ਨਿਤੀਸ਼ ਕੁਮਾਰ ਦੀਆਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦਾ ਕੀ ਹੋਇਆ

Saturday, Aug 11, 2018 - 07:02 AM (IST)

ਨਿਤੀਸ਼ ਕੁਮਾਰ ਦੀਆਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦਾ ਕੀ ਹੋਇਆ

ਕਈ ਸਾਲਾਂ ਤਕ ਦੇਸ਼ ਦੇ ਸੰਭਾਵੀ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤੇ ਜਾਂਦੇ ਰਹੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਹੁਣ ਸੂਬੇ ਦੇ ਪ੍ਰਸ਼ਾਸਨ ਵਿਚ ਹਾਲਤ ਤਰਸਯੋਗ ਬਣ ਗਈ ਦਿਖਾਈ ਦਿੰਦੀ ਹੈ। 
ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨਾਲ ਮਿਲ ਕੇ ਆਪਣੀ ਆਜ਼ਾਦ ਪਛਾਣ ਨੂੰ ਖਰਾਬ ਕਰ ਲਿਆ। ਕੀ ਇਸ ਨਾਲ ਅੱਗੇ ਚੱਲ ਕੇ ਉਨ੍ਹਾਂ ਦੇ ਕੌਮੀ ਸਿਆਸਤ ਵਿਚ ਇਕ ਅਹਿਮ ਹਸਤੀ ਵਜੋਂ ਉੱਭਰਨ ਵਿਚ ਉਨ੍ਹਾਂ ਨੂੰ ਮਦਦ ਮਿਲੇਗੀ? ਇਸ ਨੂੰ ਲੈ ਕੇ ਸ਼ੱਕ ਹੈ। ਨਿਤੀਸ਼ ਕੁਮਾਰ ਦਾ ਅਕਸ ਪਹਿਲਾਂ ਹੀ ਮੁਜ਼ੱਫਰਪੁਰ ਵਿਚ ਸਥਿਤ ਸਰਕਾਰੀ ਸਹਾਇਤਾ ਪ੍ਰਾਪਤ ਇਕ ਸ਼ੈਲਟਰ ਹੋਮ ਵਿਚ 34 ਨਾਬਾਲਗ ਕੁੜੀਆਂ ਨਾਲ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਖਰਾਬ ਹੋ ਚੁੱਕਾ ਹੈ। 
'ਦਹਿਸ਼ਤ ਦਾ ਘਰ' ਦੇ ਨਾਂ ਨਾਲ ਜਾਣੇ ਜਾਂਦੇ ਇਸ ਸ਼ੈਲਟਰ ਹੋਮ ਨੂੰ ਬ੍ਰਜੇਸ਼ ਠਾਕੁਰ ਦੇ ਇਕ ਐੱਨ. ਜੀ. ਓ. ਵਲੋਂ ਚਲਾਇਆ ਜਾ ਰਿਹਾ ਸੀ, ਜੋ ਇਸੇ ਜਗ੍ਹਾ ਤੋਂ ਹਿੰਦੀ ਰੋਜ਼ਾਨਾ ਅਖ਼ਬਾਰ 'ਪ੍ਰਤਾਪ ਕਮਲ', ਉਰਦੂ ਅਖ਼ਬਾਰ 'ਹਾਲਾਤ-ਏ-ਬਿਹਾਰ' ਅਤੇ ਅੰਗਰੇਜ਼ੀ ਅਖ਼ਬਾਰ 'ਨਿਊਜ਼ ਨੈਕਸਟ' ਕੱਢਦਾ ਸੀ। ਜ਼ਿਕਰਯੋਗ ਹੈ ਕਿ 30 ਮਈ ਨੂੰ ਉਥੋਂ ਲੱਗਭਗ 44 ਕੁੜੀਆਂ ਨੂੰ ਬਚਾਇਆ ਗਿਆ।
