਧਰਮ ਦੇ ਲੋਕਾਂ ਨੂੰ ਹੀ ਪਨਾਹ ਦੇਣਗੇ, ਹੋਰ ਕਿਸੇ ਨੂੰ ਨਹੀਂ। ਇਸ ਵਰ੍ਹੇ ਡੋਨਾਲਡ ਟਰੰਪ ਦਾ ਅਮਰੀਕਾ ਵਿਚ ਰਾਸ਼ਟਰਪਤੀ ਬਣਨਾ ਤੇ ਇੰਗਲੈਂਡ ਦੇ ਯੂਰਪੀਅਨ ਯੂਨੀਅਨ ''ਚੋਂ ਬਾਹਰ ਨਿਕਲਣ ਦੇ ਪੱਖ ''ਚ ਹੋਈ ਵੋਟਿੰਗ ਨੂੰ ਇਸੇ ਰੁਝਾਨ ਦੇ ਸਬੂਤ ਵਜੋਂ ਦੇਖਿਆ ਜਾ ਸਕਦਾ ਹੈ। ਇਹ ਰੁਝਾਨ ਸਿਰਫ ਜਾਰੀ ਹੀ ਨਹੀਂ ਹੈ, ਸਗੋਂ ਭਾਰਤ ਤਕ ਵੀ ਪਹੁੰਚ ਸਕਦਾ ਹੈ। 
ਪੰਜਵਾਂ ਪਹਿਲੂ ਇਹ ਹੈ ਕਿ ਦੱਖਣੀ ਏਸ਼ੀਆ ਅੱਤਵਾਦ ਅਤੇ ਜੇਹਾਦ ਦਾ ਵਧਦਾ ਪ੍ਰਭਾਵ ਭਾਜਪਾ ਦੇ ਉੱਭਰਨ ਦੀ ਇਕ ਹੋਰ ਵਜ੍ਹਾ ਬਣ ਗਿਆ ਹੈ ਕਿਉਂਕਿ ਭਾਜਪਾ ਇਸ ਨੂੰ ਖਤਮ ਕਰਨ ਲਈ ਸੰਕਲਪਬੱਧ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ੀਆਂ ਦੀ ਘੁਸਪੈਠ ਭਾਰਤ ਵਿਚ ਵਧਦੀ ਜਾ ਰਹੀ ਹੈ, ਜਿਨ੍ਹਾਂ ਕਾਰਨ ਭਾਰਤ ਦੇ ਸਰਹੱਦੀ ਸੂਬੇ ਆਸਾਮ ਤੇ ਉੱਤਰ ਪੂਰਬ ਦੇ ਹੋਰਨਾਂ ਸੂਬਿਆਂ ਵਿਚ ਆਬਾਦੀ ਅਨੁਪਾਤ ਬਦਲ ਰਿਹਾ ਹੈ।  
ਛੇਵਾਂ ਪਹਿਲੂ ਇਹ ਹੈ ਕਿ ਭਾਜਪਾ ਸੋਸ਼ਲ ਮੀਡੀਆ ''ਤੇ ਨੌਜਵਾਨ ਵਰਗ ਦੇ ਕਾਫੀ ਨੇੜੇ ਹੈ। ਇਹ ਵਰਗ ਦੇਸ਼ ਦੀ ਕੁਲ ਆਬਾਦੀ ਵਿਚ 65 ਫੀਸਦੀ ਦੀ ਹਿੱਸੇਦਾਰੀ ਰੱਖਦਾ ਹੈ ਤੇ ਮੋਦੀ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ, ਉਨ੍ਹਾਂ ਦਾ ਵਿਕਾਸ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ, ਜਦਕਿ ਵਿਰੋਧੀ ਧਿਰ ਅਜੇ ਤਕ ਕਥਿਤ ਸੈਕੁਲਰਵਾਦ ਬਨਾਮ ਹਿੰਦੂ ਮੂਲਵਾਦ ਦੀ ਹੀ ਲਕੀਰ ਕੁੱਟ ਰਹੀ ਹੈ।  ਜੇਕਰ ਵਿਰੋਧੀ ਪਾਰਟੀਆਂ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਇਹ ਮੁਹਾਵਰਾ ਬਦਲਣਾ ਪਵੇਗਾ। 
ਸੱਤਵਾਂ ਪਹਿਲੂ ਇਹ ਹੈ ਕਿ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਸਿੱਧੇ, ਅਸਿੱਧੇ ਤੌਰ ''ਤੇ ਹਿੰਦੂ ਭਾਵਨਾਵਾਂ ਦਾ ਲਾਹਾ ਲੈਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ  ਦਿੰਦੀ। ਉਹ ਘੱਟਗਿਣਤੀਆਂ ਦੇ ਵਿਸਤਾਰ ਬਾਰੇ ਬਹੁਗਿਣਤੀ ਭਾਈਚਾਰੇ ਦੇ ਖਦਸ਼ਿਆਂ ਤੋਂ ਬੜੀ ਸਫਲਤਾ ਨਾਲ ਲਾਭ ਉਠਾ ਰਹੇ ਹਨ। ਇਹ ਮੋਦੀ ਦਾ ਯੁੱਗ ਹੈ ਤੇ ਇਸ ਵਿਚ ਹਿੰਦੂਵਾਦ ਪੂਰੇ ਉਭਾਰ ''ਤੇ ਹੈ। 
