ਤੇਲ ਕੰਪਨੀਅਾਂ ਖਪਤਕਾਰਾਂ ਨੂੰ ਅਜੇ ‘ਰਾਹਤ’ ਦੇਣ ਦੇ ਮੂਡ ’ਚ ਨਹੀਂ

Saturday, Nov 24, 2018 - 07:19 AM (IST)

ਪੈਟਰੋਲ ਤੇ ਡੀਜ਼ਲ ਦੀਅਾਂ ਕੀਮਤਾਂ ’ਚ ਵਰਤਮਾਨ ਦੇ ਮੁਕਾਬਲੇ ਕ੍ਰਮਵਾਰ 4 ਅਤੇ 2 ਰੁਪਏ ਪ੍ਰਤੀ ਲੀਟਰ ਦੀ ਕਮੀ ਹੋ ਸਕਦੀ ਹੈ, ਜੇ ਤੇਲ ਮਾਰਕੀਟਿੰਗ ਕੰਪਨੀਅਾਂ (ਏ. ਐੱਮ. ਸੀਜ਼) ਆਪਣੇ ਮੁਨਾਫੇ ਨੂੰ ਸਾਲਾਨਾ ਔਸਤਨ ਪੱਧਰਾਂ ’ਤੇ ਰੱਖਣ।  
ਬੀਤੀ 3 ਅਕਤੂਬਰ ਨੂੰ ਸਿਖਰ ’ਤੇ ਪਹੁੰਚਣ ਤੋਂ ਬਾਅਦ ਬ੍ਰੈਂਟ ਕਰੂਡ ਆਇਲ ਦੀਅਾਂ ਕੀਮਤਾਂ ’ਚ 23 ਫੀਸਦੀ ਦੀ ਭਾਰੀ ਗਿਰਾਵਟ ਆਈ ਪਰ ਅਜਿਹਾ ਲੱਗਦਾ ਹੈ ਕਿ ਭਾਰਤ ’ਚ ਤੇਲ ਕੰਪਨੀਅਾਂ ਆਪਣੇ ਮੁਨਾਫੇ ਨੂੰ ਅਜੇ ਵੀ ਖਪਤਕਾਰਾਂ ਤਕ ਪਹੁੰਚਾਉਣ ਦੇ ਮੂਡ ’ਚ ਨਹੀਂ ਹਨ। 
ਅੰਕੜਿਅਾਂ ਮੁਤਾਬਿਕ ਭਾਰਤ ਦੀਅਾਂ ਜਨਤਕ ਖੇਤਰ ਦੀਅਾਂ ਪ੍ਰਮੁੱਖ ਤੇਲ ਕੰਪਨੀਅਾਂ ਰਿਕਾਰਡ ਮੁਨਾਫਾ ਕਮਾ ਰਹੀਅਾਂ ਹਨ–ਪੈਟਰੋਲ ’ਤੇ ਲੱਗਭਗ 6 ਰੁਪਏ ਅਤੇ ਡੀਜ਼ਲ ’ਤੇ ਲੱਗਭਗ 4.80 ਰੁਪਏ ਪ੍ਰਤੀ ਲੀਟਰ। ਤੇਲ ਕੰਪਨੀਅਾਂ ਵਲੋਂ ਪੈਟਰੋਲ ਤੇ ਡੀਜ਼ਲ ’ਤੇ ਪਿਛਲੇ ਸਾਲ ਔਸਤਨ 2.60 ਰੁਪਏ ਅਤੇ 2.80 ਰੁਪਏ ਮੁਨਾਫਾ ਕਮਾਇਆ ਗਿਆ।
ਬਾਜ਼ਾਰ ਸਮੀਖਿਅਕ ਪੈਟਰੋਲ ਦੀ ਮਾਰਕੀਟਿੰਗ ’ਚ ਮੁਨਾਫਾ 5.40-5.90 ਰੁਪਏ ਪ੍ਰਤੀ ਲੀਟਰ ਦਰਮਿਆਨ ਰੱਖਦੇ ਹਨ, ਜਦਕਿ ਡੀਜ਼ਲ ’ਤੇ 4.30-4.50 ਰੁਪਏ ਪ੍ਰਤੀ ਲੀਟਰ। ਮਾਰਕੀਟਿੰਗ ਅਤੇ ਆਵਾਜਾਈ ਦੀਅਾਂ ਲਾਗਤਾਂ ਨੂੰ ਘਟਾ ਕੇ ਸ਼ੁੱਧ ਮੁਨਾਫੇ ਬਾਰੇ ਅੰਕੜੇ ਮੁਹੱਈਆ ਨਹੀਂ ਹਨ। 
ਕੱਚੇ ਤੇਲ ਦੀਅਾਂ ਕੀਮਤਾਂ ’ਚ ਗਿਰਾਵਟ 