ਸੱਤਾ ਦੇ ਗਲਿਆਰਿਆਂ ਵਿਚ ਆਪਣਾ ਪ੍ਰਭਾਵ ਰੱਖਣ ਵਾਲੇ ਬ੍ਰਜੇਸ਼ ਠਾਕੁਰ ਦੀ ਜਿਣਸੀ ਸ਼ੋਸ਼ਣ ਦੀ ਖੇਡ ਕਾਫੀ ਸਮੇਂ ਤੋਂ ਚੱਲ ਰਹੀ ਸੀ। ਇਸ ਮਾਮਲੇ ਵਿਚ 31 ਮਈ ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ ਤੇ ਬ੍ਰਜੇਸ਼ ਠਾਕੁਰ ਤੇ 10 ਹੋਰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
'ਹੋਮ ਸ਼ੈਲਟਰ' ਇਕ ਵਿਸ਼ੇਸ਼ ਮਾਮਲਾ ਹੈ ਕਿ ਕਿਵੇਂ ਅਤੇ ਕਿਉਂ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉਨ੍ਹਾਂ ਦਾ ਸਿਸਟਮ ਨੌਜਵਾਨ ਕੁੜੀਆਂ ਨੂੰ ਸੂਬਾ ਸਰਕਾਰ ਤੋਂ ਸਹਾਇਤਾ ਪ੍ਰਾਪਤ 'ਸ਼ਾਰਕਾਂ' ਦੇ ਚੁੰਗਲ 'ਚੋਂ ਬਚਾਉਣ ਵਿਚ ਨਾਕਾਮ ਰਿਹਾ? ਸੂਬੇ ਦੇ ਅਧਿਕਾਰੀ ਪਿਛਲੇ 4 ਸਾਲਾਂ ਤੋਂ ਜ਼ਿਆਦਾਤਰ ਸਰਕਾਰੀ ਸਹਾਇਤਾ ਪ੍ਰਾਪਤ 'ਸ਼ੈਲਟਰ ਹੋਮਜ਼' ਦਾ ਦੌਰਾ ਕਰਦੇ ਰਹੇ ਹਨ ਪਰ ਉਹ ਅਜਿਹੀਆਂ ਘਿਨਾਉਣੀਆਂ ਸਰਗਰਮੀਆਂ ਦਾ ਪਤਾ ਲਾਉਣ ਵਿਚ ਅਸਫਲ ਰਹੇ, ਸੁਭਾਵਿਕ ਹੈ ਕਿ ਕੁਝ ਮਜਬੂਰੀਆਂ ਕਾਰਨ। 
ਬ੍ਰਜੇਸ਼ ਠਾਕੁਰ ਰਾਜਦ ਨੇਤਾ ਲਾਲੂ ਯਾਦਵ ਅਤੇ ਨਿਤੀਸ਼ ਕੁਮਾਰ ਨਾਲ ਆਪਣੀਆਂ  ਫੋਟੋਆਂ ਛਾਪ ਕੇ ਖੁੱਲ੍ਹੇ ਤੌਰ 'ਤੇ ਆਪਣੇ ਸਿਆਸੀ ਸੰਪਰਕਾਂ ਦਾ ਇਸਤੇਮਾਲ ਕਰਦਾ ਸੀ। ਸੰਨ 2000 ਵਿਚ ਉਸ ਨੇ ਭਾਜਪਾ ਦੀ ਟਿਕਟ 'ਤੇ ਬਿਹਾਰ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ। 
ਅਖ਼ਬਾਰਾਂ ਦਾ ਮਾਲਕ ਅਤੇ ਐੱਨ. ਜੀ. ਓ. ਦੇ ਕਾਰਡਜ਼ ਦਾ ਇਸਤੇਮਾਲ ਕਰਦਿਆਂ ਉਹ ਇਕ ਤੋਂ ਬਾਅਦ ਇਕ ਆਉਣ ਵਾਲੀਆਂ ਸਰਕਾਰਾਂ ਤੋਂ ਬਿਜ਼ਨੈੱਸ ਹਾਸਿਲ ਕਰਨ ਵਿਚ ਵੀ ਸਫਲ ਰਿਹਾ। ਕੋਈ ਹੈਰਾਨੀ ਨਹੀਂ ਕਿ ਉਸ ਨੇ ਸਿਸਟਮ ਨੂੰ ਆਪਣਾ ਪਿੱਛਲੱਗੂ ਬਣਾ ਲਿਆ ਸੀ। ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਨਿਤੀਸ਼ ਕੁਮਾਰ ਨੇ ਵੀ ਖ਼ੁਦ ਨੂੰ ਆਮ ਨੇਤਾਵਾਂ ਵਰਗਾ ਸਿੱਧ ਕੀਤਾ। ਉਹ ਪ੍ਰਸ਼ਾਸਨ 'ਤੇ ਨਜ਼ਰ ਰੱਖਣ ਅਤੇ ਉਸ ਨੂੰ ਕੱਸਣ, ਬ੍ਰਜੇਸ਼ ਠਾਕੁਰ ਵਰਗੇ 'ਚੰਗੇ ਸੰਪਰਕਾਂ ਵਾਲੇ ਲੋਕਾਂ' ਤੋਂ ਗਰੀਬ ਬੱਚੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਨਾਕਾਮ ਰਹੇ। ਇਸੇ ਵਿਚ ਦੇਸ਼ ਦਾ ਦੁਖਾਂਤ ਲੁਕਿਆ ਹੈ। 
ਸਭ ਤੋਂ ਜ਼ਿਆਦਾ ਨਿਰਾਸ਼ਾਜਨਕ ਗੱਲ ਇਹ ਹੈ ਕਿ ਨਿਤੀਸ਼ ਕੁਮਾਰ ਨੇ 3 ਅਗਸਤ ਨੂੰ ਆਪਣੀ ਚੁੱਪ ਤੋੜੀ ਅਤੇ ਕਿਹਾ ਕਿ ''ਮੈਂ ਇਸ ਘਟਨਾ ਤੋਂ ਸ਼ਰਮਸਾਰ ਹਾਂ'' ਅਤੇ ਉਨ੍ਹਾਂ ਨੇ ਇਸ ਘਿਨਾਉਣੇ ਅਪਰਾਧ 'ਤੇ 'ਆਤਮ-ਗਿਆਨ' ਦਾ ਪ੍ਰਗਟਾਵਾ ਕੀਤਾ ਅਤੇ ਘਟਨਾ ਨੂੰ 'ਪਾਪ ਦੀ ਕਾਰਵਾਈ' ਦੱਸਦਿਆਂ ਉਨ੍ਹਾਂ ਨੇ ਮੁੱਖ ਸਕੱਤਰ, ਡੀ. ਜੀ. ਪੀ. ਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਮੌਜੂਦਾ ਸਿਸਟਮ ਵਿਚ ਗੰਭੀਰ ਕਮੀਆਂ ਲੱਭਣ ਲਈ ਕਿਹਾ ਹੈ। 
ਸਿਸਟਮ ਵਿਚ ਕਮੀਆਂ ਸਿਰਫ ਬਿਹਾਰ ਵਿਚ ਹੀ ਨਹੀਂ ਹਨ, ਸਗੋਂ ਹੋਰਨਾਂ ਸੂਬਿਆਂ ਵਿਚ ਵੀ ਹਨ। ਯੋਗੀ ਆਦਿੱਤਿਆਨਾਥ ਦੇ ਯੂ. ਪੀ. ਵਿਚ ਵੀ ਇਕ 10 ਸਾਲਾ ਬੱਚੀ ਵਲੋਂ ਭੱਜ ਕੇ ਪੁਲਸ ਨੂੰ ਇਹ ਦੱਸਣ 'ਤੇ ਕਿ 'ਲਾਲ, ਚਿੱਟੀਆਂ, ਕਾਲੀਆਂ ਕਾਰਾਂ' ਕੁੜੀਆਂ ਨੂੰ ਰਾਤ ਨੂੰ 'ਪਿਕ' ਕਰਦੀਆਂ ਸਨ ਅਤੇ ਸਵੇਰੇ ਛੱਡ ਜਾਂਦੀਆਂ ਸਨ, ਦੇਵਰੀਆ ਦੇ ਗੈਰ-ਕਾਨੂੰਨੀ ਮਹਿਲਾ ਸ਼ੈਲਟਰ ਹੋਮ 'ਚੋਂ 24 ਕੁੜੀਆਂ ਨੂੰ ਬਚਾਇਆ ਗਿਆ ਤੇ ਦੋਸ਼ੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਮੱਧ ਪ੍ਰਦੇਸ਼ ਵਿਚ ਰਤਲਾਮ ਅਤੇ ਹੋਰ ਆਸ-ਪਾਸ ਦੇ ਜ਼ਿਲਿਆਂ ਵਿਚ ਇਕ ਸਥਾਨਕ ਭਾਈਚਾਰੇ ਦੀ 'ਪੰ੍ਰਪਰਾ' ਦੇ ਨਾਂ 'ਤੇ ਇਕ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ, ਜਿਸ ਨੂੰ 'ਚਾਈਲਡ ਸੈਕਸ ਹਾਈਵੇ' ਦਾ ਨਾਂ ਦਿੱਤਾ ਗਿਆ। ਇਹ ਖੁਲਾਸਾ ਸੀ. ਐੱਨ. ਐੱਨ. ਨਿਊਜ਼-18 ਦੀ ਜਾਂਚ ਵਿਚ ਕੀਤਾ ਗਿਆ। 
