ਬੇਹੱਦ ਖ਼ਾਸ ਮਹੱਤਵ ਰੱਖਦੈ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ, ਜਾਣੋ ਕੀ ਹੈ ਇਤਿਹਾਸ
Saturday, Sep 06, 2025 - 02:26 PM (IST)

ਜਲੰਧਰ (ਵੈੱਬ ਡੈਸਕ)- ਜਲੰਧਰ ਜ਼ਿਲ੍ਹੇ ਵਿਚ ਅੱਜ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਬਾਬਾ ਸੋਢਲ ਜੀ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੁਲਸ ਪ੍ਰਸ਼ਾਸਨ ਵੱਲੋਂ ਵੀ ਬਾਬਾ ਸੋਢਲ ਜੀ ਦੇ ਮੇਲੇ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪੰਜਾਬ ਨੂੰ ਗੁਰੂਆਂ-ਪੀਰਾਂ ਦੀ ਧਰਤੀ ਅਤੇ ਮੇਲਿਆਂ ਦਾ ਸੂਬਾ ਕਿਹਾ ਜਾਂਦਾ ਹੈ, ਜਿਨ੍ਹਾਂ 'ਚ ਜਲੰਧਰ 'ਚ ਲੱਗਣ ਵਾਲਾ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ। ਭਾਦੋਂ ਮਹੀਨੇ ਦੀ ਅਨੰਤ ਚੌਦਸ ਨੂੰ ਹਰ ਸਾਲ ਇਸ ਮੇਲੇ ਦਾ ਆਯੋਜਨ ਸੋਢਲ ਮੰਦਿਰ ਦੇ ਨੇੜੇ-ਤੇੜੇ ਹੁੰਦਾ ਹੈ।
ਇਹ ਵੀ ਪੜ੍ਹੋ: MP ਚਰਨਜੀਤ ਚੰਨੀ ਸ੍ਰੀ ਚਮਕੌਰ ਸਾਹਿਬ ’ਚ ਐਕਟਿਵ, ਜਲੰਧਰ ’ਚੋਂ ਗਾਇਬ, ਜਨਤਾ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ
ਇਥੇ ਦੱਸਣਯੋਗ ਹੈ ਕਿ ਬਾਬਾ ਸੋਢਲ ਜੀ ਦਾ ਮੇਲਾ ਤਿੰਨ-ਚਾਰ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਦੋ-ਤਿੰਨ ਦਿਨ ਬਾਅਦ ਵੀ ਜਾਰੀ ਰਹਿੰਦਾ ਹੈ। ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੱਖਾਂ ਦੀ ਗਿਣਤੀ 'ਚ ਭਗਤ ਲੋਕ ਮੇਲੇ ਦੌਰਾਨ ਬਾਬਾ ਸੋਢਲ ਦੇ ਦਰ 'ਤੇ ਮੱਥਾ ਟੇਕਦੇ ਹਨ ਅਤੇ ਮੁਰਾਦਾਂ ਮੰਗਦੇ ਹਨ। ਜਿਨ੍ਹਾਂ ਭਗਤਾਂ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਢੋਲ-ਵਾਜਿਆਂ ਨਾਲ ਸੋਢਲ ਬਾਬਾ ਦੇ ਦਰ 'ਤੇ ਮੱਥਾ ਟੇਕਣ ਪਰਿਵਾਰ ਨਾਲ ਨੱਚਦੇ-ਗਾਉਂਦੇ ਜਾਂਦੇ ਹਨ। ਇਹ ਮੰਦਿਰ ਸਿੱਧ ਸਥਾਨ ਵਜੋਂ ਕਾਫ਼ੀ ਮਸ਼ਹੂਰ ਹੈ ਅਤੇ ਇਸ ਦਾ ਇਤਿਹਾਸ ਲਗਭਗ 200 ਸਾਲ ਤੋਂ ਵੀ ਵੱਧ ਪੁਰਾਣਾ ਹੈ। ਚੱਢਾ ਬਰਾਦਰੀ ਦੇ ਲੋਕ ਇਸ ਨੂੰ ਆਪਣੇ ਜਠੇਰਿਆਂ ਦਾ ਸਥਾਨ ਮੰਨਦੇ ਹਨ।
ਇਹ ਵੀ ਪੜ੍ਹੋ: ਮੀਂਹ 'ਚ ਵੀ ਸ਼ਰਧਾ ਨਹੀਂ ਹੋਈ ਘੱਟ, ਜਲੰਧਰ 'ਚ 'ਬਾਬਾ ਸੋਢਲ' ਦਾ ਮੇਲਾ ਸ਼ੁਰੂ, ਲੱਗੀਆਂ ਰੌਣਕਾਂ
ਜਾਣੋ ਕੀ ਹੈ ਬਾਬਾ ਸੋਢਲ ਜੀ ਦਾ ਇਤਿਹਾਸ
ਮੰਨਿਆ ਜਾਂਦਾ ਹੈ ਕਿ ਅੱਜ ਜਿਸ ਸਥਾਨ 'ਤੇ ਬਾਬਾ ਸੋਢਲ ਜੀ ਦਾ ਮੰਦਿਰ ਅਤੇ ਸਰੋਵਰ ਬਣਿਆ ਹੋਇਆ ਹੈ ਪਹਿਲਾਂ ਇਥੇ ਇਕ ਤਲਾਬ ਅਤੇ ਸੰਤ ਦੀ ਕੁਟੀਆ ਹੀ ਹੁੰਦੀ ਸੀ। ਸੰਤ ਸ਼ਿਵ ਜੀ ਦੇ ਭਗਤ ਸਨ ਅਤੇ ਲੋਕ ਉਨ੍ਹਾਂ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਸਨ। ਚੱਢਾ ਪਰਿਵਾਰ ਦੀ ਇਕ ਨੂੰਹ ਜੋ ਅਕਸਰ ਉਦਾਸ ਜਿਹੀ ਰਹਿੰਦੀ ਸੀ, ਇਕ ਵਾਰ ਸੰਤ ਜੀ ਕੋਲ ਆਈ। ਸੰਤ ਨੇ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਕੋਈ ਸੰਤਾਨ ਨਾ ਹੋਣ ਕਾਰਨ ਉਹ ਦੁਖ਼ੀ ਜੀਵਨ ਬਤੀਤ ਕਰ ਰਹੀ ਹੈ।
ਤਲਾਬ 'ਚ ਸਮਾ ਗਏ ਸਨ ਬਾਬਾ ਸੋਢਲ
ਸੰਤ ਜੀ ਨੇ ਉਸ ਸਮੇਂ ਤਾਂ ਉਸ ਨੂੰ ਦਿਲਾਸਾ ਦੇ ਦਿੱਤਾ ਅਤੇ ਬਾਅਦ 'ਚ ਭੋਲੇ ਭੰਡਾਰੀ ਅੱਗੇ ਉਸ ਨੂੰ ਸੰਤਾਨ ਦੇਣ ਲਈ ਪ੍ਰਾਰਥਨਾ ਕੀਤੀ। ਮੰਨਿਆ ਜਾਂਦਾ ਹੈ ਕਿ ਭੋਲੇ ਭੰਡਾਰੀ ਦੀ ਕਿਰਪਾ ਨਾਲ ਨਾਗ ਦੇਵਤਾ ਨੇ ਉਸ ਔਰਤ ਦੀ ਕੁੱਖੋਂ ਬੱਚੇ ਦੇ ਰੂਪ 'ਚ ਜਨਮ ਲਿਆ। ਜਦੋਂ ਬੱਚਾ ਲਗਭਗ ਚਾਰ ਸਾਲ ਦਾ ਸੀ ਤਾਂ ਉਸ ਦੀ ਮਾਤਾ ਉਸ ਨੂੰ ਨਾਲ ਲੈ ਕੇ ਉਸੇ ਤਲਾਬ 'ਤੇ ਕੱਪੜੇ ਧੌਣ ਆਈ। ਬੱਚਾ ਸ਼ਰਾਰਤੀ ਸੀ ਅਤੇ ਖੇਡਦੇ ਹੋਏ ਭੁੱਖ ਦਾ ਬਹਾਨਾ ਕਰਕੇ ਮਾਤਾ ਨੂੰ ਘਰ ਪਰਤਣ ਦੀ ਜ਼ਿੱਦ ਕਰ ਰਿਹਾ ਸੀ। ਮਾਂ ਕਿਉਂਕਿ ਕੰਮ ਛੱਡਣ ਨੂੰ ਤਿਆਰ ਨਹੀਂ ਸੀ ਇਸ ਲਈ ਉਸ ਨੇ ਬੱਚੇ ਨੂੰ ਖ਼ੂਬ ਝਿੜਕਿਆ। ਅਜਿਹੇ ਵਿਚ ਮਾਤਾ ਨੇ ਆਪਣੇ ਪੁੱਤਰ ਨੂੰ ਗੁੱਸੇ ਵਿਚ ਕਿਹਾ, ‘ਜਾ ਗਰਕ ਜਾ।’ ਮਾਂ ਦੀਆਂ ਝਿੜਕਾਂ ਤੋਂ ਬਾਅਦ ਗੁੱਸੇ 'ਚ ਆਇਆ ਬੱਚਾ ਤਲਾਬ 'ਚ ਸਮਾ ਗਿਆ ਅਤੇ ਅੱਖਾਂ ਤੋਂ ਪਰ੍ਹੇ ਹੋ ਗਿਆ। ਇਕੋ-ਇਕ ਪੁੱਤਰ ਦਾ ਇਹ ਹਸ਼ਰ ਦੇਖ ਕੇ ਮਾਤਾ ਰੋਣ-ਕੁਰਲਾਉਣ ਲੱਗ ਗਈ, ਜਿਸ ਤੋਂ ਬਾਅਦ ਬਾਬਾ ਸੋਢਲ ਨਾਗ ਰੂਪ 'ਚ ਉਸੇ ਸਥਾਨ ਤੋਂ ਤਲਾਬ ਤੋਂ ਬਾਹਰ ਆਏ ਅਤੇ ਕਿਹਾ ਕਿ ਜੋ ਕੋਈ ਵੀ ਸੱਚੇ ਮਨ ਨਾਲ ਮਨੋਕਾਮਨਾ ਮੰਗੇਗਾ ਉਸ ਦੀ ਇੱਛਾ ਜ਼ਰੂਰ ਪੂਰੀ ਹੋਵੇਗੀ। ਅਜਿਹਾ ਕਹਿ ਕੇ ਨਾਗ ਦੇਵਤਾ ਦੇ ਰੂਪ 'ਚ ਬਾਬਾ ਸੋਢਲ ਜੀ ਮੁੜ ਤਲਾਬ 'ਚ ਸਮਾ ਗਏ।
ਇਹ ਵੀ ਪੜ੍ਹੋ: ਮੀਂਹ ਕਾਰਨ ਪੰਜਾਬ 'ਚ ਭਿਆਨਕ ਹਾਦਸਾ! ਚਿੰਤਪੁਰਨੀ ਰੋਡ 'ਤੇ ਖੱਡ 'ਚ ਡਿੱਗੀ ਐਂਬੂਲੈਂਸ, 3 ਲੋਕਾਂ ਦੀ ਮੌਤ
ਇਹ ਬਾਬਾ ਸੋਢਲ ਜੀ ਦੇ ਪ੍ਰਤੀ ਲੋਕਾਂ ਦੀ ਅਥਾਹ ਸ਼ਰਧਾ ਅਤੇ ਵਿਸ਼ਵਾਸ ਹੈ ਕਿ ਹਰ ਸਾਲ ਬਾਬਾ ਸੋਢਲ ਮੇਲੇ ਦਾ ਸਰੂਪ ਵਧਦਾ ਹੀ ਜਾ ਰਿਹਾ ਹੈ। ਮੇਲਾ ਖੇਤਰ ਕਈ ਕਿਲੋਮੀਟਰ 'ਚ ਫੈਲ ਚੁੱਕਾ ਹੈ ਅਤੇ ਹਰ ਸਾਲ ਸ਼ਰਧਾਲੂਆਂ ਦੀ ਗਿਣਤੀ ਪਹਿਲਾਂ ਦੀ ਬਜਾਏ ਵਧਦੀ ਜਾ ਰਹੀ ਹੈ। ਭਗਤ ਲੋਕ ਭੇਟਾ ਵਜੋਂ ਬਾਬਾ ਸੋਢਲ ਨੂੰ ਮੱਠੀ ਅਤੇ ਰੋਟ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ ਅਤੇ ਸਰੋਵਰ 'ਤੇ ਜਾ ਕੇ ਪਵਿੱਤਰ ਜਲ ਦਾ ਛੱਟਾ ਲੈਂਦੇ ਹਨ ਅਤੇ ਉਸ ਨੂੰ ਚਰਣ ਅੰਮ੍ਰਿਤ ਵਾਂਗ ਪੀਂਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਜਾਣੋ Latest Update! ਵਿਭਾਗ ਵੱਲੋਂ ਕੀਤੀ ਗਈ ਵੱਡੀ ਭਵਿੱਖਬਾਣੀ
ਸੁਰੱਖਿਆ ਦੇ ਸਖ਼ਤ ਪ੍ਰਬੰਧ, 1000 ਪੁਲਸ ਮੁਲਾਜ਼ਮ ਤਾਇਨਾਤ
ਜ਼ਿਕਰਯੋਗ ਹੈ ਕਿ ਬਾਬਾ ਸੋਢਲ ਮੇਲੇ ਵਿਚ 1000 ਦੇ ਲਗਭਗ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਦੀ ਸੁਪਰਵੀਜ਼ਨ ਵਿਚ ਪੀ. ਸੀ. ਆਰ. ਦਸਤੇ ਨੂੰ ਮੇਲਾ ਮਾਰਗ ਅਤੇ ਆਸ-ਪਾਸ ਦੇ ਖੇਤਰਾਂ ਵਿਚ ਪੈਟਰੋਲਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਥੇ ਹੀ ਪੀ. ਸੀ. ਆਰ. ਮੁਲਾਜ਼ਮਾਂ ਨੂੰ ਕੰਟਰੋਲ ਰੂਮ ਤੋਂ ਕੋਈ ਵੀ ਸੰਦੇਸ਼ ਹੋਣ ’ਤੇ ਤੁਰੰਤ ਘਟਨਾ ਸਥਾਨ ’ਤੇ ਪਹੁੰਚਣ ਲਈ ਕਿਹਾ ਗਿਆ ਹੈ। ਡੀ. ਸੀ. ਪੀ. ਆਪ੍ਰੇਸ਼ਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਹੱਥ ਸੁਰੱਖਿਆ ਦੀ ਕਮਾਨ ਸੌਂਪੀ ਗਈ ਹੈ। ਜੇਕਰ ਡਿਊਟੀ ਦੌਰਾਨ ਕੋਈ ਵੀ ਪੁਲਸ ਮੁਲਾਜ਼ਮ ਲਾਪ੍ਰਵਾਹੀ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਬੰਨ੍ਹਾਂ ਦੀ ਮਜ਼ਬੂਤੀ ਦੀ ਸੇਵਾ ਕਰ ਰਹੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਪੰਜਾਬ ''ਚ ਹੜ੍ਹਾਂ ਵਿਚਾਲੇ ਮੌਸਮ ਵਿਭਾਗ ਨੇ ਦਿੱਤੀ ਰਾਹਤ ਭਰੀ ਖ਼ਬਰ, ਜਾਣੋ ਕਦੋ ਰੁਕੇਗਾ ਮੀਂਹ, ਪੜ੍ਹੋ Latest Update

ਨਹੀਂ ਰੁਕ ਰਿਹਾ ਕੁਦਰਤ ਦਾ ਕਹਿਰ! ਪੰਜਾਬ ''ਚ ਹੜ੍ਹਾਂ ਨਾਲ ਭਾਰੀ ਤਬਾਹੀ, ਹੁਣ ਤੱਕ 14936 ਲੋਕਾਂ ਦਾ ਕੀਤਾ ਗਿਆ ਰੈਸਕਿਊ