ਕੱਚੇ ਤੇਲ ਦੀਅਾਂ  ਕੀਮਤਾਂ ’ਚ ਜਦੋਂ 23 ਫੀਸਦੀ ਦੀ ਗਿਰਾਵਟ ਆਈ, ਉਦੋਂ ਪੈਟਰੋਲ ਦੀਅਾਂ ਰੀਟੇਲ ਕੀਮਤਾਂ ’ਚ ਸਿਰਫ 9 ਫੀਸਦੀ ਕਮੀ ਕੀਤੀ ਗਈ ਸੀ ਤੇ 20 ਨਵੰਬਰ ਨੂੰ ਦਿੱਲੀ ’ਚ ਪੈਟਰੋਲ ਦੀ ਕੀਮਤ 84 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 76.38 ਰੁਪਏ ਪ੍ਰਤੀ ਲੀਟਰ ਕੀਤੀ ਗਈ ਸੀ, ਜਦਕਿ ਡੀਜ਼ਲ ਦੀ ਕੀਮਤ ’ਚ 5.5 ਫੀਸਦੀ ਦੀ ਕਮੀ ਨਾਲ ਇਸ ਦੀ ਕੀਮਤ 75.45 ਰੁਪਏ ਤੋਂ ਘਟਾ ਕੇ 71.27 ਰੁਪਏ ਪ੍ਰਤੀ ਲੀਟਰ ਕੀਤੀ ਗਈ। ਇਹ ਅੰਕੜੇ ਦਰਸਾਉਂਦੇ ਹਨ ਕਿ ਕੱਚੇ ਤੇਲ ਦੀਅਾਂ ਕੀਮਤਾਂ ’ਚ ਆਈ ਗਿਰਾਵਟ ਦਾ ਲਾਭ ਖਪਤਕਾਰਾਂ ਤਕ ਨਹੀਂ ਪਹੁੰਚਾਇਆ ਗਿਆ। 
ਇਹ ਵੱਡੇ ਮੁਨਾਫੇ ਇਸ ਤੱਥ ਦੇ ਬਾਵਜੂਦ ਕਮਾਏ ਗਏ ਕਿ ਜਨਤਕ ਖੇਤਰ ਦੀਅਾਂ ਤਿੰਨਾਂ ਤੇਲ ਕੰਪਨੀਅਾਂ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਪਾਰ ਹੋਣ ਤੋਂ ਬਾਅਦ ਵਿੱਤ ਮੰਤਰਾਲੇ ਤੋਂ ਮਿਲੀਅਾਂ ਹਦਾਇਤਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ 1 ਰੁਪਏ ਪ੍ਰਤੀ ਲੀਟਰ  ਦੀ ਅੈਡਜਸਟਮੈਂਟ ਕੀਤੀ।
 ਇਸ ਅੈਡਜਸਟਮੈਂਟ, ਜੋ ਤੇਲ ਕੰਪਨੀਅਾਂ ਦੇ ਮੁਨਾਫੇ ’ਤੇ ਇਕ ਚੋਟ ਸੀ, ਨਾਲ ਮੌਜੂਦਾ ਮਾਲੀ ਵਰ੍ਹੇ ’ਚ ਤੇਲ ਕੰਪਨੀਅਾਂ ਨੂੰ 45 ਅਰਬ ਰੁਪਏ ਸਾਲਾਨਾ ਘਾਟਾ ਹੋਣ ਦਾ ਖਦਸ਼ਾ ਸੀ। ਮਾਹਿਰਾਂ ਅਨੁਸਾਰ ਰਿਕਾਰਡ ਮੁਨਾਫੇ ਹੁਣ ਉਸੇ ਘਾਟੇ ਦੀ ਪੂਰਤੀ ਕਰਨਗੇ। 