ਹਾਈਵੇ ਨੰਬਰ 79 'ਤੇ ਨਾਬਾਲਗ ਬੱਚੀਆਂ ਦਾ ਇਹ ਕਾਫੀ ਵਧ-ਫੁੱਲ ਰਿਹਾ ਸੈਕਸ ਰੈਕੇਟ ਹੈ ਪਰ ਜ਼ਮੀਨੀ ਹਕੀਕਤਾਂ ਦੀ ਪਰਵਾਹ ਕੌਣ ਕਰਦਾ ਹੈ। ਮੁੱਖ ਮੰਤਰੀ ਚੌਹਾਨ ਨੂੰ ਤਾਂ ਆਉਣ ਵਾਲੀਆਂ ਚੋਣਾਂ ਵਿਚ ਆਪਣਾ ਅਕਸ ਬਣਾਉਣ ਦੀ ਚਿੰਤਾ ਹੈ। ਇਥੇ ਇਕ ਵਾਰ ਫਿਰ ਮੀਡੀਆ ਲੋਕਾਂ ਸਾਹਮਣੇ ਜ਼ਮੀਨੀ ਹਕੀਕਤਾਂ ਲਿਆਇਆ ਅਤੇ ਇਹ ਜ਼ਮੀਨੀ ਹਕੀਕਤਾਂ ਪ੍ਰਧਾਨ ਮੰਤਰੀ, ਮੁੱਖ ਮੰਤਰੀ ਦੇ ਭਾਸ਼ਣਾਂ ਨਾਲੋਂ ਵੀ ਉਚੀ ਆਵਾਜ਼ ਵਿਚ ਬੋਲਦੀਆਂ ਹਨ। 
ਪਿੱਛੇ ਦੇਖਦਿਆਂ ਮੈਂ ਸਾਰੇ ਕੇਂਦਰੀ ਤੇ ਸੂਬਾਈ ਨੇਤਾਵਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਘਪਲਿਆਂ, ਠੱਗੀਆਂ, ਬੱਚੀਆਂ ਤੇ ਔਰਤਾਂ ਵਿਰੁੱਧ ਸੈਕਸ ਘਪਲਿਆਂ ਤੋਂ ਬਚਾਅ ਲਈ ਚੰਗਾ ਪ੍ਰਸ਼ਾਸਨ ਇਕ ਪਾਰਦਰਸ਼ੀ ਅਤੇ ਜੁਆਬਦੇਹ ਪ੍ਰਣਾਲੀ ਦੀ ਮੰਗ ਕਰਦਾ ਹੈ। ਸਰਕਾਰ ਚਲਾਉਣ ਵਾਲਿਆਂ ਦਾ ਫਰਜ਼ ਹੈ ਕਿ ਉਹ ਕੁੜੀਆਂ/ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ।
ਇਸ ਸੰਦਰਭ ਵਿਚ ਮੈਂ ਅਰਥ ਸ਼ਾਸਤਰ ਵਿਚ ਦਿੱਤੇ ਸਮਝਦਾਰੀ ਭਰੇ ਸ਼ਬਦਾਂ ਨੂੰ ਯਾਦ ਕਰਨਾ ਚਾਹੁੰਦਾ ਹਾਂ। ਇਸ ਵਿਚ ਕਿਹਾ ਗਿਆ ਹੈ ਕਿ ''ਰਾਜਾ ਇਕੱਲਾ ਕਿਸੇ ਰਾਜ ਨੂੰ ਨਹੀਂ ਚਲਾ ਸਕਦਾ, ਉਸ ਨੂੰ ਪੜ੍ਹੇ-ਲਿਖੇ, ਸਮਝਦਾਰ ਤੇ ਸਹੀ ਕਿਸਮ ਦੇ ਸਲਾਹਕਾਰਾਂ, ਮੰਤਰੀਆਂ, ਕੌਂਸਲਰਾਂ ਦੇ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ।''
ਕੌਟੱਲਿਆ ਕਹਿੰਦੇ ਹਨ ਕਿ ਇਕ ਜਾਗਰੂਕ, ਵਫ਼ਾਦਾਰ ਅਤੇ ਲਗਨ ਵਾਲੀ ਟੀਮ ਸੂਬੇ ਦੇ ਖਜ਼ਾਨੇ ਨੂੰ ਭਰਪੂਰ ਰੱਖਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜਕਲ ਸਿਸਟਮ ਅਮੀਰਾਂ, ਤਾਕਤਵਰ ਲੋਕਾਂ ਅਤੇ ਸੈਕਸ ਆਪ੍ਰੇਟਰਾਂ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਵੱਲ ਝੁਕਿਆ ਹੋਇਆ ਹੈ। 
