ਦਸੰਬਰ ’ਚ ਨਿਤੀਸ਼ ਨਾਲੋਂ ਨਾਤਾ ਤੋੜ ਸਕਦੀ ਹੈ ਭਾਜਪਾ

Sunday, Oct 07, 2018 - 06:28 AM (IST)

ਸਿਆਸਤ ਦਾ ਦਸਤੂਰ ਵੀ ਨਿਰਾਲਾ ਹੈ। ਜੋ ਦਿਸਦਾ ਹੈ ਉਹ ਹੁੰਦਾ ਨਹੀਂ ਅਤੇ ਜੋ ਹੋਣ ਵਾਲਾ ਹੈ, ਉਹ ਸਿਆਸੀ ਪਰਦੇ ਪਿਛਲੀਆਂ ਖੇਡਾਂ ਹਨ, ਜਿਵੇਂ ਇਨ੍ਹੀਂ ਦਿਨੀਂ ਭਾਜਪਾ ਹਾਈਕਮਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਿੱਠ ਥਾਪੜਨ ’ਚ ਲੱਗੀ ਹੋਈ ਹੈ ਪਰ ਸੂਤਰ ਦੱਸਦੇ ਹਨ ਕਿ ਭਗਵਾ ਇਰਾਦੇ ਕੁਝ ਹੋਰ ਹਨ। ਦਸੰਬਰ ਮਹੀਨਾ ਆਉਂਦੇ-ਆਉਂਦੇ ਭਾਜਪਾ ਬਿਹਾਰ ਦੀ ਨਿਤੀਸ਼ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਸਕਦੀ ਹੈ। 
ਭਾਜਪਾ ਚਾਹੁੰਦੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਣ। ਸੰਭਵ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਸੂਬੇ ’ਚ ਰਾਸ਼ਟਰਪਤੀ ਰਾਜ ਵਾਲੇ ਹਾਲਾਤ ਪੈਦਾ ਹੋ ਜਾਣ। ਭਾਜਪਾ 2019  ਦੀਆਂ ਚੋਣਾਂ ’ਚ ਆਪਣੇ ਪੁਰਾਣੇ ਸਾਥੀਆਂ, ਜਿਵੇਂ ਰਾਮਵਿਲਾਸ ਪਾਸਵਾਨ ਤੇ ਉਪੇਂਦਰ ਕੁਸ਼ਵਾਹਾ ਨਾਲ ਹੀ ਚੋਣ ਮੈਦਾਨ ’ਚ ਉਤਰਨਾ ਚਾਹੁੰਦੀ ਹੈ ਕਿਉਂਕਿ ਨਿਤੀਸ਼ ਨਾਲ ਇਸ ਦਾ ਸੀਟਾਂ ਦੀ ਵੰਡ ਦਾ ਮਾਮਲਾ ਸੁਲਝਣ ਦਾ ਨਾਂ ਨਹੀਂ ਲੈ ਰਿਹਾ।
ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਜਦੋਂ ਕੁਸ਼ਵਾਹਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਮਿਲੇ ਸਨ ਤਾਂ ਉਨ੍ਹਾਂ ਨੂੰ ਸਬਰ ਰੱਖਣ ਲਈ ਕਿਹਾ ਗਿਆ ਅਤੇ ਨਾਲ ਹੀ ਇਹ ਨਸੀਹਤ ਵੀ ਦਿੱਤੀ ਗਈ ਕਿ ਉਹ ਲਾਲੂ ਨਾਲ ਹੱਥ ਮਿਲਾਉਣ ਦੀ ਕਾਹਲੀ ਨਾ ਕਰਨ। ਅਸਲ ’ਚ ਉਪੇਂਦਰ ਕੁਸ਼ਵਾਹਾ ਦੀ ਅਸਲੀ ਪ੍ਰੇਸ਼ਾਨੀ ਨਿਤੀਸ਼ ਨੂੰ ਲੈ ਕੇ ਹੈ ਕਿਉਂਕਿ ਨਿਤੀਸ਼ ਖੁਦ ਨੂੰ ਕੁਰਮੀ, ਕੋਇਰੀ ਅਤੇ ਧਾਨੁਕ ਜਾਤੀ ਦਾ ਇਕਛਤਰ ਨੇਤਾ ਪ੍ਰਾਜੈਕਟ ਕਰਨ ’ਚ ਲੱਗੇ ਹੋਏ ਹਨ। ਕੁਝ ਦਿਨ ਪਹਿਲਾਂ ਹੀ ਨਿਤੀਸ਼ ਨੇ ਕੁਸ਼ਵਾਹਾ ਆਗੂਆਂ ਦੀ ਇਕ ਵੱਡੀ ਮੀਟਿੰਗ ਪਟਨਾ ’ਚ ਸੱਦੀ ਤੇ ਇਹੋ ਗੱਲ ਉਪੇਂਦਰ ਕੁਸ਼ਵਾਹਾ ਨੂੰ ਰੜਕ ਰਹੀ ਹੈ ਕਿ ਨਿਤੀਸ਼ ਉਨ੍ਹਾਂ ਦੇ ਵੋਟ ਬੈਂਕ ’ਚ ਸੰਨ੍ਹ ਲਾਉਣਾ ਚਾਹੁੰਦੇ ਹਨ। 
ਲਾਲੂ ਤੇ ਰਾਹੁਲ ਨੂੰ ਮਿਲੇ ਪੀ. ਕੇ.
ਅਜਿਹਾ ਨਹੀਂ ਹੈ ਕਿ ਨਿਤੀਸ਼ ਨੂੰ ਭਗਵਾ ਇਰਾਦਿਆਂ ਦੀ ਭਿਣਕ ਨਹੀਂ ਹੈ। 2019 ਦੀਆਂ ਆਮ ਚੋਣਾਂ ਨੂੰ ਲੈ ਕੇ ਉਹ ਹੁਣ ਤੋਂ ਹੀ ਆਪਣੀ ਨਵੀਂ ਰਣਨੀਤੀ ਘੜਨ ’ਚ ਜੁਟ ਗਏ ਹਨ। ਪਟਨਾ ਦੇ ਸਿਆਸੀ ਗਲਿਆਰਿਆਂ ਤੋਂ ਅਜਿਹੀ ਘੁਸਰ-ਮੁਸਰ ਸੁਣਨ ਨੂੰ ਮਿਲ ਰਹੀ ਹੈ ਕਿ ਨਿਤੀਸ਼ ਕੁਮਾਰ ਪ੍ਰਸ਼ਾਂਤ ਕਿਸ਼ੋਰ (ਪੀ. ਕੇ.) ’ਚ ਆਪਣੇ ਉੱਤਰਾਧਿਕਾਰੀ ਦਾ ਅਕਸ ਦੇਖ ਰਹੇ ਹਨ। ਸ਼ਾਇਦ ਇਹੋ ਵਜ੍ਹਾ ਹੈ ਕਿ ਬ੍ਰਾਹਮਣ ਜਾਤ ਨਾਲ ਸਬੰਧਤ ਪੀ. ਕੇ. ਆਪਣਾ ਸਾਰਾ ਕੰਮਕਾਜ ਛੱਡ ਕੇ ਨਿਤੀਸ਼ ਨਾਲ ਚੱਲ ਰਹੇ ਹਨ।
ਸੂਤਰ ਦੱਸਦੇ ਹਨ ਕਿ ਪੀ. ਕੇ. ਨੇ ਸਭ ਤੋਂ ਪਹਿਲਾਂ ਲਾਲੂ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਨਿਤੀਸ਼ ਸਰਕਾਰ ਲਈ ਸਮਰਥਨ ਮੰਗਿਆ ਤੇ ਕਿਹਾ ਕਿ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ’ਚ ਮੁੱਖ ਮੰਤਰੀ ਦੇ ਅਹੁਦੇ ਲਈ ਨਿਤੀਸ਼ ਕੁਮਾਰ ਤੇਜਸਵੀ ਦਾ ਸਮਰਥਨ ਕਰ ਸਕਦੇ ਹਨ। 
ਹੁਣ ਲਾਲੂ ਨੂੰ ਵੀ ਲੱਗਣ ਲੱਗਾ ਹੈ ਕਿ ਕਾਠ ਦੀ ਸਿਆਸੀ ਹਾਂਡੀ ਨੂੰ ਖਾਹਿਸ਼ਾਂ ਦੇ ਸੇਕ ’ਤੇ ਵਾਰ-ਵਾਰ ਪਰਖਣਾ ਠੀਕ ਨਹੀਂ ਹੋਵੇਗਾ, ਸੋ ਉਨ੍ਹਾਂ ਨੇ ਘੁਮਾ-ਫਿਰਾ ਕੇ ਇਕ ਤਰ੍ਹਾਂ ਨਾਲ ਪੀ. ਕੇ. ਨੂੰ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਹੁਣ ਉਨ੍ਹਾਂ ਦੀ ਪਾਰਟੀ ਰਾਜਦ ’ਚ ਸਾਰੇ ਅਹਿਮ ਫੈਸਲੇ ਤੇਜਸਵੀ ਹੀ ਲੈਂਦੇ ਹਨ ਤੇ ਉਨ੍ਹਾਂ ਦੇ ਬੇਟੇ ਕਿਸੇ ਕੀਮਤ ’ਤੇ ਨਿਤੀਸ਼ ਨੂੰ ਦੁਬਾਰਾ ਸਮਰਥਨ ਨਹੀਂ ਦੇ ਸਕਦੇ। ਸੋ ਗੱਲ ਆਈ-ਗਈ ਹੋ ਗਈ। 