ਇਕ ਇੰਡਸਟਰੀ ਸਮੀਖਿਅਕ ਅਨੁਸਾਰ ਹੋ ਸਕਦਾ ਹੈ ਕੰਪਨੀਅਾਂ 1 ਰੁਪਏ ਦਾ ਨੁਕਸਾਨ ਉਠਾ ਰਹੀਅਾਂ ਹੋਣ। ਇਸ ਤੋਂ ਇਲਾਵਾ ਉਹ ਆਉਣ ਵਾਲੀਅਾਂ ਚੋਣਾਂ ਦੇ ਮੱਦੇਨਜ਼ਰ ਆਪਣੇ ਲਈ ਇਕ ਸਹਿਜ ਸਥਿਤੀ ਵੀ ਬਣਾ ਰਹੀਅਾਂ ਹੋਣਗੀਅਾਂ ਕਿਉਂਕਿ ਪਿਛਲੀ ਵਾਰ ਵਾਂਗ ਹੁਣ ਉਹ ਕੀਮਤਾਂ ਨਹੀਂ ਵਧਾ ਸਕਣਗੀਅਾਂ। ਇੰਡਸਟਰੀ ਸਮੀਖਿਅਕ ਦਾ ਇਹ ਵੀ ਕਹਿਣਾ ਹੈ ਕਿ ਉੱਚ ਮੁਨਾਫੇ ਤੇਲ ਕੰਪਨੀਅਾਂ ਦੀ ਸਿਹਤ ’ਚ ਸੁਧਾਰ ਲਿਆਉਣਗੇ, ਕੁਝ ਹੱਦ ਤਕ ਉਨ੍ਹਾਂ ਦੀਅਾਂ ਬੈਲੇਂਸ ਸ਼ੀਟਾਂ ਨੂੰ ਬਣਾਈ ਰੱਖਣਗੇ ਅਤੇ ਉਨ੍ਹਾਂ ਦੇ ਸਰਕਾਰ ਲਈ ਲਾਭਅੰਸ਼ ’ਚ ਵਾਧਾ ਕਰਨਗੇ। 
ਇਕ ਓ. ਐੱਮ.ਸੀ. ਅਧਿਕਾਰੀ ਨੇ ਮੌਜੂਦਾ ਮਾਰਕੀਟਿੰਗ ਮੁਨਾਫਿਅਾਂ ਦਾ ਖੁਲਾਸਾ ਨਾ ਕਰਦਿਅਾਂ ਕਿਹਾ ਕਿ ਤੇਲ ਕੰਪਨੀਅਾਂ ਅਜੇ ਵੀ ਕੀਮਤਾਂ ’ਤੇ 1 ਰੁਪਏ ਦਾ ਘਾਟਾ ਉਠਾ ਰਹੀਅਾਂ ਹਨ। ਉਨ੍ਹਾਂ ਕਿਹਾ ਕਿ ਕਈ ਅਦ੍ਰਿਸ਼ ਕਾਰਕ ਮਾਰਕੀਟਿੰਗ ਮੁਨਾਫਿਅਾਂ ਨੂੰ ਪ੍ਰਭਾਵਿਤ ਕਰਦੇ ਹਨ। 
ਸੀ. ਐਂਡ ਐੱਫ. ਕੀਮਤ
ਕਿਸੇ ਵਿਸ਼ੇਸ਼ ਪੈਟਰੋਲੀਅਮ ਉਤਪਾਦ ਦੀ ਲਾਗਤ ਅਤੇ ਢੁਆਈ ਦੀ ਕੀਮਤ (ਸੀ. ਐਂਡ ਐੱਫ.)ਲਈ ਪੈਟਰੋਲ ਤੇ ਡੀਜ਼ਲ ਦੀਅਾਂ ਰਿਟੇਲ ਕੀਮਤਾਂ ਇਕ ਮਾਪਦੰਡ ਹਨ। ਪੈਟਰੋਲ ਅਤੇ ਡੀਜ਼ਲ ਲਈ ਸੀ. ਐਂਡ ਐੱਫ. ਕੀਮਤ (ਡਾਲਰ ’ਚ) ਵੱਖਰੀ ਹੈ। 19 ਨਵੰਬਰ ਨੂੰ ਪੈਟਰੋਲ ਲਈ ਸੀ. ਐਂਡ ਐੱਫ. ਕੀਮਤ 71.2 ਡਾਲਰ ਪ੍ਰਤੀ ਬੈਰਲ ਸੀ, ਜੋ 32.5 ਰੁਪਏ ਪ੍ਰਤੀ ਲੀਟਰ ਬਣਦੀ ਹੈ।
ਉਸੇ ਦਿਨ ਓ. ਐੱਮ. ਸੀਜ਼ (ਜਿਨ੍ਹਾਂ ਦੀ ਨੁਮਾਇੰਦਗੀ ਆਈ. ਓ. ਸੀ. ਐੱਲ. ਨੇ ਕੀਤੀ), ਨੇ ਰਿਟੇਲ ਆਊਟਲੈੱਟਸ ਤੋਂ ਪ੍ਰਤੀ ਲੀਟਰ 38.60 ਰੁਪਏ ਵਸੂਲੇ। ਇਹ ਫਰਕ ਕੁਲ ਮਾਰਕੀਟਿੰਗ ਮੁਨਾਫੇ ਨੂੰ ਦਰਸਾਉਂਦੇ ਹਨ, ਜੋ ਤੇਲ ਕੰਪਨੀਅਾਂ ਨੇ ਪੈਟਰੋਲ ’ਤੇ 6.10 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਕਮਾਇਆ।