ਬ੍ਰਜੇਸ਼ ਠਾਕੁਰ ਦੇ ਮਾਮਲੇ 'ਤੇ ਵਾਪਿਸ ਆਉਂਦੇ ਹਾਂ। ਇਹ ਐੱਨ. ਜੀ. ਓ. 5 ਸ਼ੈਲਟਰ ਹੋਮ ਚਲਾਉਂਦਾ ਹੈ ਅਤੇ ਕੇਂਦਰ, ਸੂਬਾ ਸਰਕਾਰ ਤੋਂ ਹਰ ਸਾਲ 1 ਕਰੋੜ ਰੁਪਏ ਦੀ ਗਰਾਂਟ ਲੈਂਦਾ ਹੈ। ਉਸ ਵਿਰੁੱਧ ਦਰਜ ਰਿਪੋਰਟ ਵਿਚ ਦੋਸ਼ ਲਾਇਆ ਗਿਆ ਹੈ ਕਿ ਉਹ ਇਕ ਸੈਕਸ ਰੈਕੇਟ ਚਲਾਉਂਦਾ ਸੀ ਅਤੇ (ਸਰਕਾਰੀ ਪ੍ਰਾਜੈਕਟਾਂ ਲਈ) ਟੈਂਡਰ ਲੈਣ ਵਾਸਤੇ ਅਧਿਕਾਰੀਆਂ ਨੂੰ ਕੁੜੀਆਂ ਸਪਲਾਈ ਕਰਦਾ ਸੀ। 
ਮੈਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਹੋ ਉਨ੍ਹਾਂ ਦੇ ਚੰਗੇ ਪ੍ਰਸ਼ਾਸਨ ਦੀ ਕਲਪਨਾ ਹੈ? ਉਨ੍ਹਾਂ ਦੀਆਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦਾ ਕੀ ਹੋਇਆ?
ਕਿਸੇ ਦਾਰਸ਼ਨਿਕ ਨੇ ਇਕ ਵਾਰ ਕਿਹਾ ਸੀ ਕਿ ਮਨੁੱਖ ਕੋਲ ਜਦੋਂ ਤਕ ਸ਼ਰਮ ਨਹੀਂ, ਉਦੋਂ ਤਕ ਉਹ ਇਕ ਜਾਨਵਰ ਹੈ। ਸਾਨੂੰ ਬ੍ਰਜੇਸ਼ ਠਾਕੁਰ ਵਰਗੇ ਜਾਨਵਰਾਂ ਦੀ ਭਾਰਤ ਵਿਚ ਵਧਦੀ ਗਿਣਤੀ ਦਾ ਇਕ ਜਵਾਬ ਲੱਭਣਾ ਪਵੇਗਾ, ਜਿਹੜੇ ਬੇਸ਼ਰਮੀ ਦੇ ਇਕ ਸਿਸਟਮ ਤਹਿਤ ਵਧ-ਫੁੱਲ ਰਹੇ ਹਨ। 
ਪਾਰਲੀਮੈਂਟ ਨੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਲਈ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਾਇਆ ਹੈ। ਇਥੇ ਅਹਿਮ ਸਵਾਲ ਇਹ ਹੈ ਕਿ ਮੌਤ ਦੀ ਸਜ਼ਾ ਸਿਰਫ 12 ਸਾਲ ਤਕ ਦੀਆਂ ਬੱਚੀਆਂ ਨਾਲ ਅਜਿਹੇ ਅਪਰਾਧਾਂ ਤਕ ਹੀ ਸੀਮਤ ਕਿਉਂ ਹੈ? ਇਸ ਦਾ ਦਾਇਰਾ 12 ਸਾਲ ਤੋਂ ਜ਼ਿਆਦਾ ਕਿਉਂ ਨਹੀਂ ਵਧਾਇਆ ਜਾਂਦਾ? ਇੰਨਾ ਹੀ ਅਹਿਮ ਇਹ ਹੈ ਕਿ ਦੋਸ਼ੀ ਵਿਰੁੱਧ ਫਾਸਟ ਟਰੈਕ ਅਦਾਲਤਾਂ ਦੇ ਜ਼ਰੀਏ ਛੇਤੀ ਤੋਂ ਛੇਤੀ ਫੈਸਲਾ ਸੁਣਾਇਆ ਜਾਵੇ। 


Related News