ਪਰ ਪੀ. ਕੇ. ਵੀ ਹਾਰ ਮੰਨਣ ਵਾਲਿਆਂ ’ਚੋਂ ਨਹੀਂ ਹਨ। ਜਦੋਂ ਉਨ੍ਹਾਂ ਨੇ ਦੇਖਿਆ ਕਿ ਲਾਲੂ ਨਿਤੀਸ਼ ਸਰਕਾਰ ਨੂੰ ਵੀ ਬਾਹਰੋਂ ਸਮਰਥਨ ਦੇਣ ਲਈ ਰਾਜ਼ੀ ਨਹੀਂ ਹਨ ਤਾਂ ਉਨ੍ਹਾਂ ਨੇ ਆਪਣੇ ਪੁਰਾਣੇ ਰਿਸ਼ਤਿਆਂ ਦਾ ਵਾਸਤਾ ਦੇ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਦਾ ਸਮਾਂ ਲੈ ਲਿਆ। 
ਸੂਤਰ ਦੱਸਦੇ ਹਨ ਕਿ ਪੀ. ਕੇ. ਨੇ ਰਾਹੁਲ ਗਾਂਧੀ ਸਾਹਮਣੇ ਇਕ ਨਵਾਂ ਸਿਆਸੀ ਮੁੱਦਾ ਉਛਾਲਿਆ ਤੇ ਕਿਹਾ ਕਿ ਨਿਤੀਸ਼ ਕੁਮਾਰ ਆਪਣੀ ਪਾਰਟੀ ਜਨਤਾ ਦਲ (ਯੂ) ਦਾ ਕਾਂਗਰਸ ’ਚ ਰਲੇਵਾਂ ਕਰਨ ਲਈ ਤਿਆਰ ਹਨ ਬਸ਼ਰਤੇ ਕਿ ਰਾਹੁਲ ਇਸ ਗੱਲ ਦਾ ਭਰੋਸਾ ਦੇਣ ਕਿ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ’ਚ ਮਹਾਗਠਜੋੜ ਦੇ ਮੁੱਖ ਮੰਤਰੀ ਦਾ ਚਿਹਰਾ ਨਿਤੀਸ਼ ਹੀ ਹੋਣਗੇ।
ਕਿਹਾ ਜਾਂਦਾ ਹੈ ਕਿ ਪੀ. ਕੇ. ਨੇ ਰਾਹੁਲ ਗਾਂਧੀ ਨੂੰ ਇਹ ਵੀ ਕਿਹਾ ਕਿ ਜੇ ਜਨਤਾ ਦਲ (ਯੂ) ਦਾ ਕਾਂਗਰਸ ’ਚ ਰਲੇਵਾਂ ਹੋ ਜਾਂਦਾ ਹੈ ਤਾਂ ਇੰਨੇ ਸਾਲਾਂ ਬਾਅਦ ਬਿਹਾਰ ’ਚ ਕਾਂਗਰਸੀ ਵਿਧਾਇਕਾਂ ਦੀ ਗਿਣਤੀ 100 ਦੇ ਪਾਰ ਚਲੀ ਜਾਵੇਗੀ। ਪੀ. ਕੇ. ਦੀਆਂ ਗੱਲਾਂ ਤੋਂ ਆਸਵੰਦ ਰਾਹੁਲ ਨੇ ਝੱਟ ਤੇਜਸਵੀ ਨੂੰ ਫੋਨ ਮਿਲਾਇਆ ਤੇ ਪੀ. ਕੇ. ਦਾ ਫਾਰਮੂਲਾ ਸੁਝਾਇਆ ਪਰ ਤੇਜਸਵੀ ਨੂੰ ਇਕ ਝਟਕੇ ’ਚ ਨਾਂਹ ਕਰ ਦਿੱਤੀ। ਹੁਣ ਰਾਹੁਲ ਵਾਂਗ ਨਿਤੀਸ਼ ਵੀ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਚਿੰਤਤ ਹਨ। 
ਬਦਲ ਸਕਦੈ ਜਾਵਡੇਕਰ ਦੇ ਮੰਤਰਾਲੇ ਦਾ ਨਾਂ
ਨਵੀਂ ਦਿੱਲੀ ਦੇ ਵਿਗਿਆਨ ਭਵਨ ’ਚ ਰਾਸ਼ਟਰੀ ਉੱਚ ਅਦਾਰੇ ਦਾ ਇਕ ਬੇਹੱਦ ਅਹਿਮ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ’ਚ ਦੇਸ਼ ਭਰ ਤੋਂ ਸਿੱਖਿਆ ਵਿਗਿਆਨੀ, ਵਾਈਸ ਚਾਂਸਲਰ ਵਗੈਰਾ ਪਹੁੰਚੇ ਹੋਏ ਸਨ। ਉਸ ਪ੍ਰੋਗਰਾਮ ਦੀ ਪ੍ਰਧਾਨਗੀ ਹਿੰਦੀ ਦੇ ਇਕ ਵੱਡੇ ਪੱਤਰਕਾਰ, ਜੋ ਲਿਖੇ ਸ਼ਬਦਾਂ ਨੂੰ ਭਗਵਾ ਰੰਗ ’ਚ ਰੰਗਣ ’ਚ ਮਾਹਿਰ ਹਨ, ਰਾਮ ਬਹਾਦੁਰ ਰਾਏ ਨੂੰ ਸੌਂਪੀ ਗਈ ਸੀ। ਭਗਵਾ ਸ਼ਾਸਨ ਦੀ ਕਿਰਪਾ ਸਦਕਾ ਇਨ੍ਹੀਂ ਦਿਨੀਂ ਉਹ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੇ ਪ੍ਰਧਾਨਗੀ ਅਹੁਦੇ ’ਤੇ ਬਿਰਾਜਮਾਨ ਹਨ। 
ਆਪਣੇ ਭਾਸ਼ਣ ’ਚ ਮੋਦੀ ਸਰਕਾਰ ਦੇ ਨਵੇਂ ਇਰਾਦਿਆਂ ਨੂੰ ਧਾਰ ਦਿੰਦਿਆਂ ਰਾਏ ਨੇ ਕਿਹਾ ਕਿ ‘‘ਕਿਸੇ ਨੇ ਰਾਜੀਵ ਗਾਂਧੀ ਨੂੰ ਸਲਾਹ ਦੇ ਕੇ ਇਸ ਮੰਤਰਾਲੇ ਦਾ ਨਾਂ ‘ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਮੰਤਰਾਲਾ’ ਕਰਵਾ ਦਿੱਤਾ ਪਰ ਬਦਕਿਮਸਤੀ ਨਾਲ ਇਹ ਭਾਰਤੀ ਪ੍ਰੰਪਰਾ ਦੇ ਸ਼ਬਦ ਹੀ ਨਹੀਂ ਹਨ ਅਤੇ ਮਨੁੱਖ ਨੂੰ ਮਨੁੱਖੀ ਸੋਮਾ ਕਹਿਣਾ ਤਾਂ ਮਨੁੱਖਤਾ ਦਾ ਅਪਮਾਨ ਹੈ।’’ 
ਮੰਚ ’ਤੇ ਮਨੁੱਖੀ  ਸੋਮਿਆਂ ਦੇ ਵਿਕਾਸ ਬਾਰੇ ਮੰਤਰੀ ਪ੍ਰਕਾਸ਼ ਜਾਵਡੇਕਰ  ਵੀ ਬੈਠੇ ਹੋਏ ਸਨ। ਰਾਏ ਨੇ ਇਸ ਬਾਰੇ ਜਾਵਡੇਕਰ ਦੀ ਰਾਏ ਵੀ ਜਾਣਨੀ ਚਾਹੀ ਕਿ ਕਿਉਂ ਨਾ ਇਸ ਮੰਤਰਾਲੇ ਨੂੰ ਮੁੜ ਸਿੱਖਿਆ ਮੰਤਰਾਲੇ ਦਾ ਪੁਰਾਣਾ ਨਾਂ ਦੇ ਦਿੱਤਾ ਜਾਵੇ? 