 ਦਿੱਲੀ ’ਚ ਕਸਟਮ ਡਿਊਟੀ, ਸੂਬੇ ਦੇ ਟੈਕਸ ਅਤੇ ਡੀਲਰ ਦਾ ਸੇਲ ਕਮੀਸ਼ਨ ਮਿਲਾ ਕੇ ਪੈਟਰੋਲ ਪ੍ਰਤੀ ਲੀਟਰ 76.50 ਰੁਪਏ ਬਣਦਾ ਹੈ, ਜੋ ਮੁਨਾਫੇ ਨੂੰ ਖਪਤਕਾਰ ਮੁੱਲ ਦਾ 8 ਫੀਸਦੀ ਬਣਾਉਂਦਾ ਹੈ।ਡੀਜ਼ਲ ਦੇ ਮਾਮਲੇ ’ਚ 19 ਨਵੰਬਰ ਨੂੰ ਸੀ. ਐਂਡ ਐੱਫ. ਕੀਮਤ 87.1 ਡਾਲਰ ਪ੍ਰਤੀ ਬੈਰਲ ਸੀ, ਜੋ 39.70 ਰੁਪਏ ਪ੍ਰਤੀ ਲੀਟਰ ਬਣਦੀ ਹੈ। ਤੇਲ ਕੰਪਨੀਅਾਂ ਨੇ ਡੀਲਰਾਂ ਨੂੰ ਡੀਜ਼ਲ 44.50 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ, ਜਿਸ ਨਾਲ ਉਨ੍ਹਾਂ ਦਾ ਮਾਰਕੀਟਿੰਗ ਮੁਨਾਫਾ ਲੱਗਭਗ 4.80 ਰੁਪਏ ਪ੍ਰਤੀ ਲੀਟਰ ਹੋ ਗਿਆ।
1 ਅਕਤੂਬਰ ਨੂੰ ਪੈਟਰੋਲ ਦੀ ਸੀ. ਐਂਡ ਐੱਫ. ਕੀਮਤ 89.29 ਡਾਲਰ ਪ੍ਰਤੀ ਬੈਰਲ ਤੇ ਡੀਜ਼ਲ ਦੀ ਕੀਮਤ 94.75 ਡਾਲਰ ਪ੍ਰਤੀ ਬੈਰਲ ਸੀ। ਇਸ ਦੇ ਸਿਖਰ ’ਤੇ ਪਹੁੰਚਣ ਤੋਂ ਬਾਅਦ ਕੇਂਦਰ ਸਰਕਾਰ ਨੇ ਕਸਟਮ ਡਿਊਟੀ ’ਚ ਡੇਢ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰ ਦਿੱਤੀ, ਜਦਕਿ ਜ਼ਿਆਦਾਤਰ ਸੂਬਾ ਸਰਕਾਰਾਂ ਨੇ ਆਪਣੇ ਟੈਕਸਾਂ ’ਚ 2.5 ਰੁਪਏ ਪ੍ਰਤੀ  ਲੀਟਰ ਦੀ ਕਟੌਤੀ ਕੀਤੀ ਤੇ ਤੇਲ ਕੰਪਨੀਅਾਂ ਨੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਆਪਣੇ ਵਲੋਂ 1 ਰੁਪਏ ਪ੍ਰਤੀ ਲੀਟਰ ਦੀ ਅੈਡਜਸਟਮੈਂਟ ਕਰ ਦਿੱਤੀ।              (ਬੀ. ਐੱਸ.)


Related News