ਯੂ. ਪੀ. ਦੀਆਂ ਹੁਣੇ-ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਜੇਕਰ ਭਾਜਪਾ ਦੀ ਜਿੱਤ ਨੂੰ ਸਬੂਤ ਮੰਨਿਆ ਜਾਵੇ ਤਾਂ ਇਹ ਹਿੰਦੂ ਏਕਤਾ ਨੂੰ ਮਜ਼ਬੂਤ ਬਣਾਉਣ ਵਿਚ ਸਫਲ ਰਹੀ ਹੈ। ਇਸ ਸਫਲਤਾ ਦੀ ਵਿਆਖਿਆ ਮੋਦੀ ਨੇ ਗਰੀਬ ਸਮਰਥਕ ਮੁਹਾਵਰੇ ਵਜੋਂ ਕੀਤੀ ਹੈ। ਉਨ੍ਹਾਂ ਨੇ ਇੰਦਰਾ ਗਾਂਧੀ ਦਾ ''ਰੋਟੀ, ਕੱਪੜਾ ਔਰ ਮਕਾਨ'' ਵਾਲਾ ਮੁਹਾਵਰਾ ਉਧਾਰ ਲੈਂਦਿਆਂ ਆਪਣੀਆਂ ਸਾਰੀਆਂ ਨਵੀਆਂ ਯੋਜਨਾਵਾਂ ਵਿਚ ਇਨ੍ਹਾਂ ਦਾ ਵਾਅਦਾ ਕੀਤਾ ਹੈ। ਭਾਜਪਾ ਦੀ ਮਜ਼ਬੂਤ ਸੰਚਾਰ ਰਣਨੀਤੀ ਕਾਰਨ ਮੋਦੀ ਦਾ ਇਹ ਅੰਦਾਜ਼ ਗਰੀਬਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ। 
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਮੋਦੀ ਜਦੋਂ ਤਕ ਭਾਜਪਾ ਨੂੰ ਅੱਗੇ ਵਧਾਉਂਦਿਆਂ ਵੱਧ ਤੋਂ ਵੱਧ ਭੂਗੋਲਿਕ ਖੇਤਰ ਵਿਚ ਪੈਰ ਪਸਾਰਦੇ ਜਾਣਗੇ, ਉਦੋਂ ਤਕ ਸਫਲਤਾ ਮੋਦੀ ਦੇ ਕਦਮ ਚੁੰਮਦੀ ਰਹੇਗੀ। ਭਾਰਤੀ ਵੋਟਰ ਹੋਰ ਜ਼ਿਆਦਾ ਵਿਕਾਸ ਚਾਹੁੰਦੇ ਹਨ ਤੇ ਉਹ ਕਿਸੇ ਅਜਿਹੇ ਵਿਅਕਤੀ ''ਤੇ ਦਾਅ ਲਾਉਣ ਲਈ ਤਿਆਰ ਹਨ, ਜਿਹੜਾ ਉਨ੍ਹਾਂ ਨੂੰ ਕੁਝ ਕਰਕੇ ਦਿਖਾਉਣ ਦੇ ਯੋਗ ਲੱਗਦਾ ਹੈ। 
ਉਦਾਰਵਾਦੀ ਬੇਸ਼ੱਕ ਕਿੰਨਾ ਵੀ ਰੌਲਾ ਕਿਉਂ ਨਾ ਪਾਉਣ ਤੇ ਇਹ ਕਹਿਣ ਕਿ ਦੇਸ਼ ਦਾ ਦੱਖਣਪੰਥੀਆਂ ਵੱਲ ਝੁਕਣਾ ਖਤਰਨਾਕ ਰੁਝਾਨ ਹੈ, ਤਾਂ ਵੀ ਇਸ ਸਮੇਂ ਤਬਦੀਲੀ ਦੀ ਚਾਬੀ ਮੋਦੀ ਦੇ ਹੱਥਾਂ ''ਚ ਹੀ ਹੈ। ਜਿਸ ਤਰ੍ਹਾਂ ਮੋਦੀ ਨੇ ਜਾਤ ਅਤੇ ਮਜ਼੍ਹਬ ਨੂੰ ਆਪਣੇ ਪੱਖ ਵਿਚ ਇਸਤੇਮਾਲ ਕੀਤਾ ਹੈ,  ਉਸੇ ਤਰ੍ਹਾਂ ਦਾ ਕੋਈ ਅਚੂਕ ਨੁਸਖ਼ਾ ਉਦਾਰਵਾਦੀਆਂ ਨੂੰ ਵੀ ਅਪਣਾਉਣਾ ਪਵੇਗਾ ਪਰ ਉਹ ਅਜਿਹਾ ਤਾਂ ਹੀ ਕਰ ਸਕਣਗੇ, ਜੇ ਉਨ੍ਹਾਂ ਕੋਲ ਮੋਦੀ ਦੇ ਮੁਕਾਬਲੇ ਦਾ ਕੋਈ ਮਜ਼ਬੂਤ ਨੇਤਾ ਹੋਵੇਗਾ। ਉਹ ਜਦੋਂ ਤਕ ਅਜਿਹਾ ਨਹੀਂ ਕਰਦੇ, ਉਦੋਂ ਤਕ ਦੇਸ਼ ਦੱਖਣਪੰਥੀਆਂ ਵੱਲ ਝੁਕਦਾ/ਵਧਦਾ ਹੀ ਰਹੇਗਾ।  


Related News