ਜਾਵਡੇਕਰ ਨੇ ਵੀ ਇਸ ਤਜਵੀਜ਼ ’ਤੇ ਸਹਿਮਤੀ ਦੀ ਮੋਹਰ ਲਾਉਂਦਿਆਂ ਕਿਹਾ ਕਿ ਉਹ ਖੁਦ ਨੂੰ ਅਜੇ ਵੀ ਸਿੱਖਿਆ ਮੰਤਰੀ ਅਖਵਾਉਣਾ ਪਸੰਦ ਕਰਦੇ ਹਨ ਪਰ ਅਜਿਹੀ ਸਥਿਤੀ ’ਚ ਜਦੋਂ ਚੋਣਾਂ ਸਿਰ ’ਤੇ ਹਨ, ਨਾਂ ਬਦਲ ਕੇ ਸੰਘ ਦੀਆਂ ਇੱਛਾਵਾਂ ਨੂੰ ਸਿਰ-ਮੱਥੇ ਮੰਨਣਾ ਕੀ ਸੱਚਮੁਚ ਇੰਨਾ  ਸੌਖਾ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ। 
ਕਾਕ ਨੂੰ ਕਾਹਦੀ ਚਿੰਤਾ
ਦੂਰਦਰਸ਼ਨ ’ਤੇ ਪ੍ਰਸਾਰਿਤ ਹੁੰਦੇ ਰਹੇ ਇਕ ਚਰਚਿਤ ਸੀਰੀਅਲ ‘ਸੁਰਭੀ’ ਦੀਆਂ ਯਾਦਾਂ ਸਭ ਦੇ ਜ਼ਿਹਨ ’ਚ ਕਿਤੇ ਨਾ ਕਿਤੇ ਜ਼ਰੂਰ ਹੋਣਗੀਆਂ। ਇਸ ਸੀਰੀਅਲ ਨਾਲ ਐਂਕਰਿੰਗ ਦਾ ਨਵਾਂ ਮੁਕਾਮ ਹਾਸਲ ਕਰਨ ਵਾਲੀ ਰੇਣੂਕਾ ਸ਼ਹਾਣੇ ਅੱਜ ਭਾਜਪਾ ਦੇ ਬੇਹੱਦ ਨੇੜਲਿਆਂ ’ਚ ਗਿਣੀ ਜਾਂਦੀ ਹੈ। ਸੁਰਭੀ ਸੀਰੀਅਲ ਬਣਾਉਣ ਵਾਲੇ ਸਿਧਾਰਥ ਕਾਕ ’ਤੇ ਭਾਜਪਾ ਸਰਕਾਰ ਮਿਹਰਬਾਨੀਆਂ ਦੀ ਨਵੀਂ ਸੌਗਾਤ ਵਰ੍ਹਾਉਣ ਵਾਲੀ ਹੈ। 
ਸੂਤਰ ਦੱਸਦੇ ਹਨ ਕਿ ਕੇਂਦਰੀ ਵਿਗਿਆਨ ਅਤੇ ਟੈਕਨਾਲੋਜੀ ਮੰਤਰਾਲੇ ਨੇ ਕਾਕ ਨੂੰ ਲਗਭਗ 5 ਕਰੋੜ ਰੁਪਏ ਦਿੱਤੇ ਹਨ ਅਤੇ ਇਨ੍ਹਾਂ ਪੈਸਿਆਂ ਨਾਲ ਉਹ ਮੰਤਰਾਲੇ ਦੇ ਪ੍ਰਸਤਾਵਿਤ 24 ਘੰਟਿਆਂ ਵਾਲੇ ਸਾਇੰਸ ਚੈਨਲ ਲਈ ਪ੍ਰੋਗਰਾਮ ਬਣਾਉਣ ਵਾਲੇ ਹਨ, ਇਹ ਵੱਖਰੀ ਗੱਲ ਹੈ ਕਿ ਆਪਣੇ ਲੰਬੇ ਕੈਰੀਅਰ ’ਚ ਉਨ੍ਹਾਂ ਨੇ ਸ਼ਾਇਦ ਹੀ ਸਾਇੰਸ ਬਾਰੇ ਕੋਈ ਪ੍ਰੋਗਰਾਮ ਬਣਾਇਆ ਹੋਵੇ। 
ਮੋਦੀ ਦਾ ਭਰੋਸਾ
ਦੁਨੀਆ ਚਾਹੇ ਕੁਝ ਵੀ ਕਹੇ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2019 ’ਚ ਆਪਣੇ ਮੁੜ ਚੁਣ ਹੋ ਕੇ ਆਉਣ ਦਾ ਪੱਕਾ ਭਰੋਸਾ ਹੈ। ਉਨ੍ਹਾਂ ਨੂੰ ਤੇ ਉਨ੍ਹਾਂ ਦੇ ਬੰਦਿਆਂ ਨੂੰ ਯਕੀਨੀ ਤੌਰ ’ਤੇ ਅਜਿਹਾ ਲੱਗਦਾ ਹੈ ਕਿ 2019 ਦੀਆਂ ਚੋਣਾਂ ਤਾਂ ਉਨ੍ਹਾਂ ਲਈ ਇਕ ਰਸਮ ਮਾਤਰ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਪਿਛਲੇ ਦਿਨੀਂ ਜਦੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੰਤਰਾਲੇ ਦੇ ਸਕੱਤਰਾਂ ਤੇ ਸੂਬਿਆਂ ਦੇ ਮੁੱਖ ਸਕੱਤਰਾਂ ਦੀ ਉਹ ਮੀਟਿੰਗ ਲੈ ਰਹੇ ਸਨ ਤਾਂ ਕੁਝ ਸਕੱਤਰਾਂ ਨੇ ਪੀ. ਐੱਮ. ਦੇ ਸਵਾਲਾਂ ਦੇ ਜਵਾਬ ਟਾਲੂ ਅੰਦਾਜ਼ ’ਚ ਦੇਣੇ ਸ਼ੁਰੂ ਕਰ ਦਿੱਤੇ।
ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਸੀ। ਮੋਦੀ ਦੀ ਅਗਵਾਈ ਹੇਠ ਉਨ੍ਹਾਂ ਦੀ ਪਕੜ ਤੇ ਧੌਂਸ ਹਮੇਸ਼ਾ ਨਜ਼ਰ ਆਉਂਦੀ ਰਹੀ ਹੈ।  ਸਕੱਤਰਾਂ ਦੇ ਬਦਲੇ ਹਾਵ-ਭਾਵ ਦੇਖ ਕੇ ਮੋਦੀ ਸਾਰਾ ਮਾਮਲਾ ਸਮਝ ਗਏ ਅਤੇ ਉਨ੍ਹਾਂ ਨੇ ਲਗਭਗ ਡਾਂਟਣ ਵਾਲੇ ਅੰਦਾਜ਼ ’ਚ ਉਨ੍ਹਾਂ ਨੂੰ ਕਿਹਾ, ‘‘2019 ’ਚ ਸਾਡੇ ਚੋਣਾਂ ਜਿੱਤ ਕੇ ਆਉਣ ਤੋਂ ਬਾਅਦ ਵੀ ਕੀ ਤੁਸੀਂ ਇੰਝ ਹੀ ਜਵਾਬ ਦਿਓਗੇ ਜਾਂ ਖੁਦ ਨੂੰ ਬਦਲ ਲਓਗੇ ਜਾਂ ਫਿਰ ਜਾਣ ਲਈ ਤਿਆਰ ਰਹੋਗੇ?’’ ਇਹ ਸੁਣ ਕੇ ਹਰ ਪਾਸੇ ਚੁੱਪ ਛਾ ਗਈ ਤੇ ਉਸ ਚੁੱਪ ’ਚ ਪ੍ਰਧਾਨ ਮੰਤਰੀ ਦਾ ਆਤਮ–ਵਿਸ਼ਵਾਸ ਸਿਰ ਚੜ੍ਹ ਕੇ ਬੋਲ ਰਿਹਾ ਸੀ। 
ਮੁਖਤਾਰ ਦਾ ਸਿਨੇਮਾ–ਪ੍ਰੇਮ
ਕੇਂਦਰੀ ਘੱਟਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਦਾ ਸਿਲਵਰ ਸਕ੍ਰੀਨ ਪ੍ਰੇਮ ਕਿਸੇ ਤੋਂ ਲੁਕਿਆ ਨਹੀਂ। ਉਹ ਬਾਲੀਵੁੱਡ ਦੀਆਂ ਕਈ ਫਿਲਮਾਂ ਦੇ ਗਾਣੇ ਅਤੇ ਸਕ੍ਰਿਪਟ ਵੀ ਲਿਖ ਚੁੱਕੇ ਹਨ। 
ਨਕਵੀ ਪਿਛਲੇ ਕਾਫੀ ਸਮੇਂ ਤੋਂ ਆਜ਼ਾਦੀ ਦੀ ਲੜਾਈ ’ਚ ਹਿੱਸਾ ਲੈਣ ਵਾਲੇ ਅਜਿਹੇ ‘ਅਨਾਮ ਹੀਰੋਜ਼’ ਦੀ ਦਾਸਤਾਨ ਨੂੰ ਸਕ੍ਰਿਪਟ ਦੀ ਸ਼ਕਲ ’ਚ ਪਿਰੋ ਰਹੇ ਹਨ ਅਤੇ ਆਪਣੀ ਕਹਾਣੀ ’ਚ ਇਹ ਕਹਿਣ, ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸ ਤਰ੍ਹਾਂ ‘ਅਨਾਮ ਹੀਰੋਜ਼’ ਭਾਵ ਨਾਇਕਾਂ ਦੀ ਬਹਾਦਰੀ ਨੂੰ ਇਤਿਹਾਸ ਦੇ ਪੰਨਿਆਂ ਨੇ ਨਿਗਲ ਲਿਆ। ਇਨ੍ਹਾਂ ਨੂੰ ਜੋ ਸ਼ਾਬਾਸ਼, ਵਾਹ-ਵਾਹ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲ ਸਕੀ। 
ਨਕਵੀ ਇਨ੍ਹਾਂ ਨਾਇਕਾਂ ਦੀ ਵੀਰਗਾਥਾ ਨੂੰ ਸਿਨੇਮਾ ਦੇ ਨਵੇਂ ਸੂਤਰ ’ਚ ਪਿਰੋਣਾ ਚਾਹੁੰਦੇ ਹਨ ਅਤੇ ਦੇਸ਼ਵਾਸੀਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਆਜ਼ਾਦੀ ਦੀ ਲੜਾਈ ’ਚ ਇਨ੍ਹਾਂ ਅਨਾਮ ਹੀਰੋਜ਼ ਦੇ ਬਲੀਦਾਨ ਨੂੰ ਘੱਟ ਕਰ ਕੇ ਨਹੀਂ ਜਾਣਿਆ ਜਾ ਸਕਦਾ।
ਅਜੀਤ ਦੋਭਾਲ ਦੀ ਨਿਰਮਲਾ ਨਾਲ ਅਣਬਣ ਕਿਉਂ ਹੋਈ? 
ਭਾਰਤ ਨੇ ਰੂਸ ਨਾਲ 5.43 ਬਿਲੀਅਨ ਅਮਰੀਕੀ ਡਾਲਰ ਕੀਮਤ ਦੇ ਐੱਸ-400 ਏਅਰ ਡਿਫੈਂਸ ਮਿਜ਼ਾਈਲ ਸਿਸਟਮ ਲਈ ਸਮਝੌਤੇ ਕੀ ਕੀਤੇ, ਇਕ ਸਿਆਸੀ ਤਰਥੱਲੀ ਜਿਹੀ ਮਚ ਗਈ। ਇਸ ਸਮਝੌਤੇ ਨੂੰ ਲੈ ਕੇ ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ ਵਿਚਾਲੇ ਖਿੱਚੋਤਾਣ ਸਾਹਮਣੇ ਆਈ ਹੈ।
 ਅਸਲ ’ਚ ਨਿਰਮਲਾ ਸੀਤਾਰਮਨ ਸ਼ੁਰੂ ਤੋਂ ਹੀ ਐੱਸ-400 ਦੀ ਖਰੀਦ ਦੇ ਪੱਖ ’ਚ ਦੱਸੀ ਜਾਂਦੀ ਰਹੀ ਹੈ, ਜਦਕਿ ਦੋਭਾਲ ਨੂੰ ਸਾਫ ਤੌਰ ’ਤੇ ਲੱਗਦਾ ਰਿਹਾ ਹੈ ਕਿ ਇਸ ਖਰੀਦ ਨਾਲ ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਚ ਤਲਖੀ ਆ ਸਕਦੀ ਹੈ ਤੇ ਰੂਸ ਨਾਲ ਭਾਰਤ ਦੇ ਇਸ ਸਮਝੌਤੇ ਤੋਂ ਬੇਚੈਨ ਹੋ ਕੇ ਅਮਰੀਕਾ ਭਾਰਤ ’ਤੇ ਨਵੀਆਂ ਪਾਬੰਦੀਆਂ ਲਾ ਸਕਦਾ ਹੈ। 
ਦੋਭਾਲ ਪਿਛਲੇ ਮਹੀਨੇ ਹੀ ਅਮਰੀਕਾ ਗਏ ਸਨ, ਜਿਥੇ  ਟਰੰਪ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਉਥੇ ਉਨ੍ਹਾਂ ਨੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ, ਰੱਖਿਆ ਸਕੱਤਰ ਜੇਮਸ ਮੈਟਿਸ ਅਤੇ ਉਥੋਂ ਦੇ ਸੁਰੱਖਿਆ ਸਲਾਹਕਾਰ ਜੌਨ ਬਾਲਟਨ ਨਾਲ ਕਾਫੀ ਖੁੱਲ੍ਹ ਕੇ ਗੱਲਾਂ ਕੀਤੀਆਂ ਸਨ। ਉਨ੍ਹਾਂ ਅਧਿਕਾਰੀਆਂ ਨੇ ਆਪਣੀ ਗੱਲਬਾਤ ’ਚ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਭਾਰਤ ਰੂਸ ਤੋਂ ਐੱਸ-400 ਖਰੀਦਦਾ ਹੈ ਤਾਂ ‘ਕਾਟਸਾ’ ਦੇ ਤਹਿਤ ਭਾਰਤ ’ਤੇ ਨਵੀਆਂ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ।
ਜਦੋਂ ਪੁਤਿਨ ਇਸ ਵਾਰ ਭਾਰਤ ਦੇ ਦੌਰੇ ’ਤੇ ਆਏ ਤਾਂ ਮੀਡੀਆ ਨਾਲ ਗੱਲਬਾਤ ਦੌਰਾਨ ਮੋਦੀ ਤੇ ਪੁਤਿਨ ਦੋਹਾਂ ਨੇ ਇਸ ਗੱਲ ਦੀ ਭਿਣਕ ਤਕ ਨਹੀਂ ਲੱਗਣ ਦਿੱਤੀ ਕਿ ਦੋਵਾਂ ਦੇਸ਼ਾਂ ਵਿਚਾਲੇ ਅਜਿਹਾ ਕੋਈ ਵੱਡਾ ਰੱਖਿਆ ਸੌਦਾ ਹੋਣ ਜਾ ਰਿਹਾ ਹੈ ਤੇ ਨਾ ਹੀ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ‘ਲਿਸਟ ਆਫ ਡਾਕੂਮੈਂਟ ਸਾਈਨਡ’ ਵਿਚ ਹੀ ਇਸ ਦਾ ਕੋਈ ਜ਼ਿਕਰ ਸੀ।       


